ਹੁਣ ਮੈਨੂੰ ਵਿਦਾ ਕਰੋ ਯਾਰੋ......!

ਹੁਣ ਮੈਨੂੰ ਵਿਦਾ ਕਰੋ ਯਾਰੋ.......
ਕਿ ਮੈਂ ਹਸਰਤਾਂ ਦੇ ਬਾਗੀਂ ਚੰਦਨ ਦੀ ਮਹਿਕ ਨਾ ਬਣ ਸਕਿਆ..
ਮੈਨੂੰ ਮੁਆਫ ਕਰਨਾ.....
ਕਿ ਮੈਂ ਤੁਹਾਡੇ ਸੁਪਨਿਆਂ ਦੀ ਧਰਤੀ ਤੇ ਖੱਬਲ ਬਣ ਉੱਘ ਆਇਆ ।
ਬੇਸ਼ੁਮਾਰ ਤੋਹਮਤਾਂ ਨੇ, ਬੇਪਨਾਂਹ ਗੁਨਾਂਹ......
ਫੱਟ ਤਾਂ ਇਕ ਈ ਬਹੁਤ ਹੁੰਦੈ...
ਆਦਮੀ ਦੇ ਮਰਨ ਲਈ.....!!!
ਹੁਣ ਮੈਨੂੰ ਵਿਦਾ ਕਰੋ ਯਾਰੋ....

ਦਰਾਂ ਚੋਂ ਮੁੜ ਗਈ ਹੋਵੇ ਜਦ ਢਲਦੀ ਸ਼ਾਮ ਦੀ ਲੌਅ
ਤਦ ਮੈਂ ਕਿਸੇ ਲਈ ਦੀਪ ਨਾ ਬਣਿਆਂ
ਕੁਹਰਾਮ ਦੀ ਰਾਤੇ....
ਤੇ ਹਨੇਰਿਆਂ ਸੰਗ ਰਲ ਗਿਆ...
ਆਪਣਾ ਆਪਾ ਲੁਕਾਉਣ ਲਈ......!!
ਦਰਪਣ ਤਾਂ ਟੁੱਟਾਂ ਵੀ ਬਹੁਤ ਹੁੰਦੈ...
ਆਪਣੇ ਅੰਦਰ ਦੇ ਸੈਤਾਨ ਨੂੰ ਵੇਖਣ ਲਈ...
ਹੁਣ ਮੈਨੂੰ ਵਿਦਾ ਕਰੋ ਯਾਰੋ......!

ਕਿ ਜਦ ਸਮਿਆਂ ਨੇ ਮਜਲੂਮਾਂ ਖਿਲਾਫ ਫਤਵਾ ਦੇ ਦਿੱਤਾ
ਮੈਨੂੰ ਯਾਦ ਏ ਮੈਂ ਮਜਲੂਮ ਨਾ ਰਿਹਾ ...
ਮੁਨਸਫਾਂ ਸੰਗ ਰਲ ਗਿਆ.....
ਤਦ ਮੈਨੂੰ ਤੜਫਨ ਵਾਲੀ ਮੋਤ ਤੋਂ ਮੁਕਤੀ ਮਿਲ ਗਈ ....
ਪਰ ਭਟਕਣ ਤਾਂ ਇਕ ਜਨਮ ਦੀ ਵੀ ਬਹੁਤ ਹੁੰਦੀ ਏ ..
ਮੁਕਤੀ ਦੇ ਦਰ ਢੁੱਕਣ ਲਈ.....
ਹੁਣ ਮੈਨੂੰ ਵਿਦਾ ਕਰੋ ਯਾਰੋ.....!!

ਮੇਰੀ ਮਿੱਟੀ ਚ ਜਦ ਕੋਈ ਫੁੱਲ ਉਗੇਗਾ...
ਮੈਨੂੰ ਡਰ ਏ....
ਮੇਰੇ ਮੱਥੇ ਦੇ ਦਾਗ ਨਾ ਲੈ ਉਗੇ....
ਦੁਆ ਕਰਨਾ ਮੇਰੀ ਕਬਰ ਨਾ ਜੀਵੇ....
ਤੇ ਕੋਈ ਨਾ ਜਗਾਵੇ ਕਬਰ ਤੇ ਦੀਵੇ ....
ਜੁਗਨੂੰ ਜਦ ਦੇਖਦਾਂ ਤਾਂ ਸੋਚਦਾਂ ..
ਰੋਸ਼ਨੀ ਤਾਂ ਜੁਗਨੂੰ ਦੀ ਵੀ ਬਹੁਤ ਹੁੰਦੀ ਏ....
ਜਮੀਰ ਜਿੰਦਾ ਰੱਖਣ ਲਈ....

ਹੁਣ ਮੈਨੂੰ ਵਿਦਾ ਕਰੋ ਯਾਰੋ.......
ਕਿ ਮੈਂ ਹਸਰਤਾਂ ਦੇ ਬਾਗੀਂ ਚੰਦਨ ਦੀ ਮਹਿਕ ਨਾ ਬਣ ਸਕਿਆ..
ਮੈਨੂੰ ਮੁਆਫ ਕਰਨਾ.....
ਕਿ ਮੈਂ ਤੁਹਾਡੇ ਸੁਪਨਿਆਂ ਦੀ ਧਰਤੀ ਤੇ ਖੱਬਲ ਬਣ ਉੱਘ ਆਇਆ ।
 
Top