ਜਨਮੇਜਾ ਸਿੰਘ ਜੌਹਲ ਦੀਆਂ ਚਾਰ ਬਾਲ ਪੁਸਤਕਾਂ

ਇਕ ਦ੍ਰਿਸ਼ਟੀਕੋਣ

ਬਾਲ ਸਾਹਿਤ ਰਚਨਾ ਪ੍ਰਤੀ ਅਜੋਕਾ ਲਿਖਾਰੀ ਵਰਗ ਜਾਗਰੂਕ ਵਿਖਾਈ ਦੇ ਰਿਹਾ ਹੈ। ਚਾਰ-ਪੰਜ ਦਹਾਕੇ ਪਹਿਲਾਂ ਪੰਜਾਬੀ ਵਿਚ ਬਾਲ ਸਾਹਿਤ ਦੀ ਸਿਰਜਣਾ ਕਰਨ ਵਾਲੇ ਗਿਣਤੀ ਦੇ ਹੀ ਸਰਗਰਮ ਲੇਖਕ ਹੁੰਦੇ ਸਨ ਪ੍ਰੰਤੂ ਇੱਕੀਵੀਂ ਸਦੀ ਦੇ ਸੂਚਨਾ-ਕ੍ਰਾਂਤੀ ਦੇ ਸ਼ਕਤੀਸ਼ਾਲੀ ਦੌਰ ਵਿੱਚ ਬੱਚਿਆਂ ਨੂੰ ਗਿਆਨ-ਵਿਗਿਆਨ ਅਤੇ ਉਚੇਰੇ ਜੀਵਨ ਮੁੱਲਾਂ ਦੀ ਸੋਝੀ ਕਰਵਾਉਣ ਲਈ ਬਹੁਤ ਸਾਰੀਆਂ ਬਾਲ ਪੁਸਤਕਾਂ ਸਾਹਮਣੇ ਆ ਰਹੀਆਂ ਹਨ। ਪਿਛਲੇ ਇਕ-ਦੋ ਸਾਲਾਂ ਦਾ ਹੀ ਲੇਖਾ-ਜੋਖਾ ਕਰੀਏ ਤਾਂ ਵੇਖਣ ਵਿਚ ਆਇਆ ਹੈ ਕਿ ਬਾਲ ਸਾਹਿਤ ਦੇ ਕਈ ਲੇਖਕ ਤਾਂ ਇੱਕੋ ਸਮੇਂ ਲਗਾਤਾਰ ਚਾਰ-ਚਾਰ ਜਾਂ ਅੱਠ-ਅੱਠ ਪੁਸਤਕਾਂ ਦੇ ਸੈੱਟ ਪ੍ਰਕਾਸ਼ਿਤ ਕਰਵਾ ਰਹੇ ਹਨ। ਇਸੇ ਪ੍ਰਸੰਗ ਵਿੱਚ ਜਨਮੇਜਾ ਸਿੰਘ ਜੌਹਲ ਦੀਆਂ ਚਾਰ ਨਵੀਆਂ ਛਪੀਆਂ ਪੁਸਤਕਾਂ ਦਾ ਇਕ ਸੈੱਟ ਮੇਰੇ ਸਾਹਮਣੇ ਹੈ। ਬਾਲ ਸਾਹਿਤ ਦੀ ਰਚਨਾ ਕਰਨ ਵਾਲੇ ਲਿਖਾਰੀਆਂ ਵਿਚ ਜੌਹਲ ਨੇ ਆਪਣਾ ਨਾਂ ਥਾਂ ਬਣਾਇਆ ਹੈ। ਇਨ੍ਹਾਂ ਚਾਰਾਂ ਪੁਸਤਕਾਂ ਵਿਚ ਉਸ ਨੇ ਬੱਚਿਆਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਭਾਸ਼ਾਈ ਸਮਰੱਥਾ ਵਿਚ ਵਾਧਾ ਕਰਨ ਦਾ ਯਤਨ ਕੀਤਾ ਹੈ ਅਤੇ ਆਦਰਸ਼ਕ ਜੀਵਨ ਜਿਉਣ ਲਈ ਪ੍ਰੇਰਨਾ ਦਿੱਤੀ ਹੈ।
ਜੌਹਲ ਦੀ ਪਹਿਲੀ ਪੁਸਤਕ ‘ਟਾਈ ਵਾਲਾ ਬਾਂਦਰ’ ਹੈ ਜਿਸ ਵਿਚ ਉਸ ਦੀਆਂ ਪੰਜ ਮੌਲਿਕ ਬਾਲ ਕਹਾਣੀਆਂ ‘ਚੇਨੀ ਵਾਲੀ ਚਿੜੀ’, ‘ਠੰਡੀ ਰਜਾਈ’, ‘ਸਫ਼ਰ ਬਾਕੀ ਹੈ’, ‘ਨੀਲਾ ਫੁੱਲ’ ਅਤੇ ‘ਟਾਈ ਵਾਲਾ ਬਾਂਦਰ’ ਸ਼ਾਮਲ ਹਨ। ਇਨ੍ਹਾਂ ਕਹਾਣੀਆਂ ਦਾ ਬੁਨਿਆਦੀ ਮੰਤਵ ਬੱਚਿਆਂ ਦੀ ਪਾਲਤੂ ਜਨੌਰਾਂ, ਪ੍ਰਕਿਰਤੀ ਅਤੇ ਮਾਨਵਤਾ ਨਾਲ ਸਾਂਝ ਪੈਦਾ ਕਰਕੇ ਕੁਦਰਤ ਅਤੇ ਸਮਾਜ ਵਿਚ ਸੰਤੁਲਨ ਪੈਦਾ ਕਰਨਾ ਹੈ। ਪੰਚਤੰਤਰ ਜਾਂ ਹਿਤੋਪਦੇਸ਼ ਦੀਆਂ ਕਹਾਣੀਆਂ ਵਾਂਗ ਇਨ੍ਹਾਂ ਕਹਾਣੀਆਂ ਦੇ ਜ਼ਿਆਦਾਤਰ ਪਾਤਰ ਜੀਵ-ਜੰਤੂ ਹੀ ਹਨ ਜਿਹੜੇ ਮਨੁੱਖੀ ਪਾਤਰਾਂ ਵਾਂਗ ਆਪਣੇ ਹਾਵ-ਭਾਵ ਅਤੇ ਜਜ਼ਬੇ ਪ੍ਰਗਟ ਕਰਦੇ ਹਨ। ਇਨ੍ਹਾਂ ਕਹਾਣੀਆਂ ਦੇ ਮਨੁੱਖੀ ਅਤੇ ਜਨੌਰ ਪਾਤਰਾਂ ਦੀ ਢੁੱਕਵੀਂ ਵਾਰਤਾਲਾਪ ਕਹਾਣੀਆਂ ਵਿਚਲੇ ਕਥਾਨਕ ਨੂੰ ਸਹਿਜਤਾ ਨਾਲ ਅੱਗੇ ਤੋਰਦੀ ਹੈ।
ਜੌਹਲ ਦੀ ਦੂਜੀ ਕਹਾਣੀ-ਪੁਸਤਕ ‘ਨੇਕ ਸਲਾਹ’ ਵਿਚਲੀਆਂ ਦੋ ਕਹਾਣੀਆਂ ‘ਮਾਂ ਦਾ ਪੁੱਤਰ’ ਅਤੇ ‘ਨੇਕ ਸਲਾਹ’ ਰਵਾਇਤੀ ਲੋਕ ਕਹਾਣੀਆਂ ਦੀ ਸੁਰ ਵਾਲੀਆਂ ਹਨ। ਇਨ੍ਹਾਂ ਵਿਚ ਬਾਲ ਪਾਠਕਾਂ ਲਈ ਇਸ ਹਾਂ-ਪੱਖੀ ਸੁਨੇਹੇ ਦਾ ਸੰਚਾਰ ਹੁੰਦਾ ਹੈ ਕਿ ਸੂਝ-ਬੂਝ ਅਤੇ ਦੂਰ-ਦ੍ਰਿਸ਼ਟੀ ਨਾਲ ਉਚਿਤ ਫੈਸਲੇ ਲੈ ਕੇ ਹੀ ਮੁਸ਼ਕਲਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ‘ਕਤੂਰਾ ਤੇ ਬੂਟ’ ਅਤੇ ‘ਨਿੱਕੂ ਤੇ ਕਿੱਕੂ’ ਪਾਲਤੂ ਜੀਵ-ਜੰਤੂਆਂ ਨਾਲ ਸਬੰਧਤ ਹਨ। ਲੇਖਕ ਦੀ ਧਾਰਨਾ ਹੈ ਕਿ ਜੇ ਅਸੀਂ ਜੀਵ-ਜੰਤੂਆਂ ਨਾਲ ਮੁਹੱਬਤ ਕਰੀਏ ਤਾਂ ਉਹ ਵੀ ਸਾਡੇ ਘਰ ਦੇ ਜੀਅ ਬਣ ਕੇ ਵਿਚਰਨ ਲੱਗ ਪੈਂਦੇ ਹਨ ਅਤੇ ਘਰੇਲੂ ਵਾਤਾਵਰਨ ਦੀ ਰੌਣਕ ਵਿਚ ਵਾਧਾ ਕਰਦੇ ਹਨ।
ਤੀਜੀ ਪੁਸਤਕ ‘ਕੀੜੀ ਤੇ ਫੁੱਲ’ ਵਿਚ ਛੇ ਕਹਾਣੀਆਂ ਹਨ।‘ਖੁਰਚੂ’, ‘ਤਿਤਲੀਆਂ ਵਾਲੀ ਫਰਾਕ’, ‘ਕੀੜੀ ਤੇ ਫੁੱਲ’, ‘ਜੂੰਆਂ ਦੀ ਕਾਨਫਰੰਸ’ ਅਤੇ ‘ਰੰਗਾਂ ਦੀ ਪਸੰਦ’ ਕਹਾਣੀਆਂ ਆਪੋ-ਆਪਣੇ ਵਿਸ਼ਾ-ਵਸਤੂ ਨੂੰ ਉਪਦੇਸ਼ਾਤਮਕ ਦ੍ਰਿਸ਼ਟੀਕੋਣ ਤੋਂ ਪ੍ਰਗਟਾਉਂਦੀਆਂ ਹਨ। ਚੰਗੇ-ਭੈੜੇ ਪਾਤਰਾਂ ਦੀਆਂ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਦੀ ਪਾਲਣਾ ਕਰਨ ਲਈ ਸਾਵਧਾਨ ਕੀਤਾ ਗਿਆ ਹੈ। ਇਸ ਦੇ ਨਾਲ ਨਾਲ ਅਜਿਹੇ ਮੌਕਾ ਮੇਲ ਪੈਦਾ ਕੀਤੇ ਗਏ ਹਨ ਜਿਸ ਨਾਲ ਬਾਲ-ਮਨ ਆਪਣੇ ਆਪ ਨੂੰ ਇਕ ਅਨੋਖੇ ਤੇ ਮਨਭਾਉਂਦੇ ਵਾਤਾਵਰਨ ਵਿਚ ਘੁੰਮਦਾ ਪ੍ਰਤੀਤ ਕਰਦਾ ਹੈ। ਦੂਜੀਆਂ ਕਹਾਣੀਆਂ ਦੇ ਮੁਕਾਬਲੇ ‘ਮਾਸੀ ਜੀ’ ਕਹਾਣੀ ਹਲਕੇ ਪੱਧਰ ਦੀ ਹੈ।
ਜੌਹਲ ਦੀ ਚੌਥੀ ਅਤੇ ਆਖਰੀ ਪੁਸਤਕ ‘ਰੰਗਲੀ ਲਿਖਾਈ’ ਬੱਚਿਆਂ ਨੂੰ ਅੱਖਰ ਗਿਆਨ ਅਤੇ ਪੰਜਾਬੀ ਮਾਤ-ਭਾਸ਼ਾ ਸਿੱਖਣ ਦੇ ਅਮਲ ਨਾਲ ਜੋੜਦੀ ਹੈ। ਕੋਈ ਸਮਾਂ ਸੀ ਜਦੋਂ ਸਕੂਲਾਂ ਵਿਚ ‘ਸੁਲੇਖ-ਪ੍ਰਣਾਲੀ’ ਪ੍ਰਚੱਲਿਤ ਸੀ, ਜਿਸ ਦਾ ਅੱਜ ਪਹਿਲਾਂ ਵਾਲਾ ਰੁਝਾਨ ਨਹੀਂ ਰਿਹਾ। ਜੌਹਲ ਦੀ ਇਹ ਪੁਸਤਕ ਪੰਜਾਬੀ ਵਰਣਮਾਲਾ ਦੇ ਅੱਖਰਾਂ ਵਿਚ ਰੰਗ ਭਰ ਕੇ ਅੱਖਰਾਂ ਦੀ ਪਛਾਣ ਕਰਵਾਉਣ ਦਾ ਦਿਲਚਸਪ ਅਤੇ ਆਸਾਨ ਤਰੀਕਾ ਹੈ। ਇਸ ਪੁਸਤਕ ਨਾਲ ਬੱਚਿਆਂ ਨੂੰ ਖੇਡ-ਵਿਧੀ ਦੁਆਰਾ ਮਾਤ-ਭਾਸ਼ਾ ਦੀ ਲਿਖਾਈ ਸੁਧਾਰਨ ਦਾ ਮੌਕਾ ਮਿਲਦਾ ਹੈ।
ਇਸ ਤਰ੍ਹਾਂ ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਵਧੀਆ ਆਰਟ ਪੇਪਰ ’ਤੇ ਰੰਗਦਾਰ ਰੂਪ ਵਿਚ ਛਪੀਆਂ ਇਹ ਸਚਿੱਤਰਤ ਪੁਸਤਕਾਂ ਬੱਚਿਆਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਲਈ ਮਦਦਗਾਰ ਸਿੱਧ ਹੁੰਦੀਆਂ ਹਨ। ਇਨ੍ਹਾਂ ਪੁਸਤਕਾਂ ਦਾ ਇਕ ਉਸਾਰੂ ਪੱਖ ਇਹ ਵੀ ਹੈ ਕਿ ਪ੍ਰਸਤੁੱਤ ਕਹਾਣੀਆਂ ਨਾਲ ਢੁੱਕਵੇਂ ਚਿੱਤਰ ਬਣਾਉਣ ਵਿਚ ਦੋ ਬੱਚਿਆਂ ਗੁਰਅਸੀਸ ਕੌਰ ਅਤੇ ਯਾਸਮੀਨ ਜੌਹਲ ਨੇ ਵੀ ਮਦਦ ਕੀਤੀ ਹੈ। ਇਸ ਤਰ੍ਹਾਂ ਬੱਚਿਆਂ ਅੰਦਰ ਛੁਪੀ ਹੋਈ ਸਿਰਜਣਾਤਮਕ ਕਲਾ ਨੂੰ ਵੀ ਉਭਾਰਨ ਦਾ ਮੌਕਾ ਦਿੱਤਾ ਗਿਆ ਹੈ। ਇਨ੍ਹਾਂ ਪੁਸਤਕਾਂ ਵਿਚ ਕੁਝ ਤਰੁੱਟੀਆਂ ਵੇਖਣ ਵਿਚ ਵੀ ਆਈਆਂ ਹਨ। ਮਸਲਨ ਲਗਭਗ ਸਾਰੀਆਂ ਹੀ ਪੁਸਤਕਾਂ ਵਿਚ ‘ਕੇ’ ਸ਼ਬਦ ਦੀ ਥਾਂ ‘ਕਿ’ ਸ਼ਬਦ ਛਪਿਆ ਹੈ ਜੋ ਵਾਕ ਬਣਤਰ ਅਤੇ ਭਾਸ਼ਾਈ ਨਜ਼ਰੀਏ ਤੋਂ ਗ਼ਲਤ ਹੈ। ਇਸ ਤੋਂ ਇਲਾਵਾ ਸ਼ਬਦ-ਜੋੜਾਂ ਦੀਆਂ ਕਾਫੀ ਗ਼ਲਤੀਆਂ ਹਨ ਜਾਂ ਕਈ ਥਾਈਂ ਅੱਖਰ ਹੀ ਛਪਣੋਂ ਰਹਿ ਗਏ ਹਨ। ਉਪਰੋਕਤ ਤਿੰਨ ਪੁਸਤਕਾਂ ਦੇ 24-24 ਪੰਨੇ ਹਨ ਜਦ ਕਿ ਆਖਰੀ ਪੁਸਤਕ ਭਾਵ ‘ਰੰਗਲੀ ਲਿਖਾਈ’ ਦੇ 36 ਪੰਨੇ ਹਨ। ਸੰਸਥਾਵਾਂ ਜਾਂ ਸਕੂਲਾਂ ਲਈ ਇਨ੍ਹਾਂ ਪੁਸਤਕਾਂ ਦੀ ਕੀਮਤ 30-30 ਰੁਪਏ ਹੈ ਪਰੰਤੂ ਵਿਦਿਆਰਥੀਆਂ ਲਈ ਕੇਵਲ 17-17 ਰੁਪਏ ਹੀ ਹੈ ਜੋ ਬਿਲਕੁੱਲ ਵਾਜਬ ਹੈ। ਇਨ੍ਹਾਂ ਪੁਸਤਕਾਂ ਨਾਲ ਬਾਲ ਸਾਹਿਤ ਦਾ ਪਿੜ ਹੋਰ ਮੋਕਲਾ ਹੁੰਦਾ ਹੈ।
 
Top