ਸਕਰਟਾਂ

Mandeep Kaur Guraya

MAIN JATTI PUNJAB DI ..
ਦਾਦਾ ਜੀ ਕੋਲ ਚੰਗੀ ਜ਼ਮੀਨ- ਜਾਇਦਾਦ ਸੀ। ਉਨ੍ਹਾਂ ਦਾ ਚੰਗੇ ਅਮੀਰ ਬੰਦਿਆਂ 'ਚ ਨਾਂ ਗਿਣਿਆ ਜਾਂਦਾ ਸੀ। ਦਾਦੀ ਮੇਰੇ ਦਾਦੇ ਤੋਂ ਵੀਹ ਸਾਲ ਛੋਟੀ ਸੀ । ਉਸ ਦੀ ਤੀਜੀ ਮੂੰਹ ਬੋਲੀ ਪਤਨੀ ਜਿਸ ਨੂੰ ਉਸ ਨੇ ਪਾਲਿਆ ਪੋਸਿਆ, ਪੜ੍ਹਾਇਆ ਲਿਖਾਇਆ ਤੇ ਸੰਗੀਤ ਦੀ ਸਿੱਖਿਆ ਦਿੱਤੀ ਹੋਰ ਤਾਂ ਹੋਰ ਰੇਡੀਓ 'ਤੇ ਵੀ ਗਵਾਇਆ। ਲੋਕ ਕਹਿੰਦੇ ਨੇ ਉਹ ਪਾਗਲ ਹੋ ਗਏ। ਵੰਸ਼ ਵਧਾਉਣ ਖਾਤਿਰ ਵਿਆਹ 'ਤੇ ਵਿਆਹ ਕਰੀ ਜਾਂਦਾ ਹੈ। ਤਿੰਨ ਵਿਆਹਾਂ ਤੋਂ ਬਾਅਦ ਵੀ ਇਕ ਵੀ ਬੱਚੇ ਦੀਆਂ ਕਿਲਕਾਰੀਆਂ ਨਹੀਂ ਸੁਣਨ ਨੂੰ ਮਿਲੀਆਂ। ਸਾਡੀ ਦਾਦੀ ਦੇ ਵੀ ਕੋਈ ਬੱਚਾ ਨਹੀਂ ਹੋਇਆ। ਤੀਜੇ ਵਿਆਹ ਹੋਏ ਨੂੰ ਵੀ ਪੰਜ ਸਾਲ ਹੋ ਗਏ। ਤਾਂ ਸਾਡੇ ਦਾਦੇ ਦੀ ਭੈਣ ਨੇ ਆਪਣਾ ਹੋਇਆ ਤੀਜਾ ਮੁੰਡਾ ਉਨ੍ਹਾਂ ਦੀ ਝੋਲੀ 'ਚ ਪਾਉਂਦੇ ਹੋਏ ਕਿਹਾ।
''ਵੀਰੇ ਆਹ ਚੁੱਕ ਮੁੰਡਾ, ਤੇਰੇ ਖਾਨਦਾਨ ਦਾ ਵਾਰਿਸ ਹੁਣ ਇਹੀ ਐ, ਤੇਰਾ ਆਪਣਾ ਖੂਨ ਤਾਂ ਤੇਰੇ ਨਸੀਬ 'ਚ ਨਹੀਂ''
ਦਾਦੇ ਨੇ ਉਸ ਦਾ ਨਾਂ ਵਾਰਿਸ ਸਿੰਘ ਰੱਖ ਦਿੱਤਾ। ਉਸੇ ਵਾਰਿਸ ਸਿੰਘ ਦੀਆਂ ਅਸੀਂ ਦੋ ਜੌੜੀਆਂ ਔਲਾਦਾਂ ਹਾਂ ਤੇ ਸਾਡਾ ਸਾਡੀ ਦਾਦੀ ਨਾਲ ਅਜੀਬ ਜਿਹਾ ਰਿਸ਼ਤਾ ਹੈ। ਕਿਉਂਕਿ ਦਾਦਾ ਜੀ ਨੇ ਕਦੇ ਵੀ ਉਸ ਨੂੰ ਕੋਈ ਜ਼ੁੰਮੇਵਾਰੀ ਨਹੀਂ ਸੌਂਪੀ। ਘਰ ਗੱਿਹਸਥੀ ਤੋਂ ਦੂਰ ਉਹ ਭਜਨ ਗਾ ਗਾ, ਜਗਰਾਤੇ ਕਰ-ਕਰ ਵਾਹ-ਵਾਹ ਲੁੱਟਦੀ ਰਹੀ। ਦਾਦੀ ਆਮ ਔਰਤਾਂ ਤੋਂ ਬਹੁਤ ਅਲੱਗ ਸੀ। ਜਦੋਂ ਉਹ ਪਾਨ ਖਾ ਕੇ ਆਪਣੇ ਰੰਗਦਾਰ ਦੰਦਾਂ ਨਾਲ ਹੱਸਦੀ ਤਾਂ ਕਿਤੇ ਨਾ ਕਿਤੇ ਇੰਝ ਲੱਗਦਾ ਕਿ ਇਹ ਆਪਣੀ ਜ਼ਿੰਦਗੀ 'ਚ ਕੁਝ ਨਾ ਕੁਝ ਕਮਾਲ ਕਰੂਗੀ। ਇਹ ਮੰਨੀ ਹੋਈ ਗੱਲ ਸੀ ਕਿ ਉਸ ਦਾ ਆਪਣੇ ਗੁਰੂ ਵਜ਼ੀਰ ਚੰਦ ਦੇ ਪ੍ਰਤੀ ਅਲੱਗ ਹੀ ਪਿਆਰ ਸੀ। ਹੁਣ ਦਾਦਾ ਜੀ ਉਸ ਨਾਲ ਹਰ ਜਗ੍ਹਾ 'ਤੇ ਜਾ ਨਹੀਂ ਸਕਦੇ। ਇਕ ਪੇਸ਼ੇ ਦਾ ਤਕਾਜ਼ਾ ਤੇ ਦੂਜੀ ਉਮਰ ਦੀ ਥਕਾਨ। ਗੁਰੂ ਜੀ ਆਪਣੇ ਪੇਸ਼ੇ 'ਚ ਭਰੋਸੇ ਦੇ ਕਾਬਿਲ ਆਪਣੇ ਇਲਾਕੇ 'ਚ ਜਾਣੇ-ਪਛਾਣੇ ਖਾਨਦਾਨੀ ਵਿਅਕਤੀ ਸਨ। ਉਸ ਗੁਰੂ ਦੇ ਨਾਲ ਹੀ ਉਨ੍ਹਾਂ ਨੇ ਦੇਰ ਸਵੇਰ ਰਾਤ ਬਰਾਤੇ ਘਰ ਆਉਣਾ ਜਾਣਾ ਤੇ ਬਹੁਤ ਸਾਰੇ ਪ੍ਰੋਗਰਾਮ ਕੀਤੇ ਤੇ ਬਹੁਤ ਨਾਮ ਕਮਾਇਆ। ਦਾਦੀ 'ਚ ਇਕ ਖਾਸੀਅਤ ਇਹ ਸੀ ਕਿ ਜੋ ਸਾਰਾ ਦਿਨ ਉਸ ਨੇ ਬਾਹਰ ਵੇਖਿਆ ਜੋ ਘਟਨਾਵਾਂ ਹੋਈਆਂ ਉਹ ਸਾਰੀਆਂ ਖਬਰਾਂ ਆ ਕੇ ਦਾਦਾ ਜੀ ਨੂੰ ਸੁਣਾ ਦਿੰਦੀ ਸੀ। ਦਾਦੀ ਦੀਆਂ ਸੌਂਕਣਾਂ ਚੋਂ ਇਕ ਤਾਂ ਪਹਿਲਾਂ ਹੀ ਸਵਰਗ ਸਿਧਾਰ ਗਈ ਸੀ ਤੇ ਦੂਜੀ ਨੇ ਤਾਂ ਸਾਡੇ ਖਾਨਦਾਨ ਦੀ ਸਾਰੇ ਸ਼ਹਿਰ 'ਚ ਹੀ ਚਰਚਾ ਕਰਵਾ ਦਿੱਤੀ ਸੀ। ਉਸ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਸਨ। ਕਾਰਨ ਸੀ ਨਵੀਂ ਦਾਦੀ ਦਾ ਹਰ ਰੋਜ਼ ਘਰ 'ਚ ਸਵੇਰੇ ਸ਼ਾਮ ਰਿਆਜ਼ ਕਰਨਾ। ਚਾਹੇ ਉਹ ਭਜਨ ਹੀ ਗਾਉਂਦੀ ਸੀ ਪਰ ਸੌਂਕਣ ਨਾਂ ਤੇ ਉਸ ਨੂੰ ਪਸੰਦ ਨਹੀਂ ਸੀ। ਸਾਡੀ ਮਾਂ ਨੂੰ ਵੀ ਦਾਦੀ ਪਸੰਦ ਨਹੀਂ ਸੀ। ਮਾਂ ਉਸ ਨੂੰ ਘੱਟ ਵੱਧ ਹੀ ਬੁਲਾਉਂਦੀ। ਸਾਨੂੰ ਵੀ ਉਸ ਕੋਲ ਜਾਣ ਨਾ ਦਿੰਦੀ ਹਮੇਸ਼ਾ ਹੀ ਬੁੜਬੁੜ ਕਰਦੀ ਰਹਿੰਦੀ। ਪਿਤਾ ਜੀ ਬੱਸ ਆਪਣੇ ਕੰਮ ਨੂੰ ਹੀ ਪੂਜਾ ਸਮਝਦੇ। ਸਵੇਰੇ ਦੁਕਾਨ ਖੋਲ੍ਹਦੇ ਰਾਤ ਨੂੰ ਘਰ ਆਉਂਦੇ। ਕਦੇ ਵੀ ਕਿਸੇ ਵੀ ਬਾਰੇ ਉਹ ਕੁਛ ਨਹੀਂ ਕਿਹਾ ਸਾਨੂੰ ਸਕੂਲ 'ਚ ਮੁੰਡੇ ਛੇੜਦੇ ਤੇ ਕਹਿੰਦੇ '' ਥੋਡਾ ਤਾਂ ਖਾਨਦਾਨ ਬੜਾ ਰੁਮਾਂਟਿਕ ਆਂ, ਤੁਸੀਂ ਸਾਨੂੰ ਬੁਲਾਉਂਦੀਆਂ ਨਹੀ''
''ਏ ਮਿਸਟਰ ਆਪਣਾ ਕੰਮ ਕਰੋ।''
''ਅਸੀਂ ਤਾਂ ਪਿਆਰ ਕਰਨ ਦੀ ਗੱਲ ਕਰਦੇ ਆਂ ਤੂੰ ਕੰਮ ਕਹਿੰਦੀ ਏ।'' ਕਦੇ-ਕਦੇ ਦੀ ਛਬੀ ਸਾਨੂੰ ਦੁਬਿਧਾ 'ਚ ਪਾ ਦਿੰਦੀ ਸੀ। ਖਾਸ ਕਰ ਸਾਡੇ ਮੁਹੱਲੇ ਦੇ ਗਾਰਡਨ 'ਚ ਬੈਠੇ ਬਜ਼ੁਰਗ ਸਾਡੀ ਦਾਦੀ ਦੀਆਂ ਬਹੁਤ ਗੱਲਾਂ ਕਰਦੇ। ਛਿੰਦੂ ਦਾ ਦਾਦਾ ਕਹਿੰਦਾ ਤਾਂ ਮੈਂ ਬਹੁਤ ਵਾਰ ਸੁਣਿਆ।
''ਵੇਖ ਲਉ ਐਂਵੇਂ ਤੁਰੀ ਫਿਰਦੀ ਆਂ, ਬੁੱਢੇ ਵਾਰੇ, ਹੁਣ ਪੋਤੀਆਂ ਵੱਡੀਆਂ-ਵੱਡੀਆ ਹੋ ਗਈਆਂ ਨੇ, ਹੁਣ ਤਾਂ ਸ਼ਰਮ ਕਰੋ।'' '' ਉਹ ਕਾਹਦੀ ਸੰਗ ਸ਼ਰਮ, ਹੁਣ ਤਾਂ ਸਲਵਾਰਾਂ ਦੀ ਥਾਂ ਸਕੱਰਟਾਂ ਪਾਉਣ ਲਗ ਪਈਆਂ ਨੇ ਅੱਜਕੱਲ੍ਹ ਦੀਆਂ ਕੁੜੀਆਂ।'' ਹੁਣ ਮੈਂ ਇਨ੍ਹਾਂ ਬਜ਼ੁਰਗਾਂ ਨੂੰ ਪੁੱਛਾਂ ਕਿ ਜਦੋਂ ਸਾਡੇ ਸਕੂਲ ਦੀ ਯੂਨੀਫਾਰਮ ਹੀ ਇਹੋ ਜਿਹੀ ਆ, ਅਸੀਂ ਕੀ ਕਰ ਸਕਦੀਆਂ? ਰਹੀ ਗੱਲ ਦਾਦੀ ਦੀ ਉਹ ਬੁੱਢੀ ਕਿਵੇਂ ਹੋਈ? ਦਾਦੇ ਤੋਂ ਪੂਰੀ ਵੀਹ ਸਾਲ ਛੋਟੀ ਆ ਮੇਰੀ ਮਾਂ ਦੀ ਹਾਨਣ ਆ ਪਰ ਮੈਂ ਕੁਝ ਬੋਲ ਕਹਿ ਨਹੀਂ ਸਕਦੀ। ਕਦੇ-ਕਦੇ ਮੈਨੂੰ ਬਹੁਤ ਗੁੱਸਾ ਆਉਂਦਾ ਕਿ ਦਾਦੀ ਨੂੰ ਰੋਕਾਂ ਪਰ ਟੀ.ਵੀ. ਚੈਨਲਾਂ 'ਤੇ ਜਿਹੜਾ ਹਰ ਰੋਜ਼ ਨੰਗ-ਧੜੰਗ ਪ੍ਰੋਗਰਾਮ ਅਸ਼ਲੀਲ ਗਾਣੇ ਆਉਂਦੇ ਨੇ ਉਨ੍ਹਾਂ ਨੂੰ ਕੋਈ ਨਹੀਂ ਰੋਕਦਾ। ਦਾਦੀ ਤਾਂ ਭਜਨ ਹੀ ਗਾਉਂਦੀ ਆ। ਭਜਨ ਨੂੰ ਕੋਈ ਸੁਣਦਾ ਨਹੀਂ। ਮੈਨੂੰ ਵੀ ਗਾਉਣ ਦਾ ਸ਼ੌਕ ਹੈ ਪਰ ਕਦੇ ਗਾਇਆ ਨਹੀਂ। ਬਸ ਮਨ ਹੀ ਮਨ ਗਾਇਆ ਹੈ। ਸ਼ਾਇਦ ਦਾਦੀ ਮੇਰੇ ਵੱਲ ਵੇਖਦੀ ਹੈ। ਜਿਵੇਂ ਮੇਰਾ ਚਿਹਰਾ ਪੜ੍ਹ ਰਹੀ ਹੋਵੇ। ਮੈਂ ਉਸਦੇ ਸਾਹਮਣੇ ਹਮੇਸ਼ਾ ਹੀ ਨੀਵੀਂ ਪਾ ਲੈਂਦੀ ਹਾਂ। ਜਿਵੇਂ ਮੈਂ ਕੋਈ ਚੋਰ ਹੋਵਾਂ। ਗਰਮੀਆਂ ਦੇ ਦਿਨ ਨੇ ਮੇਰੇ ਸੈਂਡਲ ਟੁੱਟ ਗਏ ਨੇ। ਦਾਦੀ ਦੀ ਬਹੁਤ ਸੋਹਣੀ ਚਮੜੇ ਦੀ ਚੱਪਲ ਪਈ ਹੈ। ਮੈਂ ਉਹ ਪਾਉਣ ਲੱਗਦੀ ਹਾਂ। ਮੇਰਾ ਪੈਰ ਬਹੁਤ ਛੋਟਾ ਹੈ। ਮਾਂ ਦੀ ਰਕਾਬੀ ਪਈ ਹੈ। ਮੈਂ ਉਹ ਬੰਦ ਰਕਾਬੀ ਪਾ ਲੈਂਦੀ ਹਾਂ। ਉਹ ਮੇਰੇ ਆ ਜਾਂਦੀ ਹੈ ਪਰ ਥੋੜੀ ਤੰਗ ਹੈ। ਮੈਂ ਉਹੀ ਪਾ ਕੇ ਕਾਲਜ ਚਲੀ ਜਾਂਦੀ ਹਾਂ। ਮਾਂ ਦੀ ਜੁੱਤੀ ਸਾਰੇ ਪਾਸਿਓਂ ਬੰਦ ਹੈ। ਕਿਸੇ ਪਾਸਿਉਂ ਹਵਾ ਨਹੀਂ ਲੱਗਦੀ ਪਰ ਮੈਂ ਔਖੀ ਸੌਖੀ ਹੋ ਕੇ ਪਾ ਹੀ ਲੈਂਦੀ ਹਾਂ। ਉਹ ਮੇਰੇ ਪੈਰ ਨੂੰ ਕੱਟਦੀ ਹੈ। ਮੈਂ ਦੋ ਤਿੰਨ ਲੈਕਚਰ ਸੁਣ ਕੇ ਘਰ ਮਸਾਂ ਵਾਪਸ ਆਉਂਦੀ ਹਾਂ। ਮੈਂ ਬਹੁਤ ਹੈਰਾਨ ਹੁੰਦੀ ਹਾਂ ਕਾਲਜ ਦੇ ਗੇਟ ਮੂਹਰੇ ਦਾਦੀ ਦਾ ਵੱਡਾ ਪੋਸਟਰ ਲੱਗਾ ਹੈ। ਕਾਲਜ ਦੇ ਗੇਟ 'ਤੇ ਲੱਗੇ ਪੋਸਟਰ ਨੂੰ ਗੌਰ ਨਾਲ ਵੇਖਦੀ ਹਾਂ। ਮੈਨੂੰ ਖੁਸ਼ੀ ਹੁੰਦੀ ਹੈ। ਪਤਾ ਕਰਨ 'ਤੇ ਪਤਾ ਲੱਗਿਆ ਹੈ ਕਿ ਕਾਲਜ 'ਚ ਜਗਰਾਤਾ ਕਰਵਾਇਆ ਜਾ ਰਿਹਾ ਹੈ। ਮੈਂ ਆਪਣੀਆਂ ਸਹੇਲੀਆਂ ਨੂੰ ਦੱਸਦੀ ਹਾਂ ਕਿ '' ਇਹ ਮੇਰੀ ਦਾਦੀ ਹੈ।'' ਜਿਸਦਾ ਬਾਹਰ ਪੋਸਟਰ ਲੱਗਿਆ ਹੈ। ਉਹ ਬਹੁਤ ਹੱਸਦੀਆਂ ਨੇ। ਰੀਟਾ ਕਹਿੰਦੀ ਹੈ।
''ਯਾਰ ਤੂੰ ਤਾਂ ਬੜੀ ਲੱਕੀ ਏ ਮੈਨੂੰ ਗਾਉਣ ਦਾ ਬਹੁਤ ਸ਼ੌਂਕ ਆ, ਸਾਡੇ ਘਰ ਕਿਸੇ ਨੂੰ ਗਾਉਣਾ ਹੀ ਨਹੀਂ ਆਉਂਦਾ, ਤੂੰ ਮੈਨੂੰ ਮਿਲਾਈ ਯਾਰ ਦਾਦੀ ਨਾਲ।'' '' ਠੀਕ ਆ ਮੈਂ ਮਿਲਾ ਦਿਆਂਗੀ। '' ਮੈਂ ਬਹੁਤ ਤਿੜ ਕੇ ਕਹਿੰਦੀ ਹਾਂ। ਉਸ ਰਾਤ ਸਾਡੇ ਕਾਲਜ ਜਗਰਾਤਾ ਹੋਇਆ। ਦਾਦੀ ਜੀ ਨੇ ਬਹੁਤ ਸੋਹਣੀਆਂ-ਸੋਹਣੀਆਂ ਪੱਕੀਆਂ ਭੇਟਾਂ ਗਾਈਆਂ। ਮੈਂ ਦਾਦੀ ਨੂੰ ਆਪਣੀਆਂ ਸਾਰੀਆਂ ਸਹੇਲੀਆਂ ਨਾਲ ਮਿਲਵਾਇਆ। ਸਾਡੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਦਾਦੀ ਜੀ ਨੂੰ ਤੇ ਉਨ੍ਹਾਂ ਦੇ ਗੁਰੂ ਵਜ਼ੀਰ ਚੰਦ ਨੂੰ ਸਨਮਾਨਿਤ ਕੀਤਾ। ਦਾਦੀ ਜੀ ਦੇ ਭਜਨਾਂ ਦੀ ਕੈਸੇਟ ਰਿਲੀਜ਼ ਕੀਤੀ ਗਈ। ਦੂਜੇ ਦਿਨ ਸਾਰੇ ਅਖਬਾਰਾਂ 'ਚ ਦਾਦੀ ਜੀ ਤੇ ਉਨ੍ਹਾਂ ਦੇ ਗੁਰੂ ਦੀਆਂ ਫੋਟੋਆਂ ਤੇ ਵਾਹ-ਵਾਹ ਕੀਤੀ ਹੋਈ ਸੀ। ਇਕ ਹੋਰ ਮਸ਼ਹੂਰ ਕੈਸਟ ਕੰਪਨੀ ਨੇ ਦਾਦੀ ਜੀ ਦਾ ਅਲੱਗ ਸਨਮਾਨ ਕੀਤਾ ਤੇ ਦਾਦੀ ਜੀ ਰਿਕਾਰਡਿੰਗ ਲਈ ਉਨ੍ਹਾਂ ਕੋਲੋਂ ਸਮਾਂ ਮੰਗਿਆ। ਇਕ ਦਿਨ ਮਾਂ ਦਾਦੀ ਨੂੰ ਬਹੁਤ ਬੋਲੀ। '' ਤੂੰ ਬੁੱਢੇ ਵਾਰੇ ਕੀ ਕਰੀ ਜਾਂਦੀ ਏਂ? ਤੇਰੀਂ ਤਾਂ ਕੋਈ ਔਲਾਦ ਨਹੀਂ, ਮੇਰੀਆਂ ਜਵਾਨ ਕੁੜੀਆਂ ਨੇ, ਕੱਲ੍ਹ ਨੂੰ ਇਨ੍ਹਾਂ ਨੂੰ ਵਿਆਹੁਣਾ ਏ, ਤੇਰੇ ਇਹ ਲੱਛਣਾਂ ਨੂੰ ਵੇਖ ਕੇ ਕੌਣ ਕਰੂ ਰਿਸ਼ਤਾ ਆਪਣੇ ਨਾਲ, ਸਾਰੇ ਸ਼ਹਿਰ ਨੂੰ ਪਤਾ ਗੁਰੂ ਚੇਲੀ ਦੀਆਂ ਫੋਟੋਆਂ ਆਉਣ ਲੱਗ ਪਈਆਂ ਨੇ ਅਖਬਾਰਾਂ 'ਚ? ਹਰ ਕੋਈ ਕਹਿੰਦਾ ਦੋ-ਦੋ ਬੰਦੇ ਰੱਖੀ ਫਿਰਦੀ ਹਾਂ, ਹੋਰ ਕੀ ਰਹਿ ਗਿਆ ਹੁਣ?'' ਦਾਦੀ ਕੁਝ ਨਹੀਂ ਬੋਲਦੀ। ਦਾਦੀ ਜੀ ਰੋ ਪੈਂਦੇ ਨੇ। ਮੈਂ ਦਾਦਾ ਜੀ ਕੋਲ ਜਾਂਦੀ ਹਾਂ। ਉਹ ਕੁਰਸੀ 'ਤੇ ਬੈਠੇ ਹਨ। ਮੈਂ ਉਨ੍ਹਾਂ ਦੇ ਪੈਰਾਂ 'ਚ ਬੈਠ ਜਾਂਦੀ ਹਾਂ। ਉਹ ਮੇਰੇ ਸਿਰ 'ਤੇ ਹੱਥ ਫੇਰਦੇ ਨੇ। ਦਾਦੀ ਵੀ ਕੋਲ ਬੈਠ ਜਾਂਦੀ ਹੈ ਤੇ ਮੈਨੂੰ ਕਹਿੰਦੀ ਹੈ '' ਬੇਟੇ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਜਿਊਣ ਦਾ ਹੱਕ ਆਂ, ਇਕ ਵਾਰ ਜ਼ਿੰਦਗੀ ਮਿਲਦੀ ਹੈ, ਵਾਰ-ਵਾਰ ਨਹੀਂ, ਖਾ ਪੀ ਕੇ ਸੌਂ ਕੇ ਜ਼ਿੰਦਗੀ ਕੱਢ ਦਿੱਤੀ ਤਾਂ ਉਸ ਦਾ ਕੀ ਫਾਇਦਾ ਹੈ? ਕੁਝ ਕਰਕੇ ਜਾਓ ਥੌਨੂੰ ਲੋਕ ਮਰਨ ਤੋਂ ਬਾਅਦ ਯਾਦ ਰੱਖਣ।'' ਉਸ ਦੀਆਂ ਅੱਖਾਂ 'ਚ ਹੰਝੂ ਹਨ। '' ਤੂੰ ਗਾਉਣਾ ਬੰਦ ਕਰਦੇ ਬਸ...।'' ਇਹ ਦਾਦਾ ਜੀ ਦਾ ਹੁਕਮ ਸੀ। ਇਹ ਕਿਸ ਦਿਨ ਸੁਣਦੇ। '' ਮੈਂ ਗਾਉਣਾ ਬੰਦ ਕਰ ਦਿੰਦੀ ਹਾਂ। ਅੱਜ ਤੋਂ ਹੁਣ ਤੋਂ, ਮੈਨੂੰ ਤੁਸੀਂ ਦੱਸੋ ਮੇਰਾ ਕਸੂਰ ਕੀ ਹੈ? ਮੈਂ ਤੁਹਾਡੇ ਲਈ ਤੁਹਾਡੇ ਵੰਸ਼ ਨੂੰ ਚੱਲਦਾ ਰੱਖਣ ਲਈ ਤੁਹਾਡੀ ਪਤਨੀ ਬਣ ਕੇ ਆਈ। ਮੇਰੇ ਕੋਈ ਔਲਾਦ ਨਹੀਂ ਇਹ ਮੇਰੀ ਕਿਸਮਤ ਸੀ। ਮੈਂ ਕਦੇ ਕਿਸੇ ਨੂੰ ਬੁਰਾ ਭਲਾ ਨਹੀਂ ਕਿਹਾ ਮੇਰੇ ਪਿਤਾ ਜੀ ਨੇ ਪਹਿਲਾਂ ਤੁਹਾਨੂੰ ਕਿਹਾ ਸੀ ਕਿ ਕੁੜੀ ਨੂੰ ਭਜਨ ਗਾਉਣ ਦਾ ਸ਼ੌਕ ਹੈ। ਤੁਸੀ ਕਿਹਾ ਸੀ ਮੈਨੂੰ ਕੋਈ ਇਤਰਾਜ਼ ਨਹੀਂ। ਪਰ ਤੁਸੀਂ... ਤੁਸੀਂ ਆਰਾਮ ਨਾਲ ਲੇਟ ਕੇ ਸੋਚੋ ਕਿ ਹਰ ਆਦਮੀ ਹਰ ਔਰਤ ਨੂੰ ਆਪਣੀ ਜ਼ਿੰਦਗੀ ਇਸੇ ਤਰ੍ਹਾਂ ਕੱਢ ਦੇਣੀ ਚਾਹੀਦੀ ਹੈ? ਆਪਣੇ ਹੁਨਰ ਨੂੰ ਦਬਾ ਦੇਣਾ ਚੰਗਾ ਹੈ? ਜੋ ਲੋਕਾਂ ਦੇ ਭਲੇ ਲਈ ਹੈ। ਦਾਦੀ ਨੂੰ ਮੈਂ ਪਹਿਲੀ ਵਾਰ ਬੋਲਦੇ ਵੇਖਿਆ। ਦਾਦੀ ਹੁਣ ਘਰ ਤੋਂ ਬਾਹਰ ਨਾ ਜਾਂਦੀ। ਮੈਂ ਕਾਲਜ ਤੋਂ ਆ ਕੇ ਦਾਦੀ ਕੋਲ ਚਲੀ ਜਾਂਦੀ। ਦਾਦੀ ਹਮੇਸ਼ਾ ਹੀ ਅਗਾਂਹ ਵਧੂ ਗੱਲਾਂ ਕਰਦੀ। ਮੇਰੀਆਂ ਦੋ-ਤਿੰਨ ਸਹੇਲੀਆਂ ਦਾਦੀ ਕੋਲੋਂ ਭਜਨ ਸਿੱਖਣ ਆਉਣ ਲੱਗ ਪਈਆਂ ਸਨ। ਮੈਂ ਵੀ ਉਹਨਾਂ ਨਾਲ ਜਾ ਬੈਠਦੀ। ਮੈਂ ਵੀ ਦਾਦੀ ਕੋਲੋਂ ਲੁਕ ਛਿਪ ਕੇ ਭਜਨ ਗਾਉਂਦੀ। ਉਹ ਸਾਰਾ ਦਿਨ ਰਿਆਜ਼ ਕਰਦੀ ਰਹਿੰਦੀ। ਮੇਰੀ ਦਾਦੀ ਪ੍ਰਤੀ ਨਫਰਤ ਪਿਆਰ 'ਚ ਬਦਲ ਗਈ ਸੀ।
ਮੈਨੂੰ ਹੁਣ ਦਾਦੀ ਨਾਲ ਬੈਠਣਾ ਚੰਗਾ ਲੱਗਦਾ ਸੀ। ਮਾਂ ਮੈਨੂੰ ਉਸ ਕੋਲੋਂ ਜਾਣੋਂ ਰੋਕਦੀ। ਪਰ ਮੈਂ ਮਾਂ ਦੀ ਪਰਵਾਹ ਨਾ ਕਰਦੀ। ਚਾਹੇ ਦਾਦੀ ਮੈਨੂੰ ਮੂੰਹੋਂ ਨਾ ਬਲਾਉਂਦੀ ਪਰ ਫਿਰ ਵੀ ਪਤਾ ਨਹੀਂ ਉਹ ਕਿਹੜੀ ਖਿੱਚ ਸੀ ਜਿਸ ਨਾਲ ਮੈਂ ਦਾਦੀ ਕੋਲ ਜਾ ਬੈਠਦੀ। ਮਾਂ ਨੇ ਇਕ ਦਿਨ ਪਿਤਾ ਜੀ ਕੋਲ ਮੇਰੀ ਸ਼ਿਕਾਇਤ ਵੀ ਕੀਤੀ। '' ਇਹ ਸਾਰਾ ਸਾਰਾ ਦਿਨ ਉਸ ਕੋਲ ਬੈਠੀ ਰਹਿੰਦੀ ਆਂ? ਫੇਰ ਕੀ ਹੋਇਆ, ਪੋਤੀਆਂ ਦਾਦੀ ਕੋਲ ਨਹੀਂ ਬੈਠਣਗੀਆਂ ਤਾਂ ਹੋਰ ਕਿੱਥੇ ਬੈਠਣਗੀਆਂ?'' ਇਕ ਦਿਨ ਇਕ ਕਿਸੇ ਵੱਡੇ ਅਖਬਾਰ ਦਾ ਪੱਤਰਕਾਰ ਦਾਦੀ ਦੀ ਇੰਟਰਵਿਊ ਲਈ ਸਾਡੇ ਘਰ ਆਇਆ। ਉਸਨੇ ਦਾਦੀ ਜੀ ਦੀ ਸਾਰੀ ਜੀਵਨੀ ਲਿਖੀ ਤੇ ਅੰਤ 'ਚ ਜਾਂਦੇ ਹੋਏ ਇਕ ਸਵਾਲ ਪੁੱਛਿਆ। '' ਹੁਣ ਤੁਸੀਂ ਬਿਮਾਰ ਰਹਿੰਦੇ ਹੋ, ਕੀ ਤੁਸੀਂ ਹੁਣ ਗਾਉਣਾ ਬੰਦ ਕਰ ਦਿੱਤਾ?'' ਮੈਂ ਦਾਦੀ ਕੋਲ ਬੈਠੀ ਸੀ। ਦਾਦੀ ਨੇ ਮੇਰੇ ਵੱਲ ਗੌਰ ਨਾਲ ਵੇਖਿਆ ਹੈ। ਤੇ ਬੋਲੀ '' ਨਹੀਂ ਮੈਂ ਗਾਉਣਾ ਬੰਦ ਨਹੀਂ ਕਰਾਂਗੀ।'' ਦਾਦੀ ਹੁਣ ਜ਼ਿਆਦਾਤਰ ਬਿਮਾਰ ਹੀ ਰਹਿੰਦੀ। ਬੱਸ ਉਹ ਮਰੀ ਨਹੀਂ ਸੀ। ਮਰਨ ਵਾਲੀ ਸਮਝੋ। ਮੈਂ ਸਵੇਰੇ-ਸ਼ਾਮ ਦਾਦੀ ਕੋਲ ਹੀ ਰਹਿੰਦੀ। ਦਾਦੀ ਹਮੇਸ਼ਾਂ ਹੀ ਮੈਨੂੰ ਅਗਾਂਹ ਵਧੂ ਗੱਲਾਂ ਦੱਸਦੀ। ਇਕ ਕਲਾਕਾਰ ਕੋਲੋਂ ਉਸਦੀ ਕਲਾ ਖੋਹ ਲੈਣੀ, ਇਕ ਸਰੀਰ 'ਚੋਂ ਆਤਮਾ ਕੱਢ ਲੈਣ ਦੇ ਬਰਾਬਰ ਹੁੰਦਾ ਹੈ। ਸ਼ਾਇਦ ਇਹੀ ਕਾਰਨ ਸੀ ਕਿ ਮੈਨੂੰ ਦਾਦੀ ਹੁਣ ਬਹੁਤ ਚੰਗੀ ਲੱਗਦੀ ਸੀ। ਦਾਦਾ ਜੀ ਵੀ ਚੁੱਪ ਚਾਪ ਹੀ ਰਹਿੰਦੇ ਉਹ ਮੇਰੇ ਸਿਰ ਨੂੰ ਪਲੋਸਦੇ ਤਾਂ ਮੈਨੂੰ ਬਹੁਤ ਚੰਗਾ ਲੱਗਦਾ। ਸਾਡੇ ਕਾਲਜ 'ਚ ਇਕ ਬਹੁਤ ਵੱਡਾ ਸਮਾਗਮ ਹੋਇਆ। ਮੈਨੂੰ ਦਾਦੀ ਨੇ ਇਕ ਭਜਨ ਸਿਖਾਇਆ ਸੀ ਮੈਂ ਵੀ ਸਮਾਗਮ 'ਚ ਹਿੱਸਾ ਲਿਆ। ਮੈਨੂੰ ਪਹਿਲਾ ਇਨਾਮ ਮਿਲਿਆ ਤੇ ਦੂਸਰੇ ਦਿਨ ਸਾਰੇ ਅਖਬਾਰਾਂ 'ਚ ਮੇਰੀ ਫੋਟੋ ਆਈ। ਫੋਟੋ ਨਾਲ ਲਿਖਿਆ ਸੀ '' ਪੋਤੀ ਦਾਦੀ ਤੋਂ ਵੀ ਅੱਗੇ ਜਾਵੇਗੀ'' ਕਿਸੇ ਹੋਰ ਅਖਬਾਰ 'ਚ ਲਿਖਿਆ ਸੀ '' ਭਜਨ ਸਮਰਾਟ ਤੁਲਸੀ ਰਾਣੀ ਦੀ ਪੋਤੀ ਆਪਣੇ ਵੰਸ਼ ਨੂੰ ਬਰਕਰਾਰ ਰੱਖੇਗੀ। '' ਮੈਂ ਦਾਦੀ ਕੋਲ ਜਾਂਦੀ ਹਾਂ ਅਤੇ ਇਨਾਮ ਤੇ ਅਖਬਾਰ ਵਿਖਾਉਂਦੀ ਹਾਂ। ਦਾਦੀ ਮੇਰੇ ਵੱਲ ਵੇਖਦੀ ਹੈ। ਉਹ ਬੈੱਡ ਤੋਂ ਉਠਦੀ ਹੈ। ਮੈਨੂੰ ਆਪਣੀ ਬੁੱਕਲ 'ਚ ਲੈਂਦੀ ਹੈ। ਮੇਰਾ ਮੱਥਾ ਚੁੰਮਦੀ ਹੈ। ਦਾਦਾ ਜੀ ਵੀ ਕੋਲ ਹੀ ਬੈਠੇ ਨੇ। ਦਾਦਾ ਜੀ ਦਾਦੀ ਵੱਲ ਵੇਖਦੇ ਨੇ। ਦਾਦੀ ਦਾਦੇ ਨੂੰ ਅਖਬਾਰ ਵਿਖਾਉਂਦੀ ਹੈ। ਦਾਦੇ ਦੇ ਚਿਹਰੇ 'ਤੇ ਮੁਸਕਾਨ ਹੈ। ਦਾਦੀ ਆਪਣੀ ਸਿਤਾਰ ਚੁੱਕਦੀ ਹੈ। ਮੈਨੂੰ ਗਾਉਣ ਨੂੰ ਕਹਿੰਦੀ ਹੈ। ਮੈਂ ਭਜਨ ਗਾਉਂਦੀ ਹਾਂ। ਹੋਰ ਉੱਚੀ ਗਾਉਣ ਨੂੰ ਕਹਿੰਦੀ ਹੈ। ਮੈਂ ਅੱਖਾਂ ਬੰਦ ਕਰ ਕੇ ਗਾਉਂਦੀ ਹਾਂ। ਮੇਰੇ ਸਾਰੇ ਸਰੀਰ 'ਚ ਇਕ ਬਿਜਲੀ ਦਾ ਝਟਕਾ ਜਿਹਾ ਲੱਗਦਾ ਹੈ। ਮੈਂ ਅੱਖਾਂ ਖੋਲ੍ਹਦੀ ਹਾਂ। ਸ਼ਾਇਦ ਦਾਦੀ ਦੀ ਆਤਮਾ ਮੇਰੇ 'ਚ ਆ ਗਈ ਹੈ। ਓਧਰ ਦਾਦੀ ਦੀਆਂ ਅੱਖਾਂ ਬੰਦ ਹੋ ਗਈਆਂ ਹਨ।
 
Top