ਮੁਖਾਤਿਬ

ਮੈਂ ਤੈਨੂੰ ਮੁਖਾਤਿਬ ਹੋ ਕੇ
ਕਵਿਤਾ ਲਿਖਣੀ ਚਾਹੁੰਦਾ ਸਾਂ
ਪਰ ਤੈਥੋਂ ਪਹਿਲਾਂ
ਜ਼ਿੰਦਗੀ ਨੂੰ ਮੁਖਾਤਿਬ ਹੋਣਾ ਪਿਆ ਹੈ
ਜ਼ਿੰਦਗੀ
ਜੋ ਕਿਸੇ ਕਵਿਤਾ ਵਰਗੀ ਨਹੀਂ ਹੁੰਦੀ
ਕਿ ਪਹੁ-ਫੁਟਾਲੇ ਤੋਂ ਪਹਿਲਾਂ ਉਠ ਕੇ
ਇਕੱਲ ਵਿਚ ਬੈਠ ਕੇ ਲਿਖੀ ਜਾਵੇ,
ਬੜੇ ਸਹਿਜ ਭਾਅ
ਪੜ੍ਹੀ ਜਾਵੇ ਕਿਸੇ ਸਟੇਜ ’ਤੇ
ਨਾ ਹੀ ਕਿਸੇ ਮਹਿਬੂਬ ਦੇ ਨਾਂ ਵਰਗੀ
ਕਿ ਮੂੰਹੋਂ ਨਿਕਲਦਿਆਂ ਬੁੱਲ੍ਹ ਸੁੱਚੇ ਹੋ ਜਾਣ
ਜ਼ਿੰਦਗੀ ਤਾਂ ਮਾਰੂਥਲ ਵਿਚ
ਸਿਖਰ ਦੁਪਹਿਰੇ ਪੈਂਦੇ
ਪਾਣੀ ਦੇ ਭੁਲੇਖੇ ਵਾਂਗ ਹੈ,
ਜਾਂ ਕਿਸੇ ਗਰੀਬੜੇ ਦੀ
ਸ਼ਰਾਬੀ ਹੋ ਕੇ ਮਾਰੀ ਸ਼ੇਖੀ ਵਰਗੀ
'ਤੇ ਇਸ ਨੂੰ ਜਿਉਂਦਿਆਂ
ਧੁੰਧਲਾ ਪੈ ਜਾਂਦਾ
ਮੇਰੇ ਨੈਣਾਂ ਵਿਚਲਾ ਤੇਰਾ ਅਕਸ
ਭਰ ਜਾਂਦੀ ਹੈ ਉਹਨਾਂ ਵਿਚ ਬੇਰੁਜ਼ਗਾਰੀ ਦੀ ਧੂੜ
ਪਲਕਾਂ ਹੋ ਜਾਂਦੀਆਂ ਨੇ ਭਾਰੀ
ਬੇਵਸੀ ਦੇ ਬੋਝ ਨਾਲ,
ਤੂੰ ਲਹਿ ਜਾਂਦੀ ਹੈ
ਦਿਲ ਦੇ ਹਨੇਰੇ ਕੋਨੇ ਵਿਚ
ਜਿੱਥੇ ਬਚਪਨ ਦੇ ਕਤਲ ਹੋਏ ਅਰਮਾਨ ਨੇ
ਬਾਪੂ ਦੇ ਟੁੱਟੇ ਸੁਪਨੇ ਨੇ
ਮਾਂ 'ਤੇ ਭੈਣਾਂ ਦੇ ਮੋਏ ਚਾਅ ਨੇ
ਐਸੀ ਜ਼ਿੰਦਗੀ ਨੂੰ ਮੁਖਾਤਿਬ ਹੁੰਦਿਆਂ
ਸ਼ਾਇਦ ਮੈਂ ਲਿਖ ਨਾ ਸਕਾਂ ਉਹ ਕਵਿਤਾ
ਪਰ ਤੂੰ ਚੇਤੇ ਰੱਖੀਂ
ਮੈਂ ਤੈਨੂੰ ਮੁਖਾਤਿਬ ਹੋ ਕੇ
ਕਵਿਤਾ ਲਿਖਣੀ ਚਾਹੁੰਦਾ ਸਾਂ

writer-ਜਸਪ੍ਰੀਤ ਸਿਵੀਆਂ
__________________
 
Top