ਬਾਲ ਸਾਹਿਤ ਦਾ ਸਿਰਮੌਰ ਚਿਤੇਰਾ ਜਸਬੀਰ ਭੁੱਲਰ

'MANISH'

yaara naal bahara
ਸਾਹਿਤ ਅਕਾਦਮੀ ਬਾਲ ਪੁਰਸਕਾਰ ਮਿਲਣ ’ਤੇ ਵਿਸ਼ੇਸ਼


ਨਿੱਕੇ ਹੁੰਦਿਆਂ ਜਦ ਅੰਮਾ ਕੋਲੋਂ ਬਾਤਾਂ, ਕਥਾਵਾਂ ਸੁਣਨੀਆਂ ਤਾਂ ਸੁਣਦੇ-ਸੁਣਦੇ ਕਿਸੇ ਹੋਰ ਹੀ ਲੋਕ ਵਿਚ ਚਲੇ ਜਾਂਦੇ। ਉਸ ਲੋਕ ਵਿਚੋਂ ਬਾਹਰ ਆਉਣ ਨੂੰ ਜੀਅ ਹੀ ਨਾ ਕਰਨਾ। ਜੀਅ ਕਰਦਾ ਅੰਮਾ ਇਉਂ ਹੀ ਬਾਤਾਂ ਸੁਣਾਈ ਜਾਵੇ। ਹੁਣ ਜਦ ਜਸਬੀਰ ਭੁੱਲਰ ਦੇ ਬਾਲ-ਸਾਹਿਤ ਨਾਲ ਜੁੜਦੇ ਹਾਂ ਤਾਂ ਅੰਮਾ ਦੀਆਂ ਸੁਣਾਈਆਂ ਬਾਤਾਂ, ਕਥਾ-ਕਥੋਲੀਆਂ ਯਾਦ ਆਉਂਦੀਆਂ ਹਨ।
ਜਸਬੀਰ ਭੁੱਲਰ ਪੰਜਾਬੀ ਦੇ ਉਨ੍ਹਾਂ ਬਾਲ-ਸਾਹਿਤਕਾਰਾਂ ’ਚੋਂ ਮੋਹਰੀ ਹੈ ਜਿਨ੍ਹਾਂ ਨੇ ਬਾਲ-ਸਾਹਿਤ ਦੀ ਨਬਜ਼ ਨੂੰ ਪਛਾਣਿਆ ਹੈ। ਅਕਸਰ ਇਹ ਚਰਚਾ ਚਲਦੀ ਰਹਿੰਦੀ ਹੈ ਕਿ ਪੰਜਾਬੀ ’ਚ ਲਿਖਿਆ ਜਾ ਰਿਹਾ ਬਹੁਤਾ ਬਾਲ-ਸਾਹਿਤ ਬੱਚਿਆਂ ਬਾਰੇ ਤਾਂ ਹੈ ਪਰ ਬੱਚਿਆਂ ਲਈ ਨਹੀਂ। ਬੱਚਿਆਂ ਨੂੰ ਨਿਰਾ ਉਪਦੇਸ਼ ਦਿੰਦਾ ਹੈ। ਪਰ ਗੁਰਬਖਸ਼ ਸਿੰਘ ਪ੍ਰੀਤਲੜੀ, ਸੁਖਬੀਰ ਅਤੇ ਗੁਰਦਿਆਲ ਸਿੰਘ ਨੇ ਬੱਚਿਆਂ ਨੂੰ ਨੇੜਿਉਂ ਜਾਣ ਕੇ ਲਿਖਿਆ। ਜਸਬੀਰ ਭੁੱਲਰ ਨੇ ਪੰਜਾਬੀ ਬਾਲ-ਸਾਹਿਤ ਦਾ ਸਿਰ ਉੱਚਾ ਕੀਤਾ ਹੈ ਕਿਉਂਕਿ ਉਹ ਬਾਲ ਮਾਨਸਿਕਤਾ ਨੂੰ ਜਾਣਦਾ ਹੀ ਨਹੀਂ ਸਗੋਂ ਸਮਝਦਾ-ਮਹਿਸੂਸਦਾ ਵੀ ਹੈ। ਬਾਲ-ਸਾਹਿਤ ਦੀ ਜੜ੍ਹ ਬੱਚਿਆਂ ਨੂੰ ਸਮਝਣ ਤੇ ਮਹਿਸੂਸ ਕਰਨ ਵਿਚ ਪਈ ਹੈ। ਭੁੱਲਰ ਆਪਣੇ ਬਾਲ-ਸਾਹਿਤ ਰਾਹੀਂ ਉਸ ਜੜ੍ਹ ਤੱਕ ਗਿਆ ਹੈ।
ਜਸਬੀਰ ਭੁੱਲਰ ਨੇ ਬਾਲ-ਸਾਹਿਤ ਦਾ ਰਾਹ ਇਉਂ ਹੀ ਨਹੀਂ ਚੁਣਿਆ ਬਲਕਿ ਇਸ ਲਈ ਚੁਣਿਆ ਹੈ ਤਾਂ ਕਿ ਬੱਚੇ ’ਚ ਜਿਉਂਦੇ ਜੀਅ ਮਾਸੂਮੀਅਤ ਬਚੀ ਰਹੇ। ਕਿਤੇ ਕਿਤੇ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਇਹ ਮਾਸੂਮੀਅਤ ਭੁੱਲਰ ਦੀ ਆਪਣੀ ਹੋਵੇ। ਇਸ ਮਾਸੂਮੀਅਤ ਦੀ ਝਲਕ ਉਸ ਦੇ ਬਾਲ-ਸਾਹਿਤ ’ਚੋਂ ਦੇਖੀ ਜਾ ਸਕਦੀ ਹੈ। ਭੁੱਲਰ ਨੇ ਬਾਲ-ਸਾਹਿਤ ’ਤੇ ਨਿੱਠ ਕੇ ਕੰਮ ਕੀਤਾ ਹੈ ਇਸ ਗੱਲ ਦੀ ਗਵਾਹੀ ‘ਬਾਬੇ ਦੀਆਂ ਬਾਤਾਂ’, ‘ਨਿੱਕੇ ਹੁੰਦਿਆਂ’, ‘ਜੰਗਲ ਟਾਪੂ-1’, ‘ਜੰਗਲ ਟਾਪੂ-99’ (ਕਹਾਣੀ-ਸੰਗ੍ਰਹਿ), ਬਾਲ ਨਾਵਲ ‘ਪਤਾਲ ਦੇ ਗਿਠਮੁਠੀਏ’, ‘ਸੋਮਾ ਦਾ ਜਾਦੂ’, ‘ਜੰਗਲ ਦਾ ਰੱਬੂ’, ‘ਮਗਰਮੱਛਾਂ ਦਾ ਬਸੇਰਾ’, ‘ਖੰਭਾਂ ਵਾਲਾ ਕੱਛੂਕੁੰਮਾ’, ‘ਬੁੱਧ ਸਿੰਘ ਦੇ ਸਾਵੇ ਸੁਪਨੇ’ (ਬਾਬਾ ਬੁੱਧ ਸਿੰਘ ਦੇ ਬਚਪਨ ਦੇ ਆਧਾਰ ’ਤੇ), ‘ਪੰਦਰਾਂ ਵਰ੍ਹੇ ਤੱਕ’ (ਮਹਾਤਮਾ ਗਾਂਧੀ ਦੇ ਬਚਪਨ ਦੇ ਆਧਾਰ ’ਤੇ) ਆਦਿ ਉਹ ਪੁਸਤਕਾਂ ਹਨ, ਜਿਨ੍ਹਾਂ ਨੇ ਪੰਜਾਬੀ ਬਾਲ-ਸਾਹਿਤ ਵਿਚ ਆਪਣਾ ਮਹੱਤਵਪੂਰਨ ਸਥਾਨ ਬਣਾਇਆ ਹੈ। ਭੁੱਲਰ ਹੋਰਾਂ ਨੇ ਬਾਲ ਸਾਹਿਤ ਤੋਂ ਇਲਾਵਾ ਬਾਲਗ ਸਾਹਿਤ (ਵੱਡਿਆਂ ਲਈ) ਵਿਚ ਬੜਾ ਮਹੱਤਵਪੂਰਨ ਕੰਮ ਕੀਤਾ ਹੈ। ਫੌਜ ਦੇ ਅਨੁਭਵਾਂ ਨਾਲ ਸਬੰਧਤ ਕਹਾਣੀਆਂ ਪੰਜਾਬੀ ਸਾਹਿਤ ਵਿਚ ਮੀਲ-ਪੱਥਰ ਵਜੋਂ ਜਾਣੀਆਂ ਜਾਂਦੀਆਂ ਹਨ।
ਜਸਬੀਰ ਭੁੱਲਰ ਦਾ ਅੱਸੀਵਿਆਂ ਵਿਚ ਲਿਖਿਆ ਬਾਲ ਕਥਾ ਸੰਗ੍ਰਹਿ ‘ਜੰਗਲ-ਟਾਪੂ’ ਆਪਣੀ ਵੱਖਰਤਾ ਅਤੇ ਮਿਆਰ ਕਾਰਨ ਮਹੱਤਵਪੂਰਨ ਬਣ ਗਿਆ। ਜਦੋਂ ਇਸ ਪੁਸਤਕ ਨੂੰ ਸਾਹਿਤ ਅਕਾਦਮੀ, ਦਿੱਲੀ ਨੇ 21 ਭਾਸ਼ਾਵਾਂ ਵਿਚ ਅਨੁਵਾਦ ਕਰਾਉਣ ਦਾ ਫੈਸਲਾ ਕੀਤਾ ਤਾਂ ਇਹ ਪੁਸਤਕ ਇਕ ਇਤਿਹਾਸਕ ਘਟਨਾ ਬਣ ਗਈ। ਭੁੱਲਰ ਪੂਨੇ ਵਿਚ ਜਦ ਫੌਜ ਵਿਚ ਅਧਿਕਾਰੀ ਸੀ ਤਾਂ ਉਸ ਨੇ ਆਪਣੇ ਬੱਚਿਆਂ ਨੂੰ ਬਾਤਾਂ-ਕਥਾਵਾਂ ਸੁਣਾਉਣ ਦੇ ਆਹਰ ਵਜੋਂ ‘ਜੰਗਲ-ਟਾਪੂ’ ਲਿਖੀ। ਇਸ ਪੁਸਤਕ ’ਚ ਜਿੱਥੇ ਜੰਗਲਾਂ ਅਤੇ ਜੰਗਲੀ ਜੀਵਾਂ ਨੂੰ ਬਚਾਉਣ ਦਾ ਉਪਰਾਲਾ ਹੈ ਉਥੇ ਬੱਚਿਆਂ ਨੂੰ ਚੰਗੇ ਮਨੁੱਖ ਬਣਨ ਦੀ ਪ੍ਰੇਰਨਾ ਵੀ ਹੈ। ਇਸ ਵਿੱਚ ਬੱਚਿਆਂ ਲਈ ਅਥਾਹ ਕਲਪਨਾ ਵੀ ਹੈ।
ਕਲਪਨਾ ਤੋਂ ਯਾਦ ਆਇਆ ਕਿ ਬੱਚਿਆਂ ਦੇ ਸਾਹਿਤ ਦੇ ਲਈ ਕਲਪਨਾ ਦਾ ਵੱਡਾ ਰੋਲ ਹੁੰਦਾ ਹੈ। ਬਾਲ-ਸਾਹਿਤ ’ਚ ਇਹ ਹੋਰ ਵੀ ਜ਼ਰੂਰੀ ਹੈ ਕਿ ਲੇਖਕ ਬੱਚਿਆਂ ਨੂੰ ਕਲਪਨਾ ਦੇ ਉਸ ਸੰਸਾਰ ਵਿਚ ਲੈ ਕੇ ਜਾਵੇ, ਜਿਹੜਾ ਉਨ੍ਹਾਂ ਨੂੰ ਨਵਾਂ ਅਤੇ ਅਲੋਕਾਰੀ ਲੱਗੇ। ਭੁੱਲਰ ਅੰਦਰ ਬਚਪਨ ਤੋਂ ਹੀ ਕਲਪਨਾ ਦਾ ਸੋਮਾ ਬਿਰਾਜਮਾਨ ਹੈ। ਨਿੱਕੇ ਹੁੰਦਿਆਂ ਜਦ ਆਪਣੇ ਪਾਪਾ ਦੇ ਢਿੱਡ ’ਤੇ ਖੇਡਦਾ ਤਾਂ ਧੁੰਨੀ ਵਿਚਲੀ ਰੂੰ ਨਾਲ ਰਜਾਈ ਬਣਾਉਣ ਦੀ ਕਲਪਨਾ ਕਰਦਾ। ਭੁੱਲਰ ਦੇ ਵੱਡੇ ਹੋਣ ਨਾਲ ਕਲਪਨਾ ਵੀ ਜੁਆਨ ਹੋਈ ਹੈ। ਇਸ ਦਾ ਰੰਗ ਬਾਲ ਨਾਵਲ ‘ਪਤਾਲ ਦੇ ਗਿਠਮੁਠੀਏ’ ’ਚੋਂ ਭਲੀ-ਭਾਂਤ ਦੇਖਿਆ ਜਾ ਸਕਦਾ ਹੈ। ਨਿੱਕੂ ਦੇ ਪਾਤਰ ਰਾਹੀਂ ਜੋ ਕਲਪਨਾ ਦਾ ਸੰਸਾਰ ਭੁੱਲਰ ਨੇ ਨਾਵਲ ਵਿਚ ਸਿਰਜਿਆ ਹੈ ਉਹ ਬੱਚਿਆਂ ਦੇ ਨਾਲ-ਨਾਲ ਵੱਡਿਆਂ ਦੇ ਲਈ ਵੀ ਅੱਲੋਕਾਰੀ ਹੈ। ਇਹ ਪੜ੍ਹਦਿਆਂ ‘ਗੁਲੀਵਰ ਟਰੈਵਲਜ਼’ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਐਡਰਸਨ ਦੀਆਂ ਪਰੀ ਕਹਾਣੀਆਂ ਦਿਮਾਗ ’ਚ ਘੁੰਮਦੀਆਂ ਹਨ। ਰੁਦੀਆਰਡ ਕਿਪਲਿੰਗ ਦੀ ਬਹੁਤ ਹੀ ਪ੍ਰਸਿੱਧ ਬਾਲ ਪੁਸਤਕ ‘ਦੀ ਜੰਗਲ ਬੁੱਕ’ ਯਾਦ ਆਉਂਦੀ ਹੈ।
ਬੱਚਿਆਂ ਦੀ ਭੁੱਲਰ ਦੇ ਪਾਤਰਾਂ ਨਾਲ ਏਨੀ ਆੜੀ ਹੈ ਕਿ ਉਹ ‘ਜੰਗਲ ਦੇ ਰੱਬੂ’ ਨਾਲ ਗੱਲਾਂ ਕਰਦੇ ਹਨ। ਮਗਰਮੱਛਾਂ ਨਾਲ ਖੇਡਦੇ ਹਨ। ‘ਖੰਭਾਂ ਵਾਲੇ ਕੱਛੂਕੁੰਮੇ’ ਦੇ ਨਾਲ ਉੱਡਦੇ ਹਨ, ਸੋਮਾ ਦੀ ਵੱਛੀ (ਸੋਮਾ ਦਾ ਜਾਦੂ) ਨਾਲ ਸ਼ਰਾਰਤਾਂ ਕਰਦੇ ਹਨ। ਉਨ੍ਹਾਂ ਨੂੰ ਬਾਂਦਰਾਂ, ਖਰਗੋਸ਼ਾਂ, ਰਿੱਛਾਂ, ਸ਼ੇਰਾਂ, ਚੀਤਿਆਂ, ਕਾਵਾਂ, ਇੱਲਾਂ, ਤੋਤਿਆਂ, ਕਬੂਤਰਾਂ ਦੇ ਵਿੱਚ ਹੋਣਾ ਚੰਗਾ ਲੱਗਦਾ ਹੈ। ਪੰਛੀਆਂ-ਜਾਨਵਰਾਂ ਪਾਤਰਾਂ ਦੇ ਰਾਹੀਂ ਭੁੱਲਰ ਮਮਤਾ ਦਾ ਸੁਨੇਹਾ (ਜੰਗਲ ਦਾ ਰੱਬੂ) ਅਤੇ ‘ਆਲੇ-ਭੋਲੇ’ ਵਿੱਚ ਜੰਗਲ ਕੱਟਣ ਤੋਂ ਬਚਾਉਣ ਲਈ ਲੋਕਾਂ ਨੂੰ ਚੇਤਨ ਕਰਦਾ ਹੈ। ‘ਆਲੇ-ਭੋਲੇ’ ਬਾਲ ਨਾਵਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਛਾਪਿਆ ਹੈ। ਭੁੱਲਰ ਆਪਣੇ ਪਾਤਰ ਡਰੂ ਕਿਸਮ ਦੇ ਨਹੀਂ ਦਲੇਰ ਸਿਰਜਦਾ ਹੈ। ਜਿਵੇਂ ‘ਗਿਠਮੁਠੀਏ’ ਦਾ ਨਿੱਕੂ ਹਿੰਮਤੀ ਹੈ।
ਭੁੱਲਰ ਆਪਣੇ ਬਾਲ-ਸਾਹਿਤ ਨੂੰ ਰੌਚਿਕ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਵਿਧੀਆਂ ਵਰਤਦਾ ਹੈ। ਸ਼ੁਕਰ ਹੈ ਕਿ ਇਹ ਵਿਧੀਆਂ ਬੱਚਿਆਂ ਦੇ ਹਾਣ ਦੀਆਂ ਹਨ ਅਤੇ ਉਨ੍ਹਾਂ ਨੂੰ ਗੱਲ ਸਮਝਣ ’ਚ ਸਹਾਈ ਹੁੰਦੀਆਂ ਹਨ। ਭੁੱਲਰ ਨੇ ਬਾਲ ਕਹਾਣੀਆਂ, ਨਾਵਲਾਂ ਤੋਂ ਇਲਾਵਾ ਕਵਿਤਾਵਾਂ ਵੀ ਲਿਖੀਆਂ ਜੋ ਉਸ ਦੇ ਬਾਲ ਨਾਵਲਾਂ ਵਿਚ ਮਿਲਦੀਆਂ ਹਨ। ਭੁੱਲਰ ਨੇ ਬੱਚਿਆਂ ਦੇ ਲਈ ਜੋ ਭਾਸ਼ਾ, ਪ੍ਰਤੀਕ ਜਾਂ ਜੋ ਵਾਤਾਵਰਣ ਸਿਰਜਿਆ ਹੈ, ਉਹ ਬੱਚਿਆਂ ਦੇ ਮੇਚ ਦਾ ਹੈ। ਜੇ ਉਸ ਨੂੰ ਉਸਤਾਦ ਬਾਲ ਸਾਹਿਤਕਾਰ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਨਰੋਈ ਸੇਧ ਨਾਲ ਪਰਣਾਏ ਇਸ ਬਾਲ-ਸਾਹਿਤ ਦੀ ਹਰਮਨ ਪਿਆਰਤਾ ਇਸ ਗੱਲੋਂ ਵੀ ਦੇਖੀ ਜਾ ਸਕਦੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਛੇਵੀਂ ਤੋਂ ਦਸਵੀਂ ਤੱਕ ਦੀਆਂ (ਲਗਪਗ ਸਾਰੀਆਂ ਕਲਾਸਾਂ ਵਿੱਚ) ਪੰਜਾਬੀ ਦੀਆਂ ਕਿਤਾਬਾਂ ਵਿਚ ਭੁੱਲਰ ਦੀਆਂ ਕਹਾਣੀਆਂ ਪੜ੍ਹਾਈਆਂ ਜਾ ਰਹੀਆਂ ਹਨ। ਪੰਜਾਬੀ ਦਾ ਅਜਿਹਾ ਕੋਈ ਰਸਾਲਾ ਨਹੀਂ ਜਿਸ ’ਚ ਭੁੱਲਰ ਨਾ ਛਪਿਆ ਹੋਵੇ। ਡਾ. ਸਰਬਜੀਤ ਸਿੰਘ ਬੇਦੀ ਦੇ ਸੰਪਾਦਨਾ ਹੇਠ ਛਾਪੇ ਜਾ ਰਹੇ ਰਸਾਲੇ ‘ਪੰਖੜੀਆਂ’ ’ਚ ਅੱਜ ਕੱਲ੍ਹ ਭੁੱਲਰ ਦਾ ਬੇਹੱਦ ਖ਼ੂਬਸੂਰਤ ਅਤੇ ਪ੍ਰੇਰਣਾਦਾਇਕ ਬਾਲ ਨਾਵਲ ‘ਸਮੁੰਦਰ ਤੇ ਅਫਰੀਜ਼ਲ’ ਲੜੀਵਾਰ ਛਪ ਰਿਹਾ ਹੈ। ਇਹ ਨਾਵਲ ਇਕ ਬੱਚੇ ਦੇ ਸਮੁੰਦਰ ਵਿਚ ਸੁਨਾਮੀ ਆਉਣ ’ਤੇ ਉਸ ਵਿਚ ਘਿਰ ਜਾਣ ’ਤੇ 15 ਦਿਨਾਂ ਦੇ ਸੰਘਰਸ਼ ਦੀ ਗਾਥਾ ਹੈ ਅਤੇ ਅੰਤ ’ਚ ਜ਼ਿੰਦਗੀ ਦੀ ਜਿੱਤ ਹੁੰਦੀ ਹੈ।
ਇਹ ਗੱਲ ਵੀ ਕੋਈ ਇਤਿਹਾਸਕ ਘਟਨਾ ਤੋਂ ਘੱਟ ਨਹੀਂ ਕਿ ਜਿਸ ਤਰ੍ਹਾਂ ਭਾਈ ਵੀਰ ਸਿੰਘ ਨੂੰ ਸਾਹਿਤ ਅਕਾਦਮੀ, ਦਿੱਲੀ ਦਾ ਸਭ ਤੋਂ ਪਹਿਲਾ ਪੁਰਸਕਾਰ ਮਿਲਿਆ, ਉਸੇ ਤਰ੍ਹਾਂ ਬਾਲ-ਸਾਹਿਤ ਦਾ ਸਭ ਤੋਂ ਪਹਿਲਾ ਸਾਹਿਤ ਅਕਾਦਮੀ ਪੁਰਸਕਾਰ ਕਰਨਲ ਜਸਬੀਰ ਭੁੱਲਰ ਨੂੰ ਪ੍ਰਾਪਤ ਹੋਇਆ। ਇਸ ਵੱਕਾਰੀ ਪੁਰਸਕਾਰ ਦੀ ਸਥਾਪਨਾ ਲਈ ਜਿੱਥੇ ਸਾਹਿਤ ਅਕਾਦਮੀ, ਦਿੱਲੀ ਦੀ ਪ੍ਰਸੰਸਾ ਕਰਨੀ ਬਣਦੀ ਹੈ, ਉਥੇ ਇਸ ਪੁਰਸਕਾਰ ਨਾਲ ਪੰਜਾਬੀ ਬਾਲ-ਸਾਹਿਤ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਮੈਂ ਦੁਆ ਕਰਦਾ ਹਾਂ ਕਿ ਭੁੱਲਰ ਵਿਚਲੀ ਮਾਸੂਮੀਅਤ ਜਿਉਂਦੀ ਰਹੇ ਅਤੇ ਉਹ ਨਿਰੰਤਰ ਨਰੋਆ ਬਾਲ-ਸਾਹਿਤ ਲਿਖਦਾ ਰਹੇ। ਆਮੀਨ!
 
Top