ਹਾਰ-ਸ਼ਿੰਗਾਰ ਦੇ ਲੋਪ ਹੋ ਚੁੱਕੇ ਸਾਧਨ

ਲੋਕ ਗੀਤ ਕਿਸੇ ਵੀ ਕਵੀ ਦੀ ਤੁਕ-ਬੰਦੀ ਨਹੀਂ ਅਤੇ ਨਾ ਹੀ ਕਿਸੇ ਇਕ ਲੇਖਕ ਦੀ ਮਲਕੀਅਤ ਹਨ। ਇਹ ਤਾਂ ਸਾਡੇ ਧੁਰ ਅੰਦਰੋਂ, ਦਿਲਾਂ ਦੀਆਂ ਗਹਿਰਾਈਆਂ ’ਚੋਂ ਆਪ ਮੁਹਾਰੇ ਚਸ਼ਮੇ ਦੀ ਤਰ੍ਹਾਂ ਫੁੱਟੇ ਜਜ਼ਬੇ ਹਨ। ਸ੍ਰੀ ਰਾਬਿੰਦਰ ਨਾਥ ਟੈਗੋਰ ਦਾ ਕਥਨ ਹੈ, ‘‘ਪੇਂਡੂ ਗੀਤ ਭਾਰਤ ਦੀ ਅੰਤਰ ਆਤਮਾ ਨੂੰ ਦਰਸਾਉਂਦੇ ਹਨ। ਇਨ੍ਹਾਂ ਨੂੰ ਦੁਨੀਆਂ ਦੇ ਹੋਰ ਵੱਖ-ਵੱਖ ਭਾਗਾਂ ਵਿਚ ਪਹੁੰਚਾਉਣ ਦੀ ਲੋੜ ਹੈ।’’ ਖ਼ੈਰ! ਮਨੁੱਖ ਆਦਿ ਕਾਲ ਤੋਂ ਹੀ ਆਪਣੇ ਆਪ ਨੂੰ ਸ਼ਿੰਗਾਰਨ ਲਈ ਸਦਾ ਯਤਨਸ਼ੀਲ ਹੈ। ਔਰਤਾਂ ਵਿਚ ਗਹਿਣੇ ਹਾਰ-ਸ਼ਿੰਗਾਰ ਦਾ ਮੁੱਖ ਸਾਧਨ ਰਹੇ ਹਨ। ਸੋਹਣਾ ਲਿਬਾਸ ਅਤੇ ਗਹਿਣੇ ਪਹਿਲਾਂ ਤੋਂ ਹੀ ਔਰਤ ਦੀ ਮੁੱਖ ਕਮਜ਼ੋਰੀ ਰਹੇ ਹਨ। ਹੁਸਨ ਦਾ ਜੀਅ ਕਰਦਾ ਹੈ ਕਿ ਉਹ ਗਹਿਣਿਆਂ ਨਾਲ ਲੱਦਿਆ ਰਹੇ। ਔਰਤ ਨੂੰ ਆਪਣੇ ਕੁਦਰਤੀ ਹੁਸਨ ਨਾਲ ਕਦੇ ਰੱਜ ਨਹੀਂ ਆਉਂਦਾ, ਇਹ ਹੁਸਨ ਭਾਵੇਂ ਮੱਥੇ ਆਣ ਲੱਗਣ ਵਾਲੇ ‘ਭੌਰਾਂ’ ਨੂੰ ਬੌਂਦਲਾ ਸਕਣ ਦੀ ਤਾਕਤ ਰੱਖਦਾ ਹੋਵੇ। ਗਹਿਣਿਆਂ ਨਾਲ ਹੁਸਨ ਨੂੰ ਸਾਣ ’ਤੇ ਚਾੜ੍ਹ ਕੇ ‘ਕਤਲੇਆਮ’ ਦਾ ਮਾਹੌਲ ਪੈਦਾ ਕਰਨ ਵਿਚ ਔਰਤ ਨੂੰ ਵਿਸ਼ੇਸ਼ ਕਿਸਮ ਦੀ ਮਾਨਸਿਕ ਸੰਤੁਸ਼ਟੀ ਮਿਲਦੀ ਹੈ। ਇਸ ਲਈ ਲੋਕ ਗੀਤਾਂ ਵਿਚ ਹੁਸਨ ਤੇ ਗਹਿਣਿਆਂ ਦੇ ਸੁੰਦਰ ਸੁਮੇਲ ਦਾ ਜ਼ਿਕਰ ਮਿਲਣਾ ਸੁਭਾਵਕ ਹੀ ਹੈ।
ਸੁਚੱਜਾ ਹਾਰ-ਸ਼ਿੰਗਾਰ ਔਰਤ ਦੀ ਸ਼ਖਸੀਅਤ ਨੂੰ ਉਭਾਰਦਾ ਹੈ ਅਤੇ ਆਲੇ-ਦੁਆਲੇ ਵਿਚ ਖੁਸ਼ਬੂ ਤੇ ਰੌਸ਼ਨੀ ਖਿਲਾਰਦਾ ਹੈ। …ਪਰ ਇਸ ਦਾ ਇਕ ਦੁਖਦਾਇਕ ਪਹਿਲੂ ਵੀ ਹੈ। ਗਹਿਣਿਆਂ ਲੱਦੀ ਮੁਟਿਆਰ ਤੇ ਝਾਂਜਰਾਂ ਦੀ ਛਣਕਾਰ ਕਿਸੇ ਤੋਂ ਜਰੀ ਨਹੀਂ ਜਾਂਦੀ। ਸਾਡੇ ਲੋਕ-ਰਚਨਾਕਾਰਾਂ ਵੱਲੋਂ ਘੜੀ ਇਹ ਬੋਲੀ, ਛੜੇ ਦੀ ਮਾਨਸਿਕ ਪੀੜਾ ਨੂੰ ਇਉਂ ਬਿਆਨ ਕਰਦੀ ਹੈ:
ਘੁੰਡ ਕੱਢਣਾ ਤਵੀਤ ਨੰਗਾ ਰੱਖਣਾ,
ਛੜਿਆਂ ਦੀ ਹਿੱਕ ਲੂਹਣ ਨੂੰ।

ਤਵੀਤ, ਗਲ਼ ਵਿਚ ਪਹਿਨਿਆ ਜਾਣ ਵਾਲਾ ਅਤੇ ਹਿੱਕ ’ਤੇ ਹੁਲਾਰੇ ਲੈਣ ਵਾਲਾ ਇਕ ਗਹਿਣਾ ਸੀ।
ਲੋਕ ਗੀਤ ਸਾਡੇ ਸਭਿਆਚਾਰ ਦੇ ਹਰ ਪਹਿਲੂ ਨੂੰ ਪ੍ਰਕਾਸ਼ਮਾਨ ਕਰਦੇ ਹਨ। ਗਹਿਣਿਆਂ ਦਾ ਪੰਜਾਬੀ ਲੋਕ-ਸਾਹਿਤ ਵਿਚ ਵਿਸ਼ੇਸ਼ ਸਥਾਨ ਹੈ। ਹੁਸਨ ਅਤੇ ਗਹਿਣਿਆਂ ਦਾ ਸ਼ਿੰਗਾਰ-ਰਸੀ ਵਰਨਣ ਪੰਜਾਬੀ ਲੋਕ ਗੀਤਾਂ ਦੀ ਜਿੰਦ-ਜਾਨ ਹੈ। ਲੋਕ ਰਚਨਾਕਾਰਾਂ ਵੱਲੋਂ ਸਹਿਜ ਸੁਭਾਅ ਹੀ ਘੜੇ ਇਹ ਲੈਅਬੱਧ ਬੋਲ ਮਨ ਅੰਦਰ ਇਕ ਅਜੀਬ ਕਿਸਮ ਦੀ ਹਲਚਲ ਮਚਾ ਦਿੰਦੇ ਹਨ; ਜਵਾਨੀਆਂ ਮਚਲ ਉੱਠਦੀਆਂ ਹਨ, ਕਿਉਂਕਿ ਇਹ ਬੋਲ ਉਨ੍ਹਾਂ ਦੇ ਵਿਚਾਰਾਂ, ਭਾਵਨਾਵਾਂ ਅਤੇ ਵਲਵਲਿਆਂ ਨੂੰ ਫੌਰੀ ਤੌਰ ’ਤੇ ਹਰਕਤ ਵਿਚ ਲਿਆਉਂਦੇ ਹਨ।
ਸਮੇਂ ਦੀ ਚਾਲ ਦੇ ਨਾਲ-ਨਾਲ ਹਾਰ-ਸ਼ਿੰਗਾਰ ਦੇ ਢੰਗ-ਤਰੀਕੇ ਵੀ ਬਦਲਦੇ ਰਹਿੰਦੇ ਹਨ, ਪਰ ਔਰਤ ਦੇ ਹਾਰ-ਸ਼ਿੰਗਾਰ ਦੇ ਅੰਗ ਪਹਿਲਾਂ ਵਾਲੇ ਹੀ ਹਨ, ਜਿਨ੍ਹਾਂ ਵਿਚ ਕੰਨ, ਨੱਕ, ਲੱਤਾਂ, ਬਾਹਾਂ, ਹੱਥਾਂ ਤੇ ਪੈਰਾਂ ਦਾ ਵਿਸ਼ੇਸ਼ ਸਥਾਨ ਹੈ। ਗਹਿਣਿਆਂ ਨਾਲ ਹੁਸਨ ਨੂੰ ਚਾਰ ਚੰਨ ਲਗ ਜਾਂਦੇ ਹਨ। …ਪਰ ਕਈ ਵਾਰ ਜੇ ਨੈਣ-ਨਕਸ਼ ਫੱਬਵੇਂ ਨਾ ਹੋਣ ਤਾਂ ਉਲਟਾ ਲੈਣੇ ਦੇ ਦੇਣੇ ਪੈ ਜਾਂਦੇ ਹਨ- ‘‘ਲੌਂਗ ਚਾਂਬੜਾਂ ਮਾਰੇ, ਮਿੱਢੀਆਂ ਨਾਸਾਂ ’ਤੇ।’’ ਵਾਲੀ ਹਾਸੋ-ਹੀਣੀ ਸਥਿਤੀ ਪੈਦਾ ਹੋ ਸਕਦੀ ਹੈ। ਇਸੇ ਤਰ੍ਹਾਂ ਸੋਹਣੇ ਨੈਣ-ਨਕਸ਼ਾਂ ਨੂੰ ਮੰਗਵਾਂ ਗਹਿਣਾ ਸਰਾਪ ਹੋ ਨਿੱਬੜਦਾ ਹੈ:
ਨੱਕ ਦੀ ਜੜ੍ਹ ਪੱਟ ਲੀ,
ਪਾ ਕੇ ਲੌਂਗ ਬਗਾਨਾ।

ਪੰਜਾਬੀ ਮੁਟਿਆਰ ਦੇ ਹਾਰ-ਸ਼ਿੰਗਾਰ ਦਾ ਲੋਪ ਹੋ ਚੁੱਕਿਆ ਇਹ ਸਾਧਨ (ਲੌਂਗ), ਸਮੇਂ ਦੇ ਵਾਵਰੋਲਿਆਂ ਅਤੇ ਝੱਖੜ-ਝੋਲਿਆਂ ਦੀ ਮਾਰ ਨੂੰ ਸਹਾਰਦਾ ਹੋਇਆ, ਅੱਜ ਵੀ ਲੋਕ ਗੀਤਾਂ ਦੀ ਗੋਦ ਵਿਚ ਸੁਰੱਖਿਅਤ ਹੈ।
ਕਲਿੱਪ, ਸਿਰ ਦਾ ਇਕ ਗਹਿਣਾ ਹੈ। ਘੁੰਡ, ਇਸ ਦੇ ਪ੍ਰਦਰਸ਼ਨ ਦੇ ਰਾਹ ਵਿਚ ਰੁਕਾਵਟ ਦਾ ਕਾਰਨ ਬਣਦਾ ਸੀ। …ਪਰ ਹੁਸਨ ਆਪਣੇ ਆਪ ਨੂੰ ਛੁਪਾ ਕੇ ਪੇਸ਼ ਕਰਨਾ ਚੰਗੀ ਤਰ੍ਹਾਂ ਜਾਣਦਾ ਹੈ:
ਨੰਗਾ ਰੱਖਦੀ ਕਲਿੱਪ ਵਾਲਾ ਪਾਸਾ,
ਜੇਠ ਕੋਲੋਂ ਘੁੰਡ ਕੱਢਦੀ।

ਅੱਜ ਤੋਂ ਛੇ ਦਹਾਕੇ ਪਹਿਲਾਂ, ਦੰਦਾਂ ਵਿਚ ਸੋਨੇ ਦੀਆਂ ਰੇਖਾ (ਮੇਖਾਂ) ਲਗਵਾਉਣ ਦਾ ਰਿਵਾਜ਼ ਕਾਫੀ ਪ੍ਰਚੱਲਤ ਸੀ। ਮਰਦਾਂ ਤੇ ਔਰਤਾਂ ਦਾ ਇਹ ਸਾਂਝਾ ਸ਼ੌਕ ਸੀ। ਸਾਹਮਣੇ ਦੇ ਦੋ ਦੰਦਾਂ ਵਿਚ ਸੁਰਾਖ਼ ਕਰ ਕੇ ਤੇ ਫਿਰ ਇਸ ਵਿਚੋਂ ਦੀ ਸੋਨੇ ਦੀ ਤਾਰ ਲੰਘਾ ਕੇ ਦੋਵੇਂ ਪਾਸੀਂ ਝੰਡ ਕਰ ਦਿੱਤਾ ਜਾਂਦਾ ਸੀ। ਮੁਟਿਆਰ ਦੇ ਰੇਖਾਂ ਲੱਗੇ ਸੋਹਣਿਆਂ ਦੰਦਾਂ ਦਾ ਖਿੜੇ ਅਨਾਰ ਵਰਗਾ ਹਾਸਾ ਗੱਭਰੂ ਦੀ ਧੂਹ ਦੇ ਜਿੰਦ ਕੱਢ ਲੈਂਦਾ ਹੈ। ਮੁਟਿਆਰ ਦੇ ਹਾਸੇ ਦੀ ਮਾਰ ਹੇਠ ਆਇਆ ਗੱਭਰੂ, ਉਸ ਸਮੇਂ ਦੀ ਕਲਪਨਾ ਕਰ ਕੇ ਵਿਆਕੁਲ ਹੋ ਉੱਠਦਾ ਸੀ, ਜਦੋਂ ਕਿਸੇ ਖੁਸ਼ਨਸੀਬ ਸੁਨਿਆਰੇ ਨੇ ਉਸ (ਮੁਟਿਆਰ) ਦੇ ਦੰਦਾਂ ਵਿਚ ਰੇਖਾਂ ਲਗਾ ਕੇ ਸਵਰਗੀਂ ਹੁਲਾਰੇ ਲਏ ਹੋਣਗੇ:
ਲੈ ਗਿਆ ਮੌਜ ਸੁਨਿਆਰਾ।
ਜੀਹਨੇ ਰੇਖਾਂ ਦੰਦਾਂ ਵਿਚ ਲਾਈਆਂ।

ਜਾਂ
ਤੇਰੇ ਲਾ ਕੇ ਦੰਦਾਂ ਵਿਚ ਮੇਖਾਂ,
ਮੌਜ ਸੁਨਿਆਰਾ ਲੈ ਗਿਆ।

ਮੱਛਲੀ, ਨੱਕ ਦੇ ਵਿਚਕਾਰਲੇ ਭਾਗ ਵਿਚ ਪਹਿਨਿਆ ਜਾਣ ਵਾਲਾ ਗਹਿਣਾ ਸੀ। ਇਹ ਬੁੱਲ੍ਹਾਂ ਉੱਤੋਂ ਦੀ ਹੁੰਦਾ ਹੋਇਆ ਠੋਢੀ ਨੂੰ ਛੂੰਹਦਾਂ ਸੀ। ਇਸ ਲਈ ਪਿਆਰ ਦੀ ਇਕ ਮੰਜ਼ਿਲ ਨੂੰ ਸਰ ਕਰਨ ਦੇ ਰਾਹ ਵਿਚ ਇਹ ਗਹਿਣਾ ਬੇਲੋੜੀ ਰੁਕਾਵਟ ਖੜ੍ਹੀ ਕਰਦਾ ਸੀ, ਜਿਸ ਦਾ ਜ਼ਿਕਰ ਲੋਕ ਗੀਤਾਂ ਵਿਚ ਕੁਝ ਇਸ ਤਰ੍ਹਾਂ ਮਿਲਦਾ ਹੈ:
ਜੱਟ ਚੱਬ ਗਿਆ ਸ਼ਰਾਬੀ ਹੋ ਕੇ,
ਤਿੰਨ ਪੱਤ ਮੱਛਲੀ ਦੇ।

ਲੋਟਣ, ਕੰਨ ਦੀ ਹੇਠਲੀ ਪੇਪੜੀ ਦੇ ਸ਼ਿੰਗਾਰ ਵਾਲਾ ਗਹਿਣਾ ਸੀ। ਸਾਡੇ ਲੋਕ-ਸਾਹਿਤ ਨੇ ਇਸ ਗਹਿਣੇ ਨੂੰ ਮਹਿਬੂਬ ਦੀ ਨਿਸ਼ਾਨੀ ਵਾਂਗੂ ਇਉਂ ਸੰਭਾਲ ਕੇ ਰੱਖਿਆ ਹੋਇਆ ਹੈ:
ਲੋਟਣ ਮਿੱਤਰਾਂ ਦਾ,
ਨਾਉਂ ਵੱਜਦਾ ਬਾਬਲਾ ਤੇਰਾ।

ਵਾਲੇ ਤੇ ਡੰਡੀਆਂ ਵੀ ਕੰਨ ਦੀ ਹੇਠਲੀ ਪੇਪੜੀ ਵਿਚ ਪਹਿਨੇ ਜਾਣ ਵਾਲੇ ਗਹਿਣੇ ਹਨ। ਲੋਕ ਗੀਤਾਂ ਨੇ ਇਨ੍ਹਾਂ ਦੀ ਹੋਂਦ ਨੂੰ ਬਾਖ਼ੂਬੀ ਕਾਇਮ ਰੱਖਿਆ ਹੋਇਆ ਹੈ:
ਵਿੰਗੇ ਹੋ ਗਏ ਕੰਨਾਂ ਦੇ ਵਾਲੇ,
ਬੋਤੇ ਉੱਤੋਂ ਮੈਂ ਡਿੱਗ ਪਈ

ਆਹ ਲੈ ਡੰਡੀਆਂ ਜੇਬ ਵਿਚ ਪਾ ਲੈ,
ਬੋਤੇ ਉੱਤੇ ਕੰਨ ਦੁਖਦੇ।

ਬੰਦ ਤੇ ਪਰੀਬੰਦ, ਬਾਹਾਂ ਤੇ ਗੁੱਟ ਦਾ ਸ਼ਿੰਗਾਰ ਰਹੇ ਹਨ। ਪਰੀਬੰਦ, ਚਾਅ ਨਾਲ ਪਹਿਨਿਆ ਜਾਣ ਵਾਲਾ ਚੂੜੀ ਦੀ ਕਿਸਮ ਦਾ ਗਹਿਣਾ ਸੀ, ਜਿਸ ਨੂੰ ਘੁੰਗਰੂਆਂ ਦੇ ਗੁੱਛੇ ਲੱਗੇ ਹੁੰਦੇ ਸਨ ਪਰ ਇਸ ਦੇ ਘੁੰਗਰੂਆਂ ਦੀ ਬੇਮੌਕਾ ਛਣਕਾਰ, ਕਈ ਵਾਰ ਪ੍ਰੇਸ਼ਾਨੀ ਦਾ ਕਾਰਨ ਬਣਦੀ ਸੀ।
ਬੰਦ, ਇਕ ਕੀਮਤੀ ਗਹਿਣਾ ਸੀ। ਲੋਕ ਗੀਤਾਂ ਵਿਚ ਇਸ ਦਾ ਜ਼ਿਕਰ, ਆਮ ਤੌਰ ’ਤੇ ਜੱਟ ਦੀ ਮੰਦੀ ਆਰਥਿਕ ਦਸ਼ਾ ਵੱਲ ਸੰਕੇਤ ਕਰਦਾ ਮਿਲਦਾ ਹੈ:
ਤੇਰਾ ਮਾਮਲਾ ਅਜੇ ਨਾ ਤਰਿਆ,
ਬੰਦ ਮੇਰੇ ਵੇਚ ਵੀ ਆਇਓਂ।

ਪੰਜੇਬਾਂ, ਪੈਰਾਂ ਦਾ ਗਹਿਣਾ ਸੀ। ਲੋਗ ਕੀਤਾਂ ਵਿਚ ਇਸ ਦੇ ਅਨੇਕਾਂ ਹਵਾਲੇ ਮਿਲਦੇ ਹਨ।
ਇਤਫਾਕਵੱਸ ਲੋਕ ਗੀਤਾਂ ਤੋਂ ਇਲਾਵਾ ‘ਹੀਰ ਵਾਰਿਸ’ ਵਿਚ ਵੀ ਪੰਜਾਬੀ ਮੁਟਿਆਰ ਦੇ ਅਪ੍ਰਚਲਤ ਗਹਿਣਿਆਂ ਦਾ ਦਿਲਚਸਪ ਵਰਨਣ ਮਿਲਦਾ ਹੈ, ਜਿਵੇਂ:
ਨਾਲ ਆਰਸੀ ਮੁਖੜਾ ਵੇਖ ਸੁੰਦਰ,
ਕੋਲ ਆਸ਼ਕਾਂ ਨੂੰ ਤਰਸਾਉਂਦੀਆਂ ਨੀ।
ਪਹੁੰਚੀ ਜੁਗਨੀਆਂ ਨਾਲ ਹਮੇਲ ਮਾਲਾ,
ਇਤਰਦਾਨ ਵੀ ਨਾਲ ਘੜਾਇਓ ਨੇ।

ਸੋ, ਤੁਸੀਂ ਵੇਖ ਹੀ ਲਿਆ ਹੈ ਕਿ ਹਾਰ-ਸ਼ਿੰਗਾਰ ਦੇ ਲੋਪ ਹੋ ਚੁੱਕੇ ਸਾਧਨ ਸਾਡੇ ਲੋਕ-ਸਾਹਿਤ ਦੀ ਪਟਾਰੀ ਵਿਚ ਬੜੇ ਸਲੀਕੇ ਨਾਲ ਸਾਂਭੇ ਹੋਏ ਹਨ। ਲੋਪ ਹੋ ਚੁੱਕੇ ਗਹਿਣੇ ਸਾਡਾ ਵਿਰਸਾ ਹਨ, ਸਾਡੇ ਸਭਿਆਚਾਰ ਦੀ ਅਹਿਮ ਨਿਸ਼ਾਨੀ ਹਨ। ਲੋਕ ਗੀਤਾਂ ਨੇ ਸਭਿਆਚਾਰਕ ਵਿਰਸੇ ਨੂੰ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਸਦੀਵੀ ਤੌਰ ’ਤੇ ਸਾਂਭਿਆ ਹੋਇਆ ਹੈ।
 
Top