ਸੱਚ ਲਈ ਮਰ ਗਏ ਜਾਇਆਂ ਨੂੰ ਰੋਵੀਏ |

ਵੇਲਾ ਨਹੀਂ ਕਿ ਮਰ ਗਈਆਂ ਬਤਖਾਂ ਨੂੰ ਰੋਵੀਏ
ਬਤਖਾਂ ਤੋਂ ਪਹਿਲਾਂ ਕਾਲੀਆਂ ਸੋਚਾਂ ਨੂੰ ਰੋਵੀਏ

ਸੋਚਾਂ ਤਬਾਹ ਜੋ ਕਰਦੀਆਂ ਕੌਮਾਂ ਦੀ ਜਿੰਦਗੀ ,
ਇਹਨਾਂ ਨੂੰ ਤੂਲ ਦੇ ਰਹੇ ਬੰਦਿਆਂ ਨੂੰ ਰੋਵੀਏ |

ਬੰਦੇ ਲੁਕੇ ਨੇ ਸਹਿਮ ਕੇ, ਚੌਕਾਂ 'ਚ ਵਿਹਲ ਹੈ
ਬੰਦਿਆਂ ਦੀ ਕਤਲਗਾਹ ਬਣੇ ਚੌਕਾਂ ਨੂੰ ਰੋਵੀਏ |

ਚੌਕਾਂ ਤਾਂ ਕੁਸਕਣਾ ਨਹੀਂ ਇਹਨਾਂ ਦੇ ਆਓਣ ਤੇ
ਖੰਡਰਾਂ 'ਚੋਂ ਸ਼ਹਿਰ ਨੂੰ ਤੁਰੇ ਸਿਵਿਆਂ ਨੂੰ ਰੋਵੀਏ |

ਸਿਵਿਆਂ 'ਚ ਜਦ ਇਹ ਆਓਣਗੇ ਰੋਣਾ ਨਹੀਂ ਕਿਸੇ
ਸਿਵਿਆਂ ਦੇ ਬਾਹਰ ਹੱਸਦੇ ਲੋਕਾਂ ਨੂੰ ਰੋਵੀਏ |

ਲੋਕਾਂ ਤਾਂ ਪਾਗਲ ਆਖਣੈਂ ਆਖਣ ਦਿਓ , ਚਲੋ ,
ਆਓ ! ਕਿ ਸੱਚ ਲਈ ਮਰ ਗਏ ਜਾਇਆਂ ਨੂੰ ਰੋਵੀਏ |

ਜਾਏ ਨੇ ਇਹ ਨਾਂ ਧਰਤ ਦੇ , ਨਾਂ ਹੀ ਆਕਾਸ਼ ਦੇ
ਜਜ਼ਬੇ ਨੇ ਜਾਏ ਇਸ਼ਕ਼ ਦੇ ਇਹਨਾਂ ਨੂੰ ਰੋਵੀਏ |
 

tarlokjudge

Tarlok Singh Judge
ਮੇਰੀ ਇਹ ਗ਼ਜ਼ਲ ਮੇਰੀ ਕਿਤਾਬ ਅਹਿਸਾਸ ਦੇ ਜ਼ਖਮ ਦੇ ਪੰਨਾ 79 ਤੇ ਛਪੀ ਸਤਵਿੰਜਾ ( 57 ) ਨੰਬਰ ਗ਼ਜ਼ਲ ਹੈ
 
Top