ਅਸਮਾਨ ਛੂਹਣ ਦੀ ਚਾਹਤ/---

ਹਰ ਆਦਮੀ ਜ਼ਿੰਦਗੀ ’ਚ ਅਨੇਕਾਂ ਉਤਰਾਅ ਚੜਾਅ, ਦੁੱਖ-ਤਕਲੀਫਾਂ ਦੇ ਬਾਵਜੂਦ ਸਫ਼ਲਤਾਂ ਦੀਆਂ ਪੌੜੀਆਂ ਚੜ੍ਹਦਾ ਹੋਇਆ ਅਸਮਾਨ ਵਰਗੀ ਆਪਣੀ ਮੰਜ਼ਲ ਨੂੰ ਸਰ ਕਰਨ ਲਈ ਹਰ ਸਮੇਂ ਹੱਥ ਪੈਰ ਮਾਰਦਾ ਹੈ ਅਤੇ ਕਈ ਲੋਕ ਆਪਣੀ ਬਣਾਈ ਹੋਈ ਦੂਰ-ਦਰਿਸ਼ਟੀ ਦੀ ਯੋਜਨਾ, ਦ੍ਰਿੜ ਇਰਾਦੇ ਅਤੇ ਚੰਗੀ ਸੋਚ ਨਾਲ ਆਪਣੇ ਮਨਸੂਬਿਆਂ ’ਚ ਕਾਮਯਾਬ ਹੋ ਜਾਂਦੇ ਹਨ ਪਰ ਕਈ ਮੰਜ਼ਲਾਂ ਨੂੰ ਸਰ ਕਰਨ ਲਈ ਕਦਮ ਤਾਂ ਵਧਾਉਂਦੇ ਹਨ ਪਰ ਆਪਣੇ ਟੀਚੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਕੁਝ ਛੋਟੀਆਂ-ਛੋਟੀਆਂ ਅਸਫ਼ਲਤਾਵਾਂ ਮਿਲਣ ਤੋਂ ਨਿਰਾਸ਼ ਹੋ ਕੇ ਹੌਂਸਲਾ ਛੱਡ ਦਿੰਦੇ ਹਨ। ਜੇਕਰ ਅਸਲ ’ਚ ਦੇਖਿਆ ਜਾਵੇ ਤਾਂ ਜੀਵਨ ਇਕ ਕਲਾ ਹੈ, ਜਿਹੜੇ ਲੋਕ ਕਲਾ ਨੂੰ ਜਾਣਦੇ ਹਨ ਉਹ ਲੋਕ ਦੁਨੀਆਂ ’ਤੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਦੇ ਹੋਏ ਆਪਣੀਆਂ ਮੰਜ਼ਲਾਂ ਨੂੰ ਹਾਸਲ ਕਰਦੇ ਹਨ ਅਤੇ ਉਨ੍ਹਾਂ ਨੂੰ ਜ਼ਿੰਦਗੀ ਦੀ ਵਿਲੱਖਣ ਖੁਸ਼ੀ ਮਿਲਦੀ ਹੈ ਪਰ ਜੋ ਲੋਕ ਇਸ ਕਲਾ ਨੂੰ ਨਹੀਂ ਮਾਣਦੇ, ਉਨ੍ਹਾਂ ਨੂੰ ਇਸ ਦੁਨੀਆਂ ’ਚ ਨਾਕਾਮੀ ਤੋਂ ਸਿਵਾ ਕੁਝ ਹਾਸਲ ਨਹੀਂ ਹੁੰਦਾ। ਫ਼ਰਕ ਸਿਰਫ਼ ਹੈ ਜ਼ਿੰਦਗੀ ਨੂੰ ਸਹੀ ਨਜ਼ਰੀਏ ਤੋਂ ਦੇਖਣ ਦਾ, ਸੋਚਣ ਦਾ । ਹਰ ਮਨੁੱਖ ਜ਼ਿੰਦਗੀ ਨੂੰ ਦੋ ਪਹਿਲੂਆਂ ਨਾਲ ਸੋਚਦਾ ਹੈ, ਇਕ ਨਕਰਾਤਮਕ ਅਤੇ ਦੂਜਾ ਸਕਰਾਤਮਕ। ਇਹ ਮਨੁੱਖ ’ਤੇ ਨਿਰਭਰ ਕਰਦਾ ਹੈ ਕਿ ਉਹ ਕਿਹੜੇ ਪਹਿਲੂ ਨਾਲ ਸੋਚਦਾ ਹੈ।
ਮੰਜ਼ਲ ਨੂੰ ਸਰ ਕਰਨਾ ਕੋਈ ਆਸਾਨ ਨਹੀਂ ਪਰ ਬਿਨ੍ਹਾਂ ਸਕਰਾਤਮਕ ਸੋਚ ਅਤੇ ਦ੍ਰਿੜ੍ਹ ਇਰਾਦੇ ਤੋਂ ਇਹ ਅਸੰਭਵ ਹੈ ਜੇਕਰ ਤੁਸੀਂ ਆਪਣੇ ਇਰਾਦੇ ’ਤੇ ਕਾਇਮ ਹੋ ਅਤੇ ਆਪਣੇ ਮਕਸਦ ’ਚ ਕਾਮਯਾਬ ਹੋਏ ਬਿਨਾਂ ਨਹੀਂ ਰਹਿ ਸਕਦੇ, ਚਾਹੇ ਤੁਹਾਨੂੰ ਉਸਲਈ ਕਿੰਨੀ ਮਿਹਨਤ ਨਾ ਕਰਨੀ ਪਵੇ ਤਾਂ ਮੰਜ਼ਲ ਦੂਰ ਨਹੀਂ।
ਇਸ ਲਈ ਬਸ ਸਿਰਫ਼ ਤੁਹਾਨੂੰ ਜ਼ਰੂਰਤ ਹੈ ਪਹਿਲਾਂ ਆਪਣੀ ਮੰਜ਼ਲ ਬਾਰੇ ਸੋਚਣ, ਵਿਚਾਰਨ ਅਤੇ ਫਿਰ ਯੋਜਨਾ ਨੂੰ ਸਹੀ ਢੰਗ ਨਾਲ ਉਲੀਕਣ ਦੀ ਅਤੇ ਇਸ ਤੋਂ ਬਾਅਦ ਉਸ ਨੂੰ ਫਾਈਨਲ ਕਰਨ ਦੀ। ਜੀ ਹਾਂ, ਮਕਸਦ ’ਚ ਕਾਮਯਾਬ ਹੋਣਾ ਹੈ ਤਾਂ ਪਹਿਲਾਂ ਹੀ ਸੋਚ ਲਉ ਕਿ ਜਿੰਨੀਆਂ ਵੀ ਮੁਸ਼ਕਲਾਂ ਆਉਣ ਪਰ ਆਪਣੀ ਯੋਜਨਾ ਨੂੰ ਪੂਰਾ ਕਰਨਾ ਹੈ ਅਤੇ ਸਿਰੇ ਚੜਾਉਣਾ ਹੈ।

ਲੋਕਾਂ ਦੀ ਪ੍ਰਵਾਹ ਨਾ ਕਰਦੇ ਹੋਏ ਕਿ ਲੋਕ ਕੀ ਕਹਿਣਗੇ? ਕੀ ਅਸੀਂ ਕਾਮਯਾਬ ਹੋਵਾਂਗੇ ਕਿ ਨਹੀਂ? ਅਜਿਹੇ ਪ੍ਰਸ਼ਨਾਂ ’ਤੇ ਧਿਆਨ ਦੇਣ ਦੀ ਬਜਾਏ ਦ੍ਰਿੜ੍ਹ ਇਰਾਦੇ ਨਾਲ ਆਪਣੇ ਕੰਮ ਵਿਚ ਖੁੱਭ ਜਾਉ ਅਤੇ ਇਕ ਮਸਤ ਹਾਥੀ ਦੀ ਚਾਲ ਚੱਲਦੇ ਹੋਏ ਆਪਣੀ ਮੰਜ਼ਲ ਵੱਲ ਵਧਦੇ ਜਾਉ।

ਇਹ ਸਕਰਾਤਮਕ ਸੋਚ ਤੁਹਾਨੂੰ ਤੁਹਾਡੀ ਸੋਚੀ ਹੋਈ ਮੰਜ਼ਲ ਤੱਕ ਜ਼ਰੂਰ ਪੁਹੰਚਾਵੇਗੀ ਪਰ ਜੇਕਰ ਤੁਸੀਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਸੋਚ ਰਹੇ ਹੋ ਕਿ ਅਸੀਂ ਇਸ ਵਿਚ ਕਾਮਯਾਬ ਨਹੀਂ ਹੋਵਾਂਗੇ ਤਾਂ ਇਹ ਤੁਸੀਂ ਨਾ-ਪੱਖੀ ਸੋਚ ਵੱਲ ਜਾ ਰਹੇ ਹੋ ਅਤੇ ਤੁਸੀਂ ਆਪਣੀ ਮੰਜ਼ਲ ਤੱਕ ਕਦੀ ਨਾ ਅਪੜਨ ਦਾ ਰਸਤਾ ਤਿਆਰ ਕਰ ਰਹੇ ਹੋ।
ਇਥੇ ਹਮੇਸ਼ਾ ਆਪਣੇ ਧਿਆਨ ’ਚ ਰੱਖੋ ਕਿ ਸਹੀ ਸੋਚ ਕਾਮਯਾਬੀ ਦਾ ਸੁਪਨਾ ਹੈ ਅਤੇ ਗਲਤ ਸੋਚ ਨਾ-ਕਾਮਯਾਬੀ ਦੀ ਗਾਰੰਟੀ।
 
Top