ਪੱਗਾਂ ਦੇ ਰੰਗ

Mandeep Kaur Guraya

MAIN JATTI PUNJAB DI ..
ਦੋ ਔਰਤਾਂ ਪਰਮੋ ਤੇ ਜਨਕੋ ਵਿਹੜੇ ਵਿਚ ਟਾਹਲੀ ਦੀ ਛਾਵੇਂ ਬੈਠੀਆਂ ਨੇ। ਗਰਮੀ ਬਹੁਤ ਪੈ ਰਹੀ ਹੈ ਤੇ ਦੋ ਦਿਨਾਂ ਤੋਂ ਬਿਜਲੀ ਬੰਦ ਹੈ। ਦੋਵੇਂ ਬੈਠੀਆਂ ਚੁਗਲੀਆਂ ਕਰ ਰਹੀਆਂ ਹਨ ਤੇ ਆਪੋ-ਆਪਣੇ ਘਰ ਦੇ ਦੁੱਖੜੇ ਸੁਣਾ ਰਹੀਆਂ ਹਨ। ਪਰਮੋ ਜੋ ਦਾਜ ਦੀ ਬਹੁਤ ਲੋਭਣ ਹੈ ਤੇ ਆਪਣੇ ਨੂੰਹ ਦੇ ਦਾਜ ਨਾ ਲਿਆਉਣ ਦੀ ਤੇ ਅੱਗੋਂ ਲੜਨ ਦੀਆਂ ਗੱਲਾਂ ਦੱਸਦੀ ਹੈ। ਉਹ ਕਹਿੰਦੀ ਹੈ ਕਿ ਮੇਰੀ ਤਾਂ ਨੂੰਹ ਇੰਨੀ ਕੁਪੱਤੀ ਹੈ ਕਿ ਸਾਰੀ ਦਿਹਾੜੀ ਲੜਾਈ, ਘੋਲ ਕਰਦੀ ਰਹਿੰਦੀ ਹੈ। ਪਤਾ ਨੀਂ ਕਿਹੜੇ ਭੁੱਖੇ ਘਰ ਦੀ ਆ ਗਈ। ਇਕ ਡੱਕਾ ਨੀਂ ਪੇਕਿਆਂ ਤੋਂ ਲੈ ਕੇ ਆਈ। ਸਾਡਾ ਤਾਂ ਬੇੜਾ ਹੀ ਗਰਕ ਕਰ 'ਤਾ, ਐਨੀ ਚੰਦਰੀ ਆਈ ਐ। ਲੋਕਾਂ ਦੀਆਂ ਨੂੰਹਾਂ ਐਨੀਆਂ ਸਿਆਣੀਆਂ ਤੇ ਨਾਲੇ ਦਾਜ ਨਾਲ ਘਰ ਭਰ 'ਤੇ। ਜਨਕੋ ਬੋਲੀ ਭੈਣੇ, ਅੱਜਕਲ੍ਹ ਤਾਂ ਕਹਿਣ ਦਾ ਜ਼ਮਾਨਾ ਹੀ ਨੀਂ। ਉਹ ਪਹਿਲਾਂ ਹੀ ਸਮੇਂ ਸੀ ਜਦੋਂ ਮਾਂ-ਪਿਓ ਵਿਆਹਿਆਂ, ਵਰ੍ਹਿਆਂ ਨੂੰ ਗਾਲ੍ਹਾਂ ਦਿੰਦੇ ਪਰ ਪੁੱਤ ਅੱਗੋਂ ਜ਼ਬਾਨ ਸਾਂਝੀ ਨਹੀਂ ਕਰਦੇ ਸੀ। ਆਹ ਦੇਖ! ਕੱਲ੍ਹ ਦੀ ਗੱਲ ਐ। ਕਿ ਜਿਹੜਾ ਨਾਲ ਦੇ ਪਿੰਡ ਦਾ ਹਰਨਾਮਾ ਨੀਂ, ਉਹਨੇ ਆਵਦੇ ਮੁੰਡੇ ਨੂੰ ਮਾੜਾ ਜਿਹਾ ਝਿੜਕਿਆ ਕਿ ਉਹ ਨਹਿਰ 'ਚ ਛਾਲ ਮਾਰ ਕੇ ਮਰ ਗਿਆ।
ਉਹ ਵਿਚਾਰਾ ਹੁਣ ਉਸ ਵੇਲੇ ਨੂੰ ਪਛਤਾਉਂਦੈ ਕਿ ਕਾਹਨੂੰ ਉਹਨੂੰ ਕਹਿੰਦਾ, ਜਿਧਰ ਮਰਜ਼ੀ ਜਾਂਦਾ। ਭੈਣੇ ਆਵਦੀ ਔਲਾਦ ਨੂੰ ਤਾਂ ਬੰਦਾ ਮਾੜੇ ਕੰਮ ਤੋਂ ਰੋਕਦਾ ਹੀ ਹੈ। ਪਰ ਅੱਗੋਂ ਉਨ੍ਹਾਂ 'ਚ ਵੀ ਥੋੜ੍ਹੀ ਬਹੁਤੀ ਸਹਿਣ ਸ਼ਕਤੀ ਹੋਣੀ ਚਾਹੀਦੈ। ਕੀ ਕੋਈ ਸਮਝਾ ਕੇ ਕਰੂ। ਲੈ ਹੁਣ ਕਲੇਸ਼ ਹੀ ਹੋਣੈ ਕਿਉਂਕਿ ਵਿਚਾਰੇ ਜਵਾਕ ਪੜ੍ਹ ਲਿਖ ਕੇ ਗਲੀਆਂ 'ਚ ਧੱਕੇ ਜਾਂਦੇ ਫਿਰਦੇ। ਨੌਕਰੀਆਂ ਮਿਲਦੀਆਂ ਨ੍ਹੀਂ ਘਰ ਦੇ ਅੱਗੋਂ ਝਿੜਕਾਂ ਮਾਰਦੈ। ਕੀ ਕਰੀਏ ਭੈਣੇ। ਮਹਿੰਗਾਈ ਅਸਮਾਨ ਨੂੰ ਚੜ੍ਹ 'ਗੀ ਤੇ ਲੋਕ ਮਸਾਂ ਪੇਟ ਬੰਨ੍ਹ ਕੇ ਬੱਚਿਆਂ ਨੂੰ ਪੜ੍ਹਾਉਂਦੈ ਤੇ ਫਿਰ ਨੌਕਰੀਆਂ ਨੀਂ ਮਿਲਦੀਆਂ। ਵਿਚਾਰੇ ਸਰਟੀਫਿਕੇਟ ਚੁੱਕ ਕੇ ਤੁਰੇ ਫਿਰਦੇ। ਕੋਈ ਨੌਕਰੀ ਨ੍ਹੀਂ ਦਿੰਦਾ, ਪੈਸੇ ਵਾਲੇ ਤੇ ਸਿਫਾਰਸ਼ਾਂ ਵਾਲੇ ਨੌਕਰੀਆਂ ਲੈ ਜਾਂਦੇ। ਪੈਸੇ ਤੋਂ ਬਗੈਰ ਕੋਈ ਕਿਸੇ ਦੀ ਬਾਤ ਨੀਂ ਪੁੱਛਦਾ। ਸੱਚ ਹੈ ਭੈਣੇ ਸਾਡੇ...।
ਬੂਹਾ ਖੜਕਦਾ ਹੈ ਤੇ ਇਕ ਵੱਡਾ ਸਾਰਾ ਟੋਲਾ ਆਉਂਦਾ ਹੈ ਜੋ ਕਿ ਇਹ ਵੋਟਾਂ ਵਾਲਿਆਂ ਦਾ ਟੋਲਾ ਹੁੰਦਾ ਹੈ। ਉਨ੍ਹਾਂ ਵਿਚੋਂ ਇਕ ਆਦਮੀ ਅੱਗੇ ਹੋ ਕੇ ਬੇਨਤੀ ਕਰਦਾ ਹੈ ਕਿ ਭੈਣੋਂ ਅਸੀਂ ਤੁਹਾਡੇ ਤੋਂ ਵੋਟਾਂ ਮੰਗਣ ਆਏ ਹਾਂ। ਅਸੀਂ ਸਾਰਿਆਂ ਨੇ ਪਿੰਡ ਦੀ ਭਲਾਈ ਖਾਤਰ ਆਪਣਾ ਬਹੁਤ ਹੀ ਪੜ੍ਹਿਆ-ਲਿਖਿਆ ਤੇ ਅਗਾਂਹਵਧੂ ਸੋਚ ਦਾ ਮਾਲਕ ਸਰਪੰਚ ਵੋਟਾਂ 'ਚ ਖੜ੍ਹਾ ਕੀਤਾ ਹੈ। ਜਿਸ ਨੂੰ ਪਿੰਡ ਦੀਆਂ ਸਮੱਸਿਆਵਾਂ ਦਾ ਫਿਕਰ ਹੈ ਤੇ ਹਰ ਇਕ ਸਮੱਸਿਆ ਦਾ ਹੱਲ ਕਰੇਗਾ। ਇਹਨੇ ਤੁਹਾਡੇ ਆਸਰੇ ਹੀ ਜਿੱਤਣਾ ਤੇ ਕਾਮਯਾਬ ਹੋਣਾ ਹੈ। ਆਪਾਂ ਸਾਰਿਆਂ ਨੇ ਇਹਨੂੰ ਵੋਟਾਂ ਪਾ ਕੇ ਕਾਮਯਾਬ ਕਰਨਾ ਹੈ। ਇਹਦੀ ਭਲਾਈ ਹੀ ਆਪਣੀ ਭਲਾਈ ਹੈ। ਆਪਣਾ ਜੇਕਰ ਸਰਪੰਚ ਜਿੱਤ ਗਿਆ ਤਾਂ ਆਪਾਂ ਬਿਜਲੀ 24 ਘੰਟੇ ਕਰਵਾ ਦੇਵਾਂਗੇ। ਸਾਰੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਲਗਾ ਦੇਵਾਂਗੇ। ਗਲੀਆਂ ਤੇ ਸੜਕਾਂ ਪੱਕੀਆਂ ਬਣਾ ਦੇਣੀਆਂ। ਦੇਖਿਓ ਆਪਣਾ ਪਿੰਡ ਤਾਂ ਚੰਡੀਗੜ੍ਹ ਬਣਾ ਦੇਣਾ। ਆਪਣਾ ਲੜਕਾ ਤਾਂ ਹਮੇਸ਼ਾ ਤੁਹਾਡੇ ਕੰਮਾਂ ਵੱਲ ਧਿਆਨ ਦੇਵੇਗਾ। ਸਰਪੰਚ ਲੜਕਾ ਬਹੁਤ ਹੀ ਸ਼ਰੀਫ਼ ਬਣ ਕੇ ਤੇ ਹੱਥ ਜੋੜ ਕੇ ਖੜ੍ਹਾ ਉਨ੍ਹਾਂ ਦੇ ਪੈਰੀਂ ਹੱਥ ਲਾਉਂਦਾ ਹੈ। ਉਹ ਕਹਿੰਦਾ, ਜੇਕਰ ਕੋਈ ਪੈਸੇ-ਧੇਲੇ ਦੀ ਲੋੜ ਹੋਵੇ ਤਾਂ ਆਪਣੇ ਘਰੋਂ ਲੈ ਆਉਣਾ।
ਕੋਈ ਸੰਗ ਕਰਨ ਦੀ ਲੋੜ ਨੀਂ। ਉਹ ਸਾਰੇ ਪਰਿਵਾਰ ਦਾ ਹਾਲਚਾਲ ਪੁੱਛਦਾ ਤੇ ਚਲੇ ਜਾਂਦੈ। ਜਨਕੋ ਬੋਲੀ ਨੀਂ ਪਰਮੋ ਮੈਨੂੰ ਤਾਂ ਬਾਹਲਾ ਹੀ ਸ਼ਰੀਫ਼ ਲੱਗਾ ਇਹ ਮੁੰਡਾ ਤਾਂ ਪਿੰਡ ਦਾ ਸੁਧਾਰ ਕਰ ਦੇਊਗਾ। ਮੈਂ ਤਾਂ ਵੋਟ ਏਧਰ ਹੀ ਪਾਊਂਗੀ। ਦੇਖ ਨੀਂ ਕਿੰਨੇ ਪਿਆਰ ਨਾਲ ਬੋਲੇ ਤੇ ਨਾਲੇ ਪੈਸਾ-ਧੇਲਾ ਵੀ ਦੇਣਗੇ। ਫਿਰ ਪੈਨਸ਼ਨ ਵੀ ਹਰ ਮਹੀਨੇ ਦੀ ਮਹੀਨੇ ਆਇਆ ਕਰੇਗੀ। ਪਰ ਪਰਮੋ ਜੋ ਮਾੜੀ ਜਿਹੀ ਪੜ੍ਹੀ ਤੇ ਉਨ੍ਹਾਂ ਦੀ ਗੱਲ ਸਮਝਣ ਵਾਲੀ ਹੈ। ਉਹ ਬੋਲੀ ਦੇਖ ਭੈਣੇ। ਪਿਛਲੀ ਵਾਰੀ ਦੇਖਿਆ ਸੀ ਬੰਤਾ। ਕਿਵੇਂ ਲੋਕਾਂ ਦੇ ਲਿਬੜੇ-ਤਿਬੜੇ ਜਵਾਕਾਂ ਨੂੰ ਚੱਕਦਾ ਸੀ ਤੇ ਕਹਿੰਦਾ ਕਿ ਬੱਚੇ ਤਾਂ ਰੱਬ ਦਾ ਰੂਪ ਹੁੰਦੈ। ਮੈਂ ਜੇਕਰ ਸਰਪੰਚ ਬਣ ਗਿਆ ਤਾਂ ਆਪਣਾ ਸਕੂਲ ਬਾਰ੍ਹਵੀਂ ਤੱਕ ਕਰਵਾ ਦੇਵਾਂਗਾ। ਜਦ ਸਰਪੰਚ ਬਣ ਗਿਆ। ਉਹ ਮੂੰਹ ਹੀ ਨਾ ਦਿਖਾਇਆ ਕਰੇ। ਜਿਹੜੀ ਵਿਚਾਰੇ ਬੁੱਢਿਆਂ ਦੀ ਪੈਨਸ਼ਨ ਆਉਂਦੀ ਸੀ, ਉਹ ਵੀ ਬੰਦ ਹੋ ਗਈ।
ਤਿੰਨ ਮਹੀਨੇ ਹੋ ਗਏ ਪੈਨਸ਼ਨਾਂ ਨ੍ਹੀਂ ਆਈਆਂ। ਸੱਚੀ ਨੀ ਉਹ ਤਾਂ ਬਹੁਤ ਚਲਾਕ ਨਿਕਲਿਆ। ਨਹੀਂ ਭੈਣੇ ਇਹ ਤੇਰਾ ਵਹਿਮ ਹੀ ਹੈ, ਸਾਰੇ ਮੰਤਰੀ ਇਕੋ ਜਿਹੇ ਨੀ ਹੁੰਦੇ। ਇਨ੍ਹਾਂ ਨੂੰ ਤਾਂ ਵੋਟਾਂ ਮੌਕੇ ਹੀ ਜਨਤਾ ਦਾ ਖਿਆਲ ਆਉਂਦੈ। ਉਂਜ ਕਿਸੇ ਦੀ ਬਾਤ ਨੀਂ ਪੁੱਛਦੈ। ਇਹ ਤਾਂ ਐਨੇ ਚਲਾਕ ਹੁੰਦੇ ਕਿ ਜੇਕਰ ਕੋਈ ਰਾਹ 'ਚ ਆਉਂਦਾ ਦਿਸ ਪਏ ਤਾਂ ਰਾਹ ਹੀ ਬਦਲ ਲੈਂਦੇ, ਕਿ ਹੁਣ ਉਹ ਬੁਲਾਉਣਗੇ। ਜੇਕਰ ਕੋਈ ਸਬੱਬ ਨਾਲ ਮਿਲ ਵੀ ਜਾਵੇ ਤਾਂ ਉਹਦੀ ਸਤਿ ਸ੍ਰੀ ਅਕਾਲ ਦਾ ਜਵਾਬ ਵੀ ਮਜਾਜ਼ ਨਾਲ ਦੇਣਗੇ।
ਉਹ ਤਾਂ ਧੌਣ ਇੰਜ ਮਸਾਂ ਹੀ ਹਲਾਉਂਦੈ, ਜਿਵੇਂ ਧੌਣ 'ਚ ਵਲ ਪਿਆ ਹੋਵੇ। ਆਹ ਦੋ ਦਿਨ ਹੀ ਆ, ਫਿਰ ਕਿਸੇ ਨੇ ਤੇਰੀ ਬਾਤ ਪੁੱਛ ਲਈ ਤਾਂ ਮੈਨੂੰ ਕਹਿ ਦੇਵੀਂ। ਪਰਮੋ ਬੋਲੀ ਸੱਚੀਂ ਨੀ ਬੰਤਾ ਤਾਂ ਬਾਹਲਾ ਖਰਾਬ ਨਿਕਲਿਆ। ਉਹ ਵੀ ਕਹਿੰਦਾ ਸੀ ਕਿ ਮੈਂ ਤਾਂ ਮੁੰਡਿਆਂ ਨੂੰ ਸਿੱਧੇ ਭਰਤੀ ਕਰਾਊਂ, ਜਵਾਕਾਂ ਨੂੰ ਚੰਡੀਗੜ੍ਹੋਂ ਪਾਸ ਕਰਵਾ ਕੇ ਲਿਆਊਂ, ਮੇਰੀ ਤਾਂ ਚੰਡੀਗੜ੍ਹ ਸਿੱਧੀ ਗੱਲ ਐ। ਆਪਾਂ ਬਿਨਾਂ ਪੇਪਰਾਂ ਤੋਂ ਸਰਟੀਫਿਕੇਟ ਬਣਵਾ ਕੇ ਲਿਆਵਾਂਗੇ। ਫਿਰ ਲੋਕਾਂ ਨੂੰ ਮੂੰਹ ਨੀਂ ਦਿਖਾਉਂਦਾ ਸੀ ਕਿ ਕਿਤੇ ਕੋਈ ਉਹ ਵਾਅਦੇ ਯਾਦ ਨਾ ਕਰਾ ਦੇਣ। ਉਹ ਤਾਂ ਘਰਦਿਆਂ ਨੂੰ ਪਹਿਲਾਂ ਹੀ ਸਿਖਾ ਦਿੰਦਾ ਸੀ ਕਿ ਜੇਕਰ ਕੋਈ ਮੇਰੇ ਬਾਰੇ ਪੁੱਛੇ ਤਾਂ ਕਹਿ ਦੇਣਾ ਕਿ ਉਹ ਤਾਂ ਘਰ ਨ੍ਹੀਂ ਮੀਟਿੰਗ 'ਤੇ ਗਿਆ ਹੋਇਐ। ਸਾਰੀ ਦਿਹਾੜੀ ਕਮਰੇ 'ਚ ਵੜਿਆ ਰਹਿੰਦਾ ਸੀ। ਉਹ ਤਾਂ ਸਰਪੰਚ ਹੀ ਨਹੀਂ, ਨਾਲ ਕਮਰਾਬੰਦ ਬਣ ਗਿਆ ਸੀ। ਕਮਰੇ ਤੋਂ ਬਾਹਰ ਹੀ ਨ੍ਹੀਂ ਨਿਕਲਦਾ ਸੀ। ਅਜੇ ਥੋੜ੍ਹੇ ਜਿਹੇ ਦਿਨਾਂ ਦੀ ਗੱਲ ਐ ਕਿ ਮੁੰਡਾ ਫਾਰਮਾਂ 'ਤੇ ਮੋਹਰ ਲਵਾਉਣ ਗਿਆ ਤਾਂ ਘਰ ਦੇ ਕਹਿੰਦੇ ਕਿ ਸਰਪੰਚ ਤਾਂ ਘਰ ਹੈ ਨਹੀਂ। ਪਰ ਮੁੰਡਾ ਅਜੇ ਬਾਹਰ ਹੀ ਨਿਕਲਿਆ ਸੀ ਕਿ ਉਹ ਅੰਦਰੋਂ ਨਿਕਲ ਆਇਆ। ਇਹ ਤਾਂ ਵੋਟਾਂ ਮੌਕੇ ਹੀ ਗਧੇ ਨੂੰ ਬਾਪ ਕਹਿੰਦੈ ਕਿ ਇਹਦੀ ਵੀ ਵੋਟ ਕਿਤੇ ਕਿਸੇ ਹੋਰ ਪਾਰਟੀ ਵੱਲ ਨਾ ਚਲੀ ਜਾਵੇ। ਨੀਂ ਕੀ ਪਤਾ ਇਹ ਹੀ ਕੁਝ ਪਿੰਡ ਦਾ ਸੁਧਾਰ ਕਰ ਦੇਵੇ। ਨਹੀਂ ਨੀਂ ਭੈਣੇ! ਪਾਰਟੀ ਜਿਹੜੀ ਮਰਜ਼ੀ ਆ ਜਾਵੇ। ਸਾਰੇ ਇਕੋ ਹੀ ਵੇਲ੍ਹ ਨਾਲੋਂ ਤੋੜੇ, ਗਰੀਬਾਂ ਦੀ ਤਾਂ ਕੋਈ ਵੀ ਨ੍ਹੀਂ ਬਾਤ ਪੁੱਛਦਾ। ਉਹ ਤਾਂ ਵਿਚਾਰੇ ਸਿਰਫ਼ ਦੁਸ਼ਮਣੀਆਂ ਪਵਾਉਂਦੇ ਹੀ ਰਹਿ ਜਾਂਦੇ। ਆਪ ਤਾਂ ਉਹ ਐਨੇ ਸਿਆਸਤੀ ਹਨ ਕਿ ਇਕ ਪਾਰਟੀ ਦੇ ਦੂਜੀ ਪਾਰਟੀ ਦੇ ਦੂਜੀ ਪਾਰਟੀ ਦੇ ਬੰਦਿਆਂ ਨਾਲ ਹੱਸ-ਹੱਸ ਹੱਥ ਮਿਲਾਉਂਦੈ।
ਪਰ ਭੈਣੇਂ ਸਾਰੇ ਆਵਦਾ ਬੱਬਰ ਹੀ ਭਰਦੇ। ਅਸੀਂ ਤਾਂ ਭੈਣੇਂ ਵੋਟ ਪਾਉਣੈ, ਪਾ ਕੇ ਆ ਗਏ, ਮਰਜ਼ੀ ਨਾਲ ਜਿਹਨੂੰ ਜੀਅ ਕੀਤਾ। ਉਹ ਵਿਚਾਰੀਆਂ ਦੁੱਖੜੇ ਫੋਲਦੀਆਂ ਹੋਈਆਂ ਇਹ ਕਹਿੰਦੀਆਂ ਹੋਈਆਂ ਚਲੀਆਂ ਜਾਂਦੀਆਂ ਹਨ...
ਆਪਾਂ ਵੋਟਾਂ ਤੋਂ ਕੀ ਲੈਣਾ,
ਪੰਜਾਂ ਸਾਲਾਂ ਬਾਅਦ ਫਿਰ ਪੈਣਗੀਆਂ, ਮੰਤਰੀਆਂ ਦੀਆਂ ਪੱਗਾਂ ਦੇ ਰੰਗ ਬਦਲਦੇ ਨੇ,
ਪਰ ਆਦਤਾਂ ਉਹੀ ਰਹਿਣਗੀਆਂ।
 
Top