ਦਿਨੋਂ-ਦਿਨ ਘਟ ਰਿਹਾ ਬਜ਼ੁਰਗਾਂ ਦਾ ਸਤਿਕਾਰ

1938772__12-1.jpg
ਕੋਈ ਸਮਾਂ ਸੀ ਜਦੋਂ ਬੱਚੇ ਆਪਣੇ ਮਾਤਾ-ਪਿਤਾ ਨੂੰ ਰੱਬ ਦਾ ਦਰਜਾ ਦਿੰਦੇ ਸਨ। ਅਕਸਰ ਪਰਿਵਾਰ ਇਕੱਠੇ ਰਹਿੰਦੇ ਸਨ ਤੇ ਘਰ ਦੇ ਅਹਿਮ ਫੈਸਲੇ ਬਜ਼ੁਰਗਾਂ ਦੀ ਪ੍ਰਵਾਨਗੀ ਨਾਲ ਹੁੰਦੇ ਸਨ। ਪਰਿਵਾਰ ਦੇ ਹਰ ਕੰਮ ਵਿਚ ਉਨ੍ਹਾਂ ਦੀ ਸ਼ਮੂਲੀਅਤ ਤੇ ਅਗਵਾਈ ਨੂੰ ਜ਼ਰੂਰੀ ਮੰਨਿਆ ਜਾਂਦਾ ਸੀ। ਬਜ਼ੁਰਗਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਫਿਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਵਧਦੀ ਦੌੜ ਨੇ ਮਨੁੱਖੀ ਸੋਚਣੀ ਨੂੰ ਸਵੈ ਤੱਕ ਸੀਮਤ ਕਰ ਦਿੱਤਾ, ਤਿਉਂ-ਤਿਉਂ ਬਜ਼ੁਰਗਾਂ ਦਾ ਸਤਿਕਾਰ ਵੀ ਘਟਦਾ ਹੀ ਗਿਆ। ਆਪਣੇ ਬਜ਼ੁਰਗ ਮਾਤਾ-ਪਿਤਾ ਦੀ ਸੇਵਾ ਲਈ ਸਰਵਣ ਦਾ ਨਾਂਅ ਸਤਿਕਾਰ ਨਾਲ ਲਿਆ ਜਾਂਦਾ ਹੈ, ਜਿਸ ਨੇ ਆਪਣੇ ਨੇਤਰਹੀਣ ਮਾਤਾ-ਪਿਤਾ ਨੂੰ ਵਹਿੰਗੀ ਚੁੱਕ ਕੇ ਤੀਰਥ ਯਾਤਰਾ ਕਰਵਾਈ ਪਰ ਅੱਜ ਦੇ ਪੁੱਤਰਾਂ ਨੇ ਤਾਂ ਆਪਣੇ ਮਾਤਾ-ਪਿਤਾ ਨੂੰ ਰੋਟੀ ਕੀ ਦੇਣੀ, ਉਨ੍ਹਾਂ ਨੂੰ ਦੋ ਸਤਿਕਾਰ ਦੇ ਸ਼ਬਦ ਬੋਲਣਾ ਵੀ ਔਖਾ ਲੱਗਦਾ ਹੈ। ਇੱਥੇ ਮੈਂ ਇਕ ਘਟਨਾ ਦਾ ਜ਼ਿਕਰ ਕਰਨਾ ਚਾਹਾਂਗਾ। ਮੈਂ ਇਕ ਵਾਰ ਆਪਣੇ ਦੋਸਤ ਨਾਲ ਉਸ ਦੀ ਕਿਸੇ ਰਿਸ਼ਤੇਦਾਰੀ 'ਚ ਗਿਆ। ਅਸੀਂ ਜਾ ਕੇ ਹਾਲੇ ਬੈਠੇ ਹੀ ਹੋਵਾਂਗੇ ਕਿ ਮੇਰੇ ਦੋਸਤ ਦੇ ਰਿਸ਼ਤੇਦਾਰ ਦਾ ਮੁੰਡਾ ਸਾਹੋ-ਸਾਹੀ ਹੋਇਆ ਘਰ ਆਇਆ ਤੇ ਕਹਿੰਦਾ ਤੁਸੀਂ ਬੈਠੋ ਮੈਂ ਆਪਣੇ 'ਡੌਗੀ' ਨੂੰ ਡਾਕਟਰ ਕੋਲ ਦਿਖਾ ਆਵਾਂ, ਸਵੇਰੇ ਚੌਲ ਬਣਾਏ ਸੀ, ਮੈਂ ਇਸ ਨੂੰ ਪਾ ਦਿੱਤੇ ਤੇ ਹੁਣ ਪਤਾ ਨ੍ਹੀਂ ਇਸ ਨੂੰ ਕੀ ਹੋ ਗਿਆ।' ਮੈਂ ਅੰਦਰੋ-ਅੰਦਰੀ ਹੱਸਿਆ ਕਿ ਭਲਿਆ ਮਾਣਸਾ ਇਹ ਤਾਂ ਕਹਾਵਤ ਵੀ ਹੈ ਕਿ ਕੁੱਤੇ ਨੂੰ ਚੌਲ ਨਹੀਂ ਪਚਦੇ, ਇਹਦੇ 'ਚ ਐਨਾ ਘਬਰਾਉਣ ਵਾਲੀ ਕਿਹੜੀ ਗੱਲ ਐ?' ਜਦੋਂ ਮੁੰਡਾ ਆਪਣੇ ਕੁੱਤੇ ਨੂੰ ਡਾਕਟਰ ਕੋਲ ਲਿਜਾਣ ਲਈ ਤੁਰਨ ਹੀ ਲੱਗਿਆ ਤਾਂ ਘਰ ਦੀ ਇਕ ਨੁੱਕਰੇ ਮੰਜੇ 'ਤੇ ਪਏ ਇਕ ਬਜ਼ੁਰਗ ਨੇ ਆਵਾਜ਼ ਮਾਰੀ, 'ਪੁੱਤ ਜੇ ਸ਼ਹਿਰ ਗਿਆ ਤਾਂ ਮੇਰੀ ਦਵਾਈ ਲੈਂਦਾ ਆਵੀਂ', ਤਾਂ ਉਹ ਮੁੰਡਾ ਬਜ਼ੁਰਗ ਨੂੰ ਭੱਜ ਕੇ ਪੈ ਗਿਆ ਤੇ ਬੋਲਿਆ, 'ਕੋਈ ਨਾ, ਤੂੰ ਹੁਣੇ ਨ੍ਹੀਂ ਮਰਨ ਲੱਗਿਆ, ਜਦੋਂ ਦੇਖੋ ਮੈਨੂੰ ਆਹ ਲਿਆ ਦੇ, ਉਹ ਲਿਆ ਦੇ।' ਐਨਾ ਕਹਿ ਕੇ ਉਹ ਕਾਰ ਸਟਾਰਟ ਕਰਕੇ ਤੁਰਦਾ ਬਣਿਆ। ਮੇਰਾ ਦੋਸਤ ਮੇਰੇ ਮੂੰਹ ਵੱਲ ਦੇਖ ਕੇ ਨਿੰਮੋਝੂਣਾ ਹੋ ਗਿਆ। ਫਿਰ ਮੈਂ ਸੋਚਣ ਲੱਗਿਆ ਕਿ ਆਹ ਵੇਲਾ ਵੀ ਆਉਣਾ ਸੀ। ਅੱਜਕਲ੍ਹ ਦੀ ਪੀੜ੍ਹੀ ਨੂੰ ਕੀ ਹੋ ਗਿਆ, ਜੋ ਹੁਣ ਬਜ਼ੁਰਗਾਂ ਦਾ ਭੋਰਾ ਵੀ ਸਤਿਕਾਰ ਨ੍ਹੀਂ ਕਰਦੀ।
ਬਜ਼ੁਰਗਾਂ ਨੂੰ ਸਾਡੇ ਪਿਆਰ ਤੇ ਹਮਦਰਦੀ ਦੀ ਬਹੁਤ ਲੋੜ ਹੈ। ਜੇਕਰ ਸਾਰੇ ਦਿਨ 'ਚ ਅਸੀਂ ਥੋੜ੍ਹਾ ਜਿਹਾ ਵੀ ਸਮਾਂ ਆਪਣੇ ਬਜ਼ੁਰਗਾਂ ਲਈ ਕੱਢ ਲਈਏ, ਉਨ੍ਹਾਂ ਨਾਲ ਬੈਠ ਕੇ ਘਰ ਦੇ ਮਸਲਿਆਂ ਦੀ ਰਾਏ ਲਈਏ, ਬਾਹਰੀ ਗੱਲਾਂ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ ਜਾਣ ਤਾਂ ਜਿੱਥੇ ਇਸ ਨਾਲ ਬਜ਼ੁਰਗ ਇਕੱਲੇਪਣ ਤੋਂ ਬਚ ਸਕਣਗੇ, ਉੱਥੇ ਸਾਨੂੰ ਯੋਗ ਅਗਵਾਈ ਵੀ ਮਿਲੇਗੀ। ਜਿਹੜੇ ਬਜ਼ੁਰਗਾਂ ਕਰਕੇ ਅੱਜ ਸਾਡੀ ਹੋਂਦ ਹੈ, ਉਨ੍ਹਾਂ ਦਾ ਸਤਿਕਾਰ ਕਰੀਏ। ਸੋਚ ਕੇ ਦੇਖੋ ਕਿਤੇ ਅਸੀਂ ਗ਼ਲਤੀ ਤਾਂ ਨਹੀਂ ਕਰ ਰਹੇ ਬਜ਼ੁਰਗਾਂ ਨੂੰ ਅਣਗੌਲਿਆ ਕਰਕੇ।
 
Top