ਕੇ. ਐੱਸ. ਮੱਖਣ ਬਸਪਾ 'ਚ ਹੋਏ ਸ਼ਾਮਲ

[JUGRAJ SINGH]

Prime VIP
Staff member


ਪੰਜਾਬੀ ਸੱਭਿਆਚਾਰ ਦੀ ਸੇਵਾ ਲਈ ਰਾਜਨੀਤੀ 'ਚ ਆਇਆ ਹਾਂ : ਮੱਖਣ
ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), (ਮਨੋਰੰਜਨ) - ਪੰਜਾਬ ਦੇ ਪ੍ਰਸਿੱਧ ਗਾਇਕ ਕੇ. ਐੱਸ. ਮੱਖਣ ਮੰਗਲਵਾਰ ਨੂੰ ਨਵਾਂਸ਼ਹਿਰ ਵਿਚ ਬਹੁਜਨ ਸਮਾਜ ਪਾਰਟੀ (ਬਸਪਾ) 'ਚ ਰਸਮੀ ਤੌਰ 'ਤੇ ਸ਼ਾਮਲ ਹੋ ਗਏ। 9 ਫਰਵਰੀ ਨੂੰ ਉਨ੍ਹਾਂ ਨੂੰ ਵਿਧੀਪੂਰਵਕ ਬਸਪਾ ਵਿਚ ਸ਼ਾਮਲ ਕਰਵਾਉਣ ਲਈ ਨਵਾਂਸ਼ਹਿਰ ਵਿਚ ਇਕ ਰਾਜ ਪੱਧਰੀ ਸੰਮੇਲਨ ਕਰਵਾਇਆ ਜਾ ਰਿਹਾ ਹੈ। ਬਸਪਾ ਦੇ ਰਾਜ ਕੋਆਰਡੀਨੇਟਰ ਪ੍ਰਕਾਸ਼ ਭਾਰਤੀ ਤੇ ਬਸਪਾ ਦੇ ਰਾਜ ਪ੍ਰਧਾਨ ਪ੍ਰਕਾਸ਼ ਜੰਡਾਲੀ ਦੀ ਮੌਜੂਦਗੀ ਵਿਚ ਕੇ. ਐੱਸ. ਮੱਖਣ ਨੂੰ ਮੰਗਲਵਾਰ ਨੂੰ ਬਸਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਕੇ. ਐੱਸ. ਮੱਖਣ ਨੇ ਕਿਹਾ ਕਿ ਸਮਾਜ ਵਿਚ ਦੱਬੇ-ਕੁਚਲੇ ਲੋਕਾਂ ਦੀ ਸੇਵਾ ਕਰਨ ਦੀ ਵਿਚਾਰਧਾਰਾ 'ਤੇ ਸੋਚ ਨੇ ਉਨ੍ਹਾਂ ਨੂੰ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਉਹ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਲ ਹੋ ਕੇ ਅੱਜ ਆਪਣੇ-ਆਪ ਨੂੰ ਬਹੁਤ ਕਿਸਮਤ ਵਾਲੇ ਮੰਨ ਰਹੇ ਹਨ ਕਿਉਂਕਿ ਉਹ ਹੁਣ ਆਪਣੀ ਵਿਚਾਰਧਾਰਾ ਤੇ ਸੋਚ 'ਤੇ ਕੰਮ ਕਰਦੇ ਹੋਏ ਸਹੀ ਰੂਪ ਵਿਚ ਸਮਾਜ ਦੇ ਆਮ ਆਦਮੀ ਦੀ ਸੇਵਾ ਕਰ ਸਕਣਗੇ। ਉਨ੍ਹਾਂ ਕਿਹਾ ਕਿ ਉਹ ਸਿਰਫ ਪੰਜਾਬ ਦੇ ਸੱਭਿਆਚਾਰ ਦੀ ਸੇਵਾ ਲਈ ਗਾਉਣਗੇ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਇਸ ਮੌਕੇ ਬਸਪਾ ਦੇ ਰਾਜ ਕੋ-ਆਰਡੀਨੇਟਰ ਪ੍ਰਕਾਸ਼ ਭਾਰਤੀ ਨੇ ਕਿਹਾ ਕਿ ਬਸਪਾ ਵਲੋਂ ਆਗਾਮੀ ਲੋਕਸਭਾ ਚੋਣਾਂ ਲਈ 6 ਹਲਕਿਆਂ ਲਈ ਪਾਰਟੀ ਦੇ ਉਮੀਦਵਾਰ ਐਲਾਨ ਕੀਤੇ ਗਏ ਹਨ ਅਤੇ ਬਾਕੀ ਰਹਿੰਦੇ 7 ਲੋਕਸਭਾ ਹਲਕਿਆਂ ਲਈ ਪਾਰਟੀ ਉਮੀਦਵਾਰ ਅਗਲੇ ਮਹੀਨੇ ਐਲਾਨ ਕਰ ਦਿੱਤੇ ਜਾਣਗੇ। ਇਸ ਮੌਕੇ ਰਛਪਾਲ ਰਾਜੂ, ਜ਼ੋਨਲ ਇੰਚਾਰਜ ਨਛੱਤਰ ਪਾਲ, ਜਨਰਲ ਸੈਕਟਰੀ ਠੇਕੇਦਾਰ ਰਾਜਿੰਦਰ ਸਿੰਘ, ਪ੍ਰਵੀਨ ਬੰਗਾ, ਵਿਨੋਦ ਕੁਮਾਰ ਗਗੜ, ਮੱਖਣ ਲਾਲ ਚੌਹਾਨ, ਮਨੋਹਰ ਕਮਾਮ, ਹਰਬੰਸ ਚਣਕੋਆ ਤੇ ਕਈ ਬਸਪਾ ਨੇਤਾ ਤੇ ਵਰਕਰ ਹਾਜ਼ਰ ਸਨ।
 
Top