ਆਖਰੀ ਦਮ ਤੱਕ ਰੰਗਮੰਚ ਤੇ ਸਾਹਿਤ ਨਾਲ ਯਾਰਾਨਾ ਨਿਭ&#26

'MANISH'

yaara naal bahara
ਅੱਧੀ ਸਦੀ ਤੋਂ ਪੰਜ ਸਾਲ ਘੱਟ ਲਗਾਤਾਰ 45 ਸਾਲ ਆਖਰੀ ਦਮ ਤੱਕ ਰੰਗਮੰਚ ਨਾਲ ਯਾਰਾਨਾ ਨਿਭਾਉਣਾ ਕੋਈ ਛੋਟੀ-ਮੋਟੀ ਗੱਲ ਨਹੀਂ ਹੈ। ਨਾਟਕਾਂ ਦੀ ਚੇਟਕ ਰਾਜਿੰਦਰ ਭੋਗਲ ਨੂੰ ਇਪਟਾ ਦੇ ਸੁਹਿਰਦ ਅਤੇ ਸਿਰੜੀ ਕਾਰਕੁੰਨ, ਲੋਕ ਹਿਤੈਸ਼ੀ ਸੋਚ ਦੇ ਧਾਰਨੀ ਹਰਨਾਮ ਸਿੰਘ ਨਰੂਲਾ ਹੋਰਾਂ ਲਾਈ। ਅੱਜਕੱਲ੍ਹ ਤਾਂ ਕਈ ਕਲਾਕਾਰਾਂ ਨੇ ਰੰਗਮੰਚ ਨੂੰ ਵੱਡੇ ਅਤੇ ਛੋਟੇ ਪਰਦੇ ’ਤੇ ਆਉਣ ਦਾ ਜ਼ਰੀਆ ਬਣਵਾਇਆ ਹੋਇਆ ਹੈ। ਪਰ ਰਾਜਿੰਦਰ ਭੋਗਲ ਦੀ ਕਲਮ ਨੇ ਨਾ ਸਿਰਫ਼ ਨਾਟਕ ਬਲਕਿ ਨਾਵਲ, ਕਹਾਣੀ ਅਤੇ ਕਵਿਤਾ ਦੇ ਮਾਧਿਅਮ ਰਾਹੀਂ ਸਮਾਜ ਦੇ ਪੀੜਤ, ਸ਼ੋਸ਼ਿਤ, ਬੇਵੱਸ, ਲਾਚਾਰ ਅਤੇ ਲਤਾੜੇ ਜਾ ਰਹੇ ਵਰਗ ਦੀ ਗੱਲ ਬਹੁਤ ਹੀ ਪੁਖ਼ਤਗੀ ਅਤੇ ਦਲੇਰੀ ਨਾਲ ਕੀਤੀ। ਲੋਕਾਂ ਅਤੇ ਜੋਕਾਂ ਵਿਚਕਾਰ ਸਪਸ਼ਟ ਲੀਕ ਖਿੱਚੀ। ਮਹਿਲਾਂ ਅਤੇ ਝੁੱਗੀਆਂ ਦੇ ਹਿੱਤਾਂ ਦੀ ਨਿਸ਼ਾਨਦੇਹੀ ਕੀਤੀ। ਵੈਸੇ ਤਾਂ ਨਾਟਕ ਦੇ ਮਹੱਤਵ ਨੂੰ ਕਦੇ ਵੀ ਘਟਾ ਕੇ ਨਹੀਂ ਸੀ ਦੇਖਿਆ ਗਿਆ। ਪਰ ਅੱਜ ਦੇ ਆਪਾ-ਧਾਪੀ ਦੌਰ, ਖਾਊ-ਹੰਢਾਊ ਦੇ ਯੁੱਗ ਵਿਚ ਇਨਸਾਨੀਅਤ ਦੋਖੀ ਤਾਕਤਾਂ ਵੱਲੋਂ ਭਾਰਤੀ ਵਿਰਸੇ, ਭਾਸ਼ਾ ਅਤੇ ਸਭਿਆਚਾਰ ‘ਤੇ ਗਿਣੀ-ਮਿਥੀ ਸਾਜ਼ਿਸ਼ ਨਾਲ ਹੋ ਰਹੇ ਹਮਲਿਆਂ ਦੇ ਦੌਰ ਵਿਚ ਨਾਟਕਾਂ ਅਤੇ ਨਾਟਕਰਮੀਆਂ ਦਾ ਨਾ ਕੇਵਲ ਮਹੱਤਵ ਸਗੋਂ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਜਿਉਂਦੇ ਜੀਅ ਭੋਗਲ ਹੋਰਾਂ ਆਪਣੀ ਇਹ ਜ਼ਿੰਮੇਵਾਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ। ਰਾਜਿੰਦਰ ਭੋਗਲ ਨੇ ਨਾਟਕ ਤੋਂ ਇਲਾਵਾ ਨਾਵਲ, ਕਵਿਤਾ ਅਤੇ ਕਹਾਣੀ ਦੇ ਖੇਤਰ ਵਿਚ ਵੀ ਆਪਣੀ ਨਿਗਰ ਹਾਜ਼ਰੀ ਲਵਾਈ।
ਭਾਵੇਂ ਸਾਹਿਤ/ਕਲਾ ਦੀ ਹਰ ਵੰਨਗੀ ਆਪਣੇ ਆਪ ਵਿਚ ਮੁਕੰਮਲ ਅਤੇ ਅਸਰਅੰਦਾਜ਼ ਹੁੰਦੀ ਹੈ ਪਰ ਨਾਟਕ ਕਿਉਂਕਿ ਕਲਾ ਦੀਆਂ ਤਕਰੀਬਨ ਸਾਰੀਆਂ ਵਿਧਾਵਾਂ ਦਾ ਸੁਮੇਲ ਹੁੰਦਾ ਹੈ, ਇਸ ਲਈ ਸ਼ਾਇਦ ਨਾਟਕ ਦਾ ਅਸਰ ਸਭ ਤੋਂ ਵਧੇਰੇ ਕਬੂਲਿਆ ਜਾਂਦਾ ਰਿਹਾ ਸੀ, ਜਾਂਦਾ ਰਿਹਾ ਹੈ, ਜਾਂਦਾ ਰਿਹਾ ਕਰੇਗਾ। ਨਾਵਲ, ਕਹਾਣੀ, ਕਵਿਤਾ ਲਿਖ ਕੇ ਛਪਵਾ ਕੇ ਲੇਖਕ ਸੁਰਖ਼ਰੂ ਹੋ ਜਾਂਦਾ ਹੈ। ਲੇਖਕ ਪਾਠਕਾਂ/ਆਲੋਚਕਾਂ ਦੀ ਰਾਏ ਦੀ ਉਡੀਕ ਕਰਨਾ ਸ਼ੁਰੂ ਕਰ ਦਿੰਦਾ ਹੈ। ਪਰ ਨਾਟਕ ਲਿਖ ਕੇ ਨਾਟਕਕਾਰ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਨਾਟ-ਨਿਰਦੇਸ਼ਕ ਦੀ ਭਾਲ, ਨਾਟ-ਮੰਡਲੀ ਦੀ ਖੋਜ। ਜੇ ਨਾਟਕਕਾਰ ਆਪ ਹੀ ਨਿਰਦੇਸ਼ਕ ਹੋਵੇ ਅਤੇ ਆਪਣੀ ਹੀ ਨਾਟ-ਮੰਡਲੀ ਹੋਵੇ। ਫੇਰ ਸ਼ੁਰੂ ਹੁੰਦਾ ਹੈ ਦੌਰ, ਦੁਸ਼ਵਾਰੀਆਂ ਦਾ, ਖੱਜਲ-ਖੁਆਰੀ ਦਾ। ਪਾਤਰਾਂ ਦੀ ਚੋਣ, ਰਿਹਰਸਲ ਅਤੇ ਨਾਟਕ ਦੇ ਮੰਚਣ ਲਈ ਥਾਂ ਦਾ ਇੰਤਜ਼ਾਮ, ਵਿੱਤੀ ਸਾਧਨਾਂ ਦਾ ਬੰਦੋਬਸਤ। ਕਿਉਂਕਿ ਨਾਟਕ ਦੀ ਸਹੀ ਨਿਰਖ-ਪਰਖ ਰੰਗਮੰਚ ਹੈ, ਦਰਸ਼ਕ ਹੈ। ਰੰਗਮੰਚ ਰੂਪੀ ਭੱਠੀ ’ਚੋਂ ਗੁਜ਼ਰ ਕੇ ਹੀ ਉਸ ਨੇ ਆਪਣੇ ਆਪ ਨੂੰ ਕੁੰਦਨ ਸਿੱਧ ਕਰਨਾ ਹੈ। ਦਰਸ਼ਕਾਂ ਦੀ ਕਚਹਿਰੀ ਨੇ ਨਾਟਕ ਨੂੰ ਸਫਲ ਜਾਂ ਅਸਫਲ ਹੋਣ ਦਾ ਫਤਵਾ ਦੇਣਾ ਹੈ। ਸਾਢੇ ਚਾਰ ਦਹਾਕਿਆਂ ਤੋਂ ਰੰਗਮੰਚ ਦੇ ਪਾਂਧੀ ਰਾਜਿੰਦਰ ਭੋਗਲ ਦੇ ਤਕਰੀਬਨ ਸਾਰੇ ਨਾਟਕ ਰੰਗਮੰਚ ਦੀ ਕਸਵੱਟੀ ’ਤੇ ਖਰੇ ਉੱਤਰ ਚੁੱਕੇ ਹਨ, ਜੋ ਆਪਣੇ ਆਪ ਵਿਚ ਨਾਟਕਕਾਰ ਦੀ ਇਕ ਪ੍ਰਾਪਤੀ ਕਹੀ ਜਾ ਸਕਦੀ ਹੈ।
ਮੌਲਿਕ ਨਾਟਕ ਲਿਖਣੇ ਨਾਟਕੀ ਰੁਪਾਂਤਰਣ ਨਾਲੋਂ ਸੁਖਾਲੇ ਹਨ। ਮੌਲਿਕ ਨਾਟਕ ਲਿਖਣ ਸਮੇਂ ਨਾਟਕਕਾਰ ਕੋਲ ਜੋ ਖੁੱਲ੍ਹ ਹੁੰਦੀ ਹੈ ਉਹ ਕਹਾਣੀ ਜਾਂ ਨਾਵਲ ਦੇ ਨਾਟਕੀ ਰੁਪਾਂਤਰਣ ਸਮੇਂ ਨਹੀਂ ਹੁੰਦੀ। ਰੁਪਾਂਤਰਕਾਰ ਨੂੰ ਇਕ ਚੌਖਟੇ ਵਿਚ ਰਹਿ ਕੇ ਨਾਵਲ ਜਾਂ ਕਹਾਣੀ ਦੇ ਵਿਸ਼ੇ ਅਤੇ ਸੁਭਾਅ ਦੇ ਅਨੁਕੂਲ ਹੀ ਚੱਲਣਾ ਪੈਂਦਾ ਹੈ। ਪਰ ਰਾਜਿੰਦਰ ਭੋਗਲ ਨੇ ਜਿੰਨੀ ਪੁਖ਼ਤਗੀ ਨਾਲ ਮੌਲਿਕ ਨਾਟਕ ਲਿਖੇ ਹਨ। ਉਨੀ ਹੀ ਪ੍ਰਬੀਨਤਾ ਨਾਲ ਚੈਖਵ, ਪ੍ਰਿੰ. ਸੁਜਾਨ ਸਿੰਘ, ਹਰਨਾਮ ਸਿੰਘ ਨਰੂਲਾ ਅਤੇ ਜਸਵੰਤ ਸਿੰਘ ਰਾਹੀ ਵਰਗੇ ਚਰਚਿਤ ਲੇਖਕਾਂ ਦੀਆਂ ਕਹਾਣੀਆਂ ਨੂੰ ਨਾਟਕੀ ਰੂਪ ਦਿੱਤਾ ਹੈ।
ਲੇਖਕ, ਨਾਟ-ਕਰਮੀ ਅਤੇ ਵਿਦਵਾਨ ਆਪਣੀ ਕਲਮ, ਕਲਾ ਅਤੇ ਵਿਦਵਤਾ ਨਾਲ ਸਮਾਜ ਨੂੰ ਟੁੰਬਦੇ ਅਤੇ ਹਲੂਣਦੇ ਹਨ। ਪਰ ਖ਼ੁਦ ਹੁੰਦੇ ਹਨ ਖਿੰਡਰੇ-ਪੁੰਡਰੇ। ਇਸ ਮੁਤੱਲਕ ਉਨ੍ਹਾਂ ਦੀ ਰਾਏ ਹੁੰਦੀ ਹੈ ਕਿ ਅਸੀਂ ਸੂਖ਼ਮ ਪ੍ਰਵਿਰਤੀਆਂ ਦੇ ਸੰਵੇਦਨਸ਼ੀਲ ਇਨਸਾਨ ਹਾਂ। ਅਸੀਂ ਅਵਾਮ ਨੂੰ ਤਾਂ ਜਾਗਣ ਦਾ ਹੋਕਰਾ ਦੇ ਸਕਦੇ ਹਾਂ, ਪਰ ਆਪਣੇ ਭਾਈਚਾਰੇ ਨੂੰ ਲਾਮਬੰਦ ਕਰਨਾ ਸਾਡਾ ਕਾਰਜ ਨਹੀਂ। ਇਹ ਕੰਮ ਤਾਂ ਜਥੇਬੰਦਕ ਤਬੀਅਤ ਵਾਲੇ ਮਿਤਰਾਂ ਦੀ ਜ਼ਿੰਮੇਵਾਰੀ ਹੈ। ਪਰ ਭੋਗਲ ਹੋਰਾਂ ਨੇ ਜਿੱਥੇ ਆਪਣੀ ਬੇਬਾਕ ਅਤੇ ਦਲੇਰ ਕਲਮ ਰਾਹੀਂ ਸਮਾਜ ਅਤੇ ਲੋਕਾਈ ਪ੍ਰਤੀ ਆਪਣੇ ਫ਼ਰਜ਼ ਤਨਦੇਹੀ ਅਤੇ ਸ਼ਿੱਦਤ ਨਾਲ ਨਿਭਾਇਆ, ਉੱਥੇ ਹੀ ਕਲਮਾਂ, ਕਲਾ ਅਤੇ ਬੁੱਧੀ ਵਾਲਿਆਂ ਨੂੰ ਆਪਣੇ ਅਧਿਕਾਰਾਂ ਅਤੇ ਫ਼ਰਜ਼ਾਂ ਲਈ ਇਕਜੁੱਟ ਅਤੇ ਇਕ-ਮੁੱਠ ਕਰਨ ਦਾ ਬੀੜਾ ਵੀ ਲੇਖਕਾਂ ਦੀ ਸਿਰਮੌਰ ਸੰਸਥਾ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਨਾਟਕਰਮੀਆਂ ਦੀ ਰਾਸ਼ਟਰੀ ਸੰਸਥਾ ਇਪਟਾ ਦੀਆਂ ਮੂਹਰਲੀਆਂ ਸਫ਼ਾਂ ਵਿਚ ਰਹਿ ਕੇ ਚੁੱਕੀ ਰੱਖਿਆ। ਰਾਜਿੰਦਰ ਭੋਗਲ ਨੇ ਆਪਣੀ ਮੁਲਾਜ਼ਮਤ ਦੌਰਾਨ ਮੁਲਾਜ਼ਮ ਜਥੇਬੰਦੀਆਂ ਵਿਚ ਵੀ ਮੋਹਰੀ ਰੋਲ ਅਦਾ ਕੀਤਾ ਅਤੇ ਆਪਣੀ ਧੀ ਅਮਨਦੀਪ ਅਤੇ ਪੁੱਤ ਸੰਦੀਪ ਨੂੰ ਵੀ ਉਂਗਲ ਫੜ ਕੇ ਰੰਗਮੰਚ ਦੇ ਰਾਹ ਤੋਰਿਆ। ਭੋਗਲ ਹੋਰਾਂ ਦੇ ਜਹਾਨ ਤੋਂ ਤੁਰ ਜਾਣ ਬਾਅਦ ਰੰਗਮੰਚ ਪ੍ਰਤੀ ਅਮਨਦੀਪ ਅਤੇ ਸੰਦੀਪ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ।
 
Top