ਕੀ ਕਦੀ ਸਮੁਚਾ ਸੱਚ ਸਾਹਮਣੇ ਆ ਪਾਇਗਾ ?

Saini Sa'aB

K00l$@!n!
ਜੂਨ-ਚੌਰਾਸੀ ਦੇ ਘਲੂਘਾਰੇ, ਅਰਥਾਤ ਨੀਲਾ ਤਾਰਾ ਸਾਕੇ ਨੂੰ ਵਾਪਰਿਆਂ ਛੱਬੀ ਵਰ੍ਹੇ ਬੀਤਣ ਨੂੰ ਆ ਰਹੇ ਹਨ। ਪ੍ਰੰਤੂ ਇਸਦੀ ਯਾਦ ਸਿੱਖ-ਦਿਲਾਂ ਦੇ ਵਿੱਚ ਅੱਜ ਵੀ ਕਲ੍ਹ ਦੀ ਘਟਨਾ ਵਾਂਗ ਤਾਜ਼ਾ ਹੈ। ਜਦੋਂ ਵੀ ਜੂਨ ਦਾ ਮਹੀਨਾ ਨੇੜੇ ਆਉਣ ਲਗਦਾ ਹੈ, ਇਸ ਘਲੂਘਾਰੇ ਨੂੰ ਯਾਦ ਕਰ ਉਨ੍ਹਾਂ ਦਾ ਸਾਰਾ ਸ਼ਰੀਰ ਕੰਬ ਉਠਦਾ ਹੈ ਅਤੇ ਉਨ੍ਹਾਂ ਦਾ ਦਿਲ ਲਹੂ ਦੇ ਅਥਰੂ ਰੋਣ ਤੇ ਮਜਬੂਰ ਹੋ ਜਾਂਦਾ ਹੈ। ਇਸ ਘਲੂਘਾਰੇ ਨੂੰ ਹੋਂਦ ਵਿਚ ਲਿਆਉੇਣ ਦੇ ਲਈ ਭਾਰਤੀ ਫੌਜ ਵਲੋਂ ਟੈਂਕਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਪੁਰ ਇਸਤਰ੍ਹਾਂ ਚੜ੍ਹਾਈ ਕੀਤੀ ਗਈ, ਜਿਵੇਂ ਦੇਸ਼ ਵਿਚੋਂ ਕਿਸੇ ਵਿਦੇਸ਼ੀ ਹਮਲਾਵਰ ਨੂੰ ਖਦੇੜਨਾ ਹੋਵੇ। ਅੰਧਾਧੁੰਦ ਗੋਲੀਆਂ ਅਤੇ ਗੋਲੇ ਦਾਗ਼ੇ ਗਏ, ਜਿਨ੍ਹਾਂ ਨੇ ਹਜ਼ਾਰਾਂ ਮਾਸੂਮਾਂ ਅਤੇ ਬੇ-ਗੁਨਾਹਵਾਂ ਨੂੰ ਮੌਤ ਦੀ ਨੀਂਦਰੇ ਸੁਲਾ ਦਿਤਾ। ਸ੍ਰੀ ਹਰਿਮੰਦਿਰ ਸਾਹਿਬ ਦੀਆਂ ਪਵਿਤ੍ਰ ਦੀਵਾਰਾਂ ਗੋਲੀਆਂ ਦੇ ਨਾਲ ਛਾਣਨੀ-ਛਾਣਨੀ ਕਰ ਦਿਤੀਆਂ ਗਈਆਂ। ਜ਼ੁਲਮ ਅਤੇ ਅਨਿਆਇ ਦੇ ਵਿਰੁਧ ਸੰਘਰਸ਼ ਕਰਨ ਦੇ ਪ੍ਰੇਰਨਾ-ਸ੍ਰੋਤ–ਧਰਮ ਅਤੇ ਸ਼ਕਤੀ ਦੀ ਸਾਂਝ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਨੂੰ ਢਾਹ ਢੇਰੀ ਕਰ ਦਿਤਾ ਗਿਆ। ਜਿਸਦੇ ਨਾਲ ਹਰ ਸਿੱਖ ਦਾ ਦਿਲ ਚੀਤਕਾਰ ਕਰ ਉਠਿਆ, ਪਰ ਸੰਸਾਰ ਭਰ ਵਿਚੋਂ ਕਿਸੇ ਨੇ ਵੀ ਨਾ ਤਾਂ ਇਸ ਭਿਆਨਕ ਕਾਂਡ, ਜਿਸਨੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਲੂਹ ਸੁੱਟੀਆਂ ਸਨ, ਪੁਰ ਅਫਸੋਸ ਪ੍ਰਗਟ ਕੀਤਾ ਅਤੇ ਨਾ ਹੀ ਸਿੱਖਾਂ ਪ੍ਰਤੀ ਹਮਦਰਦੀ ਦੇ ਦੋ ਸ਼ਬਦ ਹੀ ਕਹੇ।
ਇਸਤਰ੍ਹਾਂ ਜਿਥੇ ਇਸ ਘਲੂਘਾਰੇ ਦੇ ਸਿੱਖਾਂ ਦੇ ਦਿਲਾਂ ਪੁਰ ਲਗੇ ਜ਼ਖਮ ਅਜ ਵੀ ਕਲ੍ਹ ਵਾਂਗ ਤਾਜ਼ਾ ਹਨ, ਉਥੇ ਹੀ ਇਹ ਸੋਚ ਵੀ ਲਗਾਤਾਰ ਬਣੀ ਚਲੀ ਆ ਰਹੀ ਹੈ ਕਿ ਆਖਿਰ ਉਹ ਕਿਹੜੇ ਕਾਰਣ ਸਨ, ਜਿਨ੍ਹਾਂ ਦੇ ਚਲਦਿਆਂ, ਇਸ ਦੁਖਦਾਈ ਕਾਂਡ ਨੂੰ ਵਾਪਰਨ ਤੋਂ ਰੋਕਿਆ ਨਹੀਂ ਸੀ ਜਾ ਸਕਿਆ, ਅਤੇ ਅਜਿਹੇ ਹਾਲਾਤ ਕਿਉਂ ਪੈਦਾ ਹੋ ਗਏ ਜਿਨ੍ਹਾਂ ਕਾਰਣ ਸੰਸਾਰ ਭਰ ਵਿਚ ਕੋਈ ਵੀ ਸਿੱਖਾਂ ਦਾ ਹਮਦਰਦ ਨਾ ਰਿਹਾ? ਇਨ੍ਹਾਂ ਛੱਬੀ ਵਰ੍ਹਿਆਂ ਵਿਚ ਇਸ ਕਾਂਡ ਦੇ ਨਾਲ ਸਬੰਧਤ ਜੋ ਵੀ ਸਾਹਿਤ ਸਾਹਮਣੇ ਆਇਆ ਹੈ, ਉਸਦੇ ਨਾਲ ਸੱਚਾਈ ਪੂਰੀ ਤਰ੍ਹਾਂ ਸਾਹਮਣੇ ਨਹੀਂ ਆ ਸਕੀ। ਇਸਦਾ ਕਾਰਣ ਇਹ ਹੈ ਕਿ ਸਾਹਮਣੇ ਆਏ ਸਾਹਿਤ ਅਤੇ ਪੇਸ਼ ਕੀਤੇ ਗਏ ਤੱਥਾਂ ਅਤੇ ਰਿਕਾਰਡ ਰਾਹੀਂ ਕੀਤੇ ਗਏ ਦਾਅਵਿਆਂ ਦੇ ਨਾਲ ਪੂਰੀ ਜ਼ਿਮੇਂਦਾਰੀ, ਇਕ ਜਾਂ ਦੂਜੀ ਧਿਰ ਪੁਰ ਸੁੱਟ ਦਿਤੀ ਗਈ ਹੋਈ ਹੈ। ਹਰ ਇਕ ਨੇ ਆਪਣੀ ਸੋਚ ਦੇ ਨਾਲ ਸਬੰਧਤ ਧਿਰ ਦੀ ਗ਼ਲਤੀ ਅਤੇ ਉਸ ਵਲੋਂ ਸਮੇਂ ਦੇ ਹਾਲਾਤ ਨੂੰ ਸਮਝਣ ਵਿਚ ਕੀਤੀ ਗਈ ਭੁਲ ਦੀ ਕਮਜ਼ੋਰੀ ਨੂੰ ਪੂਰੀ ਤਰ੍ਹਾਂ ਛੁੱਪਾ ਲਿਆ ਹੈ।
ਸ਼ਾਇਦ ਇਹੀ ਕਾਰਣ ਹੈ ਕਿ ਜਦੋਂ ਕਦੀ ਵੀ ਇਸ ਕਾਂਡ ਦੀ ਯਾਦ ਕਰਦਿਆਂ, ਇਸਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਕਿਸੇ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ, ਤਾਂ ਉਸ ਵਿਚ ਕਿਸੇ ਨਾ ਕਿਸੇ ਵਿਦਵਾਨ-ਬੁਲਾਰੇ ਵਲੋਂ, ਇਹ ਸੁਝਾਉ ਜ਼ਰੂਰ ਦਿਤਾ ਜਾਂਦਾ ਹੈ, ਕਿ ਇਸ ਘਲੂਘਾਰੇ ਨਾਲ ਸਬੰਧਤ ਪਹਿਲਾਂ ਅਤੇ ਬਾਅਦ ਵਿਚ ਹੋਈਆਂ ਘਟਨਾਵਾਂ ਦਾ ਨਿਰਪੱਖ ਵਿਸ਼ਲੇਸ਼ਣ ਕਰ, ਖੋਜ ਅਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਇਸ ਕਾਂਡ ਨਾਲ ਸਬੰਧਤ ਸਹੀ ਅਤੇ ਭਰੋਸੇਯੋਗ ਤੱਥ ਸਾਹਮਣੇ ਆ ਸਕਣ ਅਤੇ ਲੋਕਾਂ ਨੂੰ ਇਹ ਪਤਾ ਲਗ ਸਕੇ ਕਿ ਇਸ ਕਾਂਡ ਦੇ ਲਈ ਕਿਹੜੇ ਪੱਖ ਕਿਥੋਂ ਤਕ ਜ਼ਿਮੇਂਦਾਰ ਅਤੇ ਕਿਥੋਂ ਤਕ ਉਹ ਆਪਣੇ ਉਦੇਸ਼ ਪ੍ਰਤੀ ਇਮਾਨਦਾਰ ਰਹੇ ਹਨ? ਕਿਉਂਕਿ ਸਾਰੀ ਜ਼ਿਮੇਂਦਾਰੀ ਇਕ ਜਾਂ ਦੂਜੀ ਧਿਰ ’ਤੇ ਪਾ ਕੇ ਸ਼ੰਕਾਵਾਂ ਤਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ, ਪਰ ਆਪਣੀ ਜ਼ਿਮੇਂਦਾਰੀ ਤੋਂ ਬਚਿਆ ਨਹੀਂ ਜਾ ਸਕਦਾ।
ਇਸ ਗਲ ਨੂੰ ਵੀ ਚੰਗੀ ਤਰ੍ਹਾਂ ਸਮਝਣਾ ਹੋਵੇਗਾ ਕਿ ਜਦੋਂ ਤਕ ਆਪਣੀਆਂ ਗਲਤੀਆਂ ਨੂੰ ਸਵੀਕਾਰ ਨਹੀਂ ਕੀਤਾ ਜਾਇਗਾ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਕੇ, ਉਨ੍ਹਾਂ ਨੂੰ ਸੁਧਾਰਣ ਵਲ ਕਦਮ ਨਹੀਂ ਵਧਾਇਆ ਜਾਇਗਾ, ਤਦ ਤਕ ਉਹ ਗ਼ਲਤੀਆਂ ਵਧਦੀਆਂ ਹੀ ਜਾਣਗੀਆਂ। ਫਲਸਰੂਪ ਇਕ ਸਮਾਂ ਅਜਿਹਾ ਆ ਜਾਇਗਾ, ਕਿ ਆਪਣੇ ਉਦੇਸ਼ ਅਤੇ ਆਦਰਸ਼ਾਂ ਤੋਂ ਭਟਕ ਕੇ ਇਤਨੀ ਦੂਰ ਨਿਕਲ ਜਇਆ ਜਾਇਗਾ, ਜਿਥੋਂ ਮੁੜਨਾ ਮੁਸ਼ਕਿਲ ਹੀ ਨਹੀਂ, ਸਗੋਂ ਨਾਮੁਮਕਿਨ ਵੀ ਹੋ ਜਾਇਗਾ। ਇਸ ਕਰਕੇ ਇਸ ਗਲ ਦਾ ਵਿਸ਼ਲੇਸ਼ਣ ਕਰਨਾ ਹੀ ਹੋਵੇਗਾ ਕਿ ਅਮਰੀਕ ਸਿੰਘ ਤੇ ਠਾਰਾ ਸਿੰਘ ਦੀ ਗ੍ਰਿਫਤਾਰੀ ਦੇ ਵਿਰੁਧ ਮੋਰਚਾ ਚੌਕ ਮਹਿਤਾ ਤੋਂ ਸ਼ੁਰੂ ਕਰਨ ਦੀ ਬਜਾਏ, ਸ੍ਰੀ ਅਕਾਲ ਤਖਤ ਪੁਰ ਕਿਉਂ ਲਿਆਂਦਾ ਗਿਆ? ਨਹਿਰ ਰੋਕੋ ਮੋਰਚਾ ਕਪੂਰੀ ਤੋਂ ਸ਼ੁਰੂ ਹੋ ਕੇ, ਸ੍ਰੀ ਅਕਾਲ ਤਖਤ ਪੁਰ ਪੁਜਕੇ ਅਮਰੀਕ ਸਿੰਘ ਅਤੇ ਠਾਰਾ ਸਿੰਘ ਦੀ ਰਿਹਾਈ ਦੀ ਮੰਗ ਦੇ ਨਾਲ ਜੁੜ ਕੇ ਧਰਮ-ਯੁੱਧ ਕਿਵੇਂ ਬਣ ਗਿਆ?
ਧਰਮ-ਯੁੱਧ, ਜਿਸਨੂੰ ਸਿੱਖ ਮਾਨਤਾਵਾਂ ਅਨੁਸਾਰ ਗ਼ਰੀਬ-ਮਜ਼ਲੂਮ ਦੀ ਰਖਿਆ ਅਤੇ ਅਨਿਆਇ ਦੇ ਵਿਰੁਧ ਸੰਘਰਸ਼ ਵਜੋਂ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਸੀ, ਉਸ ਵਿਚ ਕਿਵੇਂ ਬੇਗੁਨਾਹਵਾਂ ਦੇ ਕਤਲਾਂ ਨੇ ਆਪਣੀ ਜਗ੍ਹਾ ਬਣਾ ਲਈ? ਇਸ ਗਲ ਦਾ ਵੀ ਵਿਸ਼ਲੇਸ਼ਣ ਕਰਨਾ ਹੋਵੇਗਾ,ਕਿ ਧਰਮ-ਯੁੱਧ ਮੋਰਚੇ ਦੌਰਾਨ ਸਮਾਜ-ਵਿਰੋਧੀ ਤੱਤਾਂ ਦੀਆਂ ਸਰਗਰਮੀਆਂ ਕਿਵੇਂ ਉਸਦਾ ਅੰਗ ਬਣਦੀਆਂ ਚਲੀਆਂ ਗਈਆਂ? ਇਥੋਂ ਤਕ ਕਿ ਛੋਟੀਆਂ-ਮੋਟੀਆਂ ਲੁੱਟ-ਖੋਹ ਦੀਆਂ ਘਟਨਾਵਾਂ ਵੀ ਧਰਮ-ਯੁੱਧ ਮੋਰਚੇ ਦੇ ਨਾਲ ਕਿਉਂ ਜੋੜੀਆਂ ਜਾਣ ਲਗ ਪਈਆਂ ਸਨ? ਇਹ ਭੇਦ ਵੀ ਤਾਂ ਤਲਾਸ਼ਣਾ ਹੀ ਹੋਵੇਗਾ, ਕਿ ਉਹ ਕਿਹੜੇ ਤੱਤ ਸਨ, ਜੋ ਸੁਰਖਿਆ ਬਲਾਂ ਦੇ ਸਖਤ ਘੇਰੇ ਵਿਚ ਹੁੰਦਿਆਂ ਹੋਇਆਂ ਵੀ, ਦਰਬਾਰ ਸਾਹਿਬ ਵਿਚ ਹਥਿਆਰ ਤੇ ਅਸੱਲਾ ਪਹੁੰਚਾਣ ਵਿਚ ਵੀ ਸਫਲ ਹੁੰਦੇ ਰਹੇ ਸਨ ਅਤੇ ਲੁਟ-ਖੋਹ ਅਤੇ ਕਤਲ ਦੀਆਂ ਘਟਨਾਵਾਂ ਦੇ ਲਈ ਜ਼ਿਮੇਂਦਾਰ ਤੱਤ, ਕਿਵੇਂ ਇਤਨੇ ਸਖਤ ਘੇਰੇ ਵਿਚੋਂ ਨਿਕਲ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਚਲੇ ਜਾਂਦੇ ਅਤੇ ਸੁਰਖਿਅਤ ਮੁੜ ਆਉਂਦੇ ਰਹੇ ਸਨ? ਆਖਿਰ ਇਸ ਸਭ ਕੁਝ ਦੇ ਪਿਛੇ ਭੇਦ ਕੀ ਸੀ?
ਜ਼ਿਮੇਂਦਾਰੀਆਂ ਬਾਰੇ ਉੇਠੇ ਕੁਝ ਸੁਆਲ : ਇਸ ਕਾਂਡ ਦੇ ਵਾਪਰਨ ਦੇ ਲਈ ਮੁਖ ਰੂਪ ਵਿਚ ਇਹੀ ਕਾਰਣ ਮੰਨਿਆ ਜਾਂਦਾ ਚਲਿਆ ਆ ਰਿਹਾ ਹੈ, ਕਿ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ, ਅਕਾਲੀਆਂ ਵਲੋਂ ਐਮਰਜੈਂਸੀ ਦੇ ਵਿਰੁਧ ਲਾਏ ਗਏ ਮੋਰਚੇ, ਜਿਸਨੂੰ ਉਹ ਐਮਰਜੈਂਸੀ ਦੀ ਵਾਪਸੀ ਤੋਂ ਬਾਅਦ ਹੋਈਆਂ ਚੋਣਾਂ ਵਿਚ ਆਪਣੀ ਪਾਰਟੀ ਦੀ ਹਾਰ ਲਈ ਮੁਖ ਰੂਪ ਵਿਚ ਜ਼ਿਮੇਂਦਾਰ ਸਮਝਦੇ ਸਨ, ਦੇ ਲਈ ਅਕਾਲੀਆਂ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ। ਪ੍ਰੰਤੂ ਸਮੇਂ ਦੇ ਨਾਲ-ਨਾਲ ਆਹਿਸਤਾ-ਆਹਿਸਤਾ ਇਸ ਕਾਂਡ ਦੇ ਨਾਲ ਸਬੰਧਤ ਜੋ ਪਰਤਾਂ ਖੁਲ੍ਹਦੀਆਂ ਚਲੀਆਂ ਆ ਰਹੀਆਂ ਹਨ, ਉਨ੍ਹਾਂ ਤੋਂ ਇਹ ਗਲ ਸਪਸ਼ਟ ਹੋਣ ਲਗੀ ਹੈ, ਕਿ ਨੀਲਾ ਤਾਰਾ ਸਾਕੇ ਦੇ ਵਾਪਰਨ ਲਈ, ਕੇਵਲ ਸ਼੍ਰੀਮਤੀ ਇੰਦਰਾ ਗਾਂਧੀ ਦੀ ਅਕਾਲੀਆਂ ਨੂੰ ਸਬਕ ਸਿਖਾਉਣ ਦੀ ਭਾਵਨਾ ਹੀ ਜ਼ਿਮੇਂਦਾਰ ਨਹੀਂ ਸੀ, ਸਗੋਂ ਇਸਦੇ ਨਾਲ ਹੀ ਕਈ ਹੋਰ ਕਾਰਣ ਵੀ ਜ਼ਿਮੇਂਦਾਰ ਸਨ।
ਕੁਝ ਸਮਾਂ ਪਹਿਲਾਂ ਜਾਰੀ ਕੀਤੀ ਗਈ, ਆਪਣੀ ਜੀਵਨ-ਕਥਾ ਵਿਚ ਭਾਜਪਾ ਦੇ ਇਕ ਸੀਨੀਅਰ ਆਗੂ ਅਤੇ ਸਾਬਕਾ ਉਪ-ਪ੍ਰਧਾਨ ਮੰਤਰੀ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ, ਲਿਖਤ ਰੂਪ ਵਿਚ ਸਵੀਕਾਰ ਕੀਤਾ ਹੈ, ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਨੇ ਦਬਾਉ ਬਣਾ ਕੇ, ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਪੁਰ ਫ਼ੌਜੀ ਕਾਰਵਾਈ ਕਰਨ ਦੇ ਲਈ ਮਜਬੂਰ ਕਰ ਦਿਤਾ ਸੀ, ਹਾਲਾਂਕਿ ਉਹ ਇਤਨਾ ਸਖਤ ਕਦਮ ਚੁਕੇ ਜਾਣ ਤੋਂ ਬਚਣ ਦੀ ਕੌਸ਼ਿਸ਼ ਕਰਦੇ ਚਲੇ ਆ ਰਹੇ ਸਨ। ਇਸੇ ਤਰ੍ਹਾਂ ਹੀ ਲਗਭਗ ਚਾਰ-ਕੁ ਵਰ੍ਹੇ ਪਹਿਲਾਂ ‘ਖਾਲੜਾ ਮਿਸ਼ਨ ਆਗੇਨਾਈਜ਼ੇਸ਼ਨ’ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ, ਜੋ ਧਰਮ-ਯੂੱਧ ਮੋਰਚੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਵਲੋਂ ਸ੍ਰੀਮਤੀ ਇੰਦਰਾ ਗਾਂਧੀ ਦੇ ਨਿਜੀ ਸਕਤ੍ਰ ਆਰ ਕੇ ਧਵਨ ਦੇ ਨਾਂ ਲਿਖੀ ਗਈ ਨਿਜੀ ਚਿੱਠੀ ਜਾਰੀ ਕਰਦਿਆਂ, ਦੋਸ਼ ਲਾਇਆ, ਕਿ ਨੀਲਾ ਤਾਰਾ ਸਾਕੇ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਵੀ ਮੁਖ ਭਾਈਵਾਲੀ ਰਹੀ ਹੈ।
ਇਸੇ ਤਰ੍ਹਾਂ ਕੁਝ ਹਲਕਿਆਂ ਵਲੋਂ ਇਹ ਵੀ ਕਿਹਾ ਗਿਆ ਕਿ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਦੇ ਨਾਲ ਮਿਲਕੇ, ਬੰਗਲਾ ਦੇਸ਼ ਦੀ ਆਜ਼ਾਦੀ ਲਈ ਅਪਨਾਈ ਗਈ ਰਣਨੀਤੀ ਅਧੀਨ, ਤਿਆਰ ਕੀਤੀ ਗਈ ‘ਮੁਕੱਤੀ ਵਾਹਿਨੀ’ ਦੀ ਅਗਵਾਈ ਕਰ ਬੰਗਲਾ ਦੇਸ਼ ਦੀ ਆਜ਼ਾਦੀ ਵਿਚ ਮੁਖ ਭੂਮਿਕਾ ਅਦਾ ਕਰਨ ਵਾਲੇ ਲੈਫ. ਜਨਰਲ ਸੁਭੇਗ ਸਿੰਘ, ਭਾਰਤੀ ਸੈਨਾ ਵਲੋਂ ਆਪਣੇ-ਆਪਨੂੰ ਹਥਿਆਰਾਂ ਦੀ ਖਰੀਦ ਵਿਚ ਗੜਬੜ ਕਰਨ ਦਾ ਦੋਸ਼ੀ ਕਰਾਰ ਦੇ ਅਪਮਾਨਤ ਕਰ ਸੇਵਾ-ਮੁਕਤ ਕਰ ਦਿਤੇ ਜਾਣ ਤੋਂ ਦੁਖੀ, ਆਪਣੇ ਇਸ ਅਪਮਾਨ ਦਾ ਬਦਲਾ ਲੈਣ ਲਈ ਸਰਕਾਰ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ। ਇਸੇ ਭਾਵਨਾ ਅਧੀਨ ਹੀ ਉਹ ਚਾਹੁੰਦੇ ਸਨ, ਕਿ ਅਜਿਹੇ ਹਾਲਾਤ ਬਣ ਜਾਣ, ਜਿਨ੍ਹਾਂ ਕਾਰਣ ਸਰਕਾਰ ਦਰਬਾਰ ਸਾਹਿਬ ਪੁਰ ਫੌਜੀ ਹਮਲਾ ਕਰਨ ਲਈ ਮਜਬੂਰ ਹੋ ਜਾਏ। ਇਸ ਸੀਥਤੀ ਦੇ ਮੁਕਾਬਲੇ ਦੇ ਲਈ, ਦਰਬਾਰ ਸਾਹਿਬ ਕੰਪਲੈਕਸ ਵਿਚ ਟਰੇਨਿੰਗ ਦੇ ਕੇ ਤਿਆਰ ਕੀਤੇ ਗਏ, ਸਿੱਖ ਨੌਜਵਾਨ ਫੌਜੀ ਹਮਲੇ ਦਾ ਮੂੰਹ ਤੋੜ ਜਵਾਬ ਦੇ ਸਕਣ।
ਇਹ ਵੀ ਦਸਿਆ ਗਿਆ ਹੈ ਕਿ ਸੰਤ ਭਿੰਡਰਾਂਵਾਲੇ ਸ੍ਰੀ ਦਰਬਾਰ ਸਾਹਿਬ ਦੀ ਪਵਿਤ੍ਰਤਾ ਕਾਇਮ ਰਖਣ ਦੇ ਲਈ ਕੰਪਲੈਕਸ ਤੋਂ ਬਾਹਰ ਆ ਭਾਰਤੀ ਫੌਜ ਦਾ ਸਾਹਮਣਾ ਕਰਨਾ ਚਾਹੁੰਦੇ ਸਨ। ਪਰ ਉਨ੍ਹਾਂ ਨੂੰ ਰੋਕ ਦਿਤਾ ਗਿਆ। ਜੇ ਇਹ ਗਲ ਸੱਚ ਹੈ ਤਾਂ ਇਹ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਉਹ ਕੌਯ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਕੰਪਲੈਕਸ ਤੋਂ ਬਾਹਰ ਨਿਕਲਣ ਤੋਂ ਰੋਕਿਆ? ੀਕਹਾ ਜਾਂਦਾ ਹੈ ਕਿ ਅਕਾਲੀਆਂ ਵਲੋਂ ਕਪੂਰੀ ਵਿਖੇ ਸ਼ੁਰੂ ਕੀਤੇ ਗਏ ਹੋਏ ਨਹਿਰ ਰੋਕੋ ਮੋਰਚੇ ਨੂੰ ਕਮਜ਼ੋਰ ਕਰਨ ਲਈ, ਉਸ ਸਮੇਂ ਦੇ ਕੇਂਦਰੀ ਗ੍ਰਹਿ ਮੰਤਰੀ ਗਿਅਨੀ ਜ਼ੈਲ ਸਿੰਘ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਭਾਈ ਅਮਰੀਕ ਸਿੰਘ ਅਤੇ ਠਾਰਾ ਸਿੰਘ ਦੀ ਗ੍ਰਿਫਤਾਰੀ ਦੇ ਵਿਰੁਧ, ਚੌਕ ਮਹਿਤਾ ਦੀ ਬਜਾਏ ਸ੍ਰੀ ਅਕਾਲ ਤਖਤ ਤੋਂ ਮੋਰਚਾ ਲਾਉਣ ਲਈ ਉਕਸਾਇਆ ਸੀ। ਕਿਹਾ ਜਾਂਦਾ ਹੈ ਕਿ ਅਕਾਲੀ ਇਸ ਪਿਛੇ ਕੰਮ ਕਰ ਰਹੀ ਸੋਚ ਨੂੰ ਸਮਝ ਨਹੀਂ ਸਕੇ ਤੇ ਉਹ ਝਟ ਹੀ ਇਸ ਡਰੋਂ ਕਿ ਕਿਧਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਉਨ੍ਹਾਂ ਨੂੰ ਪਿਛੇ ਧੱਕ, ਸਿੱਖਾਂ ਦੀ ਅਗਵਾਈ ਨਾ ਸਾਂਭ ਲੈਣ, ਉਹ ਕਪੁਰੀ ਤੋਂ ਸ਼ੁਰੂ ਕੀਤੇ ਆਪਣੇ ਨਹਿਰ ਰੋਕੋ ਮੋਰਚੇ ਨੂੰ ਝੱਟ ਅਕਾਲ ਤਖਤ ਪੁਰ ਲੈ ਆਏ ਤੇ ਉਸਨੂੰ ਭਾਈ ਅਮਰੀਕ ਸਿੰਘ ਅਤੇ ਠਾਰਾ ਸਿੰਘ ਦੀ ਰਿਹਾਈ ਦੇ ਮੋਰਚੇ ਦੇ ਨਾਲ ਸਬੰਧਤ ਕਰ ਦਿਤਾ। ਇਸਤਰ੍ਹਾਂ ਆਪਣੇ ਵਿਰੁਧ ਵਿਛਾਏ ਜਾਲ ਵਿਚ ਉਹ ਅਜਿਹੇ ਫਸੇ ਕਿ ਲਗਾਤਾਰ ਉਲਝਦੇ ਹੀ ਗਏ। ਉਨ੍ਹਾਂ ਦੀਆ ਮੰਗਾਂ ਦਾ ਚਾਰਟਰ ਵੀ ਵਧਦਾ ਹੀ ਗਿਆ, ਜੇ ਕਿਸੇ ਨੇ ਵੱਧ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਮੋਰਚਾ ਲਾਇਆ ਹੋਇਆ ਸੀ ਜਾਂ ਖਾਲਿਸਤਾਨ ਦੀ ਮੰਗ ਲੈ ਕੇ ਚਲ ਰਿਹਾ ਸੀ, ਅਕਾਲੀਆਂ ਨੇ ਉਹ ਸਾਰੀਆਂ ਹੀ ਮੰਗਾਂ ਆਪਣੇ ਧਰਮ-ਯੁੱਧ ਦੇ ਨਾਲ ਜੋੜਨੀਆਂ ਸੁਰੂ ਕਰ ਦਿਤੀਆਂ। ਇਸਤਰ੍ਹਾਂ ਉਨ੍ਹਾਂ ਆਪਣੇ-ਆਪਨੂੰ ਇਉਂ ਉਲਝਾ ਲਿਆ ਕਿ ਉਨ੍ਹਾਂ ਲਈ ਨਿਕਲਣ ਦਾ ਕੋਈ ਰਾਹ ਤਕ ਨਾ ਰਹਿ ਗਿਆ।
ਆਖਿਰ ਅਜਿਹਾ ਕੀ ਹੋਇਆ, ਜਿਸ ਕਾਰਣ ਅਕਾਲੀ ਆਗੂ ਆਪਣੇ-ਆਪਨੂੰ ਇਸਤਰ੍ਹਾਂ ਆਪਣੇ ਵਿਰੁਧ ਵਿਛਾਏ ਜਾਲ ਵਿਚ ਲਗਾਤਾਰ ਫਸਾਂਦੇ ਹੀ ਚਲੇ ਗਏ। ਇਨ੍ਹਾਂ ਤਥਾਂ ਦਾ ਵੀ ਪਤਾ ਲਾਉਣਾ ਹੋਵੇਗਾ ਕਿ ਆਖਿਰ ਅਕਾਲੀ ਆਗੂਆਂ ਅਤੇ ਸਿੱਖੀ ਅਤੇ ਸਿੱਖਾਂ ਦੇ ਸਨਮਾਨ ਦੀ ਬਹਾਲੀ ਤੇ ਰਖਿਆ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੇ ਮੁਖੀਆਂ ਦੀਆਂ ਕਿਹੜੀਆਂ ਮਜਬੂਰੀਆਂ ਸਨ, ਕਿ ਉਹ ਸਿੱਖੀ-ਆਦਰਸ਼ਾਂ ਅਤੇ ਮਾਨਤਾਵਾਂ ਦੇ ਵਿਰੁਧ ਹੋ ਰਹੇ ਬੇਗੁਨਾਹਵਾਂ ਦੇ ਕਤਲਾਂ ਦੀਆਂ ਘਟਨਾਵਾਂ ਦਾ ਵਿਰੋਧ ਕਰਨ ਲਈ ਹਿਮੰਤ ਤਕ ਨਹੀਂ ਸਨ ਜੁਟਾ ਪਾ ਰਹੇ। ਉਹ ਕਿਹੜੇ ਲੋਕੀ ਸਨ, ਜੋ ਬੇਗੁਨਾਹਵਾਂ ਦੇ ਕਤਲਾਂ ਦਾ ਸੇਹਰਾ ਆਪਣੇ ਸਿਰ ਬੰਨ੍ਹ ਸਿੱਖ ਸੰਘਰਸ਼ (ਧਰਮ-ਯੁੱਧ ਮੋਰਚੇ) ਅਤੇ ਸਿੱਖੀ ਦੇ ਆਦਰਸ਼ਾਂ ਨੂੰ ਢਾਹ ਲਾਉਣ ਦਾ ਕਾਰਣ ਬਣਦੇ ਚਲੇ ਆ ਰਹੇ ਸਨ?
3ਅਤੇ ਅੰਤ ਵਿਚ : ਕੀ ਕਦੀ ਕੋਈ ਪੰਥ-ਦਰਦੀ ਇਨ੍ਹਾਂ ਸੁਆਲਾਂ ਦੇ ਜਵਾਬ ਤਲਾਸ਼ ਕੇ, ਸੰਸਾਰ ਭਰ ਵਿੱਚ ਸਿੱਖਾਂ ਦੀ ਛੱਬੀ ਵਿਗਾੜਨ ਦੀ ਜੋ ਸਾਜ਼ਸ਼ ਨੇਪਰੇ ਚਾੜ੍ਹੀ ਗਈ ਸੀ, ਉਸਤੋਂ ਪਰਦਾ ਉਠਾਣ ਦੀ ਜ਼ਿਮੇਂਦਾਰੀ ਸੰਭਾਲਣ ਲਈ ਅੱਗੇ ਆਉਣਗੇ
 
Top