ਮਾਰੂ ਦੀ ਹੀਰ

'MANISH'

yaara naal bahara
ਪੰਨੇ: 111 ਕੀਮਤ: 150 ਰੁਪਏ
ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼, ਸਮਾਣਾ।
ਸ੍ਰੀ ਜਸਵੰਤ ਸਿੰਘ ਕੰਵਲ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਸਾਹਿਤ ਜਗਤ ਵਿਚ ਬਤੌਰ ਪੂਰਨਮਾਸ਼ੀ ਦੇ ਚੰਦ ਵਾਂਗ ਛਾਏ ਹੋਏ ਹਨ। ਆਪਣੀਆਂ ਸਾਹਿਤਕ ਰਚਨਾਵਾਂ ਕਰਕੇ ਉਨ੍ਹਾਂ ਦਾ ਕੱਦ ਬਹੁਤ ਉੱਚਾ ਹੈ।
91 ਸਾਲ ਦੀ ਉਮਰ ਵਿਚ ਹੱਥਲਾ ਨਾਵਲ ਮੂਮਲ ਲਿਖ ਕੇ ਜਸਵੰਤ ਸਿੰਘ ਕੰਵਲ ਨੇ ਸਿੱਧ ਕਰ ਦਿੱਤਾ ਹੈ ਕਿ ਸਾਹਿਤਕਾਰ ਕਦੀ ਵੀ ਬੁੱਢੇ ਨਹੀਂ ਹੁੰਦੇ। ਉਨ੍ਹਾਂ ਦੀਆਂ ਸਿਰਜਣਾਤਮਕ ਗਤੀਵਿਧੀਆਂ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਹਮੇਸ਼ਾ ਹੀ ਸਚੇਤ ਰੱਖਦੀਆਂ ਹਨ।
ਕਈ ਦੇਸ਼ਾਂ ਦੇ ਸਫ਼ਰ ਤੇ ਪੁਰਾਣੇ ਖੇਤਰਾਂ ਤੋਂ ਕੰਵਲ ਹੁਰੀ ਕਾਫੀ ਪ੍ਰਭਾਵਿਤ ਹੁੰਦੇ ਰਹੇ ਹਨ। ਉਨ੍ਹਾਂ ਦੀ ਪ੍ਰੇਰਣਾ ਦੇ ਸਰੋਤ ਹਨ- ਗੁਰੂ ਨਾਨਕ, ਕਬੀਰ, ਵਾਰਸ ਸ਼ਾਹ, ਟਾਲਸਟਾਏ, ਵਿਕਟਰ ਹਿਊਗੋ, ਚਾਰਲਸ ਡਿਕਨਜ਼ ਤੇ ਚੈਖਵ।
ਹੱਥਲਾ ਨਾਵਲ ਰਾਜਸਥਾਨ ਦੇ ਮਾਰੂ ਦੇਸ਼ ਨਾਲ ਸਬੰਧਤ ਹੈ। ਸੰਨ 1981 ਵਿਚ ਕੰਵਲ ਜੈਸਲਮੇਰ ਗਏ। ਟੂਰਿਸਟ ਬੰਗਲੇ ਵਿਚ ਰਹਿੰਦਿਆਂ ਰਾਤੀਂ ਉਹ ਰਾਗ ਰੰਗ ਦੀ ਮਹਿਫ਼ਲ ’ਚ ਬੈਠੇ ਸਨ ਕਿ ਇਕ ਗਵੱਈਏ ਨੇ ਸਥਾਨਕ ਲੋਕ ਗੀਤ ਬੜੀ ਹੀ ਦਰਦ ਭਰੀ ਆਵਾਜ਼ ’ਚ ਗਾਇਆ। ਬੱਸ ਫਿਰ ਕੀ ਹੋਇਆ। ਕੰਵਲ ਹੁਰੀਂ ਕੀਲੇ ਗਏ। ਮੂਮਲ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਉਤਾਵਲੇ ਹੋਣ ਲੱਗ ਪਏ। ਇਕ ਕਿਤਾਬੜੀ ਖਰੀਦੀ ਪਰ ਓਸ ਵਿਚ ਲੋੜੀਂਦੀ ਜਾਣਕਾਰੀ ਨਹੀਂ ਸੀ। ਪੁੱਛ-ਪੜਤਾਲ ’ਤੇ ਫੌਜ ਉਨ੍ਹਾਂ ਨੂੰ ਲੋਦਵਰਾ ਲੈ ਗਈ ਜਦੋਂ ਜੈਸਲਮੇਰ ਤੋਂ 15 ਮੀਲ ਦੀ ਦੂਰੀ ’ਤੇ ਕਦੀ ਵਸਦਾ ਸ਼ਹਿਰ ਸੀ। ਕੋਲ ਹੀ ਕਦੇ ਕਾਕ ਨਦੀ ਹੁੰਦੀ ਸੀ ਤੇ ਆਲੇ-ਦੁਆਲੇ ਖੰਡਰ ਹੀ ਖੰਡਰ। ਉਨ੍ਹਾਂ ਖੰਡਰਾਂ ’ਚ ਹੀ ਮੂਮਲ ਦੀ ਮਾੜੀ ਤੇ ਸ਼ਿਵ ਮੰਦਰ ਸੀ। ਕਾਕ ਨਦੀ ਸੁੱਕ ਚੁੱਕੀ ਸੀ। ਮਾਰੂ ਦੀ ਹੀਰ ਮੂਮਲ ਦੀ ਤਲਾਸ਼ ਤੇ ਤਾਂਘ ਨੇ ਕੰਵਲ ਹੁਰਾਂ ਨੂੰ ਰਾਜਸਥਾਨੀ ਸਭਿਆਚਾਰ, ਲੋਕ ਸਾਹਿਤ, ਲੋਕ ਗੀਤਾਂ ਤੇ ਰਾਗ ਵਿਦਿਆ ਵੱਲ ਪ੍ਰੇਰਿਤ ਕੀਤਾ ਤੇ ਇਸ ਰੇਤਲੇ ਇਲਾਕੇ ਵਿਚ ਉਨ੍ਹਾਂ ਦੀ ਰੂਹ ਭਟਕਣ ਲੱਗੀ। ਊਠਾਂ ਦੇ ਇਸ ਦੇਸ਼ ’ਚ ਉਨ੍ਹਾਂ ਦੀ ਸੋਚ ਨੇ ਜਿੱਥੇ ਉਡਾਰੀਆਂ ਮਾਰਨੀਆਂ ਸ਼ੁਰੂ ਕੀਤੀਆਂ ਉਹ ਇਸ ਰਾਜਸਥਾਨੀ ਸੱਭਿਆਚਾਰ ਤੇ ਊਠਾਂ ਵਾਂਗ ਹੀ ਪੱਕੇ ਪੈਰੀਂ ਚੱਲਦੇ ਗਏ ਤੇ ਫਿਰ ਜਨਮ ਹੋਇਆ ਇਸ ਮਾਰੂ ਨਾਂ ਦੇ ਨਾਵਲ ਦਾ।
ਭਾਵੇਂ ਸ੍ਰੀ ਕੰਵਲ ਨੇ ਕਈ ਨਾਵਲ ਲਿਖੇ ਹਨ, ਨਾਲ ਕਹਾਣੀਆਂ ਤੇ ਰੇਖਾ ਚਿੱਤਰ ਵੀ, ਪਰ ਨਾਵਲ ਦੀ ਰਚਨਾ ਕਰਨਾ ਕੋਈ ਆਸਾਨ ਕੰਮ ਨਹੀਂ ਸੀ। ਬੀਤੇ ਹੋਏ ਕੱਲ੍ਹ ਨੂੰ ਅੱਜ ਵਿਚ ਸਾਕਾਰ ਕਰ ਦੇਣਾ ਹਰੇਕ ਦੇ ਵੱਸ ਨਹੀਂ ਹੁੰਦਾ। ਇਸ ਲਈ ਕਲਪਨਾ ਦੀ ਉਡਾਰੀ ਲੋੜੀਂਦੀ ਹੈ, ਨਾਲ ਹੀ ਸਾਰੇ ਤੱਤਾਂ ਨੂੰ ਯਥਾਰਥ ਦੀ ਕਸਵੱਟੀ ’ਤੇ ਪਰਖਣਾ ਪੈਂਦਾ ਹੈ ਤੇ ਜੇ ਲੋਕ ਵਿਰਸੇ ਦੀ ਗੱਲ ਕਰੀਏ ਤਾਂ ਬੜੀ ਖੋਜ ਕਰਨੀ ਪੈਂਦੀ ਤੇ ਜੇ ਕਿਸੇ ਪਿਆਰ ਦੀ ਕਹਾਣੀ ਨੂੰ ਕਲਮਬੰਦ ਕਰਨਾ ਹੋਵੇ ਤਾਂ ਕਹਾਣੀ ਦੇ ਪਾਤਰਾਂ ਦੇ ਦਿਲਾਂ ’ਚ ਹੀ ਨਹੀਂ ਵੜਨਾ ਪੈਂਦਾ, ਰੂਹਾਂ ਨਾਲ ਇਕ-ਮਿਕ ਹੋਣਾ ਪੈਂਦਾ ਹੈ।
ਪੂਰਾ ਨਾਵਲ ਛੋਟੇ-ਛੋਟੇ ਚੈਪਟਰਾਂ ’ਚ ਵੰਡਿਆ ਹੋਇਆ ਹੈ। ਮੂਮਲ ਦੇ ਮੂੰੂਹੋਂ ਗਾਏ ਗਏ ਗੀਤਾਂ ਨੂੰ ਵੀ ਸਰਲ ਭਾਸ਼ਾ ਵਿਚ ਪੇਸ਼ ਕੀਤਾ ਗਿਆ। ਰਾਗਾਂ ਦੀ ਜਾਦੂਗਰੀ ਦਾ ਨਮੂਨਾ ਵੇਖੋ: ‘‘ਭੈਰੋਂ ਦੀ ਰਾਮਕਲੀ ਕਮਾਲ ਹੀ ਕਰ ਗਈ। ਧੁਨੀ ਸੰਗੀਤ ਐਨਾ ਸੁਰ ਵਿਚ ਚਲ ਰਿਹਾ ਸੀ ਕਿ ਮੰਦਰ ਦੀਆਂ ਪੱਥਰ ਧੜਕਣਾ ਸਾਹ ਖਿੱਚ ਕੇ ਰਹਿ ਗਈਆਂ। ਕਈ ਅਨਮੋਲ ਤੇ ਸਦੀਵੀ ਸੱਚ ਰਹਿਣ ਵਾਲੇ ਬਚਨਾਂ ਨੂੰ ਵੀ ਉਘਾੜਿਆ ਹੈ। ਲੇਖਕ ਨੇ। ਇਸ ਨਾਵਲ ’ਚ ਜਿਵੇਂ ਕਿ ‘‘ਜਦੋਂ ਮਾਣ ਅਹੰਕਾਰ ’ਚ ਬਦਲ ਜਾਏ ਤਾਂ ਮਨੁੱਖ ਉਸਰਨ ਦੀ ਥਾਂ ਖੁਰਨਾ ਸ਼ੁਰੂ ਹੋ ਜਾਂਦਾ ਹੈ।’’ਜਾਂ ‘‘ਸਮਰੱਥ ਮਨੁੱਖ ਲੋਕਾਂ ਦੇ ਸੌ ਕਾਜ ਸੰਵਾਰਦਾ ਹੈ ਤੇ ਨਿਕੰਮਾ ਤਾਂ ਆਪਣਾ ਭਾਰ ਵੀ ਨਹੀਂ ਚੁੱਕ ਸਕਦਾ।’’ ਜਾਂ ‘‘ਰਾਜ ਦਾ ਹੰਕਾਰੀ ਨਸ਼ਾ ਨਿਆਂ ਦਾ ਹਮੇਸ਼ਾ ਗਲ ਘੁੱਟਦਾ ਆਇਆ ਹੈ।’’
ਇਹ ਨਾਵਲ ਪ੍ਰੇਮ ਕਹਾਣੀ ਹੈ। ਪ੍ਰੇਮ ਮਹਿੰਦਰ ਤੇ ਮੂਮਲ ਦਾ। ਹਰ ਪ੍ਰੇਮ ਕਹਾਣੀ ’ਚ ਰੋਣਾ-ਧੋਣਾ, ਮਿਲਣਾ ਤੇ ਵਿਛੜਣਾ, ਤਣਾਵਾਂ ਦੇ ਹੜ੍ਹਾਂ ਦਾ ਆਉਣਾ ਤੇ ਟਲ ਜਾਣਾ, ਉਸ ਕਹਾਣੀ ਦੇ ਅੰਤਿਮ ਹਿੱਸੇ ਹੁੰਦੇ ਹਨ। ਅਕਸਰ ਸਾਰੀਆਂ ਪ੍ਰੇਮ ਕਹਾਣੀਆਂ ਇਕ ਦਰਦਨਾਕ ਘਟਨਾ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਉਂਦੀਆਂ ਹਨ ਪਰ ਜਸਵੰਤ ਸਿੰਘ ਕੰਵਲ ਹੁਰਾਂ ਇਸ ਨਾਵਲ ਦਾ ਅੰਤ ਵੀ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਹੈ। ਨਾਵਲ ਦੇ ਅੰਤ ’ਤੇ ਨਾਵਲ ਦਾ ਨਾਇਕ ਮਹਿੰਦਰ ਤੇ ਨਾਇਕਾ ਮੂਮਲ ਜਿਹੀਆਂ ਕਹੀਆਂ ਚਲਾਉਂਦੇ ਲੋਕਾਂ ਵਿਚ ਨਜ਼ਰੀਂ ਪੈਂਦੇ ਹਨ ਤੇ ਜਨ-ਕਲਿਆਣ ਦੇ ਉਸਾਰੂ ਕੰਮ ’ਚ ਉਨ੍ਹਾਂ ਦਾ ਸਾਹਸ ਵਧਾਂਦੇ ਨਜ਼ਰੀਂ ਪੈਂਦੇ ਹਨ। ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਹੁਰਾਂ ਦੀ ਸੋਚ ਨਿਵੇਕਲੀ ਹੈ। ਹਰ ਰਚਨਾ ਜੀਵਨ ਨੂੰ ਸੇਧ ਦੇਣ ਵਾਲੀ ਹੁੰਦੀ ਹੈ। ਇਹ ਨਾਵਲ ਵੀ ਇਸੇ ਤਰ੍ਹਾਂ ਦਾ ਹੈ।
 
Top