ਆ ਜਾ ਸੱਜਣ

ਆ ਜਾ ਸੱਜਣ ਕਿਤੇ, ਹਿਜਰ ਤੇਰੇ ਵਿੱਚ, ਝੱਲੀ ਨਾ ਹੋ ਜਾਵਾਂ ਮੈਂ i
ਜੀ ਕੇ ਮਰਨਾ, ਮਰ-ਮਰ ਜੀਣਾ , ਅਖੀਓਂ ਨੀਰ ਵਹਾਵਾਂ ਮੈਂ i

ਪੀੜਾਂ ਸਹੀਆਂ, ਦਰਦ ਹੰਢਾਇਆ, ਪਰ ਤੈਨੂੰ ਕੋਈ ਸਾਰ ਨਹੀਂ,
ਜ਼ਖਮ ਮੇਰੇ ਹੁਣ, ਰਿਸ ਰਿਸ ਪੈਂਦੇ, ਕਿਵੇਂ ਦੱਸ ਲੁਕਵਾਂ ਮੈਂ i

ਅਕਲਾਂ ਦੇ ਖੂਹ ਖਾਲੀ ਹੋਏ, ਹੋਸ਼ਾਂ ਵੀ ਸਭ ਰੁੜ ਚੱਲੀਆਂ ,
ਸੁਰ ਵੀ ਆਖਰ, ਤਾਲ ਤੋਂ ਖੁੰਝ ਗਏ, ਕਿਦਾਂ ਗੀਤ ਸੁਣਾਵਾਂ ਮੈਂ i

ਜ਼ਰਦ ਪੈ ਗਿਆ, ਚਿਹਰਾ ਮੇਰਾ, ਬਿਰਹਾ ਨੂੰ ਗਲ ਲਾ-ਲਾ ਕੇ,
ਤੈਨੂੰ ਵੇਖਣ ਖਾਤਰ ਜੀਵਾਂ, ਕਦੋ ਦੀ ਨਹੀਂ ਮਰ ਜਾਵਾਂ ਮੈਂ i

ਜਿੰਦਗੀ ਮੋਤ ਦੀ ਦੂਰੀ ਅੜਿਆ, ਲਗਦਾ ਕਿ ਹੁਣ ਘੱਟ ਗਈ ਏ,
ਆਪਣੀ ਕਬਰ ਬਣਾਵਾਂ ਆਪੇ, ਸਿਵੇ ‘ਚ ਬਲਦੀ ਜਾਵਾਂ ਮੈਂ i

ਆਣ ਬੂਹੇ ਤੇ ਮੌਤ ਖਲੋਤੀ, ਤੁਰ ਅੜੀਏ ਇਹ ਬੋਲ ਰਹੀ,
ਐਪਰ ਜੇ ਤੂੰ ਮਿਲ ਜਾਏਂ ਸੋਹਲ, ਮੋਤ ਨੂੰ ਆਪ ਹਰਾਵਾਂ ਮੈਂ i
ਆ ਜਾ ਸੱਜਣ ਕਿਤੇ, ਹਿਜਰ ਤੇਰੇ ਵਿੱਚ, ਝੱਲੀ ਨਾ ਹੋ ਜਾਵਾਂ ਮੈਂ i

ਆਰ.ਬੀ.ਸੋਹਲ​
 
Top