ਜੂਨ 84: ਭਵਿੱਖ ਲਈ ਕੇਂਦਰ ਬਿੰਦੂ

ਸਿੱਖ ਪੰਥ ਦੇ ਭਵਿੱਖ ਨੂੰ ਤਹਿ ਕਰਦਿਆਂ ਜੂਨ 84 ਘੱਲ਼ੂਘਾਰਾ ਇਕ ਅਹਿਮ ਕੇਂਦਰੀ ਬਿੰਦੂ ਹੈ। ਇਸਦੀ ਗੱਲ ਕੀਤੇ ਤੋਂ ਬਿਨਾਂ ਪੰਥ ਦਾ ਭਵਿੱਖ ਤਹਿ ਕਰਨ ਦੀਆਂ ਸੋਚਣ ਵਾਲੇ ਪੰਥ ਦੋਖੀ ਹਨ। ਇਹੀ ਇਕ ਅਜਿਹਾ ਨੁਕਤਾ ਹੈ ਜਿਸ ਉੱਤੇ ਇਕ ਮਤ ਹੋਕੇ ਅਸੀਂ ਆਪਣੇ ਅਗਲੇਰੇ ਰਾਹ ਤਹਿ ਕਰ ਸਕਦੇ ਹਾਂ। ਜੂਨ 84 ਘੱਲੂਘਾਰਾ ਜਿੱਥੇ ਸਾਨੂੰ ਭਾਰਤੀ ਕਹਾਉਂਣ ਤੋਂ ਸ਼ਰਮ ਮਹਿਸੂਸ ਕਰਵਾਉਂਦਾ ਹੈ ਉੱਥੇ ਦੁਨੀਆਂ ਦੇ ਨਕਸ਼ੇ ਉੱਤੇ ਪੰਥ ਦੀ ਸਿਆਸੀ ਹੋਂਦ-ਹਸਤੀ ਕਾਇਮ ਕਰਨ ਲਈ ਵੀ ਪਰੇਰਦਾ ਹੈ।
ਹਰ ਉਸ ਸਿੱਖ ਨੂੰ ਪੰਥ ਦਾ ਹਿੱਸਾ ਕਹਾਉਂਣ ਦਾ ਹੱਕ ਹੈ ਜੋ ਜੂਨ 84 ਘੱਲੂਘਾਰੇ ਦੇ ਸ਼ਹੀਦਾਂ ਦੇ ਹੱਕ ਵਿਚ ਅਤੇ ਹਮਲਾਵਾਰਾਂ ਦੇ ਵਿਰੋਧ ਵਿਚ ਖੜ੍ਹਾ ਹੈ। ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਿਸੇ ਇਕ ਜਾਂ ਵੱਧ ਇਮਾਰਤਾਂ ਉੱਤੇ ਹਮਲਾ ਨਹੀਂ ਸੀ ਸਗੋਂ ਇਹ ਤਾਂ ਗੁਰੂ ਸਾਹਿਬਾਨ ਦੇ ਉਸ ਸਿਧਾਂਤ ਉੱਤੇ ਹਮਲਾ ਸੀ ਜਿਸ ਮੁਤਾਬਕ
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥ (ਅੰਗ 97)
ਦਾ ਹੋਕਾ ਦਿੱਤਾ ਗਿਆ ਸੀ।
ਸਮੇਂ ਦੇ ਹਾਕਮਾਂ, ਜੋ ਕਿ ਪਿਛਲੀਆਂ ਦਸ ਸਦੀਆਂ ਤੋਂ ਗੁਲਾਮ ਸਨ ਤੇ ਕਪਟੀ ਤਰੀਕਿਆਂ ਨਾਲ ਉਹਨਾਂ ਨੇ ਰਾਜ ਪਰਬੰਧ ਆਪਣੀ ਮਨੂੰਵਾਦੀ ਸੋਚ ਨੂੰ ਲਾਗੂ ਕਰਨ ਲਈ ਹਾਸਲ ਕਰ ਲਿਆ ਸੀ, ਨੂੰ ਇਹ ਮਨਜੂਰ ਨਹੀਂ ਸੀ ਕਿ ਭਾਰਤੀ ਉਪਮਹਾਂਦੀਪ ਵਿਚ ਵਸਦੇ ਕਰੋੜਾਂ ਲੋਕ ਬ੍ਰਾਹਮਣਵਾਦ ਦੇ ਜੂਲੇ ਥੱਲਿਓ ਨਿਕਲਣ ਜਿਹਨਾਂ ਨੂੰ ਵੇਦਾਂ ਦੀ ਵਰਣ ਵੰਡ ਰਾਹੀਂ ਸੋਸ਼ਿਤ ਕੀਤਾ ਜਾ ਰਿਹਾ ਸੀ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਨਾ ਕੀਤੀ ਜਿਸ ਤੋਂ ਭਾਵ ਸੀ ਕਿ ਦੁਨੀਆਵੀ ਤਖ਼ਤਾਂ ਤੋਂ ਸਿਧਾਂਤਕ ਪੱਖ ਤੋਂ ਉੱਚਾ, ਜਿਸਦੀ ਪ੍ਰਭੂਸੱਤਾ ਕਿਸੇ ਖਾਸ ਖਿੱਤੇ ਤੱਕ ਹੀ ਸੀਮਤ ਨਹੀਂ ਸਗੋਂ ਧਰਤੀ ਦੇ ਹਰੇਕ ਕੋਨੇ ਤੇ ਅਕਾਲ ਪੁਰਖ ਦੀ ਸੱਤਾ ਦੀ ਹਰੇਕ ਨੁੱਕਰ ਤੱਕ ਇਸਦੀ ਪਹੁੰਚ ਹੋਵੇ।ਜਦੋਂ-ਜਦੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਜਿਹੀ ਸੱਤਾ ਦਾ ਪਰਗਟਾਵਾ ਕੀਤਾ ਗਿਆ ਤਾਂ ਦੁਨਿਆਵੀ ਤਖ਼ਤਾਂ ਨੇ ਇਸ ਨਾਲ ਟੱਕਰ ਲਈ, ਰਾਜ ਪਰਬੰਧ ਭਾਵੇਂ ਮੁਗਲਾਂ, ਅੰਗਰੇਜ਼ਾਂ , ਬ੍ਰਾਹਮਣਵਾਦੀਆਂ ਜਾਂ ਸਾਡੀ ਆਪਣੀ ਬਾਹਰੀ ਸ਼ਕਲ ਨਾਲ ਮਿਲਦੇ-ਜੁਲਦੇ ਜੀਵਾਂ ਦਾ ਹੋਵੇ।
ਵਰਤਮਾਨ ਸਮੇਂ ਵਿਚ ਦੇਖੀਏ ਤਾਂ ਸਿੱਖ ਨੌਜਵਾਨ ਪੀੜੀ ਜੋ ਕਿ 80ਵਿਆਂ ਵਿਚ ਜਨਮੀ ਸੀ ਜੂਨ 84 ਬਾਰੇ ਜਿਆਦਾ ਸੁਚੇਤ ਹੈ ਮੁਕਾਬਲਤਨ ਉਸ ਪੀੜੀ ਤੋਂ ਜੋ ਕੇਵਲ ਇਹੀ ਕਹਿੰਦੀ ਰਹੀ ਕਿ ਸੰਤਾਂ ਨੂੰ ਕੀ ਲੋੜ ਸੀ ਅਕਾਲ ਤਖ਼ਤ ਸਾਹਿਬ ਉੱਤੇ ਜਾਣ ਦੀ।ਉਹਨਾਂ ਨੂੰ ਲੱਗਦਾ ਰਿਹਾ ਤੇ ਅੱਜ ਵੀ ਲੱਗਦਾ ਹੈ ਕਿ ਜੇ ਕਿਤੇ ਸੰਤ ਅਕਾਲ ਤਖ਼ਤ ਸਾਹਿਬ ਉੱਤੇ ਨਾ ਜਾਂਦੇ ਤਾਂ ਜੂਨ 84 ਦਾ ਹਮਲਾ ਨਾ ਹੁੰਦਾ। ਉਹਨਾਂ ਦੀ ਸਮਝ ਦਾ ਪੱਧਰ ਏਨਾ ਕੁ ਹੈ। ਪਰ ਮੈਂ ਹੈਰਾਨ ਹੁੰਦਾ ਹਾਂ ਕਿ ਉਸੇ ਸਮੇਂ ਵਿਚ ਪੱਛਮੀ ਪੰਜਾਬ ਵਿਚ ਬੈਠਾ ਇਕ ਕਵੀ ਐਡਵੋਕੇਟ ਅਫਜ਼ਲ ਅਹਿਸਨ ਰੰਧਾਵਾ ਕਿਵੇਂ ਜੂਨ 84 ਦੇ ਅਸਲ ਕਾਰਨ ਦੀ ਝੱਟ ਨਬਜ਼ ਫੜ੍ਹ ਲੈਂਦਾ ਕਹਿੰਦਾ ਹੈ ਕਿ;
"ਅੱਜ ਵੈਰੀਆਂ ਕੱਢ ਵਿਖਾਲਿਆ ਹੈ ਪੰਜ ਸਦੀਆਂ ਦਾ ਵੈਰ"
ਉਸਦੀ ਨਵਾਂ ਘੱਲੂਘਾਰਾ ਨਾਮੀ ਕਵਿਤਾ ਪੜ੍ਹ ਕੇ ਲੱਗਦਾ ਹੈ ਕਿ ਕੋਈ ਵਜਦ ਵਿਚ ਆਕੇ ਮਨੁੱਖਤਾ ਦੇ ਕੇਂਦਰੀ ਧੁਰੇ ਨੂੰ ਖੂਨ ਨਾਲ ਲੱਥ-ਪੱਥ ਮਹਿਸੂਸ ਕਰਕੇ ਰੋ ਰਿਹਾ ਹੈ ਕਿ ਹੇ ਮਨੁੱਖਤਾ ਹੁਣ ਜਦੋਂ ਤੇਰਾ ਧੁਰਾ ਹੀ ਹਿੱਲ ਗਿਆ ਹੈ ਤਾਂ ਤੇਰਾ ਕੀ ਬਣੇਗਾ ? ਸ਼ਾਇਦ ਇਸ ਕਵਿਤਾ ਰਾਹੀਂ ਉਹ ਮਨੁੱਖਤਾ ਉੱਤੇ ਆਉਂਣ ਵਾਲੇ ਪਰਕੋਪ ਨੂੰ ਵੀ ਦੇਖ ਰਿਹਾ ਹੈ।
ਜਦੋਂ ਅਸੀਂ ਜੂਨ 84 ਹਮਲੇ ਦੀ ਗੱਲ ਕਰਦੇ ਹਾਂ ਕਿ ਇਸ ਪਿੱਛੇ ਦੋ ਤਰ੍ਹਾਂ ਦੇ ਕਾਰਨ ਹਨ। ਇਕ ਤਾਂ ਜੋ ਪੰਜ ਸਦੀਆਂ ਦੇ ਵੈਰ ਦੀ ਗੱਲ ਹੈ ਅਤੇ ਦੂਜੀ ਦਿੱਲੀ ਤਖ਼ਤ ਦੇ ਸਮਕਾਲੀ ਹਲਾਤ।
ਪੰਜ ਸਦੀਆਂ ਦੇ ਵੈਰ ਦੀ ਗੱਲ ਨੂੰ ਖੋਲਦਿਆਂ ਪਤਾ ਲੱਗਦਾ ਹੈ ਕਿ 1984 ਤੋਂ ਪਿੱਛੇ ਪੰਜ ਸਦੀਆਂ 1484 ਬਣਦੇ ਹਨ।ਤਾਂ ਫਿਰ ਇਤਿਹਾਸ ਪੜ੍ਹਿਆਂ ਪਤਾ ਲੱਗਦਾ ਹੈ ਕਿ 1484 ਵਿਚ ਗੁਰੂ ਨਾਨਕ ਸਾਹਿਬ ਜੀ ਸੁਲਤਾਨਪਰ ਲੋਧੀ ਵਿਖੇ ਆ ਕੇ ਤੇਰ੍ਹਾਂ-ਤੇਰ੍ਹਾਂ ਤੋਲਣ ਲੱਗ ਪਏ ਸਨ ਭਾਵ ਕਿ ਉਹਨਾਂ ਨੇ ਸੰਸਾਰ ਦੇ ਪਰਬੰਧ ਚਲਾਉਂਣ ਲਈ ਉਹਨਾਂ ਸਿਧਾਤਾਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਸੀ ਜੋ ਬ੍ਰਾਹਮਣਵਾਦੀਆਂ ਦੇ ਵੰਡ ਦੇ ਸਿਧਾਤਾਂ ਨੂੰ ਪਰ੍ਹੇ ਵਗਾਹ ਮਾਰਦੇ ਸਨ।ਬ੍ਰਾਹਮਣਵਾਦੀਆਂ ਦੁਆਰਾ ਆਪਣੇ ਨਿੱਜੀ ਹਿੱਤਾਂ ਲਈ ਸਮਾਜਕ, ਧਾਰਮਕ, ਸਿਆਸੀ, ਆਰਥਕ ਤੇ ਸੱਭਿਆਚਾਰਕ ਖੇਤਰਾਂ ਵਿਚ ਪਾਈਆਂ ਵੰਡੀਆਂ ਤੇ ਵਿਤਕਰੇ ਬਿਲਕੁਲ ਮਨਜੂਰ ਨਹੀਂ ਸੀ ਤੇ ਉਹਨਾਂ ਨੇ ਜਿੱਥੇ ਇਸਦਾ ਡਟਵਾਂ ਵਿਰੋਧ ਕੀਤਾ ਉੱਥੇ ਨਵੇਂ ਢਾਚਿਆਂ ਦੀ ਉਸਾਰੀ ਵੀ ਨਾਲੋਂ-ਨਾਲ ਕੇਵਲ ਕਰ ਹੀ ਨਹੀਂ ਦਿੱਤੀ ਸਗੋਂ ਇਹਨਾਂ ਨੂੰ ਲਾਗੂ ਵੀ ਕਰ ਦਿੱਤਾ।
ਸਾਂਝੀ ਪੰਗਤ-ਸੰਗਤ, ਸਾਂਝੇ ਇਸ਼ਨਾਨ ਅਸਥਾਨਾਂ, ਔਰਤ ਦੀ ਬਰਾਬਰੀ ਨੇ ਸਮਾਜਕ, ਧਾਰਮਕ ਤੇ ਸੱਭਿਆਚਾਰਕ ਵਿਤਕਰਿਆਂ ਨੂੰ ਸੱਟ ਮਾਰੀ, ਤੇਰ੍ਹਾਂ-ਤੇਰ੍ਹਾਂ ਤੋਲ ਕੇ, ਧਰਮ ਦੀ ਕਿਰਤ ਕਰਕੇ ਦਸਵੰਧ ਕੱਢਣ ਦਾ ਉਪਦੇਸ਼ ਦੇ ਕੇ, ਗਰੀਬ ਕੀ ਰਸਨਾ ਗੁਰੂ ਕੀ ਗੋਲਕ ਕਹਿ ਕੇ ਅਤੇ "ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥" ਦਾ ਅਟੱਲ ਨਿਯਮ ਦਰਸਾ ਕੇ ਨਵਾਂ ਆਰਥਕ ਪਰਬੰਧ ਸਿਰਜ ਦਿੱਤਾ।
1699 ਵਿਚ ਦਸਵੇਂ ਨਾਨਕ ਜੀ ਨੇ ਅਕਾਲ ਪੁਰਖ ਦੀ ਸੱਤਾ ਦੀ ਰਾਖੀ ਲਈ ਸਿਰਜੇ ਮਨੁੱਖ ਨੂੰ ਖ਼ਾਲਸਾ ਰੂਪ ਵਿਚ ਪਰਗਟ ਕਰ ਦਿੱਤਾ ਅਤੇ ਉਸਦੀਆਂ ਖਾਸ ਜਿੰਮੇਵਾਰੀਆਂ ਆਇਦ ਕਰ ਦਿੱਤੀਆਂ ਕਿ ਅਕਾਲ ਪੁਰਖ ਦੀ ਸੱਤਾ ਦੀ ਰਾਖੀ ਲਈ ਰਹਿੰਦੀ ਦੁਨੀਆਂ ਤੱਕ ਸੰਘਰਸ਼ ਕਰਨਾ ਹੈ ਜੋ ਕਿ ਖ਼ਾਲਸਾ ਵੱਖ-ਵੱਖ ਰੂਪਾਂ-ਵੇਸਾਂ ਵਿਚ ਅੱਜ ਵੀ ਨਿਰੰਤਰ ਜਾਰੀ ਰੱਖ ਰਿਹਾ ਹੈ।
1984 ਵਿਚ ਗੁਰੂ ਦੇ ਖਾਲਸੇ ਦਾ ਜਲਾਲੀ ਰੂਪ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਰੂਪ ਵਿਚ ਪਰਗਟਿਆ ਜਿਸ ਦਾ ਤੇਜ ਬ੍ਰਾਹਮਣਵਾਦੀਆਂ ਤੇ ਉਹਨਾਂ ਦੇ ਹਮਾਇਤੀਆਂ ਤੋਂ ਝੱਲਿਆ ਨਾ ਗਿਆ ਤੇ ਉਹਨਾਂ ਨੇ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਂਣ ਲਈ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਉੱਤੇ ਹਮਲਾ ਕਰ ਦਿੱਤਾ ਕਿਉਂੁਕਿ ਬ੍ਰਾਹਮਣਵਾਦੀਆਂ ਨੂੰ ਲੱਗਣ ਲੱਗ ਪਿਆ ਸੀ ਕਿ ਸਾਡੀ ਸਿਧਾਂਤਕ ਮੌਤ ਦਾ ਸਮਾਂ ਨੇੜੇ ਆ ਗਿਆ ਹੈ।
ਦੂਜਾ ਜੋ ਤਤਕਾਲੀਨ ਕਾਰਨ ਦਿੱਲੀ ਤਖ਼ਤ ਦੇ ਹਲਾਤ ਅਜਿਹੇ ਸਨ ਕਿ ਕਾਂਗਰਸ ਪਾਰਟੀ ਜੋ ਕਿ ਬ੍ਰਾਹਮਣਵਾਦੀਆਂ ਦੀ ਨੁੰਮਾਇੰਦਾ ਸਿਆਸੀ ਜਮਾਤ ਸੀ, ਨੇ ਦੇਖਿਆ ਕਿ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਭਾਰਤੀ ਉਪਮਹਾਂਦੀਪ ਦੀਆਂ ਤਮਾਮ ਸੰਘਰਸ਼ਸ਼ੀਲ਼ ਧਿਰਾਂ ਦੇ ਨੁੰਮਾਇੰਦੇ ਇਕੱਤਰ ਹੋਣੇ ਸ਼ੁਰੂ ਹੋ ਗਏ ਹਨ ਅਤੇ ਕਿਤੇ ਅਕਾਲ ਤਖ਼ਤ ਆਉਂਦੇ ਸਮੇਂ ਵਿਚ ਦਿੱਲੀ ਤਖਤ ਨੂੰ ਟੱਕਰ ਦੇਣ ਲਈ ਹੱਕ ਮੰਗਦੀਆਂ ਧਿਰਾਂ ਦਾ ਅਗਵਾਈ ਕਰਤਾ ਨਾ ਬਣ ਜਾਵੇ ਇਸ ਲਈ ਉਸਨੇ ਹਮਲਾ ਕਰਕੇ ਇਸ ਧੁਰੇ ਨੂੰ ਤੋੜਨ ਦਾ ਯਤਨ ਕੀਤਾ।ਪਰ ਜੇ ਗਹੁ ਨਾਲ ਦੇਖਿਆ ਜਾਵੇ ਤਾਂ ਅੱਜ ਭਾਰਤੀ ਉਪਮਹਾਂਦੀਪ ਦੀਆਂ ਸੰਘਰਸ਼ਸ਼ੀਲ ਧਿਰਾਂ ਕਿਸੇ ਨਾ ਕਿਸੇ ਰੂਪ ਵਿਚ ਸੰਘਰਸ਼ ਜਾਰੀ ਰੱਖ ਰਹੀਆਂ ਹਨ ਅਤੇ ਉਹ ਉਡੀਕ ਰਹੀਆਂ ਹਨ ਕਿ ਜਿੱਤ ਦੇ ਉਸ ਦਿਨ ਨੂੰ ਜਦੋਂ ਅਕਾਲ ਤਖ਼ਤ ਸਾਹਿਬ ਦੇ ਵਾਰਸਾਂ ਦੀ ਅਗਵਾਈ ਵਿਚ ਦਿੱਲੀ ਤਖ਼ਤ ਤੋਂ ਜ਼ੁਲਮਾਂ ਦਾ ਹਿਸਾਬ ਲੈ ਕੇ ਸਰਬੱਤ ਦੇ ਭਲੇ ਵਾਲਾ ਰਾਜ ਪਰਬੰਧ ਸਿਰਜਿਆ ਜਾਵੇਗਾ।
ਜੂਨ 1984 ਤੋਂ ਪਹਿਲਾਂ ਭਾਵੇਂ ਆਮ ਸਿੱਖ ਭਾਰਤ ਸਰਕਾਰ ਦੀਆਂ ਕੋਝੀਆਂ ਹਰਕਤਾਂ ਤੋਂ ਏਨਾ ਸੁਚੇਤ ਨਹੀਂ ਸੀ ਕਿ ਉਹ ਵੱਖਰਾ ਸਿੱਖ ਰਾਜ ਲੈਣ ਲਈ ਓਨੀ ਵੱਡੀ ਪੱਧਰ ਉੱਤੇ ਲਾਮ-ਬੱਧ ਹੁੰਦੇ ਜਿੰਨੀ ਵੱਡੀ ਪੱਧਰ ਉੱਤੇ ਜੂਨ 84 ਤੋਂ ਬਾਅਦ ਹੋਏ।ਜੂਨ 1984 ਤੋਂ ਪਹਿਲਾਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਲੈਕਚਰਾਂ ਵਿਚ ਆਮ ਕਿਹਾ ਜਾਂਦਾ ਸੀ ਕਿ ਅਸੀਂ ਭਾਰਤ ਵਿਚ ਰਹਿਣਾ ਚਾਹੁੰਦੇ ਹਾਂ, ਇਹ ਸਰਕਾਰ ਦੱਸੇ ਕਿ ਸਾਨੂੰ ਨਾਲ ਰੱਖਣਾ ਹੈ ਜਾਂ ਨਹੀਂ, ਪਰ ਅਸੀਂ ਰਹਿਣਾ ਬਰਾਬਰ ਦੇ ਸ਼ਹਿਰੀ ਬਣ ਕੇ ਆ, ਦੂਜੇ ਦਰਜ਼ੇ ਦੇ ਸ਼ਹਿਰੀ ਬਣ ਕੇ ਅਸੀਂ ਨਹੀਂ ਰਹਿਣਾ।" ਅਤੇ ਨਾਲ ਹੀ ਉਹ ਕਹਿੰਦੇ ਹੁੰਦੇ ਸੀ ਕਿ ਅਸੀਂ ਨਾ ਤਾਂ ਅਜੇ ਖ਼ਾਲਿਸਤਾਨ ਦੇ ਹਮਾਇਤੀ ਹਾਂ ਤੇ ਨਾ ਹੀ ਵਿਰੋਧੀ, ਅਸੀਂ ਤਾਂ ਚੁੱਪ ਹਾਂ, ਹਾਂ, ਜੇ ਖ਼ਾਲਿਸਤਾਨ ਮਿਲ ਜਾਵੇਗਾ ਤਾਂ ਲੈ ਜਰੂਰ ਲਵਾਂਗੇ, 1947 ਵਾਲੀ ਗਲਤੀ ਨੀ ਕਰਦੇ।" ਭਾਵ ਕਿ ਉਹਨਾਂ ਦੇ ਦਿਲ ਵਿਚ ਸੀ ਕਿ 1947 ਵਿਚ ਸਿੱਖ ਲੀਡਰਾਂ ਤੋਂ ਗਲਤੀ ਹੋ ਗਈ ਜੋ ਵੱਖਰਾ ਸਿੱਖ ਰਾਜ ਲੈਣ ਵਿਚ ਸਫਲ ਨਾ ਹੋਏ।ਪਰ ਨਾਲ ਹੀ ਉਹਨਾਂ ਨੂੰ ਪਤਾ ਸੀ ਕਿ ਆਮ ਸਿੱਖਾਂ ਨੂੰ ਸਿੱਧੇ ਹੀ ਵੱਖਰੇ ਰਾਜ ਲੈਣ ਦੀ ਗੱਲ ਕਰਨੀ ਛੇਤੀ ਪਚਣੀ ਨਹੀਂ ਕਿਉਂਕਿ ਭਾਰਤ ਸਟੇਟ ਵਲੋਂ ਸਿਰਜੇ ਪਰਬੰਧ ਕਾਰਨ ਉਹਨਾਂ ਦੀ ਜ਼ਹਿਨੀਅਤ ਵਿਚ ਗੁਲਾਮੀ ਵੜ ਚੁੱਕੀ ਸੀ ਜਿਸਦਾ ਪਹਿਲਾਂ ਅਹਿਸਾਸ ਕਰਾਉਂਣਾ ਜਰੂਰੀ ਹੈ, ਤਾਂ ਹੀ ਉਹ ਕਿਹਾ ਕਰਦੇ ਸਨ ਕਿ ਸਿੱਖ ਇਸ ਮੁਲਕ ਵਿਚ ਗੁਲਾਮ ਨੇ, ਤੇ ਗੁਲਾਮੀ ਤਾਂ ਗਲੋਂ ਲਹਿਣੀ ਆਂ, ਪਹਿਲਾਂ ਜਦੋਂ ਆਪਾਂ ਆਪਣੇ ਘਰ ਅਨੰਦਪੁਰ ਸਾਹਿਬ ਵੜਾਂਗੇ ਭਾਵ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਾਂਗੇ ਤੇ ਫੇਰ ਇਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵਾਂਗੇ।ਵੱਖਰੇ ਸਿੱਖ ਰਾਜ ਖ਼ਾਲਿਸਤਾਨ ਬਾਰੇ ਉਹਨਾਂ ਕਿਹਾ ਸੀ ਕਿ ਜੇ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਉਹਨਾਂ ਦੇ ਕਹਿਣ ਦਾ ਭਾਵ ਸੀ ਕਿ ਭਾਈ ਅਸੀਂ ਤਾਂ ਸ਼ਹਾਦਤਾਂ ਦੇ ਕੇ ਨੀਂਹਾਂ ਵਿਚ ਹੀ ਲੱਗ ਜਾਣਾ ਬਾਕੀ ਦਾ ਕੰਮ ਪੰਥ ਆਪ ਕਰ ਲਵੇ।ਜਿਵੇ ਜਦੋਂ ਗੁਰੂ ਦਸਮ ਪਿਤਾ ਨੇ ਦਮਦਮਾ ਸਾਹਿਬ ਵਿਖੇ ਜੁੜੇ ਪੰਥ ਵੱਲ ਇਸ਼ਾਰਾ ਕਰਕੇ ਕਿਹਾ ਸੀ ਕਿ
ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ
ਚਾਰ ਮੂਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ
ਭਾਵ ਕਿ ਮੈਨੂੰ ਚਾਰਾਂ ਤੇ ਹਜ਼ਾਰਾਂ ਵਿਚ ਕੋਈ ਫਰਕ ਨਹੀਂ, ਅਸਲ ਵਿਚ ਹਜ਼ਾਰਾਂ ਦਾ ਵੀ ਓਹੀ ਰਾਹ ਹੈ ਜੋ ਚਾਰਾਂ ਦਾ ਸੀ, ਕਿਉਂਕਿ ਚਾਰਾਂ ਦੇ ਵਾਰਸ ਹਜ਼ਾਰਾਂ ਬਣੇ ਤੇ ਹਜ਼ਾਰਾਂ ਦੇ ਲੱਖਾਂ ਤੇ ਕਰੋੜਾਂ ਬਣਨਗੇ।
ਦੁਨੀਆਂ ਦੀ ਵੱਡੀ ਸਟੇਟ ਤੇ ਦਿਖਾਵੇ ਦੇ ਲੋਕਤੰਤਰ ਨੇ ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਕਿ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵਲੋਂ ਆਪਣੀ ਸ਼ਹਾਦਤ ਦੇ ਕੇ ਰੱਖੀ ਗਈ ਨੀਂਹ ਨੂੰ ਭੁੱਲਦੇ ਜਾ ਰਹੇ ਹਨ, ਉਹ ਕੋੰਮੀ ਘਰ ਵਿਸਾਰਨ ਕਾਰਨ ਬਦਤਰ ਹਾਲਤਾਂ ਵਿਚ ਰਹਿਣ ਲਈ ਮਜਬੂਰ ਹਨ। ਉਹਨਾਂ ਦੀ ਮਾਨਸਕ ਦਸ਼ਾ ਫਿਰ ਜੂਨ 1984 ਤੋਂ ਪਹਿਲਾਂ ਦੇ ਸਮੇਂ ਵਿਚ ਪੁੱਜ ਗਈ ਹੈ। ਉਹਨਾਂ ਨੂੰ ਅਹਿਸਾਸ ਕਰਾਉਂਣਾ ਜਰੂਰੀ ਹੋ ਗਿਆ ਹੈ ਕਿ ਉਹ ਭਾਰਤ ਵਿਚ ਗੁਲਾਮ ਨੇ, ਅਤੇ ਗੁਲਾਮੀ ਗੁਰੂ ਦੇ ਲੜ ਲੱਗ ਕੇ ਇਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਨਾਲ ਹੀ ਗਲੋਂ ਲੱਥਣੀ ਹੈ।
ਜੇ ਦੇਖੀਏ ਤਾਂ ਅੱਜ ਹਲਾਤ 1970-80 ਤੋਂ ਵੀ ਮਾੜੇ ਬਣੇ ਹੋਏ ਹਨ। ਸੰਤ ਜਰਨੈਲ ਸਿੰਘ ਜੀ ਅਕਸਰ ਹੀ ਅਪਣੇ ਲੈਕਚਰਾਂ ਵਿਚ ਮਿਸਾਲਾਂ ਦੇ ਕੇ ਦੱਸਦੇ ਹੁੰਦੇ ਸਨ ਕਿ ਸਿੱਖ ਗੁਲਾਮ ਕਿਵੇਂ ਹਨ, ਤੇ ਜੇ ਅੱਜ ਦੇਖੀਏ ਤਾਂ ਰੋਜ਼ਾਨਾ ਹੀ ਅਨੇਕਾਂ ਮਿਸਾਲਾਂ ਮਿਲਦੀਆਂ ਹਨ ਕਿ ਸਿੱਖ ਭਾਰਤ ਵਿਚ ਗੁਲਾਮ ਹਨ। ਭਾਵੇਂ ਮਸਲਾ ਸ੍ਰੀ ਗੁਰੂ ਗੰ੍ਰਥ ਸਾਹਿਬ ਤੇ ਸਿੱਖ ਗੁਰੂ ਸਾਹਿਬਾਨ ਦੇ ਅਦਬ ਦਾ ਹੋਵੇ, ਗੁਰੂ ਘਰਾਂ ਦੇ ਅਦਬ-ਸਤਿਕਾਰ ਦਾ, ਸਿੱਖ ਸਿਧਾਤਾਂ ਨੂੰ ਚੁਣੌਤੀ ਦਾ, ਦਸਤਾਰ ਦੇ ਅਦਬ ਦਾ, ਕਕਾਰਾਂ ਦੇ ਅਦਬ ਦਾ, ਪੰਜਾਬ ਦੇ ਪਾਣੀਆਂ, ਪੰਜਾਬੀ ਬੋਲੀ-ਇਲਾਕੇ-ਪਾਣੀਆਂ ਦਾ ਮਸਲਾ, ਹਵਾ-ਪਾਣੀ-ਮਿੱਟੀ ਦੇ ਪਰਦੂਸ਼ਣ ਦਾ, ਸਿੱਖ ਨੌਜਵਾਨੀ ਤੇ ਕਿਰਸਾਨੀ ਦਾ, ਨਸ਼ਿਆਂ ਦੇ ਵਪਾਰ ਦਾ, ਗੱਲ ਕੀ, ਕਿ ਹਰ ਮੁੱਦੇ ਉੱਤੇ ਝਾਤ ਮਾਰਦਿਆ ਸਪੱਸ਼ਟ ਦਿਖਦਾ ਹੈ ਕਿ ਸਿੱਖਾਂ ਅਤੇ ਉਹਨਾਂ ਦੇ ਗੁਰੂਆਂ ਦੀ ਵਰੋਸਾਈ ਧਰਤ ਪੰਜਾਬ ਨਾਲ ਵਿਤਕਰੇ, ਧੱਕਸ਼ਾਹੀਆਂ ਨਿਰੰਤਰ ਜਾਰੀ ਹਨ, ਜੋ ਸਾਡੇ ਨਾਲ ਗੁਲਾਮਾਂ ਵਾਲਾ ਵਿਵਹਾਰ ਕਰਨ ਦੀਆਂ ਸਪੱਸ਼ਟ ਮਿਸਾਲਾਂ ਹਨ। ਇਸ ਗੁਲਾਮੀ ਨੂੰ ਮਹਿਸੂਸ ਕੀਤੇ ਬਿਨਾਂ ਇਸਦਾ ਹੱਲ ਨਹੀਂ ਕੱਢਿਆ ਜਾ ਸਕਦਾ।
ਜੂਨ 84 ਸਾਡੇ ਆਪਣੇ, ਸਾਡੇ ਬੱਚਿਆਂ, ਪੰਥ ਅਤੇ ਸਰਬਤ ਦੇ ਭਵਿੱਖ ਲਈ ਕੇਂਦਰ ਬਿੰਦੂ ਹੈ, ਇਸ ਨੂੰ ਸਮਝੇ, ਵਿਚਾਰੇ ਅਤੇ ਇਸ ਨੂੰ ਆਧਾਰ ਮੰਨ ਕੇ ਚੱਲਣ ਨਾਲ ਸਾਡੀਆਂ ਸਮੱਸਿਆਵਾਂ ਦੇ ਨਿਸਚੈ ਹੀ ਹੱਲ ਹੋ ਸਕਦੇ ਹਨ।
--0--







ਐਡਵੋਕੇਟ ਜਸਪਾਲ ਸਿੰਘ ਮੰਝਪੁਰ
 
Top