ਨਰੋਈ ਜੜ੍ਹ

ਸੋਹਣਾ ਕਾਰੋਬਾਰ ਸੀ ਫਕੀਰ ਸਿੰਘ ਦਾ ਤੇ ਚਾਰ ਬੰਦਿਆਂ ਵਿੱਚ ਉਸਦੀ ਬਣੀ ਹੋਈ ਸੀ। ਪਰ ਉਲਾਦ ਪੱਖੋਂ ਰੱਬ ਨੇ ਉਸਦੀ ਅਜੇ ਤੱਕ ਸੁਣੀ ਨਹੀਂ ਸੀ। ਵਿਆਹ ਹੋਇਆਂ ਵੀ ਲਗ ਭਗ ਵੀਹ ਸਾਲ ਹੋ ਗਏ ਸਨ। ਉਸ ਨੇ ਹਰ ਤਰ੍ਹਾਂ ਦਾ ਦੇਸੀ ਅਤੇ ਅੰਗਰੇਜ਼ੀ ਇਲਾਜ ਵੀ ਕਰਵਾ ਕੇ ਦੇਖ ਲਿਆ ਸੀ। ਉਹ ਬੇਸ਼ੱਕ ਸਿਆਣਿਆਂ ਦੇ ਜਾਣ ਤੋਂ ਬਹੁਤ ਖਿਝਦਾ ਸੀ ਪਰ ਕਈ ਵਾਰ ਆਪਣੀ ਘਰ ਵਾਲੀ, ਮਿੰਦਰ ਕੌਰ ਦੇ ਜ਼ੋਰ ਦੇਣ ਤੇ ਅਣਮੰਨੇ ਜਿਹੇ ਮਨ ਨਾਲ ਚਲੇ ਜਾਂਦਾ। ਉੱਥੇ ਉਸਦਾ ਮਨ ਨਾ ਟਿਕਦਾ, ਬੱਝੇ ਮਨ ਨਾਲ ਬੈਠਾ ਰਹਿੰਦਾ। ਸਿਆਣੇ ਦੀਆਂ ਗੱਲਾਂ ਨੂੰ ਸੁਣਿਆ ਅਣਸੁਣਿਆ ਜਿਹਾ ਕਰ ਕੇ ਘਰ ਨੂੰ ਪਰਤ ਆਉਂਦਾ। ਜਦੋਂ ਕੁਝ ਮਹੀਨੇ ਬੀਤ ਜਾਂਦੇ ਤਾਂ ਮਿੰਦਰ ਕੌਰ ਫਿਰ ਕਿਸੇ ਹੋਰ ਸਿਆਣੇ ਕੋਲ ਜਾਣ ਦੀ ਗੱਲ ਤੋਰਦੀ। ਫਕੀਰ ਸਿੰਘ ਚੁੱਪ ਕਰ ਰਹਿੰਦਾ ਅਤੇ ਸੋਚਦਾ ਕਿ ਹੁਣ ਉੱਥੇ ਵੀ ਜਾਣਾ ਹੀ ਪਵੇਗਾ।
ਕਦੇ ਕਦੇ ਮਿੰਦਰ ਕੌਰ ਉਹਨੂੰ ਆਖਦੀ, “ਜੀ … ਆਪਾਂ ਕਿਸੇ ਦੇ ਨਿਆਣੇ ਨੂੰ ਹੀ ਗੋਦ ਲੈ ਲਈਏ। ਘੱਟੋ ਘੱਟ ਸਾਡੀ ਅਰਥੀ ਨੂੰ ਮੋਢਾ ਦੇਣ ਵਾਲਾ ਤਾਂ ਕੋਈ ਹੋਊਗਾ।”
ਕਦੇ ਮਿੰਦਰ ਕੌਰ ਆਖਦੀ, “ਤੁਸੀਂ ਮੈਨੂੰ ਛੱਡ ਕੇ ਆਪਣਾ ਦੂਜਾ ਵਿਆਹ ਕਰ ਲਵੋ ਤੇ ਆਪਣੀ ਜ਼ਿੰਦਗੀ ਨੂੰ ਖੁਸ਼ੀ ਖੁਸ਼ੀ ਮਾਣੋ।”
ਪਰ ਫਕੀਰ ਸਿੰਘ ਮਿੰਦਰ ਕੌਰ ਨੂੰ ਬੜੇ ਠਰ੍ਹੰਮੇ ਨਾਲ ਸਮਝਾਉਂਦਾ, “ਭਲੀਏ ਲੋਕੇ, ਜੇ ਰੱਬ ਨੇ ਸਾਡੇ ਕਰਮਾਂ ਵਿੱਚ ਕੋਈ ਧੀ ਪੁੱਤਰ ਨਹੀਂ ਲਿਖਿਆ ਤਾਂ ਸਾਡਾ ਗੋਦ ਲੈਣ ਦਾ ਵੀ ਕੋਈ ਮਤਲਬ ਨਹੀਂ ਬਣਦਾ। ਬਾਕੀ ਰਹੀ ਗੱਲ ਦੂਜੇ ਵਿਆਹ ਦੀ, ਇਸ ਉਮਰੇ ਚੰਗਾ ਲੱਗਦਾਂ ਵਿਆਹ ਕਰਵਾਉਂਦਾ? ਅਖੇ ਬੁੱਢੀ ਘੋੜੀ ਲਾਲ ਲਗਾਮ।”
ਮਿੰਦਰ ਕੌਰ ਦੇ ਮੂੰਹੋਂ ਨਿੱਕਲ ਜਾਂਦਾ, “ਹੇ ਰੱਬਾ! ਇਸ ਬੰਦੇ ਨੂੰ ਸੁਮੱਤ ਬਖਸ਼। ਸਾਡੇ ਵਿਹੜੇ ਵਿੱਚ ਵੀ ਕਿਸੇ ਬਾਲ ਨੂੰ ਖੇਡਣ ਲਾ ਦੇ …।” ਤੇ ਉਸਦੇ ਹੱਥ ਆਪਣੇ ਆਪ ਹੀ ਉੱਪਰ ਵੱਲ ਨੂੰ ਉੱਠ ਜਾਂਦੇ।
ਫਕੀਰ ਸਿੰਘ ਵੀ ਆਪਣੀ ਘਰ ਵਾਲੀ ਵੱਲ ਦੇਖ ਕੇ ਵਾਖਰੂ! ਵਾਖਰੂ! ਕਰਨ ਲੱਗ ਪੈਂਦਾ। ਉਹ ਆਪਣੇ ਕੰਮ ਵਿੱਚ ਜਿਆਦਾ ਰੁੱਝ ਜਾਣਾ ਚਾਹੁੰਦਾ ਸੀ ਤਾਂ ਕਿ ਉਸਨੂੰ ਇਹ ਖਿਆਲ ਹੀ ਨਾ ਰਹੇ ਕਿ ਉਹ ਬੇ ਔਲਾਦ ਹੈ। ਪਰ ਕਿਸੇ ਨਾ ਕਿਸੇ ਤਰ੍ਹਾਂ ਉਸਦਾ ਧਿਆਨ ਸੁਤੇ ਹੀ ਇਸ ਪਾਸੇ ਚਲਾ ਜਾਂਦਾ। ਉਹ ਕਈ ਵਾਰ ਸੋਚਦਾ ਕਿ ਇੰਨਾ ਸਾਰਾ ਕੁਝ ਜੋ ਬੜੀ ਮਿਹਨਤ ਨਾਲ ਬਣਾਇਆ ਹੈ, ਇੱਕ ਦਿਨ ਕਿਸ ਦਾ ਹੋਵੇਗਾ? ਉਸਦੀਆਂ ਸੋਚਾਂ ਦੀ ਲੜੀ ਉੰਨਾ ਚਿਰ ਨਾ ਟੁੱਟਦੀ, ਜਿੰਨਾ ਚਿਰ ਉਸ ਨੂੰ ਕੋਈ ਆ ਕੇ ਬੁਲਾ ਨਾ ਲੈਂਦਾ।
ਸਮਾਂ ਬੀਤਦਾ ਜਾ ਰਿਹਾ ਸੀ ਅਤੇ ਫਕੀਰ ਸਿੰਘ ਦੇ ਚਿਹਰੇ ਤੇ ਝੁਰੜੀਆਂ ਪੈਣ ਲੱਗ ਪਈਆਂ ਸਨ। ਮਿੰਦਰ ਕੌਰ ਵੀ ਸਮੇਂ ਤੋਂ ਪਹਿਲਾਂ ਬੁੱਢੀ ਲੱਗਣ ਲੱਗ ਪਈ ਸੀ। ਉਹ ਹੁਣ ਫਕੀਰ ਸਿੰਘ ਨੂੰ ਬਹੁਤ ਘੱਟ ਆਖਦੀ ਸੀ ਕਿ ਆਪਾਂ ਬੱਚਾ ਗੋਦ ਲੈ ਲਈਏ ਕਿਉਂਕਿ ਉਹ ਸੋਚਦੀ ਜਿਸ ਬੰਦੇ ਨੇ ਸਾਰੀ ਉਮਰ ਇਸ ਬਾਰੇ ਨਹੀਂ ਸੋਚਿਆ ਅਤੇ ਨਾ ਸੋਚਣ ਦਿੱਤਾ, ਹੁਣ ਆਖਣ ਦਾ ਕੀ ਫਾਇਦਾ। ਪਰ ਉਸਦੀ ਸੱਧਰ ਅਜੇ ਵੀ ਕਿਸੇ ਬਾਲ ਵੱਲ ਦੇਖ ਕੇ ਸੁਤੇ ਹੀ ਜਾਗ ਪੈਂਦੀ ਸੀ। ਉੱਧਰ ਫਕੀਰ ਸਿੰਘ ਕਦੇ ਕਦੇ ਸੋਚਦਾ ਕਿ ਹੇ ਰੱਬਾ ਜੇ ਮੈਂ ਮਿੰਦਰ ਕੌਰ ਦਾ ਕਿਹਾ ਮੰਨਿਆ ਹੁੰਦਾ ਤਾਂ ਅੱਜ ਨੂੰ ਸਾਨੂੰ ਵੀ ਕੋਈ ਮਾਂ ਬਾਪ ਕਹਿਣ ਵਾਲਾ ਹੋਣਾ ਸੀ। ਪਰ ਨਾਲ ਹੀ ਆਪਣੇ ਮਨ ਨੂੰ ਤਸੱਲੀ ਦੇਂਦਾ ਕਿ ਜੇ ਕਰਮਾਂ ਵਿੱਚ ਹੁੰਦਾ ਤਾਂ ਰੱਬ ਨਾ ਦਿੰਦਾ। ਇਸੇ ਅੰਦਰੂਨੀ ਬਹਿਸ ਵਿੱਚ ਉਲਝਿਆ ਹੋਇਆ ਉਹ ਘਰ ਪਹੁੰਚ ਜਾਂਦਾ।
ਅੱਗੋਂ ਮਿੰਦਰ ਕੌਰ ਉਸਨੂੰ ਪ੍ਰੇਸ਼ਾਨ ਜਿਹਾ ਦੇਖ ਕੇ ਉਸਦੇ ਚਿਹਰੇ ਨੂੰ ਬੜੇ ਗਹੁ ਨਾਲ ਘੋਖਦੀ ਜਿਵੇਂ ਉਹ ਫਕੀਰ ਸਿੰਘ ਨੂੰ ਬਿਨਾਂ ਪੁੱਛੇ ਹੀ ਸਭ ਕੁਝ ਜਾਨਣਾ ਚਾਹੁੰਦੀ ਹੋਵੇ। ਪਰ ਜਦੋਂ ਉਲਝੀ ਹੋਈ ਤਾਣੀ ਦੀ ਕਿਸੇ ਤੰਦ ਦਾ ਲੜੀ ਸਿਰਾ ਉਹਦੇ ਹੱਥ ਨਾ ਲੱਗਦਾ ਤਾਂ ਉਹ ਆਖਦੀ, “ ਜੀ, ਤੁਸੀਂ ਇੰਨਾ ਨਾ ਸੋਚਿਆ ਕਰੋ। ਰੱਬ ਦੇ ਘਰ ਕੋਈ ਘਾਟਾ ਨਹੀਂ। ਉਹ ਪਤਾ ਨਹੀਂ ਕਿਸੇ ਨੂੰ ਕਦੋਂ ਕੁਝ ਦੇ ਦੇਵੇ।”
ਫਕੀਰ ਸਿੰਘ ਬੋਲਦਾ, “ਹੁਣ ਆਸ ਨਾ ਰੱਖ ਮਿੰਦਰ ਕੌਰੇ … ਸਮਾਂ ਬੀਤ ਗਿਆ ਲੱਗਦਾ। ਨਾਲੇ ਹਰ ਚੀਜ਼ ਦਾ ਸਮਾਂ ਹੁੰਦਾ ਤੇ ਸਾਡੇ ਕੋਲੋਂ ਇਹ ਸਮਾਂ ਬੜੀ ਦੂਰ ਜਾ ਚੁੱਕਾ ਹੈ। ਜੇ ਮੈਂ ਤੇਰੀ ਗੱਲ ਬਹੁਤ ਦੇਰ ਪਹਿਲਾਂ ਮੰਨ ਲੈਂਦਾ, ਕਿਸੇ ਬੱਚੇ ਨੂੰ ਗੋਦ ਹੀ ਲਿਆ ਹੁੰਦਾ ਤਾਂ ਸਾਡਾ ਵਿਹੜਾ ਵੀ ਅੱਜ ਭਰਿਆ ਭਰਿਆ ਲੱਗਣਾ ਸੀ।”
ਮਿੰਦਰ ਕੌਰ ਆਖਦੀ, “ਚਲੋ ਕੋਈ ਨੀ, ਦੇਖੋ ਤਾਂ ਸਾਰੇ ਆਪਣੇ ਈ ਆ। ਕੀ ਹੋਇਆ ਜੇ ਢਿੱਡੋਂ ਨਹੀਂ ਜੰਮਿਆ ਪਰ ਆਹ ਬਾਕੀ ਪਰਿਵਾਰ ਦੇ ਜੀਅ ਵੀ ਆਪਣਾ ਈ ਖੂਨ ਆ।” ਉਸਦਾ ਇਸ਼ਾਰਾ ਫਕੀਰ ਸਿੰਘ ਦੇ ਦੋ ਭਰਾਵਾਂ ਦੇ ਨਿਆਣਿਆਂ ਵੱਲ ਹੁੰਦਾ। ਪਰ ਇੰਨੀ ਗੱਲ ਕਹਿਣ ਲੱਗਿਆਂ ਅੰਦਰੋਂ ਉਹ ਹਿੱਲ ਜਾਂਦੀ। ਉਸਨੂੰ ਆਪਣੇ ਔਰਤ ਕਹਾਉਣ ਤੇ ਵੀ ਨਫਰਤ ਹੋਣ ਲੱਗਦੀ। ਉਹ ਸਾਰਾ ਦੋਸ਼ ਆਪਣਾ ਮੰਨਦੀ ਅਤੇ ਫਕੀਰ ਸਿੰਘ ਨੂੰ ਆਖਦੀ, “ਤੁਸੀਂ ਮੇਰੇ ਹੀ ਲੜ ਲੱਗੇ ਰਹੇ … ਕਿਸੇ ਹੋਰ ਨਾਲ ਵੀ ਤਾਂ ਆਪਣਾ ਘਰ ਵਸਾ ਸਕਦੇ ਸੀ। ਘੱਟੋ ਘੱਟ ਤੁਸੀਂ ਤਾਂ ਬਾਪ ਬਣ ਜਾਂਦੇ। ਮੈਂ ਆਪੇ ਤੁਹਾਡੇ ਵੱਲ ਦੇਖ ਕੇ ਦਿਨ ਕੱਟ ਲੈਣੇ ਸੀ। ਮੇਰਾ ਕੀ ਆ …”
ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗਦੇ ਤਾਂ ਕਿੰਨਾ ਕਿੰਨਾ ਚਿਰ ਇੰਝ ਹੀ ਲੰਘ ਜਾਂਦਾ। ਇਕ ਦਿਨ ਮਿੰਦਰ ਕੌਰ ਉੱਠਦੀ ਹੀ ਆਖਣ ਲੱਗੀ, “ਮੇਰੀ ਵੀ ਬੁੱਧੀ ਮਾਰੀ ਗਈ। ਬਾਹਰੋਂ ਆਏ ਬੰਦੇ ਨੂੰ ਪਾਣੀ ਨੀ ਧਾਣੀ ਨੀ, ਬਹਿਗੀ ਆਪਣਾ ਈ ਰੋਣਾ ਲੈ ਕੇ।”
ਫਕੀਰ ਸਿੰਘ ਬੋਲਿਆ, “ਨਹੀਂ, ਮੈਨੂੰ ਪਿਆਸ ਨੀ ਹੈਗੀ, ਰੋਟੀ ਬਣਾ ਤੇ ਖਾਈਏ। ਜੀਊਂਦੀ ਜਾਨ ਨੂੰ ਢਿੱਡ ਨੂੰ ਝੁੱਲਕਾ ਤਾਂ ਦੇਣਾ ਈ ਪੈਣਾ।”
ਮਿੰਦਰ ਕੌਰ ਰੋਟੀ ਬਣਾਉਣ ਦੇ ਆਹਰ ਵਿੱਚ ਲੱਗ ਗਈ ਤੇ ਫਕੀਰ ਸਿੰਘ ਬਾਥਰੂਮ ਵਿੱਚ ਹੱਥ ਮੂੰਹ ਧੋਣ ਜਾ ਵੜਿਆ।
ਫਕੀਰ ਸਿੰਘ ਰੋਟੀ ਖਾਂਦੇ ਸਮੇਂ ਜਾਂ ਸੌਣ ਸਮੇਂ ਵੀ ਔਲਾਦ ਬਾਰੇ ਹੀ ਸੋਚਦਾ ਰਹਿੰਦਾ ਸੀ। ਫਕੀਰ ਸਿੰਘ ਜਿੰਨਾ ਹੁਣ ਸੋਚਾਂ ਵਿੱਚ ਗੜੁੱਚਿਆ ਰਹਿੰਦਾ ਸੀ, ਇੰਨਾ ਪਹਿਲਾਂ ਕਦੇ ਨਹੀਂ ਸੀ। ਸ਼ਾਇਦ ਹੁਣ ਉਸਨੂੰ ਇਹ ਯਕੀਨ ਹੋ ਗਿਆ ਸੀ ਕਿ ਅਸੀਂ ਬੇਔਲਾਦ ਹੀ ਮਰ ਜਾਵਾਂਗੇ। ਪਰ ਉਸਦਾ ਵਿਸ਼ਵਾਸ ਰੱਬ ਤੋਂ ਕਦੇ ਨਹੀਂ ਸੀ ਉੱਠਿਆ ਅਤੇ ਉਹ ਗਾਹੇ ਬਗਾਹੇ ਗੁਰਦਵਾਰੇ ਵੀ ਜਾ ਆਉਂਦਾ ਸੀ ਅਤੇ ਅਰਦਾਸ ਵੀ ਕਰਦਾ ਸੀ ਕਿ ਪ੍ਰਮਾਤਮਾ ਤੇਰੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ, ਸਾਨੂੰ ਨਿਮਾਣਿਆਂ ਨੂੰ ਵੀ ਇੱਕ ਦਾਤ ਬਖਸ਼ ਦੇ।
ਇੱਕ ਦਿਨ ਫਕੀਰ ਸਿੰਘ ਅਜੇ ਆਪਣੇ ਕੰਮ ਕਾਰਨ ਫੈਕਟਰੀ ਹੀ ਸੀ ਤਾਂ ਉਸਨੂੰ ਸੁਨੇਹਾ ਮਿਲਿਆ ਕਿ ਮਿੰਦਰ ਕੌਰ ਢਿੱਲੀ ਹੋ ਗਈ ਹੈ, ਜਲਦੀ ਨਾਲ ਘਰ ਨੂੰ ਆਉ। ਉਸਨੇ ਕਾਹਲੀ ਕਾਹਲੀ ਗੱਡੀ ਕੱਢੀ ਅਤੇ ਘਰ ਵੱਲ ਹੋ ਤੁਰਿਆ ਤੇ ਜਦੋਂ ਘਰ ਪੁੱਜਾ ਤਾਂ ਸੱਚ ਹੀ ਮਿੰਦਰ ਕੌਰ ਬੇਸੁਰਤ ਹੋਈ ਜਾ ਰਹੀ ਸੀ ਤੇ ਫਕੀਰ ਸਿੰਘ ਨੇ ਗੁਆਂਢੀ ਮੁੰਡੇ ਦੀ ਸਹਾਇਤਾ ਨਾਲ ਮਿੰਦਰ ਕੌਰ ਨੂੰ ਗੱਡੀ ਵਿੱਚ ਪਾਇਆ ਅਤੇ ਹਸਪਤਾਲ ਨੂੰ ਚੱਲ ਪਿਆ। ਹਸਪਤਾਲ ਜਾ ਕੇ ਉਸਨੇ ਮਿੰਦਰ ਕੌਰ ਨੂੰ ਡਾਕਟਰ ਕੋਲ ਜਦੋਂ ਚੈੱਕ ਅੱਪ ਕਰਾਇਆ ਤਾਂ ਡਾਕਟਰ ਨੇ ਸਾਰਾ ਕੁਝ ਦੇਖਣ ਤੋ ਬਾਅਦ ਕਿਹਾ, “ਕੁਝ ਨਹੀਂ, ਸਿਰਫ ਮਾਨਸਿਕ ਪ੍ਰੇਸ਼ਾਨੀ ਹੈ। ਪਰ ਤੁਸੀਂ ਇਨ੍ਹਾਂ ਨੂੰ ਇੱਕ ਦੋ ਦਿਨ ਦਾਖਲ ਕਰਾ ਦਿਉ ਤਾਂ ਕਿ ਅਸੀਂ ਹੋਰ ਕੁਝ ਟੈਸਟ ਕਰ ਲਈਏ ਅਤੇ ਇਨ੍ਹਾਂ ਨੂੰ ਵੀ ਰੈਸਟ ਮਿਲ ਜਾਵੇਗੀ।”
ਫਕੀਰ ਸਿੰਘ ਨੇ ਡਾਕਟਰ ਦੀ ਸਲਾਹ ਅਨੁਸਾਰ ਮਿੰਦਰ ਕੌਰ ਨੂੰ ਦਾਖਲ ਕਰਾ ਦਿੱਤਾ ਅਤੇ ਆਪ ਮਿੰਦਰ ਕੌਰ ਦੇ ਬੈੱਡ ਕੋਲ ਹੀ ਕੁਰਸੀ ਤੇ ਬੈਠ ਗਿਆ। ਫਿਰ ਪਤਾ ਨਹੀਂ ਕੀ ਸੋਚ ਕੇ ਉਸਦਾ ਸਿਰ ਪਲੋਸਣ ਲੱਗ ਪਿਆ। ਮਿੰਦਰ ਕੌਰ ਨੂੰ ਆ ਕੇ ਨਰਸ ਨੇ ਗੁਲੂਕੋਜ਼ ਲਗਾ ਦਿੱਤਾ, ਜਿਸ ਨਾਲ ਜਲਦੀ ਹੀ ਉਸਦੀ ਅੱਖ ਲੱਗ ਗਈ। ਫਕੀਰ ਸਿੰਘ ਸੋਚਣ ਲੱਗਾ ਕਿ ਸ਼ਾਇਦ ਇਸ ਵਿੱਚ ਕੋਈ ਨੀਂਦ ਵਾਲੀ ਦਵਾਈ ਹੋਵੇਗੀ ਜਿਸ ਨਾਲ ਮਿੰਦਰ ਕੌਰ ਝੱਟ ਸੌਂ ਗਈ ਹੈ। ਫਿਰ ਫਕੀਰ ਸਿੰਘ ਕੁਝ ਸੋਚ ਕੇ ਬਾਹਰ ਨਿੱਕਲ ਗਿਆ ਅਤੇ ਇੱਕ ਫਲਾਂ ਵਾਲੀ ਰੇੜ੍ਹੀ ਤੋਂ ਕੁਝ ਸੇਬ ਤੇ ਹੋਰ ਫ਼ਲ ਲੈ ਆਇਆ। ਫਕੀਰ ਸਿੰਘ ਦੁਬਾਰਾ ਬੈਠ ਗਿਆ ਅਤੇ ਕੰਧ ਵੱਲ ਮੂੰਹ ਕਰ ਕੇ ਕੁਝ ਸੋਚੀਂ ਪੈ ਗਿਆ।
ਡਾਕਟਰ ਜਾਣ ਤੋਂ ਪਹਿਲਾਂ ਇੱਕ ਵਾਰ ਮਿੰਦਰ ਕੌਰ ਨੂੰ ਦੇਖਣ ਆਇਆ ਤਾਂ ਡਾਕਟਰ ਦੀ ਆਹਟ ਨਾਲ ਫਕੀਰ ਸਿੰਘ ਦਾ ਧਿਆਨ ਟੁੱਟਿਆ। ਡਾਕਟਰ ਨੇ ਦੱਸਿਆ, “ਬੀਬੀ ਜੀ ਠੀਕ ਹਨ। ਸਿਰਫ਼ ਪ੍ਰੇਸ਼ਾਨੀ ਕਾਰਨ ਹੀ ਇਨ੍ਹਾਂ ਦਾ ਬਲੱਡ ਪ੍ਰੈਸ਼ਰ ਘਟਿਆ ਹੈ।”
ਫਕੀਰ ਸਿੰਘ ਬੋਲਿਆ, “ਡਾਕਟਰ ਸਾਹਬ, ਬੱਸ ਇੱਕੋ ਹੀ ਫਿਕਰ ਜੋ ਇਸਨੂੰ ਵੀ ਅਤੇ ਮੈਨੂੰ ਵੀ ਖਾਈ ਜਾ ਰਿਹਾ ਹੈ, ਉਹ ਹੈ ਸਾਡੀ ਸੱਠ ਨੂੰ ਢੁੱਕ ਚੁੱਕੀ ਉਮਰ ਤੇ ਘਰ ਨਿੱਕਾ ਨਿਆਣਾ ਹੈ ਕੋਈ ਨਹੀਂ।” ਇਹ ਬੋਲ ਮੂੰਹੋਂ ਨਿੱਕਲਦਿਆਂ ਫਕੀਰ ਸਿੰਘ ਦਾ ਹਉਕਾ ਜਿਹਾ ਨਿੱਕਲ ਗਿਆ।
ਡਾਕਟਰ ਨੇ ਬੱਸ ਇੰਨਾ ਹੀ ਕਿਹਾ, “ਔਲਾਦ ਨਾ ਹੋਣ ਕਰਕੇ ਆਪਣੀ ਸਿਹਤ ਨੂੰ ਖਰਾਬ ਨਾ ਕਰੋ, ਸਭ ਠੀਕ ਹੋ ਜਾਵੇਗਾ।”
ਡਾਕਟਰ ਚਲਾ ਗਿਆ। ਫਕੀਰ ਸਿੰਘ ਨੇ ਦੁਪਿਹਰ ਦਾ ਕੁਝ ਨਹੀਂ ਸੀ ਖਾਧਾ। ਹੁਣ ਵੀ ਉਹਦਾ ਖਾਣ ਨੂੰ ਜੀਅ ਨਾ ਕੀਤਾ ਅਤੇ ਉਸਨੇ ਲਿਆਂਦੇ ਫਲ ਵੀ ਨਾ ਛੇੜੇ। ਉਸਦੀ ਬੈਠੇ ਦੀ ਕਦੇ ਅੱਖ ਲੱਗ ਜਾਂਦੀ ਕਦੇ ਖੁੱਲ੍ਹ ਜਾਂਦੀ। ਇਸੇ ਤਰ੍ਹਾਂ ਸਾਰੀ ਰਾਤ ਉਸਨੇ ਕੁਰਸੀ ਤੇ ਬਹਿ ਕੇ ਗੁਜ਼ਾਰ ਦਿੱਤੀ। ਉਹ ਆਪਣੇ ਆਪ ਨੂੰ ਮਿੰਦਰ ਕੌਰ ਦਾ ਦੋਸ਼ੀ ਮੰਨ ਰਿਹਾ ਸੀ ਤੇ ਅੰਦਰੋ ਅੰਦਰੀ ਖੁਦ ਨੂੰ ਕੋਸ ਰਿਹਾ ਸੀ।
ਦੂਜੇ ਦਿਨ ਦੁਪਹਿਰ ਨੂੰ ਡਾਕਟਰ ਨੇ ਮਿੰਦਰ ਕੌਰ ਨੂੰ ਛੁੱਟੀ ਦੇ ਦਿੱਤੀ। ਫਕੀਰ ਸਿੰਘ ਉਸਨੂੰ ਲੈ ਕੇ ਘਰ ਆ ਗਿਆ। ਫਕੀਰ ਸਿੰਘ ਨੇ ਮਨ ਬਣਾ ਲਿਆ ਕਿ ਮਿੰਦਰ ਕੌਰ ਨਾਲ ਸਲਾਹ ਕਰ ਕੇ ਹੁਣ ਬੱਚਾ ਗੋਦ ਲੈ ਹੀ ਲੈਣਾ ਹੈ। ਇਹ ਗੱਲ ਉਹ ਮਿੰਦਰ ਕੌਰ ਨੂੰ ਦੱਸ ਕੇ ਖੁਸ਼ ਕਰਨਾ ਚਾਹੁੰਦਾ ਸੀ ਕਿ ਆਪਾਂ ਇੱਕ ਬੱਚਾ ਗੋਦ ਲੈ ਲਈਏ ਅਤੇ ਮਿੰਦਰ ਕੌਰ ਦੀ ਬੜੇ ਚਿਰਾਂ ਦੀ ਇਸ ਖਾਹਿਸ਼ ਨੂੰ ਉਹ ਜਲਦੀ ਤੋਂ ਜਲਦੀ ਪੂਰਾ ਕਰਕੇ ਆਪਣੇ ਆਪ ਨੂੰ ਦੋਸ਼ ਮੁਕਤ ਕਰਨਾ ਚਾਹੁੰਦਾ ਸੀ।
ਮਿੰਦਰ ਕੌਰ ਇੱਕ ਦਿਨ ਹੀ ਮੰਜੇ ਤੇ ਰਹੀ ਫਿਰ ਠੀਕ ਹੋ ਗਈ ਤੇ ਘਰ ਦੇ ਆਹਰ ਪਾਹਰ ਵਿੱਚ ਰੁੱਝ ਗਈ। ਇਕ ਦਿਨ ਫਕੀਰ ਸਿੰਘ ਨੇ ਕਿਹਾ, “ਭਲੀਏ ਲੋਕੇ, ਕੋਈ ਨੌਕਰਾਣੀ ਰੱਖ ਲੈ … ਔਖੀ ਨਾ ਹੋਇਆ ਕਰ। ਕਿਹੜਾ ਘਾਟਾ ਕਿਸੇ ਚੀਜ਼ ਦਾ? ਦਿੱਤਾ ਰੱਬ ਦਾ ਸਾਰਾ ਕੁਝ ਤਾਂ ਹੈ।”
ਅੱਗੋਂ ਮਿੰਦਰ ਕੌਰ ਨੇ ਰੱਬ ਨੂੰ ਉਲ੍ਹਾਮੇ ਜਿਹੇ ਨਾਲ ਆਖਿਆ, “ਜੇ ਇਸ ਘਰ ਵਿੱਚ ਸਾਰਾ ਕੁਝ ਹੁੰਦਾ ਤਾਂ ਮਿੰਦੋ ਨਾ ਸੀ ਬੁੱਢੀ ਹੁੰਦੀ ਹੋਰ ਸੌ ਸਾਲ। ਪਰ ਕੀ ਕਰੀਏ, ਰੱਬ ਨੇ ਕਮੀ ਡਾਢੀ ਜਿਹੀ ਰੱਖੀ ਐ ਸਰਦਾਰ ਜੀ। ਦੂਜੀ ਗੱਲ, ਜਦੋਂ ਤੱਕ ਤੁਹਾਨੂੰ ਆਪਣੇ ਹੱਥੀਂ ਰੋਟੀ ਨਾ ਖਵਾ ਲਵਾਂ ਮੈਨੂੰ ਟਿਕਾ ਜਿਹਾ ਨੀ ਆਉਂਦਾ।”
ਫਕੀਰ ਸਿੰਘ ਅੱਗੋਂ ਬੋਲਿਆ, “ਓ ਬਾਬਾ, ਸਫਾਈ ਲਈ ਰੱਖ ਲਾ ਕਿਸੇ ਨੂੰ … ਕਿ ਮੇਰੇ ਖਾਣੇ ਦੇ ਨਾਲ ਨਾਲ ਸਫਾਈ ਤੋਂ ਬਿਨਾਂ ਵੀ ਟਿਕਾ ਨੀ ਆਉਂਦਾ।”
“ਬਾਹਲੀਆਂ ਗੱਲਾਂ ਨਾ ਬਣਾਉ। ਮੈਂ ਨੀ ਰੱਖਣਾ ਕਿਸੇ ਨੂੰ ਵੀ ਸਫਾਈ ਸਫੂਈ ਕਰਨ ਲਈ ਤੇ ਨਾ ਹੀ ਰੋਟੀ ਟੁੱਕ ਵਾਸਤੇ।” ਮਿੰਦਰ ਕੌਰ ਨੇ ਦੋ ਟੁੱਕ ਫੈਸਲਾ ਸੁਣਾ ਦਿੱਤਾ।
ਫਕੀਰ ਸਿੰਘ ਚੁੱਪ ਕਰ ਗਿਆ। ਇਸ ਤਰ੍ਹਾਂ ਦੀ ਨੋਕ ਝੋਕ ਇਨ੍ਹਾਂ ਦੋਵਾਂ ਜੀਆਂ ਵਿੱਚ ਆਮ ਜਿਹੀ ਗੱਲ ਸੀ।
ਕੁਝ ਦਿਨਾਂ ਬਾਅਦ ਫਕੀਰ ਸਿੰਘ ਨੇ ਆਪਣੇ ਦਿਲ ਦੀ ਗੱਲ ਮਿੰਦਰ ਕੌਰ ਨੂੰ ਦੱਸੀ, “ਆਪਾਂ ਹੁਣ ਕੋਈ ਬੱਚਾ ਗੋਦ ਲੈ ਹੀ ਲੈਣਾ ਹੈ। ਤੂੰ ਤਿਆਰੀ ਕਰ ਤੇ ਆਪਾਂ ਕਿਸੇ ਹੋਰ ਸਿਆਣੇ ਬੰਦੇ ਦੀ ਸਲਾਹ ਲੈ ਕੇ ਇਸ ਕਾਰਜ ਨੂੰ ਸਿਰੇ ਚਾੜ੍ਹੀਏ।”
ਮਿੰਦਰ ਕੌਰ ਨੇ ਫਕੀਰ ਸਿੰਘ ਦੇ ਮੂੰਹੋਂ ਜਦੋਂ ਇਹ ਸ਼ਬਦ ਸੁਣੇ ਤਾਂ ਉਸਦੇ ਹੱਥਾਂ ਵਿੱਚ ਫੜਿਆ ਪਾਣੀ ਦਾ ਗਲਾਸ ਨਿੱਕਲ ਕੇ ਔਹ ਗਿਆ ਤੇ ਉਹ ਅਵਾਕ ਹੀ ਫਕੀਰ ਸਿੰਘ ਵੱਲ ਤੱਕ ਰਹੀ ਸੀ। ਉਸ ਨੂੰ ਕੁਝ ਨਹੀਂ ਸੀ ਸੁੱਝ ਰਿਹਾ। ਹੁਣ ਉਹ ਇੰਝ ਮਹਿਸੂਸ ਕਰ ਰਹੀ ਸੀ ਜਿਵੇਂ ਸਾਵਣ ਭਾਦੋਂ ਦੇ ਹੁੰਮਸ ਵਿੱਚ ਕਿਸੇ ਪਾਸਿਉਂ ਠੰਢੀ ਹਵਾ ਬੁੱਲਾ ਆ ਗਿਆ ਹੋਵੇ।
ਉਸ ਨੂੰ ਬਾਹੋਂ ਫੜ ਕੇ ਝੰਜੋੜਦੇ ਹੋਏ ਫਕੀਰ ਸਿੰਘ ਨੇ ਪੁੱਛਿਆ, “ਕੀ ਗੱਲ ਹੋਈ ਮਿੰਦਰ ਕੌਰੇ, ਯਕੀਨ ਨਹੀਂ ਆਇਆ ਮੇਰੀ ਗੱਲ ’ਤੇ? ਮੈਂ ਸੱਚ ਆਖਦਾ ਹਾਂ। ਸਗੋਂ ਮੈਨੂੰ ਤੇਰੇ ਤੋਂ ਮਾਫੀ ਮੰਗਣੀ ਚਾਹੀਦੀ ਆ ਕਿ ਮੈਂ ਤੇਰੀ ਇਸ ਗੱਲ ਨੂੰ ਕਦੇ ਮੰਨਿਆ ਨਹੀਂ। ਚਲੋ, ਜੋ ਹੋਇਆ ਸੋ ਹੋਇਆ, ਹੁਣ ਸਵੇਰੇ ਜਲਦੀ ਉੱਠ ਕੇ ਮੈਂ ਕਿਤੇ ਨੀ ਜਾਣਾ। ਆਪਾਂ ਕਿਤੋਂ ਬੱਚੇ ਬਾਰੇ ਪਤਾ ਕਰੀਏ ਤੇ ਇਸ ਘਰ ਨੂੰ ਚਹਿਕਣ ਲਾਉਣ ਬਾਰੇ ਸੋਚੀਏ।”
ਮਿੰਦਰ ਕੌਰ ਬੋਲੀ, “ਮੈਂ ਟੀ ਵੀ ਤੇ ਦੇਖਿਆ ਸੀ ਇੱਕ ਡਰਾਮੇ ਵਿੱਚ ਕਿ ਇੱਕ ਆਪਣੇ ਵਰਗਾ ਹੀ ਜੋੜਾ ਸੀ ਜਿਨ੍ਹਾਂ ਦੇ ਕੋਈ ਬੱਚਾ ਨਹੀਂ ਸੀ। ਉਨ੍ਹਾਂ ਨੇ ਪਤਾ ਕੀ ਕੀਤਾ? … ਲੋਕਾਂ ਦੇ ਲਾਵਾਰਸ ਬੱਚੇ ਅਪਣਾ ਕੇ ਇੱਕ ਆਸ਼ਰਮ ਖੋਲ੍ਹ ਲਿਆ। ਹੌਲੀ ਹੌਲੀ ਉਨ੍ਹਾਂ ਕੋਲ ਬਹੁਤ ਸਾਰੇ ਬੱਚੇ ਹੋ ਗਏ। ਆਪਾਂ ਵੀ ਕੁਝ ਇਸ ਤਰ੍ਹਾਂ ਦਾ ਹੀ ਕਰੀਏ ਤਾਂ ਕਿ ਸਮਾਜ ਵਿੱਚ ਜਿਨ੍ਹਾਂ ਬਹੁਤ ਸਾਰੇ ਬੱਚਿਆਂ ਨੂੰ ਮਾਂ ਪਿਉ ਨਹੀਂ ਮਿਲ ਸਕਿਆ, ਉਨ੍ਹਾਂ ਨੂੰ ਮਾਂ ਪਿਉ ਮਿਲ ਜਾਊ ਤੇ ਸਾਨੂੰ ਬਹੁਤ ਸਾਰੇ ਬੱਚੇ ਮਿਲ ਜਾਣਗੇ।”
ਫਕੀਰ ਸਿੰਘ ਸਿੰਘ ਬੜੇ ਗਹੁ ਨਾਲ ਮਿੰਦਰ ਕੌਰ ਵੱਲ ਤੱਕਦਾ ਹੋਇਆ ਸੋਚਣ ਲੱਗਾ, “ਇਸ ਅਨਪੜ੍ਹ ਜ਼ਨਾਨੀ ਦੀ ਸੋਚ ਕਿੰਨੀ ਵੱਡੀ ਆ। ਮੈਂ ਤਾਂ ਆਪਣੇ ਬਾਰੇ ਹੀ ਸੋਚ ਰਿਹਾ ਸੀ ਤੇ ਇਹ ਕਿੰਨਿਆਂ ਬਾਰੇ ਸੋਚ ਰਹੀ ਆ।” ਉਸਨੇ ਬਿਨਾਂ ਕਿਸੇ ਝਿਜਕ ਦੇ ਕਿਹਾ, “ਮਿੰਦਰ ਕੌਰੇ, ਜਿਵੇਂ ਤੂੰ ਕਹੇਂਗੀ, ਮੈਂ ਉਂਝ ਹੀ ਕਰਾਂਗਾ।”
ਖੁਸ਼ੀ ਵਿੱਚ ਲਟਬੌਰੀ ਹੋਈ ਮਿੰਦਰ ਕੌਰ ਰੋਟੀ-ਟੁੱਕ ਵਾਲੇ ਭਾਂਡੇ ਸਾਂਭਣ ਲੱਗ ਗਈ। ਫਕੀਰ ਸਿੰਘ ਆਪਣੇ ਬੈੱਡ ਤੇ ਜਾ ਕੇ ਲੰਮਾ ਪੈ ਗਿਆ ਅਤੇ ਉਹ ਆਪਣੇ ਆਪ ਨੂੰ ਬਹੁਤ ਹਲਕਾ ਫੁਲਕਾ ਮਹਿਸੂਸ ਕਰ ਰਿਹਾ ਸੀ।
ਫਕੀਰ ਸਿੰਘ ਦੀ ਬੈੱਡ ਤੇ ਪੈਂਦਿਆਂ ਸਾਰ ਹੀ ਅੱਖ ਲੱਗ ਗਈ ਸੀ। ਉਹ ਸਾਰੀ ਰਾਤ ਸੁਪਨਿਆਂ ਦੇ ਸਾਗਰ ਵਿੱਚ ਚੁੱਭੀਆਂ ਲਾਉਂਦਾ ਰਿਹਾ ਸੀ। ਉਹ ਇੰਝ ਮਹਿਸੂਸ ਕਰਦਾ ਸੀ ਜਿਵੇਂ ਉਨ੍ਹਾਂ ਦੇ ਘਰ ਦੀ ਸੁੱਕੀ ਪਈ ਬਗੀਚੀ ਵਿੱਚ ਬਹਾਰ ਆ ਗਈ ਹੋਵੇ। ਹਰ ਫੁੱਲ ਹਰ ਬੂਟਾ ਇਹ ਕਹਿ ਰਿਹਾ ਹੋਵੇ ਕਿ ਅਸੀਂ ਜਿਊਂਦੇ ਹੋ ਗਏ ਹਾਂ। ਉਸ ਨੂੰ ਇੰਝ ਲੱਗਦਾ ਸੀ ਜਿਵੇਂ ਉਹ ਬਹੁਤ ਸਾਰੇ ਬੂਟਿਆਂ ਨੂੰ ਪਾਣੀ ਪਾ ਰਿਹਾ ਹੋਵੇ। ਉਹ ਸੋਚ ਰਿਹਾ ਸੀ ਕਿ ਇਨ੍ਹਾਂ ਬੂਟਿਆਂ ਦੀ ਛਾਂਵੇਂ ਸਾਰੀ ਦੁਨੀਆਂ ਬੈਠੇਗੀ ਅਤੇ ਇਹ ਬੂਟੇ ਹਰ ਇੱਕ ਨੂੰ ਠੰਢੀ ਛਾਂ ਦੇ ਕੇ ਵੀ ਅਹਿਸਾਨ ਨਹੀਂ ਜਤਾਉਣਗੇ। ਇਸੇ ਤਰ੍ਹਾਂ ਹੀ ਉਸਦੇ ਧੀਆਂ ਪੁੱਤਰ ਵੀ ਲੋਕਾਂ ਦੀ ਸੇਵਾ ਕਰਨਗੇ। ਉਹ ਆਪਣੇ ਆਪ ਨੂੰ ਇੱਕ ਵੱਡਾ ਰੁੱਖ ਸਮਝ ਰਿਹਾ ਸੀ ਤੇ ਮਿੰਦਰ ਕੌਰ ਉਸਨੂੰ ਇਸ ਰੁੱਖ ਦੀ ਨਰੋਈ ਜੜ੍ਹ ਲੱਗ ਰਹੀ ਸੀ, ਜੋ ਇਸ ਸਾਰੇ ਬਾਗ ਨੂੰ ਧਰਤੀ ਥੱਲਿਉਂ ਪਾਣੀ ਚੂਸ ਚੂਸ ਕੇ ਪਾ ਰਹੀ ਹੋਵੇ। ਫਕੀਰ ਸਿੰਘ ਨੂੰ ਇਵੇਂ ਲੱਗਿਆ ਜਿਵੇਂ ਦੁਬਾਰਾ ਘਰ ਦੇ ਬਨੇਰੇ ਤੇ ਪੰਛੀ ਚਹਿਕਣ ਲੱਗ ਪਏ ਹੋਣ। … ਚਿੜੀਆਂ ਦੀ ਚੀਂ ਚੀਂ ਉਸਦੇ ਮਨ ਨੂੰ ਭਾਉਣ ਲੱਗ ਪਈ। ਬਨੇਰੇ ਉੱਤੇ ਬੈਠੇ ਕਾਂ ਵੀ ਬਹੁਤ ਸੋਹਣੇ ਲੱਗਣ ਲੱਗੇ। … ਉਹ ਸੁਪਨੇ ਵਿੱਚ ਹੀ ਆਪਣੇ ਪੁੱਤਰਾਂ ਨੂੰ ਘੋੜੀ ਚੜ੍ਹਦੇ ਦੇਖਦਾ ਸੀ ਅਤੇ ਉਨ੍ਹਾਂ ਉੱਪਰ ਦੀ ਪੈਸਿਆਂ ਦਾ ਮੀਂਹ ਵਰਸਾ ਰਿਹਾ ਸੀ। … ਆਪਣੀਆਂ ਧੀਆਂ ਦੇ ਡੋਲੇ ਉਹ ਬੜੀ ਖੁਸ਼ੀ ਨਾਲ ਆਪਣੇ ਹੱਥੀਂ ਤੋਰ ਰਿਹਾ ਸੀ। ਉਹ ਜਦੋਂ ਆਪਣੀਆਂ ਧੀਆਂ ਦੇ ਡੋਲੇ ਤੋਰਦਾ ਸੀ ਤਾਂ ਆਪਣੇ ਆਪ ਨੂੰ ਸਭ ਤੋਂ ਵੱਡਾ ਦਾਨੀ ਮਹਿਸੂਸ ਕਰਦਾ ਸੀ। ਸੁਪਨੇ ਵਿੱਚ ਉਸਨੂੰ ਇੰਝ ਲੱਗ ਰਿਹਾ ਸੀ ਜਿਵੇਂ ਉਨ੍ਹਾਂ ਦਾ ਘਰ ਧੀਆਂ ਪੁੱਤਰਾਂ ਨਾਲ ਭਰ ਗਿਆ ਹੋਵੇ।
ਉਹ ਇੱਕ ਬੱਚੇ ਨੂੰ ਤਰਸਦੇ ਸਨ ਪਰ ਹੁਣ ਕਈ ਬੱਚਿਆਂ ਦੇ ਮਾਂ ਪਿਉ ਬਣ ਗਏ ਸਨ।

-ਬਲਵਿੰਦਰ ਸਿੰਘ ਚਾਹਲ
 
Top