ਇਮਰੋਜ਼ ਦਾ ਕਵਿਤਾ-ਸੰਗ੍ਰਹਿ ‘ਰਿਸ਼ਤਾ’

'MANISH'

yaara naal bahara
ਰਿਸ਼ਤਾ ਨਿਭਾਉਣਾ ਔਖਾ ਹੈ, ਤੇ ਉਸ ਬਾਰੇ ਲਿਖਣਾ ਹੋਰ ਵੀ ਔਖਾ। ਦੋਹਾਂ ਹਾਲਤਾਂ ਵਿਚ ਨਿਰਲਿਪਤ ਹੋਣ ਦੀ ਲੋੜ ਹੈ- ਖਾਸ ਕਰ ਉਸ ਬਾਰੇ ਲਿਖਦਿਆਂ।
ਇਮਰੋਜ਼ ਦੀ ਕਾਵਿ-ਪੁਸਤਕ ‘ਰਿਸ਼ਤਾ’ ਇਸ ਦੀ ਮਿਸਾਲ ਹੈ, ਜੋ ਜ਼ਬਤ ਨਾਲ ਲਿਖੀ ਹੋਈ ਹੈ-ਭਾਸ਼ਾ ਵਿਚ ਵੀ ਜ਼ਬਤ ਹੈ, ਹਰ ਇਕ ਕਵਿਤਾ ਵਿਚ ਵੀ ਜ਼ਬਤ ਹੈ- ਸੰਜਮ-ਸੰਤੋਖ। ਤੇ ਉਪਭਾਵੁਕਤਾ ਤੋਂ ਬਚਣ ਦਾ ਸਬੂਤ। ਕਈ ਲੇਖਕਾਂ ਦੀ ਤਾਂ ਵਾਰਤਕ ਵਿਚ ਵੀ ਉਪਭਾਵੁਕਤਾ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਇਸ ਤੋਂ ਬਚਣ ਲਈ ਮਨ ’ਤੇ ਕਾਬੂ ਪਾਉਣ ਦੀ ਲੋੜ ਹੈ, ਤੇ ਸੰਜਮ ਵਾਲੀ ਲਿਖਣ-ਕਲਾ ਦੀ ਸੂਝ-ਸਮਝ ਦੀ ਵੀ।
ਇਮਰੋਜ਼ ਸਾਲਾਂਬੱਧੀ ਚਿੱਤਰ ਬਣਾਉਣ ਪਿੱਛੋਂ ਕਵਿਤਾ ਲਿਖਣ ਲੱਗਾ ਤਾਂ ਉਸ ਦੀ ਕਲਮ ਵੀ ਬੁਰਸ਼ ਵਾਂਗ ਗੱਲ ਕਹਿਣ ਲੱਗੀ- ਸੁਬਕ-ਸੁਹਲ ਤੇ ਨੀਵੇਂ ਸੁਰ ਵਿਚ। ਕਿਤੇ ਚੁੱਪ ਰਹਿ ਕੇ ਵੀ। ਮੈਂ ਕਈ ਸਾਲਾਂ ਤੋਂ ਉਸਦੇ ਚਿੱਤਰਕਾਰ ਰੂਪ ਵਿਚ ਸੁਬਕ-ਸੁਹਲ ਅੰਦਾਜ਼ ਵੇਖਦਾ-ਮਾਣਦਾ ਆਇਆ ਹਾਂ। ਤੇ ਹੁਣ ਉਸ ਦੀਆਂ ਕਵਿਤਾਵਾਂ ਦੇ ਪਹਿਲੇ ਤੇ ਦੂਜੇ ਸੰਗ੍ਰਹਿ ਵਿਚ ਵੀ ਇਹ ਗੁਣ ਰੂਪਮਾਨ ਹੋਇਆ ਦੇਖਿਆ ਹੈ। ਕਈ ਥਾਂâੀਂ ਉਸ ਨੇ ਕਲਮ ਬੁਰਸ਼ ਵਾਂਗ ਵਰਤੀ ਹੈ। ਬੁਰਸ਼ ਨੂੰ ਕਲਮ ਵਾਂਗ ਵਰਤਣ ਨਾਲੋਂ ਇਹ ਔਖਾ ਕੰਮ ਹੈ। ਗਿਣਤੀ ਦੇ ਹੀ ਪੰਜਾਬੀ ਲੇਖਕਾਂ ਨੇ ਕਲਮ ਨੂੰ ਬੁਰਸ਼ ਵਾਂਗ ਵਰਤਿਆ ਹੈ। ਇਸ ਲਈ ਹਰ ਚੀਜ਼ ਨੂੰ ਚਿੱਤਰਕਾਰ ਵਾਂਗ ਵੇਖਣਾ ਜ਼ਰੂਰੀ ਹੈ, ਮਹਿਸੂਸ ਕਰਨਾ ਜ਼ਰੂਰੀ ਹੈ। ਤਾਂ ਹੀ ਉਹ ਉਸ ਨੂੰ ਚਿੱਤਰਕਾਰ ਵਾਂਗ ਸਾਕਾਰ ਕਰ ਸਕਦਾ ਹੈ।
ਇਹ ਗੁਣ ਆਮ ਲੋਕਾਂ ਦੀਆਂ ਗੱਲਾਂ ਵਿਚ ਵੇਖਿਆ ਜਾ ਸਕਦਾ ਹੈ-ਉਹਨਾਂ ਦੀ ਬੋਲ-ਬਾਣੀ ਵਿਚ, ਉਹਨਾਂ ਦੇ ਅਹਿਸਾਸਾਂ ਤੇ ਗੱਲ ਕਹਿਣ ਦੇ ਅੰਦਾਜ਼ ਵਿਚ। ਲੇਖਕ ਉਹਨਾਂ ਤੋਂ ਇਹ ਗੁਣ ਕਿਉਂ ਨਹੀਂ ਸਿਖਦੇ? ਇਮਰੋਜ਼ ਮਹਾਂਨਗਰ (ਦਿੱਲੀ) ਵਿਚ ਰਹਿ ਕੇ ਵੀ ਕਿਸੇ ਹੱਦ ਤਕ ਸਾਦ-ਮੁਰਾਦਾ ਪੇਂਡੂ ਬੰਦਾ ਜਾਪਦਾ ਹੈ। ਇਹ ਗੁਣ ਪੇਂਡੂ ਮਰਦਾਂ ਨਾਲੋਂ ਤੀਵੀਂਆਂ ਵਿਚ ਵਧੇਰੇ ਦੇਖਿਆ ਜਾ ਸਕਦਾ ਹੈ। ਇਮਰੋਜ਼ ਵਿਚ ਇਹ ਗੁਣ ਉਸਨੂੰ ਸੁਬਕ-ਸੁਹਲ ਚਿੱਤਰਕਾਰ ਬਣਾਉਂਦਾ ਹੈ ਤੇ ਕਵੀ ਵੀ। ਉੇਸਦੇ ਚਿੱਤਰਾਂ ਵਿਚ ਕਾਵਿਕਤਾ ਦੇਖੀ ਜਾ ਸਕਦੀ ਹੈ ਤੇ ਉਸ ਦੀਆਂ ਕਵਿਤਾਵਾਂ ਵਿਚ ਚਿੱਤਰਕਲਾ ਰੂਪਮਾਨ ਹੋਈ ਦਿਸਦੀ ਹੈ।
ਸੰਨ 1964 ਵਿਚ ਛਪੇ ਮੇਰੇ ਕਵਿਤਾ-ਸੰਗ੍ਰਹਿ ‘‘ਉਨੈਣ-ਨਕਸ਼’’ ਵਿਚ ਇਹ ਗੁਣ ਦੇਖਿਆ ਜਾ ਸਕਦਾ ਹੈ, ਜਿਸ ਵਿਚ ਪੋਰਟ੍ਰੇਟ, ਨਿਊਡ, ਕੋਲਾਜ਼, ਸਟਿੱਲ-ਲਾਈਫ, ਲੈਂਡ-ਸਕੇਪ, ਸੈਲਫ-ਪੋਰਟ੍ਰੇਟ ਆਦਿ ਨਾਂ ਦੀਆਂ ਕਵਿਤਾਵਾਂ ਛਪੀਆਂ ਹਨ। ਉਂਜ ਮੇਰੀਆਂ ਹੋਰ ਵੀ ਅਣਗਿਣਤ ਕਵਿਤਾਵਾਂ ਵਿਚ ਚਿਤਰਾਤਮਕਤਾ ਦੇਖੀ ਜਾ ਸਕਦੀ ਹੈ ਤੇ ਕਈ ਕਵਿਤਾਵਾਂ ਤਾਂ ਨਿਰੋਲ ਚਿੱਤਰ ਜਾਪਦੀਆਂ ਹਨ।
ਇਮਰੋਜ਼ ਨਾਲ ਮੇਰੀ ਲਗਪਗ ਪੰਜਾਹ ਵਰ੍ਹਿਆਂ ਦੀ ਨੇੜਤਾ ਦਾ ਇਹ ਵੀ ਕਾਰਨ ਹੈ। ਅਜਿਹੀ ਸਾਂਝ ਨਿਭਾਉਣੀ ਔਖੀ ਵੀ ਹੈ ਤੇ ਸੌਖੀ ਵੀ। ਮੈਨੂੰ ਇਹ ਵਧੇਰੇ ਸੌਖੀ ਲੱਗੀ ਹੈ।
-ਸੁਖਬੀਰ
 
Top