Shiv Kumar Batalavi Poems Collection





ਸ਼ਹਿਰ ਤੇਰੇ ਤਰਕਾਲਾਂ ਢਲੀਆਂ
ਗਲ਼ ਲਗ ਰੋਈਆਂ ਤੇਰੀਆਂ ਗਲੀਆਂ

ਯਾਦਾਂ ਦੇ ਵਿਚ ਮੁੜ ਮੁੜ ਸੁਲਗਣ
ਮਹਿੰਦੀ ਲਗੀਆਂ ਤੇਰੀਆਂ ਤਲੀਆਂ

ਮੱਥੇ ਦਾ ਦੀਵਾ ਨਾ ਬਲਿਆ
ਤੇਲ ਤਾਂ ਪਾਇਆ ਭਰ ਭਰ ਪਲ਼ੀਆਂ

ਇਸ਼ਕ ਮੇਰੇ ਦੀ ਸਾਲ-ਗਿਰਾ ਤੇ
ਇਹ ਕਿਸ ਘਲੀਆਂ ਕਾਲੀਆਂ ਕਲੀਆਂ

‘ਸ਼ਿਵ’ ਨੂੰ ਯਾਰ ਆਏ ਜਦ ਫੂਕਣ
ਸਿਤਮ ਤੇਰੇ ਦੀਆਂ ਗੱਲਾਂ ਚਲੀਆਂ​
 
ਕੋਈ ਐਸੀ ਹਵਾ ਚਲਾ ਰੱਬਾ
ਨਾ ਹੁਸਨ ਰਹੇ ਜਹਾਨ ਉੱਤੇ
ਕੋਈ ਅੱਜ ਮਰੇ ਕੋਈ ਕੱਲ੍ਹ ਮਰੇ
ਮੇਲਾ ਲੱਗਿਆ ਰਹੇ ਸ਼ਮਸ਼ਾਨ ਉੱਤੇ
ਐਤਵਾਰ ਦਾ ਦਿਨ ਹੋਵੇ
ਨਾ ਲਕਡ਼ਾਂ ਮਿਲਣ ਦੁਕਾਨ ਉੱਤੇ
ਜੇ ਮਿਲਣ ਵੀ ਤੇ ਹੋਣ ਗਿੱਲੀਆਂ
ਨਾ ਅੱਗ ਲੱਗੇ ਮੇਰੀ ਜਾਨ ਉੱਤੇ​
 
ਜੇ ਡਾਚੀ ਸਹਿਕਦੀ ਸੱਸੀ ਨੂੰ
ਪੁੰਨੂੰ ਥੀਂ ਮਿਲਾ ਦੇਂਦੀ !
ਤਾਂ ਤੱਤੀ ਮਾਣ ਸੱਸੀ ਦਾ
ਉਹ ਮਿੱਟੀ ਵਿਚ ਰੁਲਾ ਦੇਂਦੀ !

ਭਲੀ ਹੋਈ ਕਿ ਸਾਰਾ ਸਾਉਣ ਹੀ ,
ਬਰਸਾਤ ਨਾ ਹੋਈ ,
ਪਤਾ ਕੀ ਆਲਣੇ ਦੇ ਟੋਟਰੂ
ਬਿਜਲੀ ਜਲਾ ਦੇਂਦੀ !

ਮੈਂ ਅਕਸਰ ਵੇਖਿਐ -
ਕਿ ਤੇਲ ਹੁੰਦਿਆ ਸੁੰਦਿਆ ਦੀਵੇ ,
ਹਵਾ ਕਐ ਵਾਰ ਦਿਲ ਦੀ -
ਮੋਜ ਖਾਤਰ ਹੈ ਬੁਝਾ ਦੇਂਦੀ !

ਭੁਲੇਖਾ ਹੈ ਕਿ ਜਿੰਦਗੀ-
ਪਲ ਦੋ ਪਲ ਲਈ ਘੂਕ ਸੌ ਜਾਂਦੀ ,
ਜੇ ਪੰਛੀ ਗ਼ਮ ਦਾ ਦਿਲ ਦੀ-
ਸੰਘਣੀ ਜੂਹ ਚੌਂ ਉਡਾ ਦੇਂਦੀ !

ਮੈਂ ਬਿਨ ਸੂਲਾਂ ਦੇ ਰਾਹ ਤੇ -
ਕੀਹ ਟੁਰਾਂ ਮੈੰਨੂ ਸ਼ਰਮ ਆਉਂਦੀ ਹੈ ,
ਮੈਂ ਅੱਖੀਂ ਵੇਖਿਐ -
ਕਿ ਹਰ ਕਲੀ ਓੜਕ ਦਗਾ ਦੇਂਦੀ !

ਵਸਲ ਦਾ ਸਵਾਦ ਤਾਂ -
ਇਕ ਪਲ ਦੋ ਪਲ ਦੀ ਮੋਜ ਤੋਂ ਵਧ ਨਹੀ
ਜੁਦਾਈ ਹਸ਼ਰ ਤੀਕਣ -
ਆਦਮੀ ਨੂੰ ਹੈ ਨਸ਼ਾ ਦੇਦੀਂ !​
 
ਏ ਮੇਰਾ ਗੀਤ ਕਿਸੇ ਨਾਂ ਗਾਣਾਂ,
ਏ ਮੇਰਾ ਗੀਤ ਕਿਸੇ ਨਾਂ ਗਾਣਾਂ..
ਏ ਮੇਰਾ ਗੀਤ ਮੈਂ ਆਪੇ ਗਾ ਕੇ,
ਭਲਕੇ ਹੀ ਮਰ ਜਾਣਾਂ..
ਏ ਮੇਰਾ ਗੀਤ ਕਿਸੇ ਨਾਂ ਗਾਣਾਂ..||

ਏ ਮੇਰਾ ਗੀਤ ਧਰਤ ਤੋਂ ਮੈਲ੍ਹਾ,
ਸੂਰਜ ਜੇਡ ਪੁਰਾਣਾਂ..
ਕੋਠ ਜਨਮ ਤੋਂ ਪਿਆ ਅਸਾਂ ਨੂੰ,
ਇਸ ਦਾ ਬੋਲ ਹੰਢਾਣਾਂ..
ਹੋਰ ਕਿਸੇ ਦੀ ਚਾਹ ਨਾਂ ਕਾਈ,
ਇਸ ਨੂੰ ਹੋਟੀਂ ਲਾਣਾਂ..
ਏ ਤਾਂ ਮੇਰੇ ਨਾਲ ਜਨਮਿਆ,
ਨਾਲ ਬਹਿਸ਼ਤੀ ਜਾਣਾਂ..
ਏ ਮੇਰਾ ਗੀਤ ਕਿਸੇ ਨਾਂ ਗਾਣਾਂ..||

ਮੈਂ ਤੇ ਮੇਰੇ ਗੀਤ ਨੇਂ ਦੋਵਾਂ,
ਜਦ ਭਲਕੇ ਮਰ ਜਾਣਾਂ..
ਬਿਰਹੋਂ ਦੇ ਘਰ ਜਾਈਂਆਂ,
ਸਾਨੂੰ ਕਬਰੀਂ ਲੱਭਣ ਆਣਾਂ..
ਸਭਨਾਂ ਸਈਂਆਂ ਇੱਕ-ਅਵਾਜ਼ੇ,
ਮੁੱਖੋਂ ਬੋਲ ਏ ਲਾਣਾਂ..
ਕਿਸੇ-ਕਿਸੇ ਦੇ ਲੇਖੀਂ ਹੁੰਦਾ,
ਐਡਾ ਦਰਦ ਕਮਾਣਾਂ..
ਏ ਮੇਰਾ ਗੀਤ ਕਿਸੇ ਨਾਂ ਗਾਣਾਂ..||

ਏ ਮੇਰਾ ਗੀਤ ਕਿਸੇ ਨਾਂ ਗਾਣਾਂ,
ਏ ਮੇਰਾ ਗੀਤ ਕਿਸੇ ਨਾਂ ਗਾਣਾਂ..
ਏ ਮੇਰਾ ਗੀਤ ਮੈਂ ਆਪੇ ਗਾ ਕੇ,
ਭਲਕੇ ਹੀ ਮਰ ਜਾਣਾਂ..
ਏ ਮੇਰਾ ਗੀਤ ਕਿਸੇ ਨਾਂ ਗਾਣਾਂ..​
 
ਮੈਥੋਂ ਪੁੱਛੀ ਜਦੋਂ ਕਿਸੇ ਮੇਰੇ ਪਿਆਰ ਦੀ ਕਹਾਣੀ
ਗਿਆ ਫੁੱਲੀ ਬੈਠੀ ਭੋਰਿਆਂ ਦਾ ਬੁੱਲ ਟੁੱਕਿਆ
ਮੇਰੇ ਵਾਲਾਂ ਦੀਆਂ ਗੁੰਝਲਾਂ ਚ ਰਾਤ ਸੋਂ ਗਈ
ਮੇਰੇ ਨੈਣਾਂ ਦੀਆਂ ਬੋਲੀਆਂ ਚੋਂ ਨੀਰ ਮੁਕਿਆ
ਮੇਰੇ ਮੁਹਰੇ ਖੜੀ ਮੋਤ ਨੂੰ ਮੈਂ ਗੋਲੀ ਮਾਰ ਦਾਂ
ਬੁੱਝੀ ਲੇਂਖਾਂ ਦੀ ਲਕੀਰ ਚੰਨਾ ਆਪ ਲੀਕ ਲਾਂ
ਇੱਕੋ ਛਾਲ ਮਾਰ ਟੱਪ ਜਾਂ ਸਮੁੰਦਰਾਂ ਤੋਂ ਪਾਰ
ਡੁੱਬ ਮਰਾਂ ਜੇ ਮੈ ਪਾਣੀਆਂ ਨੂੰ ਪੈਰ ਤੀਕ ਲਾਂ
ਸ਼ਿਵ​
 
ਦੈਨਿਕ ਅਖ਼ਬਾਰ ਦੇ
ਅੱਜ ਪ੍ਰਿਥਮ ਪੰਨੇ ਤੇ
ਮੇਰੀ ਮਹਿਬੂਬਾ ਦੀ
ਤਸਵੀਰ ਛਪੀ ਹੈ
ਏਸ ਤਸਵੀਰ 'ਚ
ਕੁਝ ਗੋਰੇ ਵਿਦੇਸ਼ੀ ਬੱਚੇ
ਤੇ ਇੱਕ ਹੋਰ ਉਹਦੇ ਨਾਲ
ਖੜੀ ਉਸ ਦੀ ਸਖੀ ਹੈ !

ਤਸਵੀਰ ਦੇ ਪੈਰੀ ,
ਇਕ ਇਬਾਰਤ ਦੀ ਹੈ ਝਾਂਜਰ
ਇਹ ਕੁੜੀ
ਪਹਿਲੀ ਪੰਜਾਬਣ ਉਹ ਕੁੜੀ
ਜਿਹੜੀ ਪਰਦੇਸ ਤੋਂ,
ਸੰਗੀਤ ਦੀ ਵਿਦਿਆ ਲੈ ਕੇ
ਛੇ ਵਰੇ ਪਿੱਛੋਂ
ਜੋ ਅੱਜ ਦੇਸ਼ ਮੁੜੀ ਹੈ !

ਹਾ ਠੀਕ ਕੀਹਾ , ਠੀਕ ਕਿਹਾ
ਇਹੋ ਉਹ ਕੁੜੀ ਹੈ
ਏਸੇ ਹੀ ਕੁੜੀ ਖਾਤਿਰ
ਮੇਰੀ ਜਿੰਦਗੀ ਥੁੜੀ ਹੈ
ਇਹੋ ਹੈ ਕੁੜੀ
ਜਿਸ ਨੂੰ ਕਿ ਮੇਰੇ ਗੀਤ ਨੇ ਰੋਂਦੇ
ਮਾਸੂਮ ਮੇਰੇ ਖਾ਼ਬ ਵੀ,
ਆਵਾਰਾ ਨੇ ਭੌਂਦੇ !

ਇਹੋ ਹੈ ਕੁੜੀ
ਅਕਸਰ ਮੇਰੇ ਸ਼ਹਿਰ ਜਦੋ ਆਉਂਦੀ,
ਹਰ ਵਾਰ ਜਦੋ ਆਉਂਦੀ
ਤਿੰਨ ਫੁੱਲ ਲਿਆਉਂਦੀ
ਗੁਲਦਾਨ 'ਚੋ ਤਿੰਨ ਫੁੱਲ ਜਦੋ,
ਹੱਥੀ ਉਹ ਸਜਾਉਂਦੀ
ਮੁਸਕਾ ਕੇ ਤੇ ਅੰਦਾਜ 'ਚ
ਕੁਝ ਏਦਾਂ ਉਹ ਕਹਿੰਦੀ :
ਇੱਕ ਫੁੱਲ ਕੋਈ ਸਾਂਝਾ
ਤੇਰੇ ਨਾਂ ਦਾ ਮੇਰੇ ਨਾਂ ਦਾ
ਇਕ ਫੁੱਲ ਕੋਈ ਸਾਂਝਾ
ਕਿਸੇ ਪਿਉ ਦਾ ਕਿਸੇ ਮਾਂ ਦਾ
ਇਕ ਫੁੱਲ ਮੇਰੀ ਕੁੱਖ ਦੀ
ਸੀਮਾ ਦੇ ਹੈ ਨਾਂ ਦਾ !

ਹਾ ਠੀਕ ਕਿਹਾ , ਠੀਕ ਕਿਹਾ
ਇਹ ਉਹ ਕੁੜੀ ਹੈ
ਪਹਿਲੀ ਪੰਜਾਬਣ ਉਹ ਕੁੜੀ
ਜਿਹੜੀ ਪਰਦੇਸ ਤੋ
ਸੰਗੀਤ ਦੀ ਵਿਦਿਆ ਲੈ ਕੇ
ਛੇ ਵਰੇ ਪਿੱਛੋਂ,
ਜੋ ਅੱਜ ਦੇਸ਼ ਮੁੜੀ ਹੈ !
ਏਸ ਤਸਵੀਰ 'ਚ
ਇਕ ਗੋਰੀ ਜਿਹੀ ਨਿੱਕੀ ਬੱਚੀ
ਮੇਰੀ ਮਹਿਬੂਬਾ ਦੀ
ਜਿਸ ਚੀਚੀ ਹੈ ਪਕੜ ਰੱਖੀ
ੳਸ ਦੀ ਸ਼ਕਲ ,
ਮੇਰੇ ਜਹਿਨ 'ਚ ਹੈ ਆ ਲੱਥੀ
ਈਕਣ ਲੱਗਦਾ ਹੈ :
ਇਹ ਮੇਰੀ ਆਪਣੀ ਧੀ ਹੈ
ਮੇਰਾ ਤੇ ਮੇਰੀ ਬੇਲਣ,
ਦੇ ਬੀਮਾਰ ਲਹੂ ਦਾ
ਏਸ ਧਰਤੀ ਬਿਜਾਇਆ
ਕੋਈ ਸਾਂਝਾ ਬੀਅ ਹੈ
ਮੇਰੀ ਪੀੜ ਦੀ ਮਰਿਅਮ ਦੇ
ਖ਼ਾਬਾਂ ਦਾ ਮਸੀਹ ਹੈ !

ਮੁੱਦਤ ਤੋ ਜ੍ਹਿਦੀ ਖਾਤਿਰ
ਬੇ-ਛੈਨ ਮੇਰਾ ਜੀਅ ਹੈ
ਹਾਂ,ਹਾਂ ਇਹ ਮੇਰੀ
ਉਹੋ ਹੀ ਸੀਮਾ ਧੀ ਹੈ
ਕੋਈ ਹੋਰ ਇਹਦਾ ਪਿਉ ਹੈ
ਇਹਦਾ ਗ਼ਮ ਕੀਹ ਹੈ!
ਹਾ ਠੀਕ ਕਿਹਾ , ਠੀਕ ਕਿਹਾ
ਇਹ ਉਹ ਕੁੜੀ ਹੈ
ਪਹਿਲੀ ਪੰਜਾਬਣ ਉਹ ਕੁੜੀ
ਜਿਹੜੀ ਪਰਦੇਸ ਤੋ
ਸੰਗੀਤ ਦੀ ਵਿਦਿਆ ਲੈ ਕੇ
ਛੇ ਵਰੇ ਪਿੱਛੋਂ,
ਜੋ ਅੱਜ ਦੇਸ਼ ਮੁੜੀ ਹੈ!​
 
ਪੁਰਾਣੀ ਅੱਖ ਮੇਰੇ ਮੱਥੇ 'ਚੋ ਕੱਡ ਕੇ
ਸੁੱਟ ਦਿਉ ਕਿਧਰੇ
ਇਹ ਅੰਨੀ ਹੋ ਚੁੱਕੀ ਹੈ
ਮੈਨੂੰ ਇਸ ਅੱਖ ਸੰਗ
ਹੁਣ ਆਪਣਾ ਆਪਾ ਵੀ ਨਹੀ ਦਿਸਦਾ
ਤੁਹਾਨੂੰ ਕਿੰਝ ਵੇਖਾਗਾ
ਬਦਲਦੇ ਮੌਸਮ ਦੀ ਅੱਗ ਸਾਵੀ
ਕਿੰਝ ਸੇਕਾਗਾ?

ਇਹ ਅੱਖ ਕੈਸੀ ਹੇ ਜਿਸ ਵਿਚ
ਪੁਠੇ ਚਮਗਿੱਦੜਾਂ ਦਾ ਵਾਸਾ ਹੈ
ਤੇ ਪੁਸ਼ਤੋ-ਪੁਸ਼ਤ ਤੋ ਜੰਮੀ ਹੋਈ
ਬੁੱਢੀ ਨਿਰਾਸ਼ਾ ਹੈ
ਨਾ ਇਸ ਵਿਚ ਦਰਦ ਹੈ ਰਾਈ
ਤੇ ਨਾ ਚਾਨਣ ਹੀ ਮਾਸਾ ਹੈ !

ਇਹ ਅੱਖ ਮੇਰੇ ਆਦਿ ਪਿਤਰਾਂ ਨੂੰ
ਸਮੁੰਦਰ 'ਚੋ ਜਦੋ ਲੱਭੀ
ਉਹਨਾਂ ਸੂਰਾ ਦੇ ਵਾੜੇ ਵਿਚ
ਤृਕੀ ਬੋਅ ਚ ਆ ਦੱਬੀ
ਤੇ ਮੇਰੇ ਜਨਮ ਛਿਣ ਵੇਲੇ
ਮੇਰੇ ਮੱਥੇ ਚ ਆ ਗੱਡੀ
ਤੇ ਫਿਰ ਸੂਰਾਂ ਦੇ ਵਾੜੇ ਵਿਚ
ਕਈ ਦਿਨ ਡੋਲਕੀ ਵੱਜੀ !

ਤੇ ਫਿਰ ਸੂਰਾ ਦੇ ਵਾੜੇ ਨੂੰ
ਮੇ ਇੱਕ ਦਿਨ ਕਹਿੰਦੀਆ ਸੁਣਿਆ-
" ਇਹ ਅੱਖ ਲੈ ਕੇ ਕਦੇ ਵੀ ਇਸ ਘਰ ਚੋ
ਬਾਹਰ ਜਾਈ ਨਾ
ਜੇ ਬਾਹਰ ਜਾਏ ਤਾ ਪੁੱਤਰਾ
ਕਦੇ ਇਸਨੂੰ ਗਵਾਈਂ ਨਾ
ਇਹ ਅੱਖ ਜੱਦੀ ਅਮਾਨਤ ਹੈ
ਇਹ ਗੱਲ ਬਿਲਕੁੱਲ ਭੁਲਾਈਂ ਨਾ
ਤੇ ਕੁਲ ਨੂੰ ਦਾਗ ਲਾਈ ਨਾ
ਇਹ ਅੱਖ ਸੰਗ ਖੂਹ 'ਚ ਤਾਰੇ ਵੇਖ ਲਈਂ
ਸੂਰਜ ਨਾ ਪਰ ਵੇਖੀ
ਇਸ ਅੱਖ ਦੇ ਗਾਹਕ ਲੱਖਾ ਮਿਲਣਗੇ
ਪਰ ਅੱਖ ਨਾ ਵੇਚੀਂ
ਬਦਲਦੇ ਮੌਸਮ ਦੀ ਅੱਗ ਸਾਵੀ
ਕਦੇ ਨਾ ਸੇਕੀ !

ਇਹ ਅੱਖ ਲੈ ਕੇ ਜਦੋ ਵੀ ਮੈ ਕਿਤੇ
ਪਰਦੇਸ ਨੂੰ ਜਾਂਦਾ
ਮੇਰੇ ਕੰਨਾਂ 'ਚੋ ਪਿਤਰਾ ਦਾ
ਕਿਹਾ ਹਰ ਬੋਲ ਕੁਰਲਾਂਦਾ
'ਤੇ ਮੈ ਮੱਥੇ ਚੋ ਅੱਖ ਕੱਡ ਕੇ
ਸਦਾ ਬੋਜੇ 'ਚ ਪਾ ਲੈਂਦਾ
ਮੈ ਕੋਈ ਸੂਰਜ ਤਾਂ ਕੀ
ਸੂਰਜ ਦੀਆ ਕਿਰਨਾ ਵੀ ਨਾ ਤੱਕਦਾ
ਹਮਿਸ਼ਾ ਖੂਹ'ਚ ਰਹਿੰਦੇ
ਤਾਰਿਆ ਨਾਲ ਹੀ ਹੱਸਦਾ
ਤੇ ਬਲ ਕੇ ਬੁਝ ਗਈ ਅੱਖ ਸੰਗ
ਕਈ ਰਾਇਆ ਨੂੰ ਰਾਹ ਦੱਸਦਾ !

ਪਰ ਅੱਜ ਇਸ ਅੱਖ ਨੂੰ
ਮੱਥੇ 'ਚ ਲਾ ਜਦ ਆਪ ਨੂੰ ਲੱਭਿਆ
ਮੈਨੂੰ ਮੇਰਾ ਆਪ ਨਾ ਲੱਭਿਆ
ਮੈਨੂੰ ਮੇਰੀ ਅੱਖ ਪੁਰਾਣੀ ਹੋਣ ਦਾ
ਧੱਕਾ ਜਿਹਾ ਲੱਗਿਆ
ਤੇ ਹਰ ਇੱਕ ਮੋੜ ਤੇ ਮੇਰੇ ਪੈਰ ਨੂੰ
ਠੇਡਾ ਜਿਹਾ ਵੱਜਿਆ !

ਮੇਰੇ ਮਿਤਰੋ ! ਇਸ ਦੋਸ਼ ਨੂੰ
ਮੇਰੇ 'ਤੇ ਹੀ ਛੱਡੋ
ਤੁਸੀ ਹੋਛੇ ਬਣੋਗੇ
ਜੇ ਮੇਰੇ ਪਿਤਰਾ ਦੇ ਮੁੰਹ ਲੱਗੋ
ਤੁਸੀ ਕੁਤਿਆ ਦੀ ਪਿੱਠ ਤੇ ਬੈਠ ਕੇ
ਜਲੂਸ ਨਾ ਕੱਢੋ
ਤੇ ਲੋਕਾਂ ਸਾਹਮਣੇ ਮੈਨੂੰ
ਅੰਨਾ ਤਾਂ ਨਾ ਸੱਦੋ
ਸਗੋ ਮੈਨੂੰ ਤੁਸੀ ਸੂਰਾ ਦੇ ਵਾੜੇ
ਤੀਕ ਤਾਂ ਛੱਡੋ
ਮੈ ਸ਼ਾਇਦ ਗੁੰਮ ਗਿਆ ਹਾ ਦੋਸਤੋ
ਮੇਰਾ ਘਰ ਕਿਤੋਂ ਲੱਭੋ !

ਮੈ ਇਹ ਅੱਖ ਅੱਜ ਹੀ
ਸੂਰਾ ਨੂੰ ਜਾ ਕੇ ਮੋੜ ਆਵਾਗਾ
ਤੇ ਆਪਣੇ ਸੀਸ ਵਿਚ
ਬਲਦੀ ਸੁਲਗਦੀ ਅੱਖ ਉਗਾਵਾਂਗਾ
ਜੋ ਰਾਹ ਸੂਰਜ ਨੂੰ ਜਾਂਦਾ ਹੈ
ਤੁਹਾਡੇ ਨਾਲ ਜਾਵਾਂਗਾ
ਬਦਲਦੇ ਮੌਸਮ ਦੀ ਅੱਗ
ਤੁਹਾਡੇ ਨਾਲ ਸੇਕਾਂਗਾ
ਬਦਲਦੇ ਮੌਸਮ ਦੀ ਅੱਗ
ਤੁਹਾਡੇ ਨਾਲ ਖਾਵਾਂਗਾ !​
 
ਨੀ ਜਿੰਦੇ ਤੇਰਾ ਯਾਰ,
ਮੈਂ ਤੈਨੂੰ ਕਿੰਜ ਮਿਲਾਵਾਂ !
ਕਿੱਥੋਂ ਨੀ ਮੈਂ ਸਤਬਰਗ ਦੀ,
ਤੈਨੂੰ ਮਹਿਕ ਪਿਆਵਾਂ !

ਕਿਹੜੀ ਨਗਰੀ 'ਚ ਤੇਰੇ ਚੰਨ ਦੀ-
ਡਲੀ ਵੱਸਦੀ ਹੈ ਜਿੰਦੇ ?
ਕਿੱਤ ਵੱਲੇ ਨੀ ਅਜ ਨੀਝਾਂ ਦੇ-
ਮੈਂ ਕਾਗ ਉਡਾਵਾਂ ?

ਚੰਗਾ ਹਸ਼ਰ ਤੱਕ ਨਾ ਮਿਲੇ
ਮੋਤੀਆਂ ਵਾਲਾ,
ਦੂਰੋਂ ਹੀ ਸ਼ਬਦ ਭੇਹਰੀ ਦਾ
ਲੱਗਦਾ ਹੈ ਸੁਹਾਵਾਂ !

ਅੱਸੂ 'ਚ ਤਾਂ ਫੁੱਲ ਸਣ ਦੇ ਵੀ-
ਲੱਗਦੇ ਨੀ ਪਿਆਰੇ,
ਰੱਕੜਾਂ 'ਚ ਨਿਆਮਤ ਨੇ,
ਕਰੀਰਾਂ ਦੀਆਂ ਛਾਵਾਂ !

ਜ਼ਿੰਦਗੀ ਦੀ ਨਦੀ ਦੇ ਕੰਢੇ
ਉਮੀਦਾ ਦਾ ਐਰਾ,
ਸੁੱਕ ਸੜ ਕੇ ਕਈ ਵਾਰ ਵੀ
ਹੋ ਜਾਂਦਾ ਹੈ ਲੈਰਾ !
ਅਕਸਰ ਹੀ ਕਈ ਵਾਰ
ਇਵੇਂ ਹੁੰਦਾ ਹੈ ਜਿੰਦੇ,
ਨਹਿਰੀ ਤੋਂ ਫਸਲ ਚੰਗੀ ਵੀ
ਦੇ ਜਾਂਦਾ ਹੈ ਮੈਰਾ !

ਸੌ ਸਾਲ ਜਦੋਂ ਗੁਜ਼ਰੇ
ਤਾਂ ਫੁੱਲ ਬਾਂਸ ਨੂੰ ਲਗਦੈ,
ਸੁਰਖ਼ਾਬ ਹੁਨਾਲੇ 'ਚ ਨੀ-
ਹੋ ਜਾਂਦਾ ਹੈ ਬਹਿਰਾ !

ਇਕ ਸੁਲਫੇ ਦੀ ਬੱਸ ਲਾਟ ਹੈ
ਜ਼ਿੰਦਗੀ 'ਚ ਮੁਹੱਬਤ;
ਬਸ ਗ਼ਮ ਦੇ ਮਲੰਗਾਂ ਦੀ
ਹਯਾਤੀ ਹੈ ਇਹ ਦੈਰਾ !

ਸੁਣਿਆ ਹੈ ਮਧੂ-ਮੱਖੀਆਂ ਦੀ
ਇਕ ਹੁੰਦੀ ਹੈ ਰਾਣੀ,
ਭਰਪੂਰ ਜਵਾਨੀ 'ਚ ਜਦੋਂ
ਲੱਭਦੀ ਹੈ ਹਾਣੀ,
ਉੱਡ ਪੈਂਦੀ ਹੈ ਖੱਗੇ ਚੋਂ ਨਿਕਲ
ਵੱਲ ਅਗਾਸਾਂ,
ਉੱਡਦੀ ਹੈ ਉਹਦੇ ਪਿੱਛੇ ਨੀ-
ਨਰ-ਮੱਖੀਆਂ ਦੀ ਢਾਣੀ ।

ਜਿਹੜਾ ਵੀ ਵਣਜ ਕਰਦਾ ਹੈ
ਉਹਦੀ ਕੁੱਖ ਦਾ ਨੀ ਜਿੰਦੇ
ਮੁੱਕ ਜਾਂਦਾ ਹੈ ਉਹਦੇ ਨੈਣਾਂ ਚੋਂ
ਜ਼ਿੰਦਗਾਨੀ ਦਾ ਪਾਣੀ !
ਕੁੱਖਾਂ ਦਾ ਵਣਜ ਕਰਨਾ-
ਕੋਈ ਪਿਆਰ ਨਹੀਂ ਹੈ,
ਇਸ ਤੋਂ ਤਾਂ ਬੜੀ ਲੰਮੀ ਹੈ
ਇਸ਼ਕੇ ਦੀ ਕਹਾਣੀ !

ਤਕਦੀਰ ਦੀ ਹਰ ਰਾਤ 'ਚ
ਇਕ ਕੁਤਬ ਸਿਤਾਰਾ,
ਜ਼ਿੰਦਗੀ ਦੇ ਮਲਾਹਾਂ ਨੂੰ
ਦੇਂਦਾ ਹੈ ਸਹਾਰਾ !
ਤਕਦੀਰ ਦੀ ਤਕਦੀਰ ਹੈ
ਜੇ ਬੇੜੀ ਗ਼ਰਕ ਜਾਏ,
ਮਲਾਹਾਂ ਦਾ ਹੈ ਦੋਸ਼
ਜੇ ਲੱਭੇ ਨਾ ਕਿਨਾਰਾ !

ਨਾ ਸੋਚ ਕਿ ਹਰ ਡਾਚੀ ਦੀ-
ਜੇ ਨਜਰ ਬਦਲ ਜਾਏ,
ਹੋਵੇਗਾ ਕਿਵੇਂ-
ਮਾਰੂਥਲਾਂ ਦਾ ਨੀ ਗੁਜ਼ਾਰਾ !
ਤਕਦੀਰ ਤੇ ਤਦਬੀਰ ਦਾ
ਕੁਝ ਐਸਾ ਹੈ ਰਿਸ਼ਤਾ,
ਉੱਗ ਆਏ ਜਿਵੇਂ
ਰੁੱਖ ਤੇ ਕੋਈ ਰੁੱਖ ਵਿਚਾਰਾ ।

ਪਰ ਠੀਕ ਹੈ ਕੋਈ ਥੋਰ੍ਹਾਂ ਨੂੰ
ਕਿਉਂ ਵਾੜ ਕਰੇਗਾ !
ਕੋਈ ਭੌਰ ਭਲਾ ਕੰਢਿਆਂ ਤੇ
ਕਿਊਂ ਜੀਭ ਧਰੇਗਾ !
ਮੇਰੇ ਦਿਲ ਦੇ ਬੀਆਬਾਨ 'ਚ
ਉੱਗਿਆ ਹੈ ਕਿਓੜਾ,
ਹੈਰਾਨ ਹਾਂ ਬਿਰਹੋਂ ਦੀ ਤਪਸ਼
ਕਿੱਦਾਂ ਜਰੇਗਾ !

ਮੇਰਾ ਇਸ਼ਕ ਹੈ ਥੇਹਾਂ ਤੇ ਨੀ
ਇੱਟ-ਸਿੱਟ ਦੀ ਬਰੂਟੀ
ਸੁੱਕੇ ਗੀ ਨਾ ਬਦਖ਼ਪਤ
ਨਾ ਇੱਜੜ ਹੀ ਚਰੇਗਾ !
ਲੱਗ ਜਾਏ ਨੀ ਲੱਖ ਵਾਰ
ਮੇਰੇ ਨੈਣਾਂ ਨੂੰ ਉੱਲੀ,
ਮੇਰਾ ਸਿਦਕ ਉਹਦੇ ਰਾਹਾਂ ਤੇ
ਰੋ ਰੋ ਕੇ ਮਰੇਗਾ !

ਹੋ ਜਾਏਗੀ ਇਕ ਰੋਜ਼ ਸਬਜ਼-
ਦਿਲ ਦੀ ਫਲਾਹੀ,
ਬੰਜਰ ਵੀ ਮੁਕੱਦਰ ਦਾ ਨੀ-
ਹੋ ਜਾਏ ਗਾ ਚਾਹੀ !
ਹੈ ਆਸ ਮੇਰੇ ਹੋਠਾਂ ਦੀ-
ਕਚਨਾਰ ਦੀ ਛਾਵੇਂ;
ਸਸਤਾਣ ਗੇ ਮੁਸਕਾਨਾਂ ਦੇ
ਬੇਅੰਤ ਹੀ ਰਾਹੀ !

ਮੁੰਜਰਾਂ 'ਚ ਜਿਸਮ ਦੀ
ਜਦ ਮਹਿਕ ਰਚੇਗੀ,
ਇਹ ਧਰਤ ਮੇਰੇ ਇਸ਼ਕ ਦੀ
ਦੇਵੇਗੀ ਗਵਾਹੀ !
ਨੱਚੇਗੀ ਖੁਸ਼ੀ ਦਿਲ ਦੇ ਪਿੜੀਂ
ਮਾਰ ਦਮਾਮੇ,
ਵਿਛੜੇਗਾ ਨਾ ਮੁੜ-
ਤੇਰਾ ਕਦੀ ਤੇਰੇ ਤੋਂ ਮਾਹੀ​
 
ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ
ਕੁਝ ਰੁੱਖ ਲਗਦੇ ਮਾਵਾਂ

ਕੁਝ ਰੁੱਖ ਨੂੰਹਾਂ ਥੀਏ ਲੱਗਦੇ
ਕੁਝ ਰੁੱਖ ਵਾਂਗ ਭਰਾਵਾਂ

ਕੁਝ ਰੁੱਖ ਮੇਰੇ ਬਾਬੇ ਵਾਕਣ
ਪੱਤਰ ਟਾਵਾਂ ਟਾਵਾਂ

ਕੁਝ ਰੁੱਖ ਮੇਰੀ ਦਾਡ਼੍ਹੀ ਵਰਗੇ
ਚੂਰੀ ਪਾਵਾਂ ਕਾਵਾਂ

ਕੁਝ ਰੁੱਖ ਯਾਰਾਂ ਵਰਗੇ ਲਗਦੇ
ਚੁੰਮਾਂ ਤੇ ਗਲ ਲਾਵਾਂ

ਇਕ ਮੇਰੀ ਮਹਿਬੂਬਾ ਵਾਕਣ
ਮਿੱਠਾ ਅਤੇ ਦੁਖਾਵਾਂ

ਕੁਝ ਰੁੱਖ ਮੇਰਾ ਦਿਲ ਕਰਦਾ ਐ
ਮੋਢੇ ਚੁੱਕ ਖਿਡਾਵਾਂ

ਕੁਝ ਰੁੱਖ ਮੇਰਾ ਦਿਲ ਕਰਦਾ ਐ
ਚੁੰਮਾਂ ਤੇ ਮਰ ਜਾਵਾਂ

ਕੁਝ ਰੁੱਖ ਜਦ ਵੀ ਰਲ ਕੇ ਝੂਮਣ
ਤੇਜ ਵਗਣ ਜਦ ਵਾਵਾਂ

ਸਾਵੀ ਬੋਲੀ ਸਭ ਰੁੱਖਾਂ ਦੀ
ਦਿਲ ਕਰਦਾ ਲਿਖ ਜਾਵਾਂ

ਮੇਰਾ ਵੀ ਇਹ ਦਿਲ ਕਰਦਾ ਐ
ਰੁੱਖ ਦੀ ਜੂਨੇ ਆਵਾਂ

ਜੇ ਤੁਸਾਂ ਮੇਰਾ ਗੀਤ ਹੈ ਸੁਣਨਾ
ਮੈਂ ਰੁੱਖਾਂ ਵਿਚ ਗਾਵਾਂ

ਰੁੱਖ ਤਾਂ ਮੇਰੀ ਮਾਂ ਵਰਗੇ ਨੇ
ਜਿਉਂ ਰੁੱਖਾਂ ਦੀਆਂ ਛਾਵਾਂ​
 
ਇਕ ਕੁੜੀ ਜਿਦ੍ਹਾ ਨਾਂ ਮੁਹੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ!
ਸਾਦ-ਮੁਰਾਦੀ ਸੁਹਣੀ ਫੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ!

ਸੂਰਤ ਉਸ ਦੀ ਪਰੀਆਂ ਵਰਗੀ
ਸੀਰਤ ਦੀ ਉਹ ਮਰੀਅਮ ਲਗਦੀ
ਹਸਦੀ ਹੈ ਤਾਂ ਫੁੱਲ ਝੜਦੇ ਨੇ
ਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ
ਲੰਮ-ਸਲੰਮੀ ਸਰੂ ਕੱਦ ਦੀ
ਉਮਰ ਅਜੇ ਹੈ ਮਰ ਕੇ ਅੱਗ ਦੀ
ਪਰ ਨੈਣਾਂ ਦੀ ਗੱਲ ਸਮਝਦੀ।

ਗੁੰਮਿਆ ਜਨਮ ਜਨਮ ਹਨ ਹੋਏ
ਪਰ ਲੱਗਦੈ ਜਿਉਂ ਕੱਲ੍ਹ ਦੀ ਗੱਲ ਹੈ
ਇਉਂ ਲੱਗਦੈ ਜਿਉਂ ਅੱਜ ਦੀ ਗੱਲ ਹੈ,
ਇਉਂ ਲੱਗਦੈ ਜਿਉਂ ਹੁਣ ਦੀ ਗੱਲ ਹੈ
ਹੁਣ ਤਾਂ ਮੇਰੇ ਕੋਲ ਖੜੀ ਸੀ
ਹੁਣ ਤਾਂ ਮੇਰੇ ਕੋਲ ਨਹੀਂ ਹੈ
ਇਹ ਕੀਹ ਛਲ ਹੈ ਇਹ ਕੇਹੀ ਭਟਕਣ
ਸੋਚ ਮੇਰੀ ਹੈਰਾਨ ਬੜੀ ਹੈ
ਚਿਹਰੇ ਦਾ ਰੰਗ ਫੋਲ ਰਹੀ ਹੈ
ਓਸ ਕੁੜੀ ਨੂੰ ਟੋਲ ਰਹੀ ਹੈ।

ਸ਼ਾਮ ਢਲੇ ਬਾਜ਼ਾਰਾਂ ਦੇ ਜਦ
ਮੋੜਾਂ ‘ਤੇ ਖੁਸ਼ਬੋ ਉੱਗਦੀ ਹੈ
ਵਿਹਲ, ਥਕਾਵਟ, ਬੇਚੈਨੀ ਜਦ
ਚੌਰਾਹਿਆਂ ‘ਤੇ ਆ ਜੁੜਦੀ ਹੈ
ਰੌਲੇ ਲਿੱਪੀ ਤਨਹਾਈ ਵਿਚ
ਓਸ ਕੁੜੀ ਦੀ ਥੁੜ ਖਾਦੀ ਹੈ
ਓਸ ਕੁੜੀ ਦੀ ਥੁੜ ਦਿੱਸਦੀ ਹੈ।

ਹਰ ਛਿਣ ਮੈਨੂੰ ਇੳਂ ਲੱਗਦਾ ਹੈ
ਹਰ ਦਿਨ ਮੈਨੂੰ ਇਉਂ ਲੱਗਦਾ ਹੈ
ਜੁੜੇ ਜਸ਼ਨ ਦੇ ਭੀੜਾਂ ਵਿਚੋਂ
ਜੁੜੀ ਮਹਿਕ ਦੇ ਝੁਰਮਟ ਵਿਚੋਂ
ਉਹ ਮੈਨੂੰ ਆਵਾਜ਼ ਦਵੇਗੀ
ਮੰੈਂ ਉਹਨੂੰ ਪਹਿਚਾਣ ਲਵਾਂਗਾ
ਉਹ ਮੈਨੂੰ ਪਹਿਚਾਣ ਲਵੇਗੀ
ਪਰ ਇਸ ਰੌਲੇ ਦੇ ਹੜ੍ਹ ਵਿਚੋਂ
ਕੋਈ ਮੈਨੂੰ ਆਵਾਜ਼ ਨਾ ਦੇਂਦਾ
ਕੋਈ ਵੀ ਮੇਰੇ ਵੱਲ ਨਾ ਵਿਹੰਦਾ
ਪਰ ਖੋਰੇ ਕਿਉਂ ਟਪਲਾ ਲੱਗਦਾ
ਪਰ ਖੋਰੇ ਕਿਉਂ ਝੋਲਾ ਪੈਂਦਾ
ਹਰ ਦਿਨ ਹਰ ਇਕ ਭੀੜ ਜੁੜੀ ‘ਚੋਂ
ਬੁੱਤ ਉਹਦਾ ਜਿਉਂ ਲੰਘ ਕੇ ਜਾਂਦਾ
ਪਰ ਮੈਨੂੰ ਹੀ ਨਜ਼ਰ ਨਾ ਆਉਂਦਾ
ਗੁੰਮ ਗਈ ਮੈਂ ਓਸ ਕੁੜੀ ਦੇ
ਚਿਹਰੇ ਦੇ ਵਿਚ ਗੁੰਮਿਆ ਰਹਿੰਦਾ
ਉਸ ਦੇ ਗਮ ਵਿਚ ਖੁਰਦਾ ਜਾਂਦਾ।

ਓਸ ਕੁੜੀ ਨੂੰ ਮੇਰੀ ਸੌਂਹ ਹੈ
ਓਸ ਕੁੜੀ ਨੂੰ ਸਭ ਦੀ ਸੌਂਹ ਹੈ
ਓਸ ਕੁੜੀ ਨੂੰ ਜੱਗ ਦੀ ਸੌਂਹ ਹੈ
ਓਸ ਕੁੜੀ ਨੂੰ ਰੱਬ ਦੀ ਸੌਂਹ ਹੈ
ਜੇ ਕਿਤੇ ਪੜ੍ਹਦੀ ਸੁਣਦੀ ਹੋਵੇ
ਜਿਊਂਦੀ ਜਾਂ ਉਹ ਮਰ ਰਹੀ ਹੋਵੇ
ਇਕ ਵਾਰੀ ਤਾਂ ਆ ਕੇ ਮਿਲ ਜਾਵੇ
ਵਫ਼ਾ ਮੇਰੀ ਨੂੰ ਦਾਗ ਨਾ ਲਾਵੇ
ਨਹੀਂ ਤਾਂ ਮੈਥੋਂ ਜੀਆ ਨਾ ਜਾਂਦਾ
ਗੀਤ ਕੋਈ ਲਿਖਿਆ ਨਾ ਜਾਂਦਾ।

ਇਕ ਕੁੜੀ ਜਿਦ੍ਹਾ ਨਾਂ ਮੁਹੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ!
ਸਾਦ-ਮੁਰਾਦੀ ਸੁਹਣੀ ਫੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ​
 
Top