ਹਰਫ਼ਾਂ ਦੇ ਆਰ-ਪਾਰ

Mandeep Kaur Guraya

MAIN JATTI PUNJAB DI ..
ਬੱਚਿਆਂ ਦੀ ਦੁਨੀਆਂ ਅਨੂਠੀ ਹੁੰਦੀ ਹੈ, ਇਸ ਸੰਸਾਰ ਨਾਲੋਂ ਬਿਲਕੁਲ ਵੱਖਰੀ। ਬੱਚੇ, ਉੱਚੇ ਪਹਾੜਾਂ ’ਤੇ ਡਿੱਗੇ ਬਰਫ਼ ਦੇ ਗੋਹੜਿਆਂ ਵਾਂਗ ਹੁੰਦੇ ਹਨ, ਜਿਨ੍ਹਾਂ ਸਮਾਂ ਪਾ ਕੇ ਚਾਂਦੀ ਵੰਨੇ ਝਰਨਿਆਂ ਵਾਂਗ ਕਲ਼-ਕਲ਼ ਵਹਿਣਾ ਹੁੰਦਾ ਹੈ। ਉਹ ਸਮੁੰਦਰ ਨੂੰ ਆਪਣੀ ਮੰਜ਼ਿਲ ਮਿਥ ਕੇ ਹੀ ਪਿਘਲਦੇ ਹਨ।
ਬੱਚੇ ਜਦੋਂ ਸੌਂਦੇ ਹਨ ਤਾਂ ਸਾਰਾ ਅੰਬਰ ਤਾਰਿਆਂ ਸਮੇਤ ਉਨ੍ਹਾਂ ਦੀਆਂ ਪਲਕਾਂ ਵਿੱਚ ਕੈਦ ਹੋਇਆ ਹੁੰਦਾ ਹੈ। ਪਰੀਆਂ ਚਉਰ ਕਰਦੀਆਂ ਹਨ।
ਵਿਸ਼ਵ ਦੇ ਬੱਚਿਆਂ ਦੇ ਹਾਇਕੂ, “ਹਰੇ ਹਰੇ ਤਾਰੇ” (ਅਨੁਵਾਦ ਤੇ ਸੰਪਾਦਨ: ਅਮਰਜੀਤ ਸਾਥੀ, ਗੁਰਪ੍ਰੀਤ) ਦਾ ਪਾਠ ਕਰਦਿਆਂ ਮਹਿਸੂਸ ਹੋਇਆ ਕਿ ਬੱਚਿਆਂ ਦੀ ਦੁਨੀਆਂ ਵਾਕਈ ਪਰੀ-ਲੋਕ ਵਰਗੀ ਹੁੰਦੀ ਹੈ। ਇਸ ਕਾਵਿ-ਕਿਆਰੀ ਦਾ ਨਾਂ ਛੇ ਵਰ੍ਹਿਆਂ ਦੀ ਜਪਾਨੀ ਬੱਚੀ ਚਿਆਕੀ ਮਤਸੂਈ ਦੇ ਹਾਇਕੂ, “ਮੇਰੀ ਮਾਂ/ਭਿੰਡੀ ਕੱਟੇ/ਹਰੇ ਹਰੇ ਤਾਰੇ” ਤੋਂ ਲਿਆ ਗਿਆ ਹੈ। ਸੱਚਮੁਚ ਇਹ ਬੱਚੇ ਦੀ ਅੱਖ ਹੈ ਜਿਹੜੀ ਮਾਂ ਵੱਲੋਂ ਕੱਟੀ ਗਈ ਭਿੰਡੀ ਵਿੱਚੋਂ ਹਰੇ ਹਰੇ ਤਾਰੇ ਵੇਖ ਸਕਦੀ ਹੈ। ਥਾਈਲੈਂਡ ਦੀ 11 ਸਾਲਾ ਬੱਚੀ, ਅਰੀ ਲਾ-ਔਂਗਥੌਂਗ ਦੇ ਹਾਇਕੂ, “ਤੇਜ਼ ਹਵਾ ਨਾਲ ਉੱਡੀ/ਮੇਰੇ ਘਰ ਦੀ ਛੱਤ/ਓਸ ਰਾਤ ਮੈਂ ਗਿਣੇ ਤਾਰੇ”, ਦੀ ਖਿੜਕੀ ਵਿੱਚੋਂ ਬੱਚਿਆਂ ਦਾ ਸੰਸਾਰ ਤਾਰਿਆਂ ਨਾਲ ਸ਼ਿੰਗਾਰਿਆ ਹੋਇਆ ਵਿਖਾਈ ਦਿੰਦਾ ਹੈ। ਕੰਧਾਂ ਦੀਆਂ ਵਲਗਣਾਂ ’ਤੇ ਪਈ ਛੱਤ ਉਨ੍ਹਾਂ ਨੂੰ ਰਾਸ ਨਹੀਂ ਆਉਂਦੀ, ਉਹ ਤਾਂ ਝਿਲਮਿਲ ਕਰਦੇ ਤਾਰਿਆਂ ਨਾਲ ਖੇਡਣਾ ਲੋਚਦੇ ਹਨ। ਇਸ ਨਿੱਕੀ ਜਿਹੀ ਪੁਸਤਕ ਵਿੱਚ ਜਪਾਨੀ, ਚੀਨੀ, ਅਮਰੀਕੀ, ਯੂਰਪੀ, ਭਾਰਤੀ ਅਤੇ ਅਨੇਕਾਂ ਹੋਰ ਦੇਸ਼ਾਂ ਦੇ ਬੱਚਿਆਂ ਦੀਆਂ ਹਰੇ ਹਰੇ ਤਾਰਿਆਂ ਵਰਗੀਆਂ ਅਣੂ ਕਵਿਤਾਵਾਂ ਸ਼ਾਮਲ ਹਨ।
ਕਿਸੇ ਵੀ ਦੇਸ਼ ਜਾਂ ਕੌਮ ਦਾ ਭਵਿੱਖ ਬੱਚਿਆਂ ’ਤੇ ਨਿਰਭਰ ਕਰਦਾ ਹੈ। ਬੱਚਿਆਂ ਦੀਆਂ ਸਿਰਜਣਾਤਮਕ ਰੁਚੀਆਂ ਤਾਂ ਹੀ ਬਚੀਆਂ ਰਹਿ ਸਕਦੀਆਂ ਹਨ, ਜੇ ਉਨ੍ਹਾਂ ’ਤੇ ਕਿਸੇ ਕਿਸਮ ਦਾ ਮਾਨਸਿਕ ਦਬਾਅ ਨਾ ਪਾਇਆ ਜਾਵੇ। ਬੋਟ ਨੂੰ ਓਪਰੇ ਖੰਭ ਲਗਾਉਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਉੱਡਣ ਦੇ ਕਾਬਲ ਨਹੀਂ ਰਹੇਗਾ। ਕੋਈ ਵੀ ਪੰਛੀ ਆਪਣੇ ਪਰਾਂ ਦੇ ਆਸਰੇ ਹੀ ਨੀਲੱਤਣ ਗਾਹ ਸਕਦਾ ਹੈ।
ਮਾਂ-ਬਾਪ ਵੱਲੋਂ ਬੱਚਿਆਂ ਦੇ ਕੋਮਲ ਮਨ ’ਤੇ ਠੋਸੀ ਜਾ ਰਹੀ ਮੁਕਾਬਲੇ ਦੀ ਅੰਨ੍ਹੀ ਦੌੜ ਨੇ ਉਨ੍ਹਾਂ ਦੀ ਕਲਾਤਮਕ ਅਤੇ ਸਿਰਜਣਾਤਮਕ ਸ਼ਕਤੀ ਨੂੰ ਗ੍ਰਹਿਣ ਲਾਉਣਾ ਸ਼ੁਰੂ ਕਰ ਦਿੱਤਾ ਹੈ। ਆਪਣੇ ਭਾਰ ਤੋਂ ਭਾਰੇ ਬਸਤੇ ਬੱਚਿਆਂ ਨੂੰ ਕੋਡਾ ਹੋ ਕੇ ਤੁਰਨ ਲਈ ਮਜਬੂਰ ਕਰਦੇ ਹਨ। ਕੋਮਲ ਮੋਢਿਆਂ ’ਤੇ ਤੀਰਾਂ ਦਾ ਭੱਥਾ ਚੁੱਕਣਾ ਆਸਾਨ ਨਹੀਂ ਹੁੰਦਾ। ਮਾਪੇ, ਮੱਛੀ ਦੀ ਅੱਖ ਨੂੰ ਵਿੰਨ੍ਹਣ ਦਾ ਸਬਕ ਪੜ੍ਹਾਉਂਦੇ ਭੁੱਲ ਜਾਂਦੇ ਹਨ ਕਿ ਇਹ ਕਾਰਜ ਨੰਨ੍ਹੇ-ਮੁੰਨੇ ਬੱਚਿਆਂ ਦਾ ਨਹੀਂ ਸਗੋਂ ਸਵੰਬਰ ਦੀ ਉਮਰ ਵਾਲਿਆਂ ਦਾ ਹੁੰਦਾ ਹੈ। ਬੱਚੇ ਦੀ ਦ੍ਰਿਸ਼ਟੀ ਮੱਛੀ ਦੀ ਅੱਖ ਤੱਕ ਮਹਿਦੂਦ ਨਹੀਂ ਕਰਨੀ ਚਾਹੀਦੀ ਜਿਹੜੀ ਸਾਰੇ ਸਮੁੰਦਰ ਨੂੰ ਹੰਗਾਲਣ ਲਈ ਉਤਾਵਲੀ ਹੁੰਦੀ ਹੈ। ਜ਼ਰਾ ਸੋਚੋ, ਜੇ ਮਾਂ-ਬਾਪ ਦੀ ਮਰਜ਼ੀ ਠੋਸਣ ਨਾਲ ਸਾਰੇ ਬੱਚੇ ਆਈ.ਏ.ਐਸ. ਬਣ ਗਏ ਤਾਂ “ਜੈ ਜਵਾਨ, ਜੈ ਕਿਸਾਨ” ਦੇ ਨਾਅਰੇ ਦਾ ਕੀ ਬਣੇਗਾ? ਜੇ ਸਾਰੇ ਡਾਕਟਰ ਬਣ ਜਾਣ ਤਾਂ ਉਨ੍ਹਾਂ ਦੇ ਔਜ਼ਾਰ ਕੌਣ ਬਣਾਏਗਾ? ਬੱਚਿਆਂ ਦੀ ਸੋਚ ਨੂੰ ਬੇੜੀਆਂ ਪਾਓਗੇ ਤਾਂ ਉਹ ਪਰਵਾਜ਼ ਭਰਨੀ ਬੰਦ ਕਰ ਦੇਣਗੇ। ਅਜਿਹੇ ਪਾਲਣ-ਪੋਸਣ ਤੋਂ ਬਾਅਦ ਉਹ ਨੋਟ ਛਾਪਣ ਵਾਲੀਆਂ ਮਸ਼ੀਨਾਂ ਤਾਂ ਬਣ ਸਕਦੇ ਹਨ, ਸੰਪੂਰਨ ਇਨਸਾਨ ਨਹੀਂ।
ਮਾਂ-ਬਾਪ ਦਾ ਫਰਜ਼ ਹੈ ਕਿ ਉਹ ਬੱਚਿਆਂ ਨੂੰ ਸਾਬਤ ਕਦਮੀ ਤੁਰਨਾ ਸਿਖਾਉਣ। ਇਸ ਤਰ੍ਹਾਂ ਉਹ ਮੀਂਹ-ਕਣੀ ਵਿੱਚ ਕਦੇ ਨਹੀਂ ਤਿਲ੍ਹਕਣਗੇ ਤੇ ਝੱਖੜਾਂ ਵਿੱਚ ਵੀ ਅਡੋਲ ਰਹਿਣਗੇ। ਜਦੋਂ ਮਾਂ-ਬਾਪ ਬੱਚਿਆਂ ਦੇ ਮਾਸੂਮ ਖ਼ਿਆਲਾਂ ਵਿੱਚ ਪ੍ਰਵੇਸ਼ ਕਰਕੇ ਖਲਬਲੀ ਮਚਾ ਦਿੰਦੇ ਹਨ ਤਾਂ ਉਨ੍ਹਾਂ ਦੇ ਸੁਪਨਿਆਂ ਦੇ ਮਹਿਲ ਢਹਿ-ਢੇਰੀ ਹੋ ਜਾਂਦੇ ਹਨ, ਜਿਨ੍ਹਾਂ ਦਾ ਮਲਬਾ ਚੁੱਕਣਾ ਉਨ੍ਹਾਂ ਦੇ ਵੱਸ ਨਹੀਂ ਹੁੰਦਾ।
ਬਸਤਿਆਂ ਦੇ ਬੋਝ ਕਰਕੇ ਭਾਰਤ ਦਾ ਨਾਂ ਸੰਸਾਰ ਦੇ ਉਨ੍ਹਾਂ ਮੋਹਰੀ ਮੁਲਕਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿੱਥੇ ਸਕੂਲ ਜਾਣ ਵਾਲੇ ਬੱਚੇ ਸਭ ਤੋਂ ਵੱਧ ਖੁਦਕੁਸ਼ੀਆਂ ਕਰਦੇ ਹਨ। ਅੰਕੜਿਆਂ ਮੁਤਾਬਕ ਭਾਰਤ ਵਿੱਚ ਹਰ ਸਾਲ ਲੱਖ ਤੋਂ ਡੇਢ ਲੱਖ ਲੋਕ ਖੁਦਕੁਸ਼ੀ ਕਰਦੇ ਹਨ, ਜਿਹੜਾ ਦੁਨੀਆਂ ਵਿੱਚ ਹੋ ਰਹੀਆਂ ਔਸਤਨ ਖੁਦਕੁਸ਼ੀਆਂ ਦਾ 10 ਫ਼ੀਸਦੀ ਤੋਂ ਵੀ ਵੱਧ ਹੈ। ਦੱਖਣੀ ਭਾਰਤ ਤਾਂ ਸੰਸਾਰ ਦੀ ‘ਖੁਦਕੁਸ਼ੀਆਂ ਦੀ ਰਾਜਧਾਨੀ’ ਕਰਕੇ ਬਦਨਾਮ ਹੈ। ਹਿੰਦੁਸਤਾਨ ਵਿੱਚ ਹਰ ਪੰਦਰਾਂ ਮਿੰਟਾਂ ਬਾਅਦ ਹੋ ਰਹੀਆਂ ਤਿੰਨ ਖੁਦਕੁਸ਼ੀਆਂ ਵਿੱਚੋਂ ਇੱਕ 15 ਤੋਂ 29 ਸਾਲ ਦੇ ਨੌਜਵਾਨ ਦੀ ਹੁੰਦੀ ਹੈ। ਪੁਡੂਚਰੀ ਵਿੱਚ ਹਰ ਮਹੀਨੇ 15 ਤੋਂ 25 ਸਾਲ ਦੇ ਪੰਦਰਾਂ ਨੌਜਵਾਨ ਮੁੰਡੇ/ਕੁੜੀਆਂ ਖੁਦਕੁਸ਼ੀ ਦਾ ਸੰਗੀਨ ਅਪਰਾਧ ਕਰਦੇ ਹਨ। ਦੱਖਣੀ ਭਾਰਤ, ਦੇਸ਼ ਦੀ ਸੂਚਨਾ ਤਕਨਾਲੋਜੀ ਦਾ ਧੁਰਾ ਸਮਝਿਆ ਜਾਂਦਾ ਹੈ। ਇੱਥੇ ਦੀ ਸਾਖ਼ਰਤਾ ਦਰ ਸਭ ਤੋਂ ਵੱਧ ਹੈ। ਅੰਕੜਿਆਂ ਮੁਤਾਬਕ ਕੇਰਲਾ, ਕਰਨਾਟਕ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿੱਚ ਹਰ ਸਾਲ 50,000 ਤੋਂ ਵੱਧ ਲੋਕ ਖੁਦਕੁਸ਼ੀਆਂ ਲਈ ਮਜਬੂਰ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਹਰ ਸਾਲ ਹਜ਼ਾਰਾਂ ਸਕੂਲੀ ਬੱਚੇ ਦੇਸ਼ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਖੁਦਕੁਸ਼ੀ ਕਰਦੇ ਹਨ। ਖੁਦਕੁਸ਼ੀਆਂ ਦਾ ਰੁਝਾਨ ਅਮਰੀਕਾ, ਕੈਨੇਡਾ ਤੇ ਜਪਾਨ ਵਰਗੇ ਵਿਕਸਤ ਦੇਸ਼ਾਂ ਵਿੱਚ ਵੀ ਆਮ ਹੈ।
ਬੱਚਿਆਂ ’ਤੇ ਕੋਈ ਫ਼ੈਸਲਾ ਠੋਸਣ ਤੋਂ ਪਹਿਲਾਂ, ਉਨ੍ਹਾਂ ਦੀ ਪ੍ਰਤਿਭਾ ਦੀ ਨਿਸ਼ਾਨਦੇਹੀ ਕਰ ਲੈਣੀ ਜ਼ਰੂਰੀ ਹੈ। ਉਨ੍ਹਾਂ ਨੂੰ ਪਵਿੱਤਰ ਗੀਤਾ ਦਾ ਮਹਾਨ ਫਲਸਫ਼ਾ, ‘ਕਰਮ ਕਰੋ, ਫਲ ਦੀ ਇੱਛਾ ਮਤ ਕਰੋ’ ਵਾਰ-ਵਾਰ ਯਾਦ ਕਰਾਉਣਾ ਚਾਹੀਦਾ ਹੈ। ਜਿਹੜਾ ਡਿੱਗ ਕੇ ਅਪਾਹਜ ਹੋਣ ਤੋਂ ਡਰਦਾ ਹੈ, ਉਹ ਸ਼ਾਹ-ਅਸਵਾਰ ਬਣ ਹੀ ਨਹੀਂ ਸਕਦਾ। ਚੰਗੇ ਕੰਮ ਦੀ ਰੀਸ ਕਰਨੀ ਕੋਈ ਮਾੜੀ ਗੱਲ ਨਹੀਂ, ਪਰ ਮਿਹਨਤ ਤੋਂ ਬਾਅਦ ਫਲ ਨਾ ਮਿਲੇ ਤਾਂ ਦਿਲ ਛੋਟਾ ਨਹੀਂ ਕਰਨਾ ਚਾਹੀਦਾ। ਨਸੀਬ ਚੰਗੇ ਹੋਣ ਤਾਂ ਭੁੱਜੇ ਮੋਠ ਵੀ ਉੱਗ ਪੈਂਦੇ ਨੇ। ਮੋਰ-ਜਾਤ ਨੇ ਆਪਣੇ ਪੈਰਾਂ ਨੂੰ ਵੇਖ ਕੇ ਝੂਰਨ ਤੇ ਅੱਥਰੂ ਸੁੱਟਣ ਨਾਲ ਕੁਝ ਨਹੀਂ ਖੱਟਿਆ। ਮੋਰ ਪੈਲਾਂ ਪਾ ਕੇ ਰੰਗ ਬਿਖੇਰਨ ਤਾਂ ਸਾਵਣ ਦਾ ਮਹੀਨਾ ਹੋਰ ਵੀ ਖੂਬਸੂਰਤ ਲਗਦਾ ਹੈ। ਪੱਤਝੜ ਦੀ ਖੂਬਸੂਰਤੀ ਦਾ ਆਨੰਦ ਮਾਣਨ ਵਾਲਿਆਂ ਦੇ ਸੁਪਨਿਆਂ ਵਿੱਚ ਹੀ ਕਰੂੰਬਲਾਂ ਫੁੱਟਦੀਆਂ ਹਨ। ਉਹ ਪੱਤਿਆਂ ਦੇ ਝੜਨ ਵੇਲੇ ਪੈਦਾ ਹੋਏ ਸੰਗੀਤ ’ਚੋਂ ਕੁਦਰਤ ਦਾ ਭੇਦ ਲੱਭ ਲੈਂਦੇ ਹਨ।
ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਮਾਂ-ਬਾਪ ਵੱਲੋਂ ਮਿਲਦੀ ਸਿੱਖਿਆ ਤੇ ਨਸੀਹਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ। ਪਹਿਲੀ ਪੀੜ੍ਹੀ ਵੱਲੋਂ ਬਣਾਈਆਂ ਪਗਡੰਡੀਆਂ ’ਤੇ ਤੁਰਨਾ ਬੰਦ ਕਰ ਦਿਓਗੇ ਤਾਂ ਉਨ੍ਹਾਂ ਨੂੰ ਘਾਹ ਅਜਿਹਾ ਢਕੇਗਾ ਕਿ ਰਾਹ ਸਦਾ ਲਈ ਬੰਦ ਹੋ ਜਾਣਗੇ। ਅਜਿਹੀ ਸਥਿਤੀ ਵਿੱਚ ਔਝੜੇ ਰਾਹਾਂ ਦੇ ਪਾਂਧੀ ਬਣਨਾ ਤੁਹਾਡਾ ਨਸੀਬ ਹੋ ਸਕਦਾ ਹੈ। ਬੁੱਧੀਮਾਨ ਮਾਂ-ਬਾਪ ਬੱਚਿਆਂ ਵਾਸਤੇ ਵੈਸੇ ਹੀ ਹਾਸ਼ੀਆ ਛੱਡ ਲੈਂਦੇ ਹਨ, ਜਿਸ ’ਤੇ ਨਵੀਂ ਪੀੜ੍ਹੀ ਆਪਣੇ ਵਲਵਲੇ ਉਤਾਰ ਲੈਂਦੀ ਹੈ। ਬਜ਼ੁਰਗਾਂ ਦੀਆਂ ਨਸੀਹਤਾਂ ਮਹਿਕਾਂ ਵਰਗੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਕੋਈ ਭਾਰ ਨਹੀਂ ਹੁੰਦਾ।
ਨਵੀਂ ਅਤੇ ਪੁਰਾਣੀ ਪੀੜ੍ਹੀ ਵਿੱਚ ਪਈ ਵਿੱਥ ਜਾਂ ਪਾੜੇ ਕਰਕੇ ਅਤਿਅੰਤ ਦੁਖਦਾਈ ਖ਼ਬਰਾਂ ਪੜ੍ਹਨ/ਸੁਣਨ ਨੂੰ ਮਿਲਦੀਆਂ ਹਨ। ਨਵੀਂ ਪੀੜ੍ਹੀ ਨੂੰ ਖੁਦਕੁਸ਼ੀ ਵਰਗਾ ਕਦਮ ਚੁੱਕਣ ਤੋਂ ਪਹਿਲਾਂ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਕਿਸੇ ਬਾਪ ਵਿੱਚ ਆਪਣੇ ਬੱਚੇ ਦੀ ਅਰਥੀ ਨੂੰ ਮੋਢਾ ਦੇਣ ਦੀ ਤਾਕਤ ਨਹੀਂ ਹੁੰਦੀ।

- ਵਰਿੰਦਰ ਵਾਲੀਆ
 
Top