ਬੜੂ ਸਾਹਿਬ ਗੁਰਦੁਆਰਾ

ਸਿਰਮੌਰ ਦਾ ਸਰਤਾਜ




ਬੜੂ ਸਾਹਿਬ ਗੁਰਦੁਆਰਾ ਉਤਰੀ ਭਾਰਤ ਵਿਚ ਸਭ ਤੋਂ ਪ੍ਰਸਿੱਧ ਮੰਨਿਆ ਜਾਂਦਾ ਹੈ। ਭਾਵੇਂ ਇਸ ਨੂੰ ਬਣੇ ਅਜੇ ਤਿੰਨ ਦਹਾਕੇ ਹੀ ਹੋਏ ਹਨ ਪਰ ਇਸ ਨੇ ਕੁਝ ਹੀ ਸਮੇਂ ਵਿਚ ਬਹੁਤ ਤਰੱਕੀ ਕੀਤੀ ਹੈ ਜਿਸ ਦਾ ਸਿਹਰਾ ਸ. ਇਕਬਾਲ ਸਿੰਘ ਕਿੰਗਰਾ ਨੂੰ ਜਾਂਦਾ ਹੈ। ਜਿਨ੍ਹਾਂ ਨੂੰ ਅੱਜਕੱਲ੍ਹ ਇਸ ਗੁਰਦੁਆਰੇ ਦੇ ਸਾਰੇ ਕਰਮਚਾਰੀ ਬਾਬਾ ਜੀ ਕਹਿ ਕੇ ਬੁਲਾਉਂਦੇ ਹਨ। ਉਹ ਇਕ ਵੱਖਰੇ ਕਮਰੇ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਮਿਲਣ ਲਈ ਸਿਰਫ ਕੁੱਝ ਵਿਸ਼ੇਸ਼ ਵਿਅਕਤੀ ਹੀ ਜਾ ਸਕਦੇ ਹਨ।
ਸ੍ਰੀ ਕਿੰਗਰਾ ਜੀ ਹਿਮਾਚਲ ਪ੍ਰਦੇਸ਼ ਖੇਤੀਬਾੜੀ ਵਿਭਾਗ ਵਿਚੋਂ ਡਾਇਰੈਕਟਰ ਦੇ ਤੌਰ ’ਤੇ ਰਿਟਾਇਰ ਹੋਏ ਹਨ। ਉਨ੍ਹਾਂ ਨੇ ਇਸ ਗੁਰਦੁਆਰੇ ਦਾ ਨੀਂਹ-ਪੱਥਰ 1979 ਵਿਚ ਰੱਖਿਆ ਸੀ। ਜਿਸ ਦੇ ਲਈ ਉਨ੍ਹਾਂ ਨੇ 1500 ਗਜ਼ ਜ਼ਮੀਨ ਬੜੂ ਨਾਮ ਪਿੰਡ ਦੇ ਕਿਸਾਨਾਂ ਤੋਂ ਖਰੀਦੀ ਸੀ। ਇਸ ਗੁਰਦੁਆਰੇ ਦਾ ਨਾਮ ਉਨ੍ਹਾਂ ਨੇ ਸਿੱਖਿਆ ਨਾਲ ਵੀ ਜੋੜ ਦਿੱਤਾ ਹੈ ਜਿਸ ਕਾਰਨ ਇਸ ਗੁਰਦੁਆਰੇ ਦਾ ਮਹੱਤਵ ਨਾ ਸਿਰਫ ਦੇਸ਼ ਵਿਚ ਸਗੋਂ ਵਿਦੇਸ਼ਾਂ ਵਿਚ ਵੀ ਮਸ਼ਹੂਰ ਹੋ ਗਿਆ ਹੈ।
ਪਹਿਲਾਂ ਇਸ ਗੁਰਦੁਆਰਾ ਸਾਹਿਬ ਵਿਖੇ ਪ੍ਰਾਇਮਰੀ ਸਿੱਖਿਆ ਤੱਕ ਹੀ ਸਕੂਲ ਖੋਲ੍ਹਿਆ ਗਿਆ ਸੀ ਪਰ ਬਾਅਦ ਵਿਚ ਇਸ ਨੂੰ ਬਾਰ੍ਹਵੀਂ ਤੱਕ ਕਰ ਦਿੱਤਾ ਗਿਆ। ਇਸ ਸਕੂਲ ਵਿਚ ਸਥਾਨਕ ਬੱਚਿਆਂ ਨੂੰ ਮੁਫਤ ਵਿਚ ਦਾਖਲ ਕੀਤਾ ਜਾਂਦਾ ਸੀ ਪਰ ਬਾਹਰੋਂ ਆਉਣ ਵਾਲੇ ਬੱਚਿਆਂ ਤੋਂ ਫੀਸ ਲਈ ਜਾਂਦੀ ਸੀ। ਇਸ ਸਕੂਲ ਵਿਚੋਂ ਵਿਦੇਸ਼ੀ ਵਿਦਿਆਰਥੀ ਵੀ ਸਿੱਖਿਆ ਹਾਸਲ ਕਰਨ ਲਈ ਆਉਂਦੇ ਹਨ ਜਿਨ੍ਹਾਂ ਦੀ ਸੰਖਿਆ ਸੈਂਕੜਿਆਂ ਵਿਚ ਹੈ। ਇਸ ਸਕੂਲ ਵਿਚ ਅਧਿਆਪਕ ਸਿਖਲਾਈ ਕੇਂਦਰ ਵੀ ਸਥਾਪਤ ਕੀਤਾ ਹੋਇਆ ਹੈ।
ਇਸ ਗੁਰਦੁਆਰੇ ਵਿਚ ਮੈਡੀਕਲ ਕਾਲਜ ਦੇ ਨਾਲ ਨਾਲ ਇੰਜੀਨੀਅਰਿੰਗ ਕਾਲਜ ਅਤੇ ਨਰਸਿੰਗ ਸਿੱਖਿਆ ਸੰਸਥਾ ਵੀ ਖੁੱਲ੍ਹ ਗਈ ਹੈ। ਹੁਣ ਗੁਰਦੁਆਰੇ ਦੇ ਕੋਲ ਇਕ ਨਿੱਜੀ ਵਿਦਿਅਕ ਸੰਸਥਾ ਵੀ ਹੈ ਜਿਸ ਦਾ ਨਾਂਮ ਕਲਗੀਧਰ ਟਰੱਸਟ ਅਕਾਲ ਅਕੈਡਮੀ ਰੱਖਿਆ ਗਿਆ ਹੈ। ਇਸ ਨੂੰ ਇਕ ਵਿਸ਼ੇਸ਼ ਸੰਗਠਨ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਇਸ ਦਾ ਮੁਖੀਆ ਪ੍ਰਬੰਧਕ ਵਜੋਂ ਕੰਮ ਕਰਦਾ ਹੈ। ਇਸ ਸੰਗਠਨ ਦੇ ਕਈ ਮੈਂਬਰ ਹਨ ਜੋ ਵੱਖ ਵੱਖ ਥਾਵਾਂ ’ਤੇ ਉਚੇ ਅਹੁਦਿਆਂ ’ਤੇ ਕੰਮ ਕਰ ਰਹੇ ਹਨ। ਅਕੈਡਮੀ ਦਾ ਆਪਣਾ 250 ਬਿਸਤਰਿਆਂ ਦਾ ਅਕਾਲ ਚੈਰੀਟੇਬਲ ਹਸਪਤਾਲ ਵੀ ਹੈ ਜਿਥੇ ਸਥਾਨਕ ਲੋਕਾਂ ਦਾ ਇਲਾਜ ਮੁਫਤ ਵਿਚ ਕੀਤਾ ਜਾਂਦਾ ਹੈ।
ਇਸ ਅਕੈਡਮੀ ਦੇ ਹੇਠ ਕੁੱਲ 62 ਸਕੂਲ ਚੱਲ ਰਹੇ ਹਨ ਜਿਨ੍ਹਾਂ ਵਿਚ 83000 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਨ੍ਹਾਂ ਸਕੂਲਾਂ ਵਿਚ ਪੜ੍ਹਾਈ ਦਾ ਪੈਟਰਨ ਸੀ.ਬੀ.ਐਸ.ਸੀ. ਅਨੁਸਾਰ ਹੈ ਜੋ ਨਵੀਂ ਦਿੱਲੀ ਨਾਲ ਸਬੰਧਤ ਹੈ। ਇਹ ਸੰਸਥਾਵਾਂ ਕੁੱਲ 550 ਏਕੜ ਜ਼ਮੀਨ ਵਿਚ ਫੈਲੀਆਂ ਹੋਈਆਂ ਹਨ। ਇਸ ਵਿਚ ਕੁੱਲ ਛੇ ਕਾਲਜ ਹਨ ਜਿਨ੍ਹਾਂ ਵਿਚ 1500 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ 650 ਵਿਦਿਆਰਥੀ ਮੁਫਤ ਵਿਦਿਆ ਪ੍ਰਾਪਤ ਕਰ ਰਹੇ ਹਨ। ਇਸ ਵਿਚ ਬਜ਼ੁਰਗਾਂ ਅਤੇ ਵਿਧਵਾਵਾਂ ਲਈ ਅਕਾਲ ਆਸ਼ਰਮ ਵੀ ਖੋਲ੍ਹਿਆ ਗਿਆ ਹੈ ਜਿਸ ਵਿਚ 200 ਬਜ਼ੁਰਗ ਅਤੇ 200 ਵਿਧਵਾਵਾਂ ਨੇ ਆਸਰਾ ਲਿਆ ਹੋਇਆ ਹੈ। ਇਸ ਤੋਂ ਇਲਾਵਾ ਇਥੇ 800 ਬੱਚੇ ਅਤੇ ਬੱਚੀਆਂ ਰਹਿ ਰਹੀਆਂ ਹਨ ਜਿਨ੍ਹਾਂ ਨੂੰ ਮੁਫਤ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਅਕਾਲ ਅਕੈਡਮੀ ਦੀ ਸਥਾਪਨਾ ਤੋਂ ਬਾਅਦ ਇਸ ਛੋਟੇ ਜਿਹੇ ਪਿੰਡ ਦੀ ਪ੍ਰਸਿੱਧੀ ਨਾ ਕੇਵਲ ਭਾਰਤ ਵਿਚ ਸਗੋਂ ਪੂਰੀ ਦੁਨੀਆ ਵਿਚ ਹੋ ਗਈ ਹੈ। ਇਥੇ ਬਾਹਰਲੇ ਰਾਜਾਂ ਤੋਂ ਵੀ ਸ਼ਰਧਾਲੂ ਆਉਂਦੇ ਹਨ ਅਤੇ ਰਾਜ ਨੇਤਾ ਇਥੇ ਆ ਕੇ ਆਪਣੇ ਆਪ ਨੂੰ ਵਡਭਾਗੇ ਸਮਝਦੇ ਹਨ। ਪੰਜਾਬ ਦੇ ਮੁੱਖ ਮੰਤਰੀ ਤੇ ਉਨ੍ਹਾਂ ਦਾ ਪਰਿਵਾਰ ਇਥੇ ਅਕਸਰ ਆਉਂਦਾ ਰਹਿੰਦਾ ਹੈ। ਗੁਰਦੁਆਰੇ ਦਾ ਆਪਣਾ ਨਿੱਜੀ ਹੈਲੀਪੈਡ ਵੀ ਹੈ। ਵਿਦੇਸ਼ਾਂ ਤੋਂ ਵੀ ਸ਼ਰਧਾਲੂ ਇਥੇ ਆਉਂਦੇ ਰਹਿੰਦੇ ਹਨ ਜਿਨ੍ਹਾਂ ਦੇ ਬੱਚੇ ਇਸ ਅਕੈਡਮੀ ਵਿਚ ਪੜ੍ਹਾਈ ਕਰਦੇ ਹਨ। ਇਨ੍ਹਾਂ ਵਿਚ ਜ਼ਿਆਦਾਤਰ ਵਿਦਿਆਰਥੀ ਅਮਰੀਕਾ, ਜਰਮਨੀ, ਇੰਗਲੈਡ, ਕੈਲੀਫੋਰਨੀਆ ਆਦਿ ਵਿਦੇਸ਼ੀ ਰਾਜਾਂ ਤੋਂ ਆਉਂਦੇ ਹਨ। ਇਨ੍ਹਾਂ ਵਿਦਿਆਰਥੀਆਂ ਦੀ ਸੰਖਿਆ 500 ਦੇ ਕਰੀਬ ਹੈ।
ਬੜੂ ਸਾਹਿਬ ਕਈ ਸੜਕਾਂ ਨਾਲ ਜੁੜਿਆ ਹੋਇਆ ਹੈ ਜੋ ਨਾਹਨ ਤੋਂ ਵਾਇਆ ਬਾਗਧਨ 102 ਕਿਲੋਮੀਟਰ ਦੀ ਦੂਰੀ ’ਤੇ ਹੈ। ਸੋਲਨ ਤੋਂ ਰਾਜਗੜ੍ਹ ਦੇ ਰਸਤੇ ਇਹ ਸਥਾਨ 85 ਕਿਲੋਮੀਟਰ ਪੈਂਦਾ ਹੈ। ਚੰਡੀਗੜ੍ਹ ਤੋਂ ਸਰਾਹਾਂ-ਬਾਗਧਨ 190 ਕਿਲੋਮੀਟਰ ਪੈਂਦਾ ਹੈ।
ਗੁਰਦੁਆਰੇ ਵਿਚ ਆਉਂਦੇ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਵੀ ਹੈ। ਇਸ ਤੋਂ ਇਲਾਵਾ ਬਾਹਰੋਂ ਆਏ ਸ਼ਰਧਾਲੂਆਂ ਲਈ ਰਹਿਣ ਦਾ ਪ੍ਰਬੰਧ ਹੈ। ਗੁਰਦੁਆਰੇ ਦਾ ਸਾਰਾ ਕੰਮ ਸੂਰਜੀ ਊਰਜਾ ਰਾਹੀਂ ਕੀਤਾ ਜਾਂਦਾ ਹੈ ਜਿਸ ਦੀ ਦੇਖ-ਰੇਖ ਲਈ ਇਕ ਮਾਹਰ ਰੱਖਿਆ ਹੋਇਆ ਹੈ। ਇਸ ਸਿਸਟਮ ਉਪਰ 5.5 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਸਿਸਟਮ ਤੋਂ ਪੈਦਾ ਹੋਈ ਊਰਜਾ ਨਾਲ ਹੀ ਲੰਗਰ ਤਿਆਰ ਕੀਤਾ ਜਾਂਦਾ ਹੈ ਅਤੇ ਬਿਜਲੀ ਦਾ ਵੀ ਇਹੋ ਸਰੋਤ ਹੈ। ਇਹ ਹਿਮਾਚਲ ਪ੍ਰਦੇਸ਼ ਦਾ ਪਹਿਲਾ ਤੀਰਥ ਸਥਾਨ ਹੈ ਜਿਥੇ ਸਾਰਾ ਕੰਮ ਸੂਰਜੀ ਊਰਜਾ ਨਾਲ ਕੀਤਾ ਜਾਂਦਾ ਹੈ ਅਤੇ 15 ਲੱਖ ਰੁਪਏ ਪ੍ਰਤੀ ਸਾਲ ਬੱਚਤ ਕੀਤੀ ਜਾਂਦੀ ਹੈ।
 
Top