Punjab News 820 ਸਕੂਲਾਂ 'ਚ ਹਫੜਾ-ਦਫੜੀ ਦਾ ਮਾਹੌਲ

Android

Prime VIP
Staff member
ਮੋਹਾਲੀ, 8 ਫਰਵਰੀ (ਨਿਆਮੀਆਂ)-ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਦੇ ਅੰਕ ਸਮੇਂ ਸਿਰ ਨਾ ਭੇਜੇ ਜਾਣ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਫੀਲੀਏਟਿਡ ਸਕੂਲਾਂ ਵਿਰੁੱਧ ਸਖਤ ਰੁੱਖ ਅਪਣਾਉਂਦਿਆਂ 820 ਦੇ ਕਰੀਬ ਸਕੂਲਾਂ ਨੂੰ ਮਾਨਤਾ ਵਾਪਸ ਲੈਣ ਸਬੰਧੀ ਨੋਟਿਸ ਭੇਜ ਦਿੱਤੇ ਹਨ ਜਿਸ ਕਰਕੇ ਇਨ੍ਹਾਂ ਮਾਨਤਾ ਪ੍ਰਾਪਤ ਸਕੂਲਾਂ ਵਿਚ ਹਫੜਾ-ਦਫੜੀ ਮਚੀ ਹੋਈ ਹੈ। ਸਰਕਾਰੀ ਸਕੂਲਾਂ ਦੀ ਮਾਨਤਾ ਵਾਪਸ ਲੈਣ ਲਈ ਸਿੱਖਿਆ ਵਿਭਾਗ ਨੂੰ ਲਿਖਿਆ ਗਿਆ ਹੈ। ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਦੀ ਐਫੀਲੀਏਸ਼ਨ ਸ਼ਾਖਾ ਵਲੋਂ ਕੰਟਰੋਲਰ ਪ੍ਰੀਖਿਆਵਾਂ ਦੀ ਰਿਪੋਟਰ 'ਤੇ ਪੰਜਾਬ ਦੇ 820 ਸਕੂਲਾਂ ਦੀ ਮਾਨਤਾ ਵਾਪਸ ਲੈਣ ਦੇ ਨੋਟਿਸ ਜਾਰੀ ਕਰਦਿਆਂ ਕਿਹਾ ਗਿਆ ਹੈ ਤੁਹਾਡੇ ਵਲੋਂ ਜਿਨ੍ਹਾਂ ਵਿਸ਼ਿਆਂ ਦੀ ਸਕੂਲ ਪੱਧਰ 'ਤੇ ਪ੍ਰੀਖਿਆ ਲਈ ਗਈ ਸੀ ਤੁਸੀਂ ਉਨ੍ਹਾਂ ਵਿਦਿਆਰਥੀਆਂ ਦੀਆਂ ਨੰਬਰ ਸੂਚੀਆਂ ਸਮੇਂ ਸਿਰ ਦਫਤਰ ਨਹੀਂ ਭੇਜੀਆਂ। ਇਸ ਲਈ ਕਿ ਨਾ ਤੁਹਾਡੇ ਸਕੂਲ ਦੀ ਮਾਨਤਾ ਵਾਪਸ ਲਈ ਜਾਵੇ। ਵੱਖ-ਵੱਖ ਸਕੂਲਾਂ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਸਬੰਧਤ ਵਿਸ਼ਿਆਂ ਦੀਆਂ ਨੰਬਰ ਸੂਚੀ ਸਮੇਂ ਸਿਰ ਦਫਤਰ ਨੂੰ ਭੇਜੀਆਂ ਸਨ ਅਤੇ ਦਫਤਰ ਵਲੋਂ ਉਨ੍ਹਾਂ ਦਾ ਨਤੀਜਾ ਵੀ ਬਾਕੀ ਨਤੀਜੇ ਦੇ ਨਾਲ ਹੀ ਘੋਸ਼ਿਤ ਕਰ ਦਿੱਤਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਿੱਖਿਆ ਬੋਰਡ ਦੇ ਪੱਧਰ 'ਤੇ ਹੀ ਇਹ ਨੰਬਰ ਸੂਚੀਆਂ ਲੇਟ ਹੋ ਗਈਆਂ ਜਿਸ ਦੀ ਜ਼ਿੰਮੇਵਾਰੀ ਐਫੀਲੀਏਟਿਡ ਸਕੂਲਾਂ ਦੇ ਸਿਰ ਮੜ੍ਹੀ ਜਾ ਰਹੀ ਹੈ।
ਬੋਰਡ ਦੀ ਪ੍ਰੀਖਿਆ ਕੰਟਰੋਲਰ ਸੁਖਵਿੰਦਰ ਕੌਰ ਸਰੋਇਆ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੰਪਿਊਟਰ ਵਲੋਂ ਨੰਬਰ ਸੂਚੀਆਂ ਕਾਰਨ ਵੱਡੀ ਗਿਣਤੀ ਵਿਚ ਨਤੀਜੇ ਲੇਟ ਹੋਣ ਦੀ ਸੂਚੀ ਭੇਜੀ ਗਈ ਜਿਸ ਦੇ ਅਧਾਰ 'ਤੇ ਇਨ੍ਹਾਂ ਸਕੂਲਾਂ ਵਿਰੁੱਧ ਕਾਰਵਾਈ ਕਰਨ ਲਈ ਐਫੀਲੀਏਸ਼ਨ ਸ਼ਾਖਾ ਨੂੰ ਲਿਖਿਆ ਗਿਆ ਸੀ। ਉਨ੍ਹਾਂ ਕਿਹਾ ਇਸ ਵਿਚ ਦਫਤਰੀ ਸ਼ਾਖਾਵਾਂ ਦੇ ਆਪਸੀ ਤਾਲਮੇਲ ਦੀ ਘਾਟ ਵੀ ਨਜ਼ਰ ਆਉਂਦੀ ਹੈ ਕਿਉਂਕਿ ਐਫੀਲੀਏਸ਼ਨ ਸ਼ਾਖਾ ਨੂੰ ਇਹ ਪੜਤਾਲ ਕਰ ਲੈਣੀ ਚਾਹੀਦੀ ਸੀ ਕਿ ਕਿਹੜੇ ਕਿਹੜੇ ਸਕੂਲਾਂ ਦੀਆਂ ਨੰਬਰ ਸੂਚੀਆਂ ਪ੍ਰਾਪਤ ਹੋ ਚੁਕੀਆਂ ਹਨ। ਇਸ ਸਬੰਧੀ ਸੰਪਰਕ ਕਰਨ 'ਤੇ ਸਿੱਖਿਆ ਬੋਰਡ ਦੇ ਸਕੱਤਰ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਹੁਣ ਇਹ ਮਾਮਲਾ ਆਇਆ ਹੈ ਉਨ੍ਹਾਂ ਵਲੋਂ ਅਧਿਕਾਰੀ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਅੰਕੜੇ ਇਕੱਠੇ ਕਰੇ ਕਿ ਕਿੰਨੇ ਸਕੂਲ ਅਜਿਹੇ ਹਨ ਜਿਨ੍ਹਾਂ ਦੀਆਂ ਨੰਬਰ ਸੂਚੀਆਂ ਸਮੇਂ ਸਿਰ ਪ੍ਰਾਪਤ ਹੋਣ ਤੋਂ ਬਾਅਦ ਵੀ ਮਾਨਤਾ ਵਾਪਸ ਲੈਣ ਨੋਟਿਸ ਜਾਰੀ ਕੀਤੇ ਗਏ ਹਨ। ਸਾਰੀ ਸੂਚਨਾ ਇਕੱਠੀ ਹੋਣ 'ਤੇ ਹੀ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ।
 
Top