ਨੌਜਵਾਨ ਸੋਚ: ਨਸ਼ਿਆਂ ਦੀ ਅਲਾਮਤ ਖ਼ਿਲਾਫ਼ ਕੀ ਹੋਣ ਸਾ&#2

ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਲੋੜ

ਨਸ਼ਾ ਤਸਕਰਾਂ ਉੱਪਰ ਸਰਕਾਰ ਦੇ ਨੁਮਾਇੰਦਿਆਂ ਦਾ ਹੱਥ ਅਤੇ ਪੁਲੀਸ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਨਸ਼ਾ ਵਪਾਰੀਆਂ ਦੇ ਹੌਸਲੇ ਬੁਲੰਦ ਕਰਦੀ ਹੈ। ਨਸ਼ਾ ਤਰਕਰਾਂ ਨੂੰ ਸਰਕਾਰ ਦੀ ਹੱਲਾਸ਼ੇਰੀ ਅਤੇ ਪੁਲੀਸ ਦੀ ਮਿਲੀਭੁਗਤ ਤੋਂ ਬਿਨਾਂ ਨਸ਼ਾ ਵੇਚਣਾ ਕਦੇ ਵੀ ਸੰਭਵ ਨਹੀਂ ਹੋ ਸਕਦਾ। ਜੇਕਰ ਨਸ਼ਾ ਰੋਕਣ ਲਈ ਸਾਰਥਕ ਕਦਮਾਂ ਦੀ ਗੱਲ ਕਰੀਏ ਤਾਂ ਸਰਕਾਰ ਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਦੇ ਹੋਏ ਕੁਝ ਸਿਆਸੀ ਆਗੂਆਂ ਦੁਆਰਾ ਆਪਣੇ ਨਿੱਜੀ ਮੁਫ਼ਾਦਾਂ ਦੀ ਪੂਰਤੀ ਲਈ ਨਸ਼ਾ ਤਸਕਰਾਂ ਨੂੰ ਦਿੱਤੀ ਜਾਂਦੀ ਹੱਲਾਸ਼ੇਰੀ ਬੰਦ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਪੁਲੀਸ ਪ੍ਰਸ਼ਾਸਨ ਉੱਪਰ ਵੀ ਸਖ਼ਤੀ ਕਰਨੀ ਚਾਹੀਦੀ ਹੈ। ਇਸ ਦੇ ਨਾਲ ਨਾਲ ਨਸ਼ਾ ਤਸਕਰਾਂ ਦੀ ਸੂਹ ਰੱਖਣ ਲਈ ਖੁ਼ੁਫ਼ੀਆ ਤੰਤਰ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ।
ਮਨੀਸ਼ ਗੋਇਲ, ਦਿੜ੍ਹਬਾ (ਸੰਗਰੂਰ)
ਘਰ ਤੋਂ ਸ਼ੁਰੂ ਹੋਵੇ ਜਾਗਰੂਕਤਾ

ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਉਸ ਦਾ ਮੁੱਢਲਾ ਵਿਕਾਸ ਘਰ ਤੋਂ ਹੀ ਹੁੰਦਾ ਹੈ। ਇਸ ਲਈ ਸਮਾਜ ਬਾਅਦ ਵਿੱਚ ਆਉਂਦਾ ਹੈ, ਪਹਿਲਾਂ ਘਰ ਹੀ ਹੁੰਦਾ ਹੈ ਜਿੱਥੇ ਉਸ ਨੂੰ ਆਚਾਰ-ਵਿਹਾਰ ਸਿਖਾਇਆ ਜਾਂਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਮੁੱਢ ਤੋਂ ਹੀ ਬੱਚੇ ਨੂੰ ਨਸ਼ਿਆਂ ਜਿਹੀ ਅਲਾਮਤ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ ਜਾਵੇ। ਜੇ ਘਰ ਵਿੱਚ ਵੱਡੇ ਨਸ਼ਿਆਂ ਦੇ ਆਦੀ ਹੋਣਗੇ ਤਾਂ ਔਲਾਦ ਦੁਆਰਾ ਨਸ਼ੇ ਦੀ ਵਰਤੋਂ ਦੇ ਆਦਿ ਹੋ ਜਾਣ ਦਾ ਡਰ ਵੀ ਵਧ ਜਾਵੇਗਾ। ਜੇ ਬੱਚੇ ਛੋਟੀ ਉਮਰ ਤੋਂ ਹੀ ਨਸ਼ੇ ਦੇ ਨੁਕਸਾਨ ਤੋਂ ਜਾਣੂ ਹੋਣਗੇ ਤਾਂ ਉਹ ਇਸ ਤੋਂ ਦੂਰ ਰਹਿਣ ਨੂੰ ਤਰਜ਼ੀਹ ਦੇਣਗੇ।
ਹੈਰੀ ਪੁੰਨੀ (ਮੁਕਤਸਰ)
ਨਸ਼ਈਆਂ ਨੂੰ ਰੋਗੀ ਸਮਝ ਕੇ ਇਲਾਜ ਕੀਤਾ ਜਾਵੇ

ਨਸ਼ੇ ਦੇ ਆਦੀ ਨੂੰ ਕੁੱਟ-ਮਾਰ ਕਰਕੇ ਜਾਂ ਸਖ਼ਤੀ ਨਾਲ ਨਸ਼ੇ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ। ਇਸ ਉਸ ਦੇ ਮਨ ਬੇਸ਼ੱਕ ਦਹਿਸ਼ਤ ਪੈਦਾ ਹੋਵੇਗੀ ਪਰ ਉਹ ਨਸ਼ੇ ਤੋਂ ਰੁਕ ਜਾਵੇਗਾ ਇਹ ਲਾਜ਼ਮੀ ਨਹੀਂ। ਨਸ਼ੱਈ ਵਿਅਕਤੀ ਨੂੰ ਮਾਨਸਿਕ ਰੋਗੀ ਸਮਝ ਕੇ ਦਵਾਈ ਦੇ ਨਾਲ ਨਾਲ ਪਿਆਰ ਜ਼ਰੀਏ ਇਲਾਜ ਕਰਨਾ ਚਾਹੀਦਾ ਹੈ। ਰੋਗੀਆਂ ਦੇ ਸਿਹਤ, ਸਮਾਜਿਕ ਤੇ ਦਿਮਾਗੀ ਸੁਧਾਰ ਲਈ ਯੋਗ ਮਾਹਿਰਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ। ਨਸ਼ੱਈਆਂ ਦੇ ਮੁੜ ਵਸੇਬੇ ਤੇ ਪਰਿਵਾਰਕ ਰਿਸ਼ਤਿਆਂ ਨੂੰ ਮੁੜ ਲੀਹ ’ਤੇ ਲਿਆਉਣ ਲਈ ਯਤਨ ਕਰਨੇ ਚਾਹੀਦੇ ਹਨ। ਨਸ਼ਾ ਕਰਨ ਦੇ ਆਦੀਆਂ ਨੂੰ ਸਫ਼ਲਤਾਪੂਰਵਕ ਨਸ਼ਾ ਛੱਡ ਚੁੱਕੇ ਵਿਅਕਤੀਆਂ ਨਾਲ ਮਿਲਵਾਇਆ ਜਾਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਅੰਦਰ ਵੀ ਨਸ਼ੇ ਛੱਡਣ ਦਾ ਜਜ਼ਬਾ ਪੈਦਾ ਹੋਵੇ।
ਗੁਰਦੀਪ ਕੌਸ਼ਲ, ਈਸੜਾ (ਸੰਗਰੂਰ)
ਤਸਕਰਾਂ ’ਤੇ ਸਖ਼ਤੀ ਦੀ ਲੋੜ

ਸਰਕਾਰ ਨੂੰ ਜੇਕਰ ਪੰਜਾਬ ਦੀ ਜਵਾਨੀ ਦਾ ਨਸ਼ਿਆਂ ਵਿੱਚ ਗ਼ਲਤਾਨ ਹੋਣ ਦਾ ਸੱਚਮੁੱਚ ਕੋਈ ਦਰਦ ਜਾਂ ਫ਼ਿਕਰ ਹੈ ਤਾਂ ਸਭ ਤੋਂ ਪਹਿਲਾਂ ਨਸ਼ੇ ਦੇ ਵੱਡੇ ਤਸਕਰਾਂ ਵਿਰੁੱਧ ਸਖ਼ਤ ਕਾਨੂੰਨ ਲਿਆਂਦਾ ਜਾਵੇ। ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾਣ। ਉਨ੍ਹਾਂ ਨੂੰ ਮਿਲ ਰਹੀਆਂ ਸਰਕਾਰ ਸਹੂਲਤਾਂ ਬੰਦ ਕੀਤੀਆਂ ਜਾਣ। ਉਨ੍ਹਾਂ ਦੇ ਬੈਂਕ ਖ਼ਾਤੇ ਤੇ ਡਰਾਈਵਿੰਗ ਲਾਇਸੈਂਸ ਆਦਿ ਨੂੰ ਪੱਕੇ ਤੌਰ ’ਤੇ ਰੱਦ ਕਰ ਦਿੱਤਾ ਜਾਵੇ। ਨਸ਼ਾ ਛਡਾਊ ਕੇਂਦਰਾਂ ਵਿੱਚ ਯੋਗ ਸਹੂਲਤਾਂ ਤੇ ਦਵਾਈਆਂ ਦੇ ਨਾਲ ਨਾਲ ਡਾਕਟਰਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਕਿਉਂਕਿ ਬੇਰੁਜ਼ਗਾਰ ਨੌਜਵਾਨਾਂ ਦਾ ਗ਼ਲਤ ਸੰਗਤ ’ਚ ਪੈਣ ਦਾ ਖ਼ਦਸ਼ਾ ਜ਼ਿਆਦਾ ਹੁੰਦਾ ਹੈ। ਇਹ ਨਹੀਂ ਭੁਲਣਾ ਚਾਹੀਦਾ ਕਿ ਕਿਸੇ ਵੀ ਕੌਮ ਦਾ ਸਭ ਤੋਂ ਵੱਡਾ ਸਰਮਾਇਆ ਉਸ ਦੀ ਨੌਜਵਾਨ ਪੀੜ੍ਹੀ ਹੁੰਦੀ ਹੈ।
ਗੁਰਪ੍ਰੀਤ ਸਿੰਘ ਪਿੰਡ, ਦੂਲੋਵਾਲ (ਮਾਨਸਾ)
ਸਾਂਝੇ ਯਤਨਾਂ ਦੀ ਜ਼ਰੂਰਤ

ਜੇ ਅਸੀਂ ਸਾਡੇ ਸਮਾਜ ਵਿੱਚੋਂ ਨਸ਼ਿਆਂ ਨੂੰ ਖ਼ਤਮ ਕਰਨਾ ਹੈ ਤਾਂ ਸਾਨੂੰ ਸਭ ਨੂੰ ਰਲ ਮਿਲ ਕੇ ਯਤਨ ਕਰਨੇ ਪੈਣਗੇ। ਜੇ ਅਸੀਂ ਬੱਚਿਆਂ ਨੂੰ ਬਚਪਨ ਵਿੱਚ ਚੰਗੀ ਸਿੱਖਿਆ ਦੇ ਉਨ੍ਹਾਂ ਦੀ ਜ਼ਿੰਦਗੀ ਦੀ ਨੀਂਹਾਂ ਨੂੰ ਮਜ਼ਬੂਤੀ ਦੇ ਦੇਵਾਂਗੇ ਤਾਂ ਅਗਲੀ ਜ਼ਿੰਦਗੀ ਵਿੱਚ ਉਨ੍ਹਾਂ ਦਾ ਮਨ ਡੋਲੇਗਾ ਨਹੀਂ। ਸਕੂਲ ਵਿੱਚ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਲਾਜ਼ਮੀ ਪੜ੍ਹਾਇਆ ਜਾਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਦਾ ਯਤਨ ਕੀਤੇ ਜਾਣੇ ਚਾਹੀਦੇ ਹਨ। ਸਰਕਾਰ ਨੂੰ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਾਉਣੇ ਚਾਹੀਦੇ ਹਨ। ਨਸ਼ਾ ਤਸਕਰਾਂ ਉੱਪਰ ਸਖ਼ਤੀ ਕਰਨੀ ਚਾਹੀਦੀ ਹੈ। ਨਸ਼ਾ ਛੁਡਾਊ ਕੇਂਦਰ ਵਿੱਚ ਲੋੜੀਂਦੀ ਸਮੱਗਰੀ ਮੁਹੱਈਆ ਕਰਵਾਉਣੀ ਚਾਹੀਦੀ ਹੈ।
ਦਮਨਪ੍ਰੀਤ ਕੌਰ, ਪਿੰਡ ਰਾਏਪੁਰ ਗੁੱਜਰਾਂ (ਫਤਿਹਗੜ੍ਹ ਸਾਹਿਬ)
ਜਾਗਰੂਕਤਾ ਮੁਹਿੰਮ ਦੀ ਵੱਡੀ ਲੋੜ

ਅੱਜ ਨਸ਼ਿਆਂ ਕਾਰਨ ਪੰਜਾਬ ਦੀ ਜਵਾਨੀ ਬੁਰੀ ਤਰ੍ਹਾਂ ਖ਼ਤਮ ਹੋ ਰਹੀ ਹੈ। ਜਿਸ ਤਰ੍ਹਾਂ ਕਿਸੇ ਵੀ ਸਮਾਜਿਕ ਕੁਰੀਤੀ ਨੂੰ ਖ਼ਤਮ ਕਰਨ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੁੰਦੀ ਹੈ, ਉਸੇ ਤਰ੍ਹਾਂ ਨਸ਼ਿਆਂ ਲਈ ਵੀ ਅਜਿਹੀ ਹੀ ਜਾਗਰੂਕਤਾ ਮੁਹਿੰਮ ਦੀ ਲੋੜ ਹੈ। ਇਸ ਮੁਹਿੰਮ ਦੀ ਸ਼ੁਰੂਆਤ ਸਕੂਲ ਤੋਂ ਲੈ ਕੇ ਯੂਨੀਵਰਸਿਟੀਆਂ ਤਕ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਨਸ਼ਿਆਂ ਦੇ ਨਾਲ ਹੋਣ ਵਾਲੇ ਸਮਾਜਿਕ, ਆਰਥਿਕ ਤੇ ਸਰੀਰਕ ਨੁਕਸਾਨ ਬਾਰੇ ਸੁਚੇਤ ਕੀਤਾ ਜਾਵੇ। ਨੌਜਵਾਨਾਂ ਨੂੰ ਨਸ਼ਿਆਂ ਦਾ ਸੰਤਾਪ ਭੋਗ ਵਿਅਕਤੀਆਂ, ਉਨ੍ਹਾਂ ਦੇ ਮਾਪਿਆਂ ਦੀ ਹਾਲਤ ਬਾਰੇ ਵੀ ਜਾਣੂ ਕਰਵਾਇਆ ਜਾਵੇ। ਨੌਜਵਾਨਾਂ ਦਾ ਵੱਧ ਸੋਸ਼ਲ ਮੀਡੀਆ ਨਾਲ ਜੁੜੇ ਹੋਣ ਕਰਕੇ ਅਜਿਹੀਆਂ ਸਾਈਟਾਂ ਦੀ ਵਰਤੋਂ ਕਰਦੇ ਜਾਗਰੂਕਤਾ ਮੁਹਿੰਮ ਚਲਾਉਣੀ ਚਾਹੀਦੀ ਹੈ। ਸਰਕਾਰ ਦੇ ਨਾਲ ਸਾਡਾ ਸਾਰਿਆਂ ਦਾ ਵੀ ਸਮਾਜਿਕ ਪੱਧਰ ’ਤੇ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਰਲ ਮਿਲ ਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮਾਂ ਚਲਾਈਏ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ਼ ਡਟ ਕੇ ਆਵਾਜ਼ ਬੁਲੰਦ ਕਰੀਏ।
ਕਰਤਾਰ ਸਿੰਘ ਜਲਵੇੜ੍ਹਾ, ਪਿੰਡ ਜਲਵੇੜ੍ਹਾ (ਫਤਿਹਗੜ੍ਹ ਸਾਹਿਬ)
 
Top