ਦੋ ਕਹਾਣੀਆਂ: ਕੌਣ ਵੱਡਾ, ਕਦੀ ਇੱਦਾਂ ਵੀ ਹੋ ਜਾਂਦਾ ਹ&

ਕੌਣ ਵੱਡਾ
ਮੀਟਿੰਗ ਖਤਮ ਹੋਣ ਪਿੱਛੋਂ ਸਾਰੇ ਅਫਸਰ ਆਪੋ ਆਪਣੀਆਂ ਕਾਰਾਂ, ਜੀਪਾਂ ਵਿਚ ਬੈਠਣੇ ਸ਼ੁਰੂ ਹੋ ਗਏ। ਮੈਂ ਇੱਧਰ ਉੱਧਰ ਦੇਖ ਆਪਣੀ ਜੀਪ ਲੱਭ ਹੀ ਰਿਹਾ ਸੀ ਕਿ ਮੇਰੇ ਡਰਾਈਵਰ ਨੇ ਮੇਰੇ ਕੋਲ ਆ ਕੇ ਕਿਹਾ, “ਜਨਾਬ ਮੈਂ ਤਾਂ ਤੁਹਾਡੇ ਕੋਲ ਹੀ ਜੀਪ ਲਿਆ ਕੇ ਖੜ੍ਹਾ ਹਾਂ, ਆਉ ਬੈਠ ਜਾਉ।’’”
ਜੀਪ ਵਿਚ ਬੈਠਦਿਆਂ ਹੀ ਉਹ ਬੋਲ ਪਿਆ, “ਜਨਾਬ ਅੱਜ ਤਾਂ ਕਮਿਸ਼ਨਰ ਸਾਹਿਬ ਨੇ ਮੀਟਿੰਗ ਬਾਹਲੀ ਲੰਮੀ ਕਰ ਦਿੱਤੀ। ਅੰਦਰ ਤੁਹਾਨੂੰ ਤਾਂ ਚਾਹ ਪਾਣੀ ਮਿਲਦਾ ਰਿਹਾ ਹੋਣਾ ਹੈ, ਬਾਹਰ ਅਸੀਂ ਸਾਰੇ ਡਰਾਈਵਰ ਸੁਕਣੇ ਪਏ ਰਹੇ। ਨੇੜੇ-ਤੇੜੇ ਕੋਈ ਚਾਹ ਦੀ ਦੁਕਾਨ ਵੀ ਤਾਂ ਨਹੀਂ ਸੀ। ਨਾਲੇ ਡਰਦੇ ਮਾਰੇ ਜੀਪ ਭਜਾ ਕੇ ਕਿਤੇ ਜਾ ਵੀ ਨਹੀਂ ਸਕਦੇ ਸੀ। ਪਤਾ ਨਹੀਂ ਹੁੰਦਾ ਕਿਸ ਵੇਲੇ ਮੀਟਿੰਗ ਖਤਮ ਹੋ ਜਾਏ। ਤੇ ਬਾਹਰ ਆਏ ਕਿਸੇ ਅਫਸਰ ਨੂੰ ਜਦ ਉਸਦਾ ਡਰਾਈਵਰ ਨਾ ਦਿਸੇ, ਤਾਂ ਡਰਾਈਵਰ ਦੀ ਸ਼ਾਮਤ ਆਈ ਸਮਝੋ।”’’
ਮੇਰਾ ਡਰਾਈਵਰ ਬੋਲੀ ਜਾ ਰਿਹਾ ਸੀ, “ਅੱਜ ਤਾਂ ਡਵੀਜ਼ਨ ਵਿਚ ਪੈਂਦੇ ਬਾਕੀ ਜ਼ਿਲ੍ਹਿਆਂ ਦੇ ਡੀ.ਸੀ. ਸਾਹਿਬ ਤੇ ਪੁਲੀਸ ਕਪਤਾਨ ਵੀ ਆਏ ਹੋਏ ਲਗਦੇ ਹਨ। ਸਾਹਿਬ ਜੀ, ਇਹ ਪੁਲੀਸ ਵਾਲੇ ਸਾਥੋਂ ਪਰ੍ਹਾਂ ਪਰ੍ਹਾਂ ਪਤਾ ਨਹੀਂ ਕਿਉਂ ਰਹਿੰਦੇ ਹਨ? ਅਸੀਂ ਕਿਹੜਾ ਸਿਫਾਰਸ਼ ਪਾ ਕੇ ਇਨ੍ਹਾਂ ਤੋਂ ਕੋਈ ਮੁਲਜ਼ਮ ਛੁਡਾਉਣਾ ਹੁੰਦਾ ਹੈ। ਸੱਚ ਪੁੱਛੋ ਤਾਂ ਜੇ ਕਿਤੇ ਲੋੜ ਪੈ ਵੀ ਜਾਏ ਤਾਂ ਇਹ ਜਾਣਦੇ ਹੋਏ ਵੀ ਅਣਜਾਣ ਹੋ ਜਾਂਦੇ ਹਨ। ਪਤਾ ਨਹੀਂ ਇਨ੍ਹਾਂ ਦੀ ਟ੍ਰੇਨਿੰਗ ਹੀ ਇਹੋ ਜਿਹੀ ਹੈ ਜਾਂ ਜਾਣ-ਬੁੱਝ ਕੇ ਆਪਣੇ ਆਪ ਨੂੰ ਵੱਖਰਾ ਤੇ ਵੱਡਾ ਸਮਝਦੇ ਹਨ।’’
“ਜਨਾਬ, ਜੇ ਤਨਖਾਹ ਦਾ ਹਿਸਾਬ ਲਾਈਏ ਤਾਂ ਮੇਰੀ ਇਨ੍ਹਾਂ ਸਾਰਿਆਂ ਤੋਂ ਜ਼ਿਆਦਾ ਹੈ। ਪੰਦਰਾਂ ਵਰ੍ਹੇ ਮੈਨੂੰ ਤੁਹਾਡੇ ਦਫਤਰ ਵਿਚ ਕੰਮ ਕਰਦੇ ਨੂੰ ਹੋ ਚੱਲੇ ਹਨ। ਅਠਾਰਾਂ ਵਰ੍ਹੇ ਫੌਜ ਵਿਚ ਨੌਕਰੀ ਕੀਤੀ ਹੈ। ਮੇਰੇ ਮੋਢੇ ’ਤੇ ਫੀਤੀਆਂ ਲੱਗੀਆਂ ਹੋਈਆਂ ਸਨ, ਹਵਾਲਦਾਰੀ ਦੀਆਂ। ਫੌਜ ਦੀ ਪੈਨਸ਼ਨ ਵੀ ਆਉਂਦੀ ਹੈ। ਘਰੋਂ ਸੌਖਾ ਹਾਂ। ਜ਼ਮੀਨ ਹੈ, ਟਰੈਕਟਰ ਹੈ, ਟਿਊਬਵੈਲ ਹੈ। ਪਰ ਪੁਲੀਸ ਦਾ ਸਿਪਾਹੀ ਰੈਂਕ ਦਾ ਡਰਾਈਵਰ ਆਪਣੇ ਆਪ ਨੂੰ ਪੁਲੀਸ ਕਪਤਾਨ ਹੀ ਸਮਝਦਾ ਹੈ। …”
ਮੈਂ ਜਾਣ ਬੁੱਝ ਕੇ ਚੁੱਪ ਰਿਹਾ। ਮੇਰੀ ਚੁੱਪ ਉਸ ਤੋਂ ਕਿੱਥੇ ਬਰਦਾਸ਼ਤ ਹੋਣੀ ਸੀ, ਉਸ ਕਿਹਾ, “ਜਨਾਬ ਅੱਜ ਸਾਡੇ ਡਰਾਈਵਰ ਭਰਾਵਾਂ ਵਿਚ ਗੱਲ ਵਧਦੀ ਵਧਦੀ ਲੜਾਈ ਝਗੜੇ ਤੋਂ ਮਸਾਂ ਬਚੀ। ਇੱਕ ਪੁਲੀਸ ਅਫਸਰ ਦਾ ਡਰਾਈਵਰ ਕਹੇ, ਪੁਲੀਸ ਦਾ ਅਫਸਰ ਵੱਡਾ ਹੁੰਦਾ ਹੈ। ਕੋਲ ਹੀ ਡੀ.ਸੀ. ਸਾਹਿਬ ਦਾ ਡਰਾਈਵਰ ਖੜ੍ਹਾ ਸੀ। ਉਹ ਕਹੇ ਇਹ ਆਈ.ਏ.ਐਸ. ਅਫਸਰ ਵੱਡੇ ਹੁੰਦੇ ਹਨ, ਤਾਂਈਂਉਂ ਤੇ ਅੱਜ ਕਮਿਸ਼ਨਰ ਸਾਹਿਬ ਵੱਲੋਂ ਸੱਦੀ ਮੀਟਿੰਗ ਵਿਚ ਡਵੀਜ਼ਨ ਵਿਚ ਪੈਂਦੇ ਸਾਰੇ ਜ਼ਿਲ੍ਹਿਆਂ ਦੇ ਪੁਲੀਸ ਕਪਤਾਨ ਵੀ ਆਏ ਹਨ। ਉਸ ਡਰਾਈਵਰ ਨੂੰ ਰਾਹ ਨਾ ਲੱਭੇ ਪਰ ਉਸ ਹਾਰ ਕਿੱਥੇ ਮੰਨਣੀ ਸੀ ਤੇ ਕਹਿਣ ਲੱਗਾ, ਭਰਾਉ ਤੁਸਾਂ ਸੁਣਿਆ ਹੋਣਾ ਹੈ ਰੱਬ ਨੇੜੇ ਕੇ ਘਸੁੰਨ।” ਸਾਰੇ ਕਹਿਣ, ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ਅੱਜ ਤੱਕ ਤਾਂ ਅਸੀਂ ਘਸੁੰਨ ਹੀ ਨੇੜੇ ਦੇਖਦੇ ਆਏ ਹਾਂ, ਘਸੁੰਨ ਤੋਂ ਸਭ ਡਰਦੇ ਹਨ।”
“ਫੇਰ ਉਸ ਇੱਕ ਕਹਾਣੀ ਸੁਣਾਈ। ਸਭ ਦੇ ਢਿੱਡੀਂ ਪੀੜਾਂ ਪੈ ਗਈਆਂ। ਅਫਸਰਾਂ ਦੀ ਮੀਟਿੰਗ ਤਾਂ ਮੁੱਕਣ ਵਾਲੀ ਨਹੀਂ ਸੀ ਲੱਗ ਰਹੀ, ਅਸੀਂ ਵੀ ਕੀ ਕਰਦੇ, ਵਕਤ ਤਾਂ ਕੱਟਣਾ ਸੀ। ਬੱਸ ਕਹਾਣੀਆਂ ਹੀ ਸੁਣਦੇ ਸੁਣਾਉਂਦੇ ਰਹੇ। ਉਸ ਡਰਾਈਵਰ ਨੇ ਕਹਾਣੀ ਸ਼ੁਰੂ ਕੀਤੀ, ਭਰਾਉ, ਇੱਕ ਵੇਰਾਂ ਇੱਕ ਕਿਸਾਨ ਖੇਤਾਂ ਵਿਚ ਹਲ ਵਾਹ ਵਾਹ ਕੇ ਥੱਕ ਟੁੱਟ ਗਿਆ। ਦੁਪਹਿਰ ਦਾ ਵੇਲਾ ਸੀ, ਉੱਪਰੋਂ ਅਤਿ ਦੀ ਗਰਮੀ ਸੀ। ਉਸ ਨੂੰ ਤ੍ਰੇਹ ਲੱਗੀ ਤਾਂ ਉਸ ਹਲ ਵਿਚੇ ਛੱਡ ਦਿੱਤਾ। ਬ੍ਰਿਛ ਹੇਠ ਰੱਖੀ ਪਾਣੀ ਦੀ ਮਟਕੀ ਵਿੱਚੋਂ ਪਾਣੀ ਦਾ ਛੰਨਾ ਭਰ ਜਦ ਉਹ ਪੀਣ ਲੱਗਾ, ਉਸ ਨੂੰ ਸਾਹਮਣੇ ਕੋਈ ਖੜ੍ਹਾ ਦਿਸ ਪਿਆ, ਜਿਸ ਨੇ ਕਿਸਾਨ ਤੋਂ ਪਾਣੀ ਮੰਗ ਲਿਆ। ਕਿਸਾਨ ਨੇ ਪੁੱਛਿਆ, ਤੂੰ ਕੌਣ ਹੈਂ?”ਉਸ ਅੱਗੋਂ ਕਿਹਾ, ਮੈਂ ਰੱਬ ਹਾਂ।” ਕਿਸਾਨ ਨੇ ਕਿਹਾ, ਹੋਵੇਂਗਾ ਰੱਬ ਆਪਣੇ ਘਰ, ਮੈਨੂੰ ਕੀ? ਇਹ ਪਾਣੀ ਮੈਂ ਤ੍ਰਕਾਲਾਂ ਤੱਕ ਪੀਣਾ ਹੈ। ਤੂੰ ਕਿਹੜਾ ਹਲ ਵਾਹਿਆ ਹੈ ਜੋ ਤੈਨੂੰ ਪਾਣੀ ਦਿਆਂ। ਉਸ ਫੇਰ ਕਿਹਾ, ਚੱਲ ਤੂੰ ਮੰਨ ਲੈ ਮੈਂ ਥਾਣੇਦਾਰ ਹਾਂ।” ਕਿਸਾਨ ਠਠੰਬਰ ਗਿਆ ਤੇ ਆਪਣਾ ਸਾਫਾ ਹੇਠਾਂ ਵਿਛਾ ਕੇ ਕਹਿਣ ਲੱਗਾ, ਥਾਣੇਦਾਰ ਸਾਹਿਬ ਖੜ੍ਹੇ ਕਿਉਂ ਹੋ, ਅਰਾਮ ਨਾਲ ਬੈਠ ਜਾਉ, ਆਹ ਲਓ ਪਾਣੀ ਦਾ ਛੰਨਾ। ਤੁਹਾਥੋਂ ਕੀ ਚੰਗਾ ਹੈ, ਚਾਹੋ ਤਾਂ ਭਾਵੇਂ ਸਾਰੀ ਮਟਕੀ ਨਾਲ ਲੈ ਜਾਉ। ਜੇ ਮੈਨੂੰ ਹੁਕਮ ਕਰੋ, ਮੈਂ ਆਪ ਜਾ ਕੇ ਮਟਕੀ ਚੌਕੀਂ ਛੱਡ ਆਉਂਦਾ ਹਾਂ। ਮੇਰਾ ਕੀ ਹੈ, ਮੈਂ ਖਾਲ ਵਿੱਚੋਂ ਪਾਣੀ ਪੀ ਕੇ ਡੰਗ ਸਾਰ ਲਵਾਂਗਾ।
“ਸਾਹਿਬ ਜੀ, ਭਾਵੇਂ ਹੈ ਤਾਂ ਇਹ ਕਹਾਣੀ ਹੀ, ਪਰ ਗੱਲ ਪਤੇ ਦੀ ਹੈ। ਪੁਲਸ ਤੋਂ ਸਭ ਡਰਦੇ ਹਨ। ਕਿਸਾਨ ਨੇ ਸਿਆਣਪ ਕੀਤੀ ਜੋ ਮੌਕਾ ਸੰਭਾਲ ਲਿਆ। ਸਾਹਮਣੇ ਖੜ੍ਹੇ ਘਸੁੰਨ ਤੋਂ ਬਚ ਗਿਆ। ਰੱਬ ਦਾ ਕੀ ਹੈ, ਲੋੜ ਪੈਣ ਤੇ ਅਰਦਾਸਾਂ ਕਰ ਕੇ ਤੇ ਮਿੰਨਤਾਂ ਤਰਲਿਆਂ ਨਾਲ ਮੰਨਾ ਲਈਦਾ ਹੈ।
“ਸਰ ਜੀ, ਪਿੱਛੇ ਜਿਹੇ ਅਖਬਾਰਾਂ ਵਿਚ ਤੇ ਟੀ.ਵੀ. ਤੇ ਬਾਰ ਬਾਰ ਖਬਰ ਦੁਹਰਾਈ ਜਾਂਦੀ ਸੀ ਕੇ ਪੁਲੀਸ ਦੇ ਇੱਕ ਬਹੁਤ ਵੱਡੇ ਅਫਸਰ ਨੇ ਰਾਤ ਦੇ ਖਾਣੇ ਤੇ ਇੱਕ ਅਫਸਰਾਂ ਦੀ ਪਾਰਟੀ ਦੌਰਾਨ ਕਿਸੇ ਲੋਰ ਹੇਠ, ਸਰਕਾਰ ਦੀ ਇੱਕ ਉਚ ਪੱਧਰੀ ਅਧਿਕਾਰੀ ਦੇ ਲੱਕ ਤੋਂ ਹੇਠਲੇ ਹਿੱਸੇ ਤੇ ਆਪਣਾ ਹੱਥ ਪਲੋਸ ਦਿੱਤਾ। ਉਹ ਤ੍ਰਬਕ ਗਈ ਤੇ ਉਸ ਗੁੱਸਾ ਮਨਾਇਆ। ਕੋਲ ਖੜ੍ਹੀਆਂ ਹੋਰ ਤੀਵੀਂਆਂ ਜੋ ਜਾਂ ਤਾਂ ਆਪ ਅਫਸਰ ਸਨ ਜਾਂ ਅਫਸਰਾਂ ਦੀਆਂ ਘਰ ਵਾਲੀਆਂ ਸਨ, ਨੇ ਵੀ ਬਹੁਤ ਮਾੜਾ ਜਾਣਿਆ। ਸਾਰਾ ਮਾਹੌਲ ਗੰਭੀਰ ਹੋ ਗਿਆ। ਉਸ ਔਰਤ ਦਾ ਪਤੀ ਵੀ ਆਈ.ਏ.ਐਸ. ਅਫਸਰ ਸੀ। ਉਹਨਾਂ ਦੇ ਸਾਥੀ ਅਫਸਰਾਂ ਨੇ ਸਾਥ ਨਾ ਦਿੱਤਾ ਤੇ ਨਾ ਹੀ ਏਕਤਾ ਦਿਖਾਈ ਸਗੋਂ ਕਈਆਂ ਨੇ ਤਾਂ ਉਹਨਾਂ ਵਿਚ ਹੀ ਦੋਸ਼ ਲੱਭੇ।
“ਇੰਨੇ ਵੱਡੇ ਪੁਲੀਸ ਅਫਸਰ ਵਿਰੁੱਧ ਸ਼ਿਕਾਇਤ ਕੀਹਨੇ ਦਰਜ ਕਰਨੀ ਸੀ। ਇਹ ਮੀਆਂ ਬੀਵੀ ਇਕੱਲੇ ਹੀ ਡਟੇ ਰਹੇ ਅਖਬਾਰਾਂ ਤੇ ਟੀ.ਵੀ. ਨੇ ਬਹੁਤ ਸ਼ੋਰ ਸ਼ਰਾਬਾ ਕੀਤਾ ਤਾਂ ਜਾ ਕੇ ਕਿਤੇ ਢਿੱਲੀ ਜਿਹੀ ਸ਼ਿਕਾਇਤ ਦਰਜ ਹੋਈ।
“ਫੇਰ ਕਈ ਵਰ੍ਹੇ ਤੇ ਕਈ ਅਦਾਲਤਾਂ ਵਿਚ ਕੇਸ ਲਟਕਦਾ ਰਿਹਾ। ਗੱਡੇ ਦੀ ਚਾਲੇ ਤੇ ਢਿਚਕੂ ਢਿਚਕੂ ਚਲਦਾ ਰਿਹਾ। ਹੇਠ ਤੋਂ ਲੈ ਕੇ ਦੇਸ਼ ਦੀ ਉੱਚੀ ਅਦਾਲਤ ਤਕ ਗਿਆ ਪਰ ਸਜ਼ਾ ਗੋਂਗਲੂ ਤੋਂ ਮਿੱਟੀ ਝਾੜਨ ਬਰਾਬਰ ਸੀ। ਸਰ ਜੀ, ਤੁਸੀਂ ਵੇਖ ਲਿਆ, ਪੁਲੀਸ ਦਾ ਵੱਡਾ ਅਫਸਰ ਕਿਵੇਂ ਬਚ ਨਿਕਲਿਆ।
“ਸਰ ਜੀ, ਮੇਰੀ ਘਰਵਾਲੀ ਪਿੰਡ ਦੀ ਇਸਤਰੀ ਸਭਾ ਦੀ ਪ੍ਰਧਾਨ ਹੈ। ਪਿੰਡ ਵਿੱਚੋਂ ਸ਼ਰਾਬ ਦਾ ਠੇਕਾ ਉਹਨਾਂ ਨੇ ਧਰਨੇ ਦੇ ਦੇ ਕੇ ਚੁਕਾ ਦਿੱਤਾ ਹੈ। ਪਿੰਡ ਦਾ ਕੋਈ ਬੰਦਾ ਜੇ ਆਪਣੀ ਘਰ ਵਾਲੀ ਨਾਲ ਬਦਸਲੂਕੀ ਕਰੇ ਤਾਂ ਤਰਕਾਲਾਂ ਨੂੰ ਉਹਦੇ ਘਰ ਧਰਨਾ ਦੇਂਦੀਆਂ ਹਨ। ਪਿੰਡ ਦੇ ਸਭ ਬੰਦੇ ਸੂਤ ਹੋ ਗਏ ਹਨ। ਮੈਂ ਆਪ ਡਰਦਾ ਫਿਰਦਾ ਹਾਂ। ਦਾਰੂ ਦੂਰੂ ਵੀ ਛੱਡ ਦਿੱਤੀ ਹੈ।
“ਉਹਨਾਂ ਪਾਸ ਆਪਣਾ ਟੀ. ਵੀ. ਸੈੱਟ ਹੈ। ਕਈ ਅਖਬਾਰਾਂ ਤੇ ਰਸਾਲੇ ਉਹਨਾਂ ਪਾਸ ਆਉਂਦੇ ਹਨ। ਮੇਰੀ ਘਰਵਾਲੀ ਦੀ ਜਾਣਕਾਰੀ ਮੈਥੋਂ ਕਿਤੇ ਵੱਧ ਹੈ। ਘਰ ਗਏ ਨੂੰ ਉਹ ਮੈਨੂੰ ਕਈ ਸਵਾਲ ਕਰਦੀ ਰਹਿੰਦੀ ਹੈ। ਜਨਾਬ, ਜਿਸ ਦਿਨ ਉਸਨੇ ਅਦਾਲਤ ਦਾ ਫੈਸਲਾ ਅਖਬਾਰਾਂ ਵਿਚ ਪੜ੍ਹਿਆ, ਮੈਨੂੰ ਕਹਿਣ ਲੱਗੀ, ਇਸ ਤੋਂ ਤਾਂ ਚੰਗਾ ਸੀ ਉਹ ਤੀਵੀਂ ਉਸੇ ਵੇਲੇ ਆਪਣੀ ਜੁੱਤੀ ਲਾਹ ਲੈਂਦੀ। ਜੁੱਤੀ ਹੀ ਤਾਂ ਔਰਤ ਦਾ ਸਭ ਤੋਂ ਵੱਡਾ ਹਥਿਆਰ ਹੈ। ਜੁੱਤੀ ਅੱਗੇ ਵੱਡਿਆਂ ਵੱਡਿਆਂ ਦੀਆਂ ਧੌਣਾਂ ਨਿਵ ਜਾਂਦੀਆਂ ਹਨ। ਲੱਕ ਦੁਆਲੇ ਬੱਧਾ ਪਿਸਤੌਲ ਬੱਧੇ ਦਾ ਬੱਧਿਆ ਰਹਿ ਜਾਂਦਾ ਹੈ। ਸਰ ਜੀ, ਮੈਂ ਉਸ ਨੂੰ ਕਿਹਾ, ਸ਼ੁਦੈਣੇ, ਪੜ੍ਹੇ ਲਿਖੇ ਇਸ ਤਰ੍ਹਾਂ ਨਹੀਂ ਕਰਦੇ। ਉਸ ਅੱਗੋਂ ਭੜਕ ਕੇ ਕਿਹਾ, ਪੜ੍ਹੇ ਲਿਖੇ ਤੀਵੀਆਂ ਨਾਲ ਇੱਦਾਂ ਦਾ ਵਿਹਾਰ ਵੀ ਨਹੀਂ ਕਰਦੇ। ਤੇ ਖਾਸ ਕਰਕੇ ਪੁਲਸ ਅਫਸਰ, ਜਿਨ੍ਹਾਂ ਨੇ ਰਾਖੀ ਕਰਨੀ ਹੁੰਦੀ ਹੈ।
“ਸਰ, ਸਾਡੇ ਪਿੰਡਾਂ ਵਿਚ ਆਮ ਪ੍ਰਚਿਲਤ ਹੈ ਕਿ ਇੱਕ ਵੇਰਾਂ ਪਿੰਡ ਦੇ ਬੱਚਿਆਂ ਪਾਸੋਂ ਖੇਡਦੇ ਖੇਡਦੇ ਇੱਕ ਬਿੱਲੀ ਮਰ ਗਈ। ਪੁਜਾਰੀ ਜੀ ਨੇ ਕਿਹਾ, ਇਹ ਘੋਰ ਪਾਪ ਹੈ।” ਉਹਨਾਂ ਸਾਰੇ ਬੱਚਿਆਂ ਦੇ ਘਰਦਿਆਂ ਨੂੰ ਤਲਬ ਕਰ ਕੇ ਕਿਹਾ ਇਸਦੀ ਜਾਨ ਬਖਸ਼ੀ ਇਸੇ ਵਿਚ ਹੈ ਜੇ ਤੁਸੀਂ ਸਾਰੇ ਪੈਸੇ ਇਕੱਠੇ ਕਰ ਕੇ ਬਿੱਲੀ ਦੀ ਸੋਨੇ ਦੀ ਮੂਰਤੀ ਚੜ੍ਹਾਉ। ਵਿੱਚੋਂ ਹੀ ਇੱਕ ਮੁੰਡਾ ਬੋਲ ਪਿਆ, ਪੁਜਾਰੀ ਜੀ, ਖੇਡਦੇ ਖੇਡਦੇ ਜਦ ਸਾਥੋਂ ਬਿੱਲੀ ਮਰ ਗਈ ਸੀ ਤੁਹਾਡਾ ਲੜਕਾ ਸੰਤੋਖ ਰਾਮ ਸਾਡੇ ਨਾਲ ਸੀ।” ਪੁਜਾਰੀ ਜੀ ਬੋਲੇ, ਉਏ ਪਹਿਲਾਂ ਕਿਉਂ ਨਹੀਂ ਦੱਸਿਆ, ਜੇ ਵਿਚ ਸੰਤੋਖਾ ਸੀ ਫੇਰ ਕਾਹਦਾ ਧੋਖਾ, ਜਾਉ ਆਪਣੇ ਆਪਣੇ ਘਰਾਂ ਨੂੰ। ਜਨਾਬ ਦੇਖ ਲਿਆ ਨਾ ਤੁਸੀਂ, ਇਨ੍ਹਾਂ ਸੰਤੋਖਿਆਂ ਦਾ ਇਵੇਂ ਹੀ ਬਚਾਉ ਹੋ ਜਾਂਦਾ ਹੈ। ਇਨ੍ਹਾਂ ਲਈ ਲਗਦਾ ਹੈ ਵੱਖਰੇ ਕਾਨੂੰਨ ਹੁੰਦੇ ਹਨ ਤੇ ਸਾਡੇ ਵਰਗਿਆਂ ਲਈ ਅੱਡ।””
ਇਹ ਸੁਣ ਕੇ ਮੇਰਾ ਹਾਸਾ ਨਿਕਲ ਗਿਆ ਤੇ ਮੈਨੂੰ ਹੱਸਦੇ ਦੇਖ ਕੇ ਉਹ ਵੀ ਖੁੱਲ੍ਹ ਕੇ ਹੱਸਿਆ। ਨਹੀਂ ਤਾਂ ਗੱਲਾਂ ਤਾਂ ਉਹ ਕਰੀ ਜਾ ਰਿਹਾ ਸੀ ਤੇ ਮੇਰੀ ਚੁੱਪ ਤੋਂ ਉਹਨੂੰ ਅੰਦਰੋ ਅੰਦਰ ਡਰ ਸੀ ਕੇ ਕਿਤੇ ਡਾਂਟ ਨਾ ਪੈ ਜਾਏ।
”ਜਨਾਬ, ਇਕੱਠ ਖੁਣੋਂ ਉਹਨਾਂ ਦਾ ਕੰਮ ਢਿੱਲਾ ਰਿਹਾ। ਇਨ੍ਹਾਂ ਵੱਡੇ ਵੱਡੇ ਲੋਕਾਂ ਨੂੰ ਆਪੋ ਆਪਣੀ ਪਈ ਰਹਿੰਦੀ ਹੈ। ਬਚ ਬਚਾ ਕੇ ਟਾਈਮ ਲੰਘਾ ਦਿੰਦੇ ਹਨ। ਜੇ ਕਿਤੇ ਇਹੋ ਜਿਹੀ ਗੱਲ ਕਿਸੇ ਸਫਾਈ ਸੇਵਕਾਂ ਦੀ ਤੀਵੀਂ ਨਾਲ ਹੋਈ ਹੁੰਦੀ ਉਹਨਾਂ ਪੱਕੀ ਹੜਤਾਲ ਕਰ ਦੇਣੀ ਸੀ। ਸ਼ਹਿਰ ਗੰਦਗੀ ਨਾਲ ਭਰ ਜਾਂਦੇ ਤੇ ਸਰਕਾਰ ਵੀ ਝੁਕਦੀ ਤੇ ਤਕੜਾ ਐਕਸ਼ਨ ਹੁੰਦਾ। … ਟਰੱਕਾਂ ਵਾਲੇ ਹੀ ਨਹੀਂ ਮਾਣ, ਉਹਨਾਂ ਵਿਚ ਵੀ ਬਾਹਲਾ ਇਕੱਠ ਦੇਖਣ ਨੂੰ ਮਿਲਿਆ ਹੈ।
“ਸਰ, ਤੁਹਾਡੇ ਇੱਥੇ ਆਉਣ ਤੋਂ ਪਹਿਲਾਂ ਦੀ ਗੱਲ ਹੈ, ਅਸੀਂ ਜੀਪ ਤੇ ਚੰਡੀਗੜ੍ਹ ਜਾ ਰਹੇ ਸੀ। ਸਾਹਿਬ ਨੇ ਮੀਟਿੰਗ ਤੇ ਪਹੁੰਚਣਾ ਸੀ। ਅਸੀਂ ਸ਼ਹਿਰੋਂ ਬਾਹਰ ਹੀ ਨਿਕਲੇ ਸੀ ਕਿ ਸਾਹਨੇਵਾਲ ਲਾਗੇ ਤਕੜਾ ਜਾਮ ਲੱਗਾ ਹੋਇਆ ਸੀ। ਦੇਖਦੇ ਦੇਖਦੇ ਅਸੀਂ ਵਿਚੇ ਫਸ ਗਏ। ਅੱਗੇ ਟਰੱਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਤੇ ਜਿਹੜੀ ਗੱਡੀ ਆਵੇ ਉਹ ਪਿੱਛੇ ਰੁਕੀ ਜਾਵੇ। ਗੱਡੀ ਤੇ ਗੱਡੀ ਆ ਰਹੀ ਸੀ, ਸ਼ੇਰ ਸ਼ਾਹ ਸੂਰੀ ਮਾਰਗ ਜੋ ਸੀ।
“ਪਤਾ ਲੱਗਾ ਕੇ ਇੱਕ ਟਰੱਕ ਡਰਾਈਵਰ ਨੂੰ ਪੁਲੀਸ ਅਫਸਰ ਨੇ ਨਾਕੇ ਤੇ ਰੋਕ ਕੇ ਕਾਗਜ਼ ਚੈੱਕ ਕੀਤੇ। ਕਾਗਜ਼ ਪੂਰੇ ਨਿਕਲੇ ਪਰ ਫਿਰ ਵੀ ਤਕਰਾਰ ਹੋ ਗਿਆ ਤੇ ਪੁਲੀਸ ਅਫਸਰ ਮਾੜਾ ਬੋਲਿਆ, ਜੋ ਟਰੱਕ ਡਰਾਈਵਰ ਬਰਦਾਸ਼ਤ ਨਾ ਕਰ ਸਕਿਆ ਤੇ ਉਸ ਗੁੱਸੇ ਵਿਚ ਆਪਣਾ ਟਰੱਕ ਸੜਕ ਵਿਚਕਾਰ ਖੜ੍ਹਾ ਕਰ ਦਿੱਤਾ ਤੇ ਗੱਲ ਤੁਰਦੀ ਤੁਰਦੀ ਸਿਰੇ ਤਕ ਪਹੁੰਚ ਗਈ।
“ਮੈਂ ਤਾਂ ਜੀਪ ਨੀਵੇਂ ਥਾਂ ਉਤਾਰ ਕੇ ਕੱਚੇ ਪਾ ਲਈ ਤੇ ਪਿੰਡਾਂ ਵਿਚ ਦੀ ਹੁੰਦਾ ਨਿਕਲ ਗਿਆ। ਬਾਅਦ ਵਿਚ ਪਤਾ ਲੱਗਾ ਕਿ ਚੰਡੀਗੜ੍ਹ ਤੋਂ ਪੁਲੀਸ ਦੇ ਵੱਡੇ ਵੱਡੇ ਅਫਸਰ ਮੌਕੇ ’ਤੇ ਪਹੁੰਚੇ ਤੇ ਉਹਨਾਂ ਪੁੱਛ ਪੜਤਾਲ ਪਿੱਛੋਂ ਉਸ ਅਫਸਰ ਵਿਰੁੱਧ ਮੁਕੱਦਮਾ ਦਰਜ ਕੀਤਾ ਤੇ ਉਸ ਨੂੰ ਲਾਈਨ ਹਾਜ਼ਰ ਵੀ ਕਰ ਦਿੱਤਾ। ਫੇਰ ਜਾ ਕੇ ਕਿਤੇ ਬੰਦ ਟੁੱਟਾ। ਸਰ ਜੀ, ਸਭ ਤੋਂ ਵੱਧ ਤਾਕਤ ਤਾਂ ਇਕੱਠ ਵਿਚ ਹੈ ਜੋ ਉਹਨਾਂ ਅਫਸਰਾਂ ਦੇ ਸਾਥੀਆਂ ਨੇ ਨਾ ਵਿਖਾਈ। ਵੱਡੇ ਅਫਸਰ ਬਹੁਤਾ ਕਰਕੇ ਆਪੋ ਆਪਣਾ ਧਿਆਨ ਰੱਖਣਾ ਠੀਕ ਸਮਝਦੇ ਹਨ ਤੇ ਬਚ ਬਚਾ ਕੇ ਟਾਈਮ ਕੱਟ ਲੈਂਦੇ ਹਨ।”
ਮੈਂ ਕਿਹਾ, “ਹੁਣ ਤੂੰ ਕਿਤੇ ਜਾਣ ਬੁੱਝ ਕੇ ਤਾਂ ਨਹੀਂ ਗੱਡੀ ਹੌਲੀ ਚਲਾ ਰਿਹਾ ਤਾਂ ਜੋ ਤੇਰੀਆਂ ਗੱਲਾਂ ਵਿਚੇ ਨਾ ਰਹਿ ਜਾਣ?”
““ਨਹੀਂ ਜਨਾਬ, ਤੁਸੀਂ ਸ਼ੱਕ ਨਾ ਕੀਤਾ ਕਰੋ। ਆਪਣੀ ਗੱਡੀ ਹੀ ਮਾੜੀ ਹੈ। ਇਸ ਵਿਚ ਕਈ ਨੁਕਸ ਹਨ ਤੇ ਇਸਦਾ ਸਿਰੇ ਤੋਂ ਕੰਮ ਹੋਣ ਵਾਲਾ ਹੈ। ਮੈਨੂੰ ਤਾਂ ਡਰ ਹੈ ਕਿ ਲੰਮੇ ਰੂਟ ਤੇ ਗੱਡੀ ਕਿਤੇ ਧੋਖਾ ਹੀ ਨਾ ਦੇ ਜਾਵੇ।””
ਮੈਂ ਕਿਹਾ, “ਤੂੰ ਆਪਣੀਆਂ ਇੰਨੀਆਂ ਗੱਲਾਂ ਮੈਨੂੰ ਸੁਣਾ ਦਿੱਤੀਆਂ ਹਨ, ਹੁਣ ਧਿਆਨ ਨਾਲ ਮੇਰੀ ਵੀ ਇਕ ਗੱਲ ਸੁਣ ਲੈ। ਇਕੱਠ ਇਕੱਠ ਦਾ ਪਾਠ ਕਿਤੇ ਦਫਤਰ ਵਿਚ ਨਾ ਪੜ੍ਹਾ ਦੇਈਂ ਤੇ ਮੇਰੇ ਵਿਰੁੱਧ ਹੀ ਮੁਜ਼ਾਹਰੇ ਹੋਣ ਲੱਗ ਪੈਣ।””
“ਸਰ ਜੀ, ਸਾਡੇ ਦਫਤਰ ਦਾ ਤਾਂ ਪੂਰਾ ਇਕੱਠ ਹੈ। ਤੁਸੀਂ ਸਾਨੂੰ ਕੋਈ ਮੌਕਾ ਨਹੀਂ ਦੇਂਦੇ, ਸਾਡੀ ਤਾਂ ਤਿਆਰੀ ਫੁੱਲ ਹੈ।””
***
ਕਦੀ ਇੱਦਾਂ ਵੀ ਹੋ ਜਾਂਦਾ ਹੈ
ਸਾਡੀ ਚੰਗੀ ਜਾਣ ਪਛਾਣ ਸੀ। ਕੁਝ ਕੁਝ ਨੇੜਤਾ ਵੀ ਸੀ ਪਰ ਅਜੇ ਸਪੱਸ਼ਟ ਨਹੀਂ ਸੀ ਕਿ ਇਸੇ ਨੂੰ ਪਿਆਰ ਕਹਿੰਦੇ ਹਨ। ਜਾਂ ਇਉਂ ਸਮਝੋ, ਪਿਆਰ ਅਜੇ ਸਿਰ ਚੜ੍ਹ ਕੇ ਨਹੀਂ ਸੀ ਬੋਲਿਆ।
ਮੇਰਾ ਇੱਕ ਸਾਥੀ ਜੋ ਉਸੇ ਮੁਹੱਲੇ ਵਿਚ ਰਹਿੰਦਾ ਸੀ ਤੇ ਜਿਸ ਇਹ ਸਭ ਕੁਝ ਦੇਖਿਆ, ਨੇ ਇੱਕ ਦਿਨ ਕਹਿ ਦਿੱਤਾ, “ਜੋੜੀ ਠੀਕ ਜਚੇਗੀ। ਵਿਆਹ ਦੀ ਗੱਲ ਕਿਉਂ ਨਹੀਂ ਕਰ ਲੈਂਦਾ?” ਉਸ ਨਾਲ ਹੀ ਸੰਕੇਤ ਦਿੱਤਾ ਕਿ ਅਜੇ ਉਸ ਤੋਂ ਵੱਡੀ ਦਾ ਵਿਆਹ ਹੋਣਾ ਰਹਿੰਦਾ ਹੈ, ਕੁਝ ਸਬਰ ਕਰਨਾ ਪੈਣਾ ਹੈ।
ਮੈਂ ਸੁਭਾਵਿਕ ਹੀ ਢਿੱਲਾ ਸੀ, ਮੈਨੂੰ ਹੋਰ ਛੋਟ ਮਿਲ ਗਈ। ਇੱਕ ਦਿਨ ਉਸ ਕੁੜੀ ਨੇ ਆਪ ਹੀ ਕਹਿ ਦਿੱਤਾ, “ਮੇਰੇ ਪਿਤਾ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਨ।”
ਬੱਸ ਫੇਰ ਕੀ ਸੀ, ਮੈਂ ਪੂਰੀ ਤਿਆਰੀ ਨਾਲ ਸਜ-ਧਜ ਤੇ ਬਣ-ਠਣ ਕੇ ਉਸੇ ਸ਼ਾਮ ਉਸ ਦੇ ਘਰ ਪਹੁੰਚ ਗਿਆ। ਮਨ ਵਿਚ ਕਈ ਸੋਚਾਂ ਸਨ। ਉਸ ਦੇ ਘਰ ਪਹੁੰਚ ਕੇ ਦੇਖਿਆ ਕੇ ਵਿਆਹ ਵਰਗਾ ਮਾਹੌਲ ਸੀ। ਮੈਂ ਝੱਟ ਸਮਝ ਲਿਆ ਕੇ ਉਸ ਤੋਂ ਵੱਡੀ ਦਾ ਵਿਆਹ ਹੋਣਾ ਹੈ। ਮੈਂ ਸਿੱਧਾ ਉਸਦੇ ਪਿਤਾ ਪਾਸ ਗਿਆ ਤੇ ਆਪਣੇ ਬਾਰੇ ਦੱਸਿਆ। ਉਹ ਕਹਿਣ ਲੱਗੇ, “ਇੰਦਰ ਨੇ ਤੁਹਾਡੇ ਬਾਰੇ ਚੰਗਾ ਦੱਸਿਆ ਹੈ। ਲੜਕੀ ਦੀ ਸ਼ਾਦੀ ਦੀਆਂ ਬਹੁਤ ਸਮੱਸਿਆਵਾਂ ਹੁੰਦੀਆਂ ਹਨ। ਮੈਂ ਚਾਹੁੰਦਾ ਹਾਂ ਜੇ ਤੁਸੀਂ ਇਹ ਸ਼ਾਦੀ ਦੇ ਕਾਰਡ ਵੰਡ ਦਿਉ ਜੋ ਤੁਹਾਡੇ ਹਲਕੇ ਵਿਚ ਪੈਂਦੇ ਹਨ ਤਾਂ ਮੇਰਾ ਬੋਝ ਕੁਝ ਹਲਕਾ ਹੋ ਜਾਵੇਗਾ।”
ਅੱਗੋਂ ਮੈਂ ਕਿਹਾ, “ਕੋਈ ਗੱਲ ਨਹੀਂ, ਹੋਰ ਕੋਈ ਸੇਵਾ ਦੱਸੋ।””
ਉਹ ਬੋਲੇ, “ਬਾਕੀ ਦੇ ਪ੍ਰਬੰਧ ਮੈਂ ਕਰ ਲਏ ਹਨ, ਬਰਾਤ ਲੋਕਲ ਹੀ ਹੈ। ਕੁਝ ਮੇਰੇ ਦਫਤਰ ਦੇ ਸਾਥੀਆਂ ਨੇ ਜ਼ਿੰਮੇਦਾਰੀਆਂ ਆਪਸ ਵਿਚ ਵੰਡ ਲਈਆਂ ਹਨ।”
ਮੈਂ ਹੱਥ ਵਿਚ ਕਾਰਡ ਫੜੀ ਜਦ ਪਰਤ ਰਿਹਾ ਸੀ ਤਾਂ ਉਹ ਕੁੜੀ ਇੱਕ ਹਾਲ ਕਮਰੇ ਵਿਚ ਖੜ੍ਹੀ ਦਿਸ ਪਈ। ਮੇਰੀਆਂ ਨਜ਼ਰਾਂ ਤਾਂ ਉੱਧਰ ਹੀ ਲੱਗੀਆਂ ਹੋਈਆਂ ਸਨ। ਉਹ ਵੀ ਮੁਸਕਰਾ ਪਈ ਤੇ ਮੇਰੇ ਹੱਥ ਵਿਚ ਫੜੇ ਵਿਆਹ ਦੇ ਕਾਰਡਾਂ ਵੱਲ ਦੇਖ ਕੇ ਕਹਿਣ ਲੱਗੀ, “ਪਾਪਾ ਨੇ ਤੁਹਾਨੂੰ ਕੰਮ ਲਾ ਹੀ ਦਿੱਤਾ।””
ਉਹ ਫੇਰ ਆਪਣੀਆਂ ਸਹੇਲੀਆਂ ਵਿਚ ਜਾ ਰਲੀ। ਮੈਂ ਸੋਚਿਆ, ਭੈਣ ਦੀ ਸ਼ਾਦੀ ਵਿਚ ਖੁਸ਼ ਦਿਸ ਰਹੀ ਹੈ। ਵਿਆਹ ਦੇ ਕਾਰਡਾਂ ਵਿਚ ਉਸ ਸਮੇਂ ਅੱਜ ਵਾਂਗ ਸਾਰਾ ਕੁਝ ਬਾਹਰ ਨਹੀਂ ਸੀ ਲਿਖਿਆ ਹੁੰਦਾ। ਸਾਦੇ ਲਿਫਾਫੇ ਹੁੰਦੇ ਸਨ ਜਾਂ ਵੱਧ ਤੋਂ ਵੱਧ ਬਾਹਰ ‘ਵੈਡਿੰਗ’ ਲਿਖਿਆ ਹੁੰਦਾ ਸੀ। ਮੈਂ ਕਾਰਡ ਉਵੇਂ ਹੀ ਰਾਹ ਵਿਚ ਆਉਂਦੇ ਘਰਾਂ ਵਿਚ ਵੰਡ ਦਿੱਤੇ ਤੇ ਮਨ ਵਿਚ ਕਈ ਵਿਉਂਤਾਂ ਬਣਾਉਂਦਾ ਰਿਹਾ।
ਅਗਲੇ ਦਿਨ ਮੇਰਾ ਉਹੀ ਸਾਥੀ ਰਾਹ ਜਾਂਦੇ ਮਿਲ ਗਿਆ ਤੇ ਮੇਰੇ ਕੋਲ ਆ ਕੇ ਕਹਿਣ ਲੱਗਾ, “ਵੇਲਾ ਖੁੰਝਾ ਦਿੱਤਾ ਨਾ ਫੇਰ … ਹੁਣ ਖੇੜਿਆਂ ਨੇ ਲੈ ਜਾਣੀ ਹੈ ਤੇਰੇ ਵਾਲੀ ਹੀਰ, ਮਗਰੋਂ ਪਿਆ ਮੱਝਾਂ ਚਾਰਦਾ ਰਹੀਂ।””
ਉਸ ਆਪਣੀ ਜੇਬ ਵਿੱਚੋਂ ਸ਼ਾਦੀ ਵਾਲਾ ਕਾਰਡ ਜਿਸ ਤੇ ਬਾਹਰ ਉਸਦਾ ਨਾਂ ਲਿਖਿਆ ਹੋਇਆ ਸੀ, ਮੈਨੂੰ ਕੱਢ ਕੇ ਦਿਖਾਇਆ ਤੇ ਕਹਿਣ ਲੱਗਾ, “ਤੈਨੂੰ ਨਹੀਂ ਦਿੱਤਾ ਉਸ ਨੇ ਕਾਰਡ?”
ਮੈਂ ਖੋਲ੍ਹ ਕੇ ਪੜ੍ਹਿਆ ਤਾਂ ਇਹ ਉਸਦੀ ਸ਼ਾਦੀ ਦਾ ਕਾਰਡ ਸੀ। ਇਹੋ ਜਿਹੇ ਹੀ ਕਾਰਡ ਮੈਂ ਆਪਣੇ ਹੱਥੀਂ ਵੰਡੇ ਸਨ, ਬਿਨਾਂ ਖੋਲ੍ਹੇ ਤੇ ਪੜ੍ਹੇ। ਮੈਨੂੰ ਲੱਗਾ ਜਿਵੇਂ ਮੇਰੇ ਤੇ ਕਿਸੇ ਪੋਹ ਦੇ ਮਹੀਨੇ ਠੰਢੇ ਠੰਢੇ ਪਾਣੀ ਦੀ ਬਾਲਟੀ ਪਾ ਦਿੱਤੀ ਹੋਵੇ। ਮੈਂ ਸੁੰਨ ਹੋ ਗਿਆ। ਮੇਰੇ ਮੂੰਹੋਂ ਕੁਝ ਨਾ ਨਿੱਕਲਿਆ। ਉਹੀ ਅੱਗੋਂ ਕਹਿਣ ਲੱਗਾ, “ਵਿਆਹ ਵਿਚ ਇਸਦਾ ਨੰਬਰ ਪਹਿਲਾਂ ਲੱਗ ਗਿਆ। ਵੱਡੀ ਦੀ ਕਿਤੇ ਹੋਰ ਉਹਨਾਂ ਨੇ ਗੱਲ ਪੱਕੀ ਕੀਤੀ ਹੋਈ ਹੈ। ਇਹ ਸਭ ਤੋਂ ਸੋਹਣੀ ਹੈ ਤੇ ਸਰਵਿਸ ਵੀ ਕਰ ਰਹੀ ਹੈ। ਬੱਸ, ਉਹਨਾਂ ਨੂੰ ਚੰਗੀ ਲੱਗੀ ਤੇ ਉਹਨਾਂ ਹਾਂ ਕਹਾ ਕੇ ਛੱਡੀ। … ਯਾਰ, ਸੱਚ ਮੰਨੀ, ਦੁੱਖ ਤਾਂ ਮੈਨੂੰ ਵੀ ਬਹੁਤ ਹੋਇਆ ਹੈ, ਤੁਸੀਂ ਆਪਸ ਵਿਚ ਮਿਲਦੇ ਰਹੇ। ਗੱਲਾਂ ਵੀ ਕਰਦੇ ਦੇਖੇ ਗਏ। ਇੱਕ ਦੋ ਵੇਰਾਂ ਤਾਂ ਮੈਂ ਤੁਹਾਨੂੰ ਇਕੱਠਿਆਂ ਨੂੰ ਚਾਹ ਪੀਂਦੇ ਵੀ ਦੇਖਿਆ। ਕੀ ਤੁਹਾਡੀ ਕੋਈ ਆਪਸ ਵਿਚ ਪੱਕੀ ਗੱਲ ਨਹੀਂ ਸੀ ਜੋ ਉਸ ਇੱਦਾਂ ਕੀਤਾ?”
ਮੈਂ ਚੁੱਪ ਸਾਂ, ਮੇਰਾ ਦੋਸਤ ਫਿਰ ਬੋਲਿਆ, “ਯਾਰ ਜੇ ਤੂੰ ਕਹੇਂ ਤਾਂ ਮੈਂ ਉਸ ਨਾਲ ਹੁਣ ਗੱਲ ਕਰ ਕੇ ਵੇਖਾਂ? ਉਂਜ ਉਸ ਵਿਆਹ ਨੇੜੇ ਹੋਣ ਕਰਕੇ ਲੰਮੀ ਛੁੱਟੀ ਲਈ ਹੋਈ ਹੈ। ਘਰੋਂ ਬਾਹਰ ਵੀ ਨਹੀਂ ਨਿਕਲਦੀ, ਉਹ ਕੀ ਕਹਿੰਦੇ ਹੁੰਦੇ ਹਨ, ਮਾਈਂਏਂ ਪਈ ਹੋਈ ਹੈ।””
ਮੇਰੀ ਚੁੱਪ ਨੂੰ ਉਸ ਹਾਂ ਸਮਝਕੇ ਉਸ ਨੂੰ ਮੇਰੀ ਹਾਲਤ ਬਾਰੇ ਦੱਸਿਆ। ਮੈਂ ਬੇਚੈਨ ਹੋ ਉੱਠਿਆ। ਨੀਂਦ ਕਿਤੇ ਗੁੰਮ ਗਈ ਸੀ। ਸ਼ਾਇਦ ਨੀਂਦ ਉਸੇ ਦੀ ਤਲਾਸ਼ ਵਿਚ ਭਟਕਦੀ ਫਿਰਦੀ ਹੋਵੇ।
ਮੇਰੀ ਹਾਲਤ ਬਾਰੇ ਜਾਣ ਕੇ ਉਹ ਹੈਰਾਨ ਹੋ ਗਈ ਤੇ ਉਸ ਕਿਹਾ, “ਜੇ ਉਹ ਇੰਨਾ ਸੰਜੀਦਾ ਸੀ ਤਾਂ ਮੂੰਹੋਂ ਕੁਝ ਕਹਿਣਾ ਚਾਹੀਦਾ ਸੀ। ਸਾਡੀ ਚੰਗੀ ਜਾਣ-ਪਹਿਚਾਣ ਸੀ। ਹੁਣ ਵਾਲੇ ਨੂੰ ਤਾਂ ਮੈਂ ਸਿਰਫ ਇੱਕ ਨਜ਼ਰ ਨਾਲ ਹੀ ਤੱਕਿਆ ਹੈ। ਜੇ ਮੇਰੇ ਨਾਲ ਇਕਰਾਰ ਕੀਤਾ ਹੁੰਦਾ ਤਾਂ ਮੈਂ ਇੰਤਜ਼ਾਰ ਕਰ ਸਕਦੀ ਸੀ ਪਰ ਹੁਣ ਕੀ ਹੋ ਸਕਦਾ ਹੈ। ਮੇਰੇ ਪਿਤਾ ਦੀ ਇੱਜ਼ਤ ਦਾ ਸਵਾਲ ਹੈ। ਨਾਲੇ ਪਿੱਛੇ ਜਿਹੜੀਆਂ ਮੇਰੀਆਂ ਭੈਣਾਂ ਤੇ ਭਰਾ ਹਨ ਉਹਨਾਂ ਦੇ ਭਵਿੱਖ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਮੈਂ ਆਪਣੇ ਸਵਾਰਥ ਲਈ ਹੁਣ ਅਜਿਹਾ ਕੁਝ ਨਹੀਂ ਕਰ ਸਕਦੀ। ਮੇਰੀ ਮਜਬੂਰੀ ਉਸ ਨੂੰ ਦੱਸ ਦੇਣਾ। ਭਾਵੇਂ ਹੈ ਤਾਂ ਔਖਾ, ਹੋ ਸਕਿਆ ਤਾਂ ਆਪਾਂ ਮਿਲ ਕੇ ਵੀ ਗੱਲ ਕਰ ਲਵਾਂਗੇ।””
ਮੈਂ ਆਪਣੇ ਘਰ ਦੇ ਨੇੜੇ ਇੱਕ ਦੋਸਤ ਦੇ ਘਰ ਬੈਠਾ ਹੋਇਆ ਸੀ, ਆਪਣਾ ਦੁੱਖ ਉਸ ਨੂੰ ਸੁਣਾ ਰਿਹਾ ਸੀ। ਉਹ ਘਰ ਬਾਜ਼ਾਰ ਵਿਚ ਹੀ ਸੀ ਤੇ ਉਹ ਵੀ ਬਾਜ਼ਾਰ ਵੱਲ ਖੁੱਲ੍ਹਦੀ ਬਾਰੀ ਪਾਸ ਬੈਠਿਆ ਹੋਇਆ ਹਰ ਆਉਂਦੇ ਜਾਂਦੇ ਨੂੰ ਦੇਖ ਰਿਹਾ ਸੀ। ਮੇਰੀ ਦੁੱਖ ਭਰੀ ਕਹਾਣੀ ਵੀ ਸੁਣੀ ਜਾ ਰਿਹਾ ਸੀ। ਮੈਨੂੰ ਕਹਿਣ ਲੱਗਾ, “ਯਾਰ ਇੱਕ ਲੜਕੀ ਸਾਈਕਲ ਤੇ ਬਾਜ਼ਾਰ ਦੇ ਕਈ ਚੱਕਰ ਲਗਾ ਚੁੱਕੀ ਹੈ। ਪਤਾ ਨਹੀਂ ਉਸਦਾ ਕੀ ਗਵਾਚ ਗਿਆ ਹੈ ਜੋ ਉਹ ਲੱਭ ਰਹੀ ਹੈ।”
ਮੈਂ ਅਣਗੌਲਿਆਂ ਕਰ ਛੱਡਿਆ ਤੇ ਆਪਣੇ ਵਿਯੋਗ ਵਿਚ ਡੁੱਬਾ ਹੋਇਆ ਸਾਂ। ਉਸ ਫੇਰ ਕਿਹਾ, “ਯਾਰ ਇੱਕ ਵੇਰਾਂ ਆ ਕੇ ਤੇ ਤੱਕ, ਇਹ ਉਸਦਾ ਪਤਾ ਨਹੀਂ ਕਿੰਨਵਾਂ ਚੱਕਰ ਹੈ। ਬੱਸ ਇਨ੍ਹਾਂ ਘਰਾਂ ਵਿੱਚੋਂ ਉਹ ਕੁਝ ਲੱਭ ਰਹੀ ਲਗਦੀ ਹੈ।”
ਮੈਂ ਵੀ ਉਤਸੁਕਤਾ ਨਾਲ ਉੱਠਿਆ ਤੇ ਜਦੋਂ ਦੇਖਿਆ ਤਾਂ ਹੈਰਾਨ ਰਹਿ ਗਿਆ। ਇਹ ਤਾਂ ਉਹੋ ਹੀ ਸੀ ਜਿਸ ਨੂੰ ਮੈਂ ਮਨ ਵਿਚ ਬਿਠਾਈ ਬੈਠਾ ਸਾਂ।” ਮੈਂ ਝੱਟ ਹੇਠਾਂ ਬਾਜ਼ਾਰ ਵਿਚ ਆ ਗਿਆ। ਉਹ ਵੀ ਮੈਨੂੰ ਦੇਖ ਕੇ ਰੁਕ ਗਈ ਤੇ ਹੱਸ ਕੇ ਕਹਿਣ ਲੱਗੀ, “ਮੈਨੂੰ ਇਹ ਤਾਂ ਪਤਾ ਸੀ ਕਿ ਤੁਸੀਂ ਇਸੇ ਬਜ਼ਾਰ ਵਿਚ ਰਹਿੰਦੇ ਹੋ ਪਰ ਘਰ ਤੇ ਟਿਕਾਣੇ ਦਾ ਨਹੀਂ ਸੀ ਪਤਾ। ਆਖਰ ਮੈਂ ਤੁਹਾਨੂੰ ਲੱਭ ਹੀ ਲਿਆ ਨਾ।”
ਮੇਰੇ ਮੂੰਹੋਂ ਅੱਭੜਵਾਹੇ ਨਿਕਲ ਗਿਆ, “ਲੱਭ ਕਿੱਥੇ ਲਿਆ, ਇਉਂ ਕਿਉਂ ਨਹੀਂ ਕਹਿੰਦੇ, ਉਮਰ ਭਰ ਲਈ ਗਵਾ ਲਿਆ।”
ਅੱਗੋਂ ਉਹ ਬੋਲੀ, “ਮੈਂ ਤੁਹਾਡੇ ਨਾਲ ਨਰਾਜ਼ ਹਾਂ। ਜੇ ਤੁਹਾਡੇ ਦਿਲ ਵਿਚ ਇੰਨਾ ਪਿਆਰ ਸੀ ਕਿਤੇ ਕਹਿ ਕੇ ਦੇਖਦੇ ਮੈਂ ਸੱਚਮੁੱਚ ਤੁਹਾਡੀ ਹੋ ਜਾਂਦੀ। ਤਾਂਘ ਮੇਰੇ ਦਿਲ ਵਿਚ ਵੀ ਸੀ। ਨਹੀਂ ਤਾਂ ਕੋਈ ਕਿਸੇ ਰਾਹ ਜਾਂਦੇ ਨੂੰ ਇੱਦਾਂ ਮਿਲਦਾ ਥੋੜ੍ਹਾ ਹੈ ਤੇ ਇਕੱਠੇ ਚਾਹ ਪੀਣ ਲਈ ਵੀ ਰਾਜ਼ੀ ਹੋ ਜਾਂਦਾ ਹੈ। ਕੁਝ ਨਾ ਕੁਝ ਤਾਂ ਹੁੰਦਾ ਹੀ ਹੈ। ਜੇ ਮੈਨੂੰ ਤੁਹਾਡੇ ਵੱਲੋਂ ਹਾਂ ਹੁੰਦੀ ਤਾਂ ਮੈਂ ਇੰਤਜ਼ਾਰ ਵੀ ਕਰ ਲੈਂਦੀ। ਤੁਹਾਡੀ ਪੜ੍ਹਾਈ ਖਤਮ ਹੋਣ ਤਕ।””
ਮੈਂ ਕਿਹਾ, “ਹੁਣ ਕੀ ਵਿਗੜਿਆ ਹੈ? ਸਿਰਫ ਸ਼ਾਦੀ ਤੈਅ ਹੀ ਹੋਈ ਹੈ, ਅਜੇ ਹੋਈ ਤਾਂ ਨਹੀਂ।””
ਉਸ ਕਿਹਾ, “ਤੁਸੀਂ ਲੜਕੇ ਹੋ, ਲੜਕੀਆਂ ਦੀਆਂ ਮਜਬੂਰੀਆਂ ਤੋਂ ਵਾਕਿਫ ਨਹੀਂ। ਮੇਰੇ ਪਿਤਾ ਇਹ ਬਰਦਾਸ਼ਤ ਨਹੀਂ ਕਰ ਸਕਣਗੇ ਨਾਲੇ ਮੈਂ ਆਪਣੇ ਸਵਾਰਥ ਲਈ ਹੁਣ ਕੁਝ ਕਰ ਵੀ ਲਵਾਂ ਤਾਂ ਮੈਂ ਆਪਣੇ ਆਪ ਨੂੰ ਬਾਅਦ ਵਿਚ ਕਦੇ ਮੁਆਫ ਨਹੀਂ ਕਰ ਸਕਾਂਗੀ। ਹੁਣ ਤਾਂ ਦੋਵੇਂ ਪਾਸੇ ਔਖਿਆਈ ਹੈ। ਇਹ ਔਖਿਆਈ ਮੈਂ ਇਕੱਲਿਆਂ ਸਹਿ ਲਵਾਂਗੀ, ਪਰਿਵਾਰ ਨੂੰ ਮੈਂ ਆਪਣੇ ਦੁੱਖ ਵਿਚ ਸ਼ਾਮਲ ਨਹੀਂ ਕਰਦੀ।”
ਕੁਝ ਦੇਰ ਚੁੱਪ ਰਹਿਣ ਪਿੱਛੋਂ ਉਹ ਬੋਲੀ, “ਤੁਹਾਥੋਂ ਮੈਂ ਮੁਆਫੀ ਮੰਗਦੀ ਹਾਂ ਕੁਝ ਕਸੂਰ ਮੇਰਾ ਵੀ ਹੋਣਾ ਹੈ। ਹੁਣ ਇਹ ਰੋਗ ਤੁਹਾਡੇ ਇਕੱਲਿਆਂ ਦਾ ਨਹੀਂ।”” ਉਸ ਆਪਣੀ ਸਾਈਕਲ ਦੇ ਪੈਡਲ ਤੇ ਪੈਰ ਧਰਿਆ ਤੇ ਚਲੀ ਗਈ। ਜਾਣ ਲੱਗੇ ਇੰਨਾ ਕਹਿ ਗਈ, “ਹੁਣ ਇਹ ਤੁਹਾਡਾ ਦੁੱਖ ਮੇਰਾ ਵੀ ਹੈ। ਮੈਂ ਆਪਣੇ ਨਾਲ ਜ਼ਿੰਦਗੀ ਭਰ ਲਈ ਇਸ ਉਮਰਾਂ ਦੇ ਰੋਗ ਨੂੰ ਲੈ ਕੇ ਜਾ ਰਹੀ ਹਾਂ।”
 
Top