ਮਰਨ ਤੋਂ ਬਾਅਦ part 1

Mandeep Kaur Guraya

MAIN JATTI PUNJAB DI ..
''ਡਾਕਟਰ ਸਾਹਬ? ਪਹਿਲਾਂ ਇਹ ਦੱਸੋ ਕਿ ਇਹ ਨਰਕ ਹੈ ਜਾਂ ਸੁਰਗ। ਜੇ ਤੁਸੀਂ ਸੁਰਗ ਦੇ ਡਾਕਟਰ ਹੋ ਤਾਂ ਇਨ੍ਹਾਂ ਜਮਦੂਤਾਂ ਤੋਂ ਮੇਰਾ ਪਿੱਛਾ ਛੁਡਾਓ। ਮੈਂ ਸੁਰਗ ਪ੍ਰਾਪਤੀ ਵਾਸਤੇ ਮਰਿਆ ਹਾਂ ਪਰ ਘੇਰੀ ਫਿਰਦੇ ਨੇ ਜਮ। ਇਹ ਤਾਂ ਤੁਹਾਡੇ ਰਾਜ 'ਚ ਸਰਾਸਰ ਧੱਕਾ ਹੈ।'' ਇਕ ਪਚੱਤਰ ਸਾਲਾ ਬੁੜੇ ਨੇ ਸੈਕਰੇਟਰੀ ਡਾਕਟਰ ਅੱਗੇ ਉਨ੍ਹਾਂ ਦੋ ਜਵਾਨਾਂ ਪ੍ਰਤੀ ਰੋਸ ਕੀਤਾ, ਜੋ ਸ਼ਾਇਦ ਉਸ ਨੂੰ ਵਿਖਾਉਣ ਆਏ ਸਨ।
ਡਾਕਟਰ ਦੇ ਆਸੇ-ਪਾਸੇ ਖੜੋਤੇ ਸਾਰੇ ਮਰੀਜ਼ ਤ੍ਰਿਬਕ ਕੇ ਪਰ੍ਹੇ ਹੋ ਗਏ, ਪਰ ਡਾਕਟਰ ਨੂੰ ਕੋਈ ਹੈਰਾਨੀ ਨਾ ਹੋਈ। ਅਜਿਹੇ ਹਿੱਲੇ ਦਿਮਾਗ ਦੇ ਮਰੀਜ਼ਾਂ ਨਾਲ ਉਸਦਾ ਰੋਜ਼ ਦਾ ਵਾਹ ਪੈਂਦਾ ਸੀ। ਜਿਨ੍ਹਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ 'ਮਰਨ ਤੋਂ ਬਾਅਦ' ਇਨਸਾਨ ਕੋਲ ਸਰੀਰ ਨਹੀਂ
ਰਹਿੰਦਾ। ਡਾਕਟਰ ਨੇ ਉਨ੍ਹਾਂ ਦੀ ਪਰਚੀ ਪੜ੍ਹੀ ਅਤੇ ਵੱਡੇ ਮੁੰਡੇ ਨੂੰ ਜੋ ਕਿ ਸਮਝਦਾਰ ਲੱਗਦਾ ਸੀ, ਬੋਲਿਆ ''ਇਸਦਾ ਨਾਂ ਬਲਵੰਤ ਸਿੰਘ ਐ।''
ਮੁੰਡਾ ਕੁਝ ਦੱਸਣ ਹੀ ਲੱਗਾ ਸੀ ਕਿ ਬੁੜਾ ਚੀਕ ਪਿਆ ''ਨਹੀਂ, ਇਹ ਮੇਰੇ ਕਰਮੂ ਧਰਮੂ ਨਹੀਂ ਸਗੋਂ ਜਮਾ ਨੇ ਉਨ੍ਹਾਂ ਦੀ ਸ਼ਕਲ ਧਾਰੀ ਹੈ। ਇਨ੍ਹਾਂ ਦੀ ਨਾ ਸੁਣੋ। ਜੋ ਗੱਲ ਕਰਨੀ ਹੈ ਮੇਰੇ ਨਾਲ ਕਰੋ। ਮੈਂ ਸੁਰਗ ਜਾਣਾ ਹੈ। ਸੁਰਗ ਵਾਸਤੇ ਹੀ ਗੁਰੂ ਦਾ ਹੁਕਮ ਮੰਨਿਆ। ਇਨ੍ਹਾਂ ਦੀ ਨਾ ਸੁਣੋ। ਇਨ੍ਹਾਂ ਦੀ ਨਾ ਸੁਣੋ।'' ਮੁੰਡਿਆਂ ਵੱਲੋਂ ਸਖ਼ਤੀ ਨਾਲ ਫੜਿਆ ਬਲਵੰਤ ਛਟਪਟਾਉਣ ਲੱਗਾ। ਡਾਕਟਰ ਆਪਣੇ ਤਜਰਬੇ ਅਨੁਸਾਰ ਪਾਗਲ ਮਰੀਜ਼ਾਂ ਦਾ ਇਲਾਜ ਪਾਗਲ ਬਣ ਕੇ ਹੀ ਕਰਨ 'ਚ ਸਫ਼ਲਤਾ ਹਾਸਲ ਕਰਦਾ ਸੀ। ਉਸਦੀ ਹਾਂ 'ਚ ਹਾਂ ਮਿਲਾਈ ਜਾਓ, ਤਾਂ ਟਰੀਟਮੈਂਟ ਕਰਨ 'ਚ ਬਹੁਤ ਮਿਹਨਤ ਨਹੀਂ ਸੀ ਕਰਨੀ ਪੈਂਦੀ। ਬਲਵੰਤ ਨਾਂ ਦੇ ਪਾਗਲ ਮਰੀਜ਼ ਦਾ ਦਿਲ ਜਿੱਤਣ ਵਾਸਤੇ ਉਸਨੇ ਮੁੰਡਿਆਂ ਨੂੰ ਮਿੱਠੀ ਜਿਹੀ ਝਿੜਕ ਦਿੱਤੀ, ''ਓਏ ਛੱਡੋ ਬਜ਼ੁਰਗ ਨੂੰ, ਕੀ ਚੱਕਿਆ ਏਹਨੇ ਤੁਹਾਡਾ। ਕਿਉਂ ਤੰਗ ਕੀਤਾ ਏਹਨੂੰ?
ਮੁੰਡੇ ਬੁੜੇ ਨੂੰ ਕਮਰੇ 'ਚ ਛੱਡ ਬੂਹੇ 'ਚ ਇਸ ਤਰ੍ਹਾਂ ਜੁੜ ਕੇ ਖਲੋ ਗਏ ਜਿਵੇਂ ਮੁਰਗੇ ਨੂੰ ਮੁਰਗੀਖਾਨੇ 'ਚ ਛੱਡ ਬੂਹਾ ਭੇੜ ਲਈਦਾ ਹੈ। ਮੁੰਡਿਆਂ ਦੀ ਪਕੜ 'ਚੋਂ ਨਿਕਲ ਬੁੜੇ ਨੇ ਇਸ ਤਰ੍ਹਾਂ ਚੈਨ ਦਾ ਸਾਹ ਲਿਆ ਜਿਵੇਂ ਉਸਦੇ ਤਪਦੇ ਸਰੀਰ 'ਤੇ ਕੋਤਰ ਸੌ ਘੜਾ ਪਾਣੀ ਦਾ ਪੈ ਗਿਆ ਹੋਵੇ। ਫਿਰ ਬੁੜਬੁੜਾਇਆ ''ਬਸ ਹੁਣ ਤੂੰ ਪੈ ਗਿਆ ਉਏ ਬਲਵੰਤ ਸਿੰਘਾ। ਡਾਕਟਰ ਸੁਰਗ ਦਾ ਹੀ ਲੱਗਦਾ ਹੈ।''
''ਗੱਲ ਕੀ ਹੋਈ ਏਹਨੂੰ।'' ਡਾਕਟਰ ਨੇ ਵੱਡੇ ਮੁੰਡੇ ਧਰਮ ਸਿੰਘ ਨੂੰ ਪੁੱਛਿਆ।
''ਜੀ ਇਹ ਸਾਡਾ ਪਿਓ ਹੈ। ਇਹਨੇ ਸੁਰਗ ਪ੍ਰਾਪਤੀ ਵਾਸਤੇ ਪਤਾ ਨਹੀਂ ਕਿੰਨੇ ਤਾਂ ਗੁਰੂ ਹੀ ਬਣਾ ਲਏ। ਜੋ ਵੀ ਕਿਸੇ ਨੇ ਦੱਸਿਆ, ਏਹਨੇ ਕੀਤਾ। ਦਰੱਖ਼ਤ ਲਵਾਏ, ਹਵਨ ਕਰਾਏ। ਸਾਡੇ ਟਿਊਬਵੈਲ ਵਾਲਾ ਮਕਾਨ ਤਾਂ ਪੂਜਾ ਘਰ ਬਣਾ ਰੱਖਿਆ ਸੀ। ਉਸ ਵਕਤ ਤਾਂ ਮੰਗਤੇ ਕੁਝ ਜ਼ਿਆਦਾ ਹੀ ਆਉਣ ਲੱਗ ਪਏ, ਜਦ ਇਸਨੇ ਆਪਣੇ ਹਿੱਸੇ ਦੀ ਕਿੱਲਾ ਜ਼ਮੀਨ ਅਨਾਥ ਆਸ਼ਰਮ ਨੂੰ ਦੇ ਦਿੱਤੀ। ਇਕ ਸਾਧ ਆਇਆ, ਉਹਨੇ ਗੁਰ ਧਾਰਨਾ ਤੋਂ ਬਾਅਦ ਵੀਹ ਹਜ਼ਾਰ ਲੈ ਕੇ ਦੱਸਿਆ ਕਿ ਤੇਰੀ ਮੌਤ ਪੁੰਨਿਆ ਦੀ ਰਾਤ ਹੋਈ ਤਾਂ ਤੂੰ ਸਵਰਗ ਜ਼ਰੂਰ ਜਾਏਂਗਾ। ਮਹੀਨੇ ਕੁ ਬਾਅਦ ਇਕ ਹੋਰ ਸਾਧ ਆਇਆ ਜੋ ਕਿ ਟੇਵੇ ਲਾ ਕੇ ਲੋਕਾਂ ਦੇ ਮਰਨ ਦਾ ਸਮਾਂ ਦੱਸਣ 'ਚ ਮਸ਼ਹੂਰ ਸੀ। ਉਹਨੇ ਵੀ ਪੈਸਾ ਜਾਂ ਜ਼ਮੀਨ ਝਟਕਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਜਦ ਕੁਝ ਨਾ ਹੀ ਮਿਲਦਾ ਦਿਸਿਆ ਤਾਂ ਇਹ ਦੱਸ ਕੇ ਚਲਾ ਗਿਆ ਕਿ ਪੁੰਨਿਆਂ ਦੀ ਰਾਤ ਮਰਨਾ ਬੇਸ਼ੱਕ ਸਵਰਗ ਦੀ ਪ੍ਰਾਪਤੀ ਹੈ ਪਰ ਤੇਰੀ ਮੌਤ ਹਨੇਰ ਪੱਖ 'ਚ ਜਾ ਰਹੀ ਹੈ। ਦੁਖੀ ਹੋ ਕੇ ਇਕ ਪੁੰਨਿਆ ਨੂੰ ਇਹਨੇ ਮੋਨੋ ਸਪਰੇਅ ਪੀ ਲਈ। ਜਿਸ ਨਾਲ ਇਹ ਮਰਿਆ ਤਾਂ ਨਹੀਂ, ਪਰ ਦਿਮਾਗ 'ਚ ਕੁਝ ਅਜਿਹਾ ਨੁਕਸ ਪਾ ਦਿੱਤਾ ਕਿ ਧਰਤੀ ਦੇ ਮਨੁੱਖ ਚਿੱਟੇ ਕੱਚ ਦੀਆਂ ਪੁਤਲੀਆਂ ਦਿਸਣ ਲੱਗ ਪਏ। ਪਸ਼ੂਆਂ ਪੰਛੀਆਂ 'ਚ ਆਤਮਾ ਦਿਸਣ ਲੱਗ ਪਈ। ਸਿਰਫ਼ ਅਸੀਂ ਦੋਵੇਂ ਭਰਾ ਹੀ ਇਸਨੂੰ ਅਲੱਗ ਦਿਸਦੇ ਹਾਂ। ਇਹਦੇ ਦੱਸਣ ਮੁਤਾਬਕ ਸਾਡਿਆਂ ਸਿਰਾਂ 'ਤੇ ਸਿੰਗ, ਸਾਡੀਆਂ ਸੂਰ ਦੇ ਮੂੰਹ ਵਾਂਗੂੰ ਬੂਥੀਆਂ ਅਤੇ ਪਸ਼ੂਆਂ ਵਰਗੇ ਪੈਰ ਹਨ। ਇਹ ਆਪਣੇ ਆਪ ਨੂੰ ਮਰਿਆ ਸਮਝਦਾ ਹੈ। ਉਠ ਉਠ ਕੇ ਭੱਜਦਾ ਹੈ। ਅਸੀਂ ਤਿੰਨ ਦਿਨਾਂ ਤੋਂ ਮਸਾਂ ਭਾਲ ਕੇ ਲਿਆਏ ਹਾਂ। ਕੁਝ ਐਸਾ ਕਰੋ ਕਿ ਇਹ ਭੱਜੇ ਨਾ। ਇਸ ਧਰਤੀ ਨੂੰ ਹੀ ਸੁਰਗ ਸਮਝਣ ਲੱਗ ਪਵੇ।'' ਕਹਿ ਕੇ ਧਰਮੂ ਨੇ ਆਪਣੇ ਪਿਤਾ ਵੱਲ ਵੇਖਿਆ। ਡਾਕਟਰ ਨੇ ਵੀ ਓਧਰ ਧੌਣ ਮੋੜੀ। ਬਲਵੰਤ ਬੁੜਾ ਬਾਹਾਂ ਖਿਲਾਰ ਕੇ ਅਸਮਾਨ ਦੀਆਂ ਉਡਾਰੀਆਂ ਲਾਉਂਦਾ ਇੰਦਰ ਦੇਵਤੇ ਨੂੰ ਆਵਾਜ਼ਾਂ ਮਾਰ ਰਿਹਾ ਸੀ। ''ਇੰਦਰ, ਮਹਾਰਾਜ! ਸਵਰਗ ਦਾ ਬੂਹਾ ਖੋਲ੍ਹ। ਤੇਰੇ ਕੋਲ ਗੁਰੂ ਦਾ ਭੇਜਿਆ ਬਲਵੰਤ ਸਿੰਘ ਆਇਆ ਹੈ।'' ਅਚਾਨਕ ਬੂੜੇ ਨੂੰ ਉਪਰਲੀ ਮੰਜ਼ਲ 'ਤੇ ਦਾਖਲ ਮਰੀਜ਼ਾਂ ਦੀਆਂ ਚੀਕਾਂ ਸੁਣੀਆਂ। ਸ਼ਾਇਦ ਮਰੀਜ਼ਾਂ ਦੀਆਂ ਪੱਟੀਆਂ ਬਦਲੀਆਂ ਜਾ ਰਹੀਆਂ ਸਨ। ਸੁਣ ਕੇ ਬੁੜਾ ਚੌਕੰਨਾ ਹੋ ਗਿਆ। ਚੀਕਾਂ ਦੀ 'ਵਾਜ਼ ਤਾਂ ਸ਼ੁਰੂ ਤੋਂ ਹੀ ਆ ਰਹੀ ਸੀ। ਪਰ ਗੌਰ ਉਸਨੇ ਹੁਣ ਹੀ ਕੀਤਾ ਸੀ। ਡਾਕਟਰ ਨੇ ਉਸ ਨੂੰ ਕੋਲ ਬੁਲਾ ਕੇ ਖੰਭਾਂ ਵਾਂਗ ਖਿਲਰੀਆਂ ਬਾਹਾਂ ਨੀਵੀਆਂ ਕਰਾਈਆਂ ਅਤੇ ਬਾਹਰ ਵੱਲ ਦੇ ਬੂਹਿਆਂ ਬਾਰੀਆਂ ਵੱਲ ਧਿਆਨ ਦਿਵਾਉਂਦਾ ਬੋਲਿਆ, ''ਬਾਲਾ ਜੀ ਤੁਸੀਂ ਸੁਰਗ 'ਚ ਹੀ ਹੋ। ਬਾਹਰ ਵੱਲ ਫੁੱਲਾਂ ਦੀਆਂ ਕਿਆਰੀਆਂ, ਸੋਹਣੇ ਸੋਹਣੇ ਬਿਰਸ਼ ਬਰੂਟੇ। ਦੇਖੋ ਆਪਣੀ ਸੁਰਗਪੁਰੀ ਕੋਲ ਦੀ ਲੰਘਦੇ ਬੱਦਲ ਅਤੇ ਸੂਰਜ। ਇਹ ਸੁਰਗ ਨਹੀਂ ਤਾਂ ਹੋਰ ਕੀ ਹੈ?''
''ਨਰਕ ਤੇ ਸੁਰਗ ਦਾ ਫ਼ਾਸਲਾ ਕਿੰਨਾ ਹੁੰਦਾ ਡਾਕਟਰ ਸਾਹਬ।'' ਬੁੜੇ ਨੇ ਪੁੱਛਿਆ।
''ਫ਼ਾਸਲਾ?'' ਇਸ ਬਾਰੇ ਤਾਂ ਡਾਕਟਰ ਨੂੰ ਖੁਦ ਹੀ ਪਤਾ ਨਹੀਂ ਸੀ। ਫਿਰ ਵੀ ਬੁੜੇ ਦੀ ਤਸੱਲੀ ਵਾਸਤੇ ਜਵਾਬ ਦੇਣਾ ਜ਼ਰੂਰੀ ਸੀ। ਕਿਹਾ ''ਜਿੰਨਾ ਫ਼ਾਸਲਾ ਮਾਤ ਲੋਕ ਤੇ ਸੁਰਗ ਵਿਚਕਾਰ ਹੈ ਓਨਾ ਹੀ ਫ਼ਾਸਲਾ ਨਰਕ ਤੇ ਸੁਰਗ ਵਿਚਕਾਰ ਹੈ। ਮਾਤ ਲੋਕ ਤੋਂ ਚੱਲੀ ਰੂਹ ਜੇ ਸਵਰਗ ਪਹੁੰਚਦਿਆਂ ਪਹੁੰਚਦਿਆਂ ਇਕ ਘੰਟਾ ਲਾਵੇਗੀ ਤਾਂ ਧਰਤੀ ਤੋਂ ਛੱਡਿਆ ਰਾਕਟ ਏਨੇ ਰਸਤੇ ਨੂੰ ਤਹਿ ਕਰਨ ਵਾਸਤੇ ਹਜ਼ਾਰ ਘੰਟਾ ਲਾਵੇਗਾ।''
''ਪਰ ਮੈਨੂੰ ਤਾਂ ਨਰਕ ਗੁਆਂਢ ਵਾਂਗੂ ਲੱਗਦਾ, ਡਾਕਟਰ ਸਾਹਿਬ। ਸੁਣੋ ਸੁਣੋ, ਇਹ ਨਰਕ ਵਾਸੀਆਂ ਦੀਆਂ ਚੀਕਾਂ ਸੁਣੋ। ਉਨ੍ਹਾਂ ਨੂੰ ਐਹੋ ਜੇ ਜਮ ਤਸੀਹੇ ਦਿੰਦੇ ਹੋਣਗੇ।'' ਦਬਵੀਂ ਆਵਾਜ਼ 'ਚ ਬੁੜੇ ਨੇ ਪੁੱਤਾਂ ਵੱਲ ਇਸ਼ਾਰਾ ਕੀਤਾ।
''ਉਏ ਨਹੀਂ ਯਾਰ, ਏਥੋਂ ਦੀ ਹਰ ਚੀਜ਼ ਪਾਵਰਫੁੱਲ ਹੈ। ਜੇ ਇਕ ਮਰੇ ਆਦਮੀ ਦੀ ਇਕ ਰਾਕਟ ਨਾਲੋਂ ਰਫ਼ਤਾਰ ਜ਼ਿਆਦਾ ਹੋ ਸਕਦੀ ਹੈ ਤਾਂ ਧਰਤੀ ਦੀ 'ਵਾਜ਼ ਨਾਲੋਂ ਨਰਕ ਵਾਸੀਆਂ ਦੀ ਚੀਕ ਪੁਕਾਰ ਜ਼ਿਆਦਾ ਨਹੀਂ ਹੋ ਸਕਦੀ? ਨਰਕ ਅਤੇ ਸੁਰਗ ਦੀਆਂ 'ਵਾਜ਼ਾਂ ਇਕ ਦੂਜੇ ਨੂੰ ਆਮ ਸੁਣਦੀਆਂ ਨੇ।'' ਡਾਕਟਰ ਨੇ ਪ੍ਰਮਾਤਮਾ ਦੀ ਮਹਾਨਤਾ ਦਰਸਾ ਕੇ ਉਸਦੀ ਤਸੱਲੀ ਕਰਵਾਈ।
''ਤਾਂ ਫਿਰ ਤੁਹਾਨੂੰ ਮੰਨਣਾ ਪਏਗਾ ਡਾਕਟਰ ਕਿ ਤੁਹਾਡਾ ਹਸਪਤਾਲ ਜਾਂ ਤਾਂ ਨਰਕ 'ਚ ਹੈ ਅਤੇ ਜਾਂ ਫਿਰ ਨਰਕ ਦੇ ਸਭ ਤੋਂ ਨੇੜੇ ਹੈ।'' ਕਹਿ ਕੇ ਬੁੜੇ ਨੇ ਉਡਣ ਵਾਲਿਆਂ ਵਾਂਗ ਬਾਂਹਾਂ ਖਿਲਾਰੀਆਂ। ਜਿਸ ਨਾਲ ਇਕ ਹੱਥ ਵੱਜ ਕੇ ਡਾਕਟਰ ਦੇ ਟੇਬਲ ਉਪਰਾਲਾ ਸਮਾਨ ਖਿਲਰ-ਪੁੱਲਰ ਗਿਆ। ਬੀ ਪੀ ਹੋਲਡਰ ਡਿੱਗ ਪਿਆ ਅਤੇ ਚਾਹ ਦਾ ਇਕ ਖਾਲੀ ਕੱਪ ਡਾਕਟਰ ਦੀ ਝੋਲੀ 'ਚ ਜਾ ਡਿਗਾ।
ਡਾਕਟਰ ਨੂੰ ਖਿੱਝ ਆ ਗਈ। ਸਾਮਾਨ ਸੰਭਾਲ ਕੇ ਉਹਦੀਆਂ ਬਾਹਾਂ ਠੀਕ ਕਰਾਈਆਂ ਅਤੇ ਕਿਹਾ ''ਹਰ ਵਕਤ ਉਡਾਰੀਆਂ ਨਾ ਲਾਇਆ ਕਰ ਬਲਵੰਤ ਸਿੰਘ, ਕਿਤੇ ਇਹ ਨਾ ਹੋਵੇ ਫਾਲਤੂ ਦੀਆਂ ਉਡਾਰੀਆਂ ਤੈਨੂੰ ਉਨ੍ਹਾਂ ਨਰਕਾਂ 'ਚ ਹੀ ਲੈ ਜਾਣ, ਜਿੱਥੋਂ ਚੀਕਾਂ ਆ ਰਹੀਆਂ। ਨਾਲੇ ਸੁਰਗਪੁਰੀ ਨੂੰ ਵਾਰ-ਵਾਰ ਨਰਕ ਆਖ ਕੇ ਅਪਮਾਣਿਤ ਨਾ ਕਰਿਆ ਕਰ ਨਹੀਂ ਤਾਂ ਇੰਦਰ ਨੇ...।'' (ਬਾਕੀ ਅਗਲੇ Thread 'ਚ)
 
Top