ਕੇਂਦਰੀ ਮੰਤਰੀ ਗੋਪੀਨਾਥ ਮੁੰਡੇ ਦੀ ਸੜਕ ਹਾਦਸੇ 'ਚ &am

[JUGRAJ SINGH]

Prime VIP
Staff member
ਨਵੀਂ ਦਿੱਲੀ, 3 ਜੂਨ (ਪੀ. ਟੀ. ਆਈ., ਜਗਤਾਰ ਸਿੰਘ)-ਪੇਂਡੂ ਵਿਕਾਸ ਮੰਤਰੀ ਅਤੇ ਮਹਾਰਾਸ਼ਟਰ ਤੋਂ ਪਛੜੀਆਂ ਸ਼ੇ੍ਰਣੀਆਂ ਦੇ ਉਘੇ ਨੇਤਾ ਗੋਪੀਨਾਥ ਮੁੰਡੇ ਦੀ ਅੱਜ ਸਵੇਰੇ ਸੜਕ ਹਾਦਸੇ ਦੌਰਾਨ ਜ਼ੋਰਦਾਰ ਝਟਕਾ ਲੱਗਣ ਅਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ | 64 ਸਾਲਾ ਸ੍ਰੀ ਮੁੰਡੇ ਜਿਹੜੇ ਪਿਛਲੇ ਹਫਤੇ ਪਹਿਲੀ ਵਾਰ ਕੇਂਦਰੀ ਮੰਤਰੀ ਬਣੇ ਸਨ ਹਾਦਸੇ ਸਮੇਂ ਆਪਣੀ ਕਾਰ ਵਿਚ ਹਵਾਈ ਅੱਡੇ ਨੂੰ ਜਾ ਰਹੇ ਸਨ | ਜਦੋਂ ਉਨ੍ਹਾਂ ਦੀ ਕਾਰ ਪਿ੍ਥਵੀਰਾਜ ਰੋਡ-ਤੁਗਲਕ ਰੋਡ ਚੌਕ 'ਤੇ ਪੁੱਜੀ ਤਾਂ ਇਕ ਹੋਰ ਇੰਡੀਕਾ ਕਾਰ ਨੇ ਉਸ ਨੂੰ ਇਕ ਪਾਸੇ ਤੋਂ ਟੱਕਰ ਮਾਰ ਦਿੱਤੀ | ਮਰਹੂਮ ਭਾਜਪਾ ਨੇਤਾ ਪ੍ਰਮੋਦ ਮਹਾਜਨ ਦਾ ਜੀਜਾ ਮੁੰਡੇ ਆਪਣੇ ਪਿੱਛੇ ਪਤਨੀ, ਤਿੰਨ ਧੀਆਂ ਛੱਡ ਗਏ ਹਨ ਅਤੇ ਉਨ੍ਹਾਂ ਦੀ ਇਕ ਧੀ ਮਹਾਰਾਸ਼ਟਰ ਦੇ ਬੀੜ ਜਿਲ੍ਹੇ ਵਿਚ ਪਰਲੀ ਤੋਂ ਵਿਧਾਇਕ ਹੈ | ਮੁੰਡੇ ਦਾ ਅੰਤਿਮ ਸੰਸਕਾਰ ਕਲ੍ਹ ਨੂੰ ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਵਿਚ ਉਨ੍ਹਾਂ ਦੇ ਜੱਦੀ ਪਿੰਡ ਨਾਥਰਾ ਵਿਖੇ ਸ਼ਾਮ 4.30 ਵਜੇ ਕੀਤਾ ਜਾਵੇਗਾ | ਸ੍ਰੀ ਮੁੰਡੇ ਨੂੰ ਸਵੇਰੇ 6.30 ਵਜੇ ਉਨ੍ਹਾਂ ਦੇ ਸਹਾਇਕ ਤੇ ਡਰਾਈਵਰ ਨੇ 'ਏਮਜ਼' ਹਸਪਤਾਲ ਦੇ ਜੈ ਪ੍ਰਕਾਸ਼ ਨਰਾਇਣ ਅਪੈਕਸ ਟਰਾਮਾ ਕੇਂਦਰ ਵਿਖੇ ਲਿਆਂਦਾ | ਟਰਾਮਾ ਸੈਂਟਰ ਦੇ ਡਾਕਟਰ ਅਮਿਤ ਗੁਪਤਾ ਨੇ ਦੱਸਿਆ ਕਿ ਮੁੰਡੇ ਆਪਣੇ ਕਾਰ ਦੀ ਪਿਛਲੀ ਸੀਟ 'ਤੇ ਬੈਠੇ ਹੋਏ ਸਨ ਜਿਸ ਨੂੰ ਸਵੇਰੇ 6.20 ਵਜੇ ਦੂਸਰੀ ਕਾਰ ਨੇ ਉਸ ਪਾਸੇ ਕਾਰ ਨੂੰ ਟੱਕਰ ਮਾਰੀ ਜਿਥੇ ਸ੍ਰੀ ਮੁੰਡਾ ਬੈਠੇ ਹੋਏ ਸਨ | ਉਨ੍ਹਾਂ ਦੱਸਿਆ ਕਿ ਜਦੋਂ ਸ੍ਰੀ ਮੁੰਡੇ ਨੂੰ ਟਰਾਮਾ ਕੇਂਦਰ ਲਿਆਂਦਾ ਗਿਆ ਉਸ ਸਮੇਂ ਉਨ੍ਹਾਂ ਨੂੰ ਨਾ ਸਾਹ ਆ ਰਿਹਾ ਸੀ, ਨਾ ਹੀ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਸੀ, ਨਾ ਨਬਜ਼ ਚਲਦੀ ਸੀ ਅਤੇ ਦਿਲ ਦੀ ਹਰਕਤ ਵੀ ਬੰਦ ਸੀ | ਹਸਪਤਾਲ ਪੁੱਜਣ 'ਤੇ ਡਾਕਟਰਾਂ ਨੇ ਤੁਰੰਤ ਉਨ੍ਹਾਂ ਦੇ ਦਿਲ ਦੀ ਧੜਕਣ ਨੂੰ ਵਾਪਸ ਲਿਆਉਣ ਦਾ ਲਗਾਤਾਰ 15 ਮਿੰਟ ਤਕ ਯਤਨ ਕੀਤਾ ਪਰ ਸਫਲ ਨਾ ਹੋ ਸਕੇ ਜਿਸ ਪਿੱਛੋਂ ਡਾਕਟਰਾਂ ਨੇ ਸਵੇਰੇ 7.20 ਵਜੇ ਮੁੰਡੇ ਨੂੰ ਮਿ੍ਤਕ ਕਰਾਰ ਦੇ ਦਿੱਤਾ | ਡਾਕਟਰ ਦਾ ਕਹਿਣਾ ਸੀ ਕਿ ਸ੍ਰੀ ਮੁੰਡੇ ਬਲੱਡ ਪ੍ਰੈਸ਼ਰ ਤੇ ਸ਼ੂਗਰ ਦਾ ਮਰੀਜ਼ ਸੀ | ਉਹ ਪਹਿਲਾਂ ਹੀ ਦਵਾਈਆਂ ਖਾ ਰਹੇ ਸਨ | ਇਸ ਸਮੇਂ ਉਨ੍ਹਾਂ ਦੇ ਸਰੀਰ 'ਤੇ ਕੋਈ ਵੱਡਾ ਜ਼ਖ਼ਮ ਨਹੀਂ | ਅਸੀਂ ਮੌਤ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਡਾਕਟਰੀ ਤੌਰ 'ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਉਨ੍ਹਾਂ ਨੂੰ ਅਚਨਚੇਤ ਦਿਲ ਦਾ ਦੌਰਾ ਪਿਆ ਸੀ | ਉਨ੍ਹਾਂ ਦੀ ਮਿ੍ਤਕ ਦੇਹ ਦਾ ਪੋਸਟ ਮਾਰਟਮ ਕਰਨ ਲਈ ਫੌਰੈਂਸਿਕ ਦੇ ਮੁਖੀ ਦੀ ਅਗਵਾਈ ਵਿਚ ਬੋਰਡ ਗਠਿਤ ਕੀਤਾ ਗਿਆ ਹੈ | ਡਾਕਟਰ ਨੇ ਦੱਸਿਆ ਕਿ ਇਹ ਮਾਮਲਾ ਡਾਕਟਰੀ ਤੇ ਕਾਨੂੰਨੀ ਪਹਿਲੂ ਵਾਲਾ ਹੋਣ ਕਾਰਨ ਮੌਤ ਦੇ ਕਾਰਨ ਦਾ ਪਤਾ ਪੋਸਟ ਮਾਰਟਮ ਪਿੱਛੋਂ ਹੀ ਪਤਾ ਲੱਗੇਗਾ | ਸ੍ਰੀ ਮੁੰਡੇ ਦੇ ਸਕੱਤਰ ਐਸ. ਨਾਇਰ ਜਿਹੜੇ ਕਾਰ ਵਿਚ ਸਨ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੂੰ ਹਾਦਸੇ ਪਿੱਛੋਂ ਵੱਡਾ ਝਟਕਾ ਲੱਗਾ ਅਤੇ ਸਪਸ਼ਟ ਰੂਪ ਵਿਚ ਉਨ੍ਹਾਂ ਨੂੰ ਜ਼ਬਰਦਸਤ ਦਿਲ ਦਾ ਦੌਰਾ ਪਿਆ | ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਟੱਕਰ ਮਾਰਨ ਵਾਲੀ ਮੋਟਰ ਗੱਡੀ ਇੰਡੀਕਾ ਕਾਰ ਸੀ ਜਿਸ ਨੇ ਅਰਬਿੰਦੋ ਚੌਕ ਵਿਚ ਲਾਲ ਬੱਤੀ ਨੂੰ ਟੱਪ ਕੇ ਮਾਰੂਤੀ ਸਜ਼ੂਸੀ ਐਸ ਐਕਸ4 ਕਾਰ ਨੂੰ ਟੱਕਰ ਮਾਰੀ ਜਿਸ ਵਿਚ ਸ੍ਰੀ ਮੁੰਡੇ ਸਫਰ ਕਰ ਰਹੇ ਸਨ | ਪੁਲਿਸ ਨੇ ਦੱਸਿਆ ਕਿ ਇੰਡੀਕਾ ਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਰਿਹਾਇਸ਼ ਤੋਂ ਇਕ ਕਿਲੋਮੀਟਰ ਤੋਂ ਥੋੜਾ ਜ਼ਿਆਦਾ ਦੂਰ ਤੁਗਲਕ ਰੋਡ ਵਲੋਂ ਆ ਰਹੀ ਸੀ ਅਤੇ ਇਸ ਨੇ ਸ੍ਰੀ ਮੁੰਡੇ ਦੀ ਕਾਰ ਦੇ ਉਸ ਪਾਸੇ ਟੱਕਰ ਮਾਰੇ ਜਿਸ ਪਾਸੇ ਉਹ ਬੈਠੇ ਹੋਏ ਸਨ | ਇੰਡੀਕਾ ਕਾਰ ਵਲੋਂ ਟੱਕਰ ਮਾਰਨ ਪਿੱਛੋਂ ਸ੍ਰੀ ਮੁੰਡੇ ਸੀਟ 'ਤੇ ਡਿਗ ਪਏ | ਪੁਲਿਸ ਨੇ ਇੰਡੀਕਾ ਕਾਰ ਦੇ ਡਰਾਈਵਰ ਨੂੰ ਮੌਕੇ ਤੋਂ ਹੀ ਗਿ੍ਫਤਾਰ ਕਰ ਲਿਆ | ਪੁਲਿਸ ਨੇ ਦੱਸਿਆ ਕਿ ਹਾਦਸੇ ਕਾਰਨ ਉਨ੍ਹਾਂ ਦੇ ਨੱਕ 'ਤੇ ਮਾਮੂਲੀ ਜਿਹੀ ਸੱਟ ਲੱਗੀ | ਹਾਦਸੇ ਪਿੱਛੋਂ ਸ੍ਰੀ ਮੁੰਡੇ ਨੇ ਪਾਣੀ ਮੰਗਿਆਂ ਅਤੇ ਆਪਣੇ ਡਰਾਈਵਰ ਨੂੰ ਕਿਹਾ ਕਿ ਉਹ ਉਸ ਨੂੰ ਹਸਪਤਾਲ ਲੈ ਜਾਵੇ | 1990 ਦੇ ਦਹਾਕੇ ਦੇ ਮੱਧ ਤੋਂ ਸ੍ਰੀ ਮੁੰਡੇ ਨੂੰ ਭਾਜਪਾ ਵਿਚ ਸਮਾਜਿਕ ਵਿਉਂਤਬੰਦੀ ਦਾ ਮੁੱਖ ਘਾੜਾ ਸਮਝਿਆ ਜਾਂਦਾ ਹੈ ਅਤੇ ਉਹ ਭਾਜਪਾ-ਸ਼ਿਵ ਸੈਨਾ ਗੱਠਜੋੜ ਵਿਚ ਆਰ. ਪੀ. ਆਈ. ਅਤੇ ਰਾਸ਼ਟਰੀ ਸਮਾਜ ਪਾਰਟੀ ਅਤੇ ਸਵੈਭਿਮਾਨੀ ਪਾਕਸ਼ ਨੂੰ ਗੱਠਜੋੜ 'ਚ ਸ਼ਾਮਿਲ ਕਰਨ ਲਈ ਜ਼ਿੰਮੇਵਾਰ ਸੀ ਜਿਸ ਨੇ ਮਹਾਰਾਸ਼ਟਰ ਦੀਆਂ 48 ਸੀਟਾਂ ਚੋਂ 42 'ਤੇ ਹੁੂੰਝਾ ਫੇਰ ਜਿੱਤ ਹਾਸਿਲ ਕੀਤੀ ਸੀ | ਉਹ ਬੀਤੀ ਰਾਤ ਪ੍ਰਧਾਨ ਮੰਤਰੀ ਵਲੋਂ ਬੁਲਾਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਸ਼ਾਮਿਲ ਹੋਏ ਸਨ ਅਤੇ ਕਿਸੇ ਕੰਮ ਲਈ ਮੁੰਬਈ ਜਾ ਰਹੇ ਸਨ ਜਦੋਂ ਹਾਦਸਾ ਵਾਪਰ ਗਿਆ | ਸ੍ਰੀ ਮੁੰਡੇ ਪਛੜੇ ਹੋਏ ਮਰਾਠਵਾੜਾ ਖੇਤਰ ਵਿਚ ਗਰੀਬ ਪਰਿਵਾਰ ਨਾਲ ਸਬੰਧਤ ਸਨ ਅਤੇ ਉਨ੍ਹਾਂ ਨੂੰ ਰਾਜਨੀਤੀ ਵਿਚ ਭਾਜਪਾ ਨੇਤਾ ਵਸੰਤਰਾਓ ਭਗਵਤ ਨੇ ਰਾਜਨੀਤੀ ਵਿਚ ਲਿਆਂਦਾ ਸੀ | ਸ੍ਰੀ ਮੁੰਡੇ ਪਿਛਲੇ ਦਿਨੀ ਆਪਣੀ ਵਿਦਿਅਕ ਯੋਗਤਾ ਨੂੰ ਲੈ ਕੇ ਵਿਵਾਦ ਵਿਚ ਘਿਰ ਗਏ ਸਨ | ਕਾਂਗਰਸ ਨੇ ਦੋਸ਼ ਲਾਇਆ ਸੀ ਕਿ ਸ੍ਰੀ ਮੁੰਡੇ ਜਿਸ ਕਾਲਜ ਤੋਂ 1976 ਵਿਚ ਗਰੈਜ਼ੂਏਸ਼ਨ ਕਰਨ ਦਾ ਦਾਅਵਾ ਕਰ ਰਹੇ ਹਨ ਅਸਲ ਵਿਚ ਉਸ ਕਾਲਜ ਦੀ ਸਥਾਪਨਾ ਹੀ 1978 ਵਿਚ ਹੋਈ ਸੀ |
ਝੰਡਾ ਝੁਕਿਆ ਰਿਹਾ
ਸ੍ਰੀ ਮੁੰਡੇ ਦੇ ਸਨਮਾਨ ਵਿਚ ਦਿੱਲੀ, ਸੂਬਿਆਂ ਦੀਆਂ ਰਾਜਧਾਨੀਆਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿਚ ਕੌਮੀ ਝੰਡਾ ਅੱਜ ਅੱਧਾ ਝੁਕਿਆ ਰਿਹਾ |
ਮੰਤਰੀ ਮੰਡਲ ਨੇ ਮੁੰਡੇ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ
ਨਵੀਂ ਦਿੱਲੀ-ਕੇਂਦਰੀ ਮੰਤਰੀ ਮੰਡਲ ਦੀ ਇਥੇ ਹੋਈ ਮੀਟਿੰਗ ਵਿਚ ਸ੍ਰੀ ਗੋਪੀਨਾਥ ਮੁੰਡੇ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਮੀਟਿੰਗ ਵਿਚ ਅੱਜ ਤੇ ਕਲ੍ਹ ਸ਼ੋਕ ਮਨਾਉਣ ਦਾ ਫ਼ੈਸਲਾ ਕੀਤਾ ਗਿਆ |
3 ਤਰੀਕ, 3 ਮੌਤਾਂ, 1 ਪਰਿਵਾਰ
ਨਵੀਂ ਦਿੱਲੀ, 3 ਜੂਨ (ਏਜੰਸੀ)-3 ਤਰੀਕ ਮਹਾਜਨ ਅਤੇ ਮੁੰਡੇ ਪਰਿਵਾਰ ਲਈ ਕਾਫ਼ੀ ਅਸ਼ੁੱਭ ਰਹੀ ਹੈ | 3 ਜੂਨ 2014, ਨੂੰ ਕੇਂਦਰੀ ਮੰਤਰੀ ਗੋਪੀਨਾਥ ਮੁੰਡੇ ਦੀ ਮੌਤ ਹੋਈ | 3 ਮਈ, 2006 ਨੂੰ ਹੀ ਪ੍ਰਮੋਦ ਮਹਾਜਨ ਦੀ ਮੌਤ ਹੋਈ ਸੀ | ਪ੍ਰਵੀਨ ਮਹਾਜਨ ਦੀ ਪਤਨੀ ਸਾਰੰਗੀ ਮਹਾਜਨ ਨੇ ਕਿਹਾ ਕਿ ਮਹੀਨੇ ਦਾ ਤੀਸਰਾ ਦਿਨ ਮਹਾਜਨ ਅਤੇ ਮੁੰਡੇ ਪਰਿਵਾਰ ਲਈ ਕਾਫ਼ੀ ਅਸ਼ੁੱੱਭ ਰਿਹਾ ਹੈ | ਗੋਪੀਨਾਥ ਮੁੰਡੇ ਦੀ ਮੌਤ ਮੇਰੇ ਲਈ ਬਹੁਤ ਵੱਡਾ ਝਟਕਾ ਹੈ ਕਿਉਂਕਿ ਉਹ ਹੀ ਪ੍ਰਮੋਦ ਮਹਾਜਨ ਦੇ ਪਰਿਵਾਰ ਨਾਲ ਮੇਲ-ਮਿਲਾਪ ਦੀ ਆਖ਼ਰੀ ਉਮੀਦ ਸਨ | 3 ਮਈ ਨੂੰ ਹਿੰਦੂਜਾ ਹਸਪਤਾਲ 'ਚ ਪ੍ਰਮੋਦ ਮਹਾਜਨ ਨੇ ਆਖ਼ਰੀ ਸਾਹ ਲਈ ਸੀ | 3 ਜੂਨ, 2006 ਨੂੰ ਹੀ ਪ੍ਰਮੋਦ ਮਹਾਜਨ ਦੇ ਕਰੀਬੀ ਵਿਵੇਕ ਮੋਇਤਰਾ ਦੀ ਮੌਤ ਹੋਈ ਸੀ | 3 ਮਈ, 2010 ਨੂੰ ਪ੍ਰਵੀਨ ਮਹਾਜਨ ਦੀ ਠਾਣੇ ਦੇ ਜੂਪੀਟਰ ਹਸਪਤਾਲ 'ਚ ਮੌਤ ਹੋ ਗਈ ਸੀ | ਪ੍ਰਵੀਨ ਮਹਾਜਨ ਨੇ ਆਪਣੇ ਭਰਾ ਪ੍ਰਮੋਦ ਮਹਾਜਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ | ਪ੍ਰਵੀਨ ਮਹਾਜਨ ਨੂੰ ਇਸ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ |
ਹਰਸ਼ਵਧਨ ਹਸਪਤਾਲ ਪੁੱਜੇ
ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਜਿਹੜੇ ਸਭ ਤੋਂ ਪਹਿਲਾਂ ਏਮਜ਼ ਪੁੱਜੇ ਨੇ ਕਿਹਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦਾ ਕਾਫੀ ਯਤਨ ਕੀਤਾ | ਕੇਂਦਰੀ ਹਾਈਵੇਜ਼ ਤੇ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਜਿਹੜੇ ਹਸਪਤਾਲ ਵਿਚ ਮੌਜੂਦ ਸਨ ਨੇ ਕਿਹਾ ਕਿ ਸ੍ਰੀ ਮੁੰਡੇ ਦਾ ਅੰਤਿਮ ਸੰਸਕਾਰ ਕਲ੍ਹ ਨੂੰ ਮਹਾਰਾਸ਼ਟਰ ਦੇ ਬੀੜ ਜਿਲ੍ਹੇ ਵਿਚ ਉਨ੍ਹਾਂ ਦੇ ਜੱਦੀ ਪਿੰਡ ਨਾਥਰਾ ਵਿਖੇ ਸ਼ਾਮ 4.30 ਵਜੇ ਕੀਤਾ ਜਾਵੇਗਾ | ਉਨ੍ਹਾਂ ਦੀ ਮਿ੍ਤਕ ਦੇਹ ਅੰਤਿਮ ਦਰਸ਼ਨਾਂ ਲਈ ਭਾਜਪਾ ਹੈਡਕੁਆਟਰਜ਼ ਵਿਖੇ ਰੱਖੀ ਗਈ ਸੀ |


ਜਿਗਰ ਫਟਿਆ, ਦਿਲ ਦਾ ਦੌਰਾ ਪਿਆ-ਪੋਸਟ ਮਾਰਟਮ ਰਿਪੋਰਟ
ਏਮਜ਼ ਵਿਖੇ ਡਾਕਟਰਾਂ ਦੀ ਟੀਮ ਵਲੋਂ ਪੋਸਟਮਾਰਟਮ ਦੀ ਤਿਆਰ ਕੀਤੀ ਮੁਢਲੀ ਰਿਪੋਰਟ ਮੁਤਾਬਕ ਸੜਕ ਦੁਰਘਟਨਾ ਵਿਚ ਕੇਂਦਰੀ ਮੰਤਰੀ ਗੋਪੀਨਾਥ ਮੁੰਡੇ ਦਾ ਜਿਗਰ ਪਾਟ ਗਿਆ ਸੀ, ਰੀੜ ਦੀ ਹੱਡੀ ਟੁੱਟ ਗਈ ਸੀ ਅਤੇ ਝਟਕੇ ਕਾਰਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ | 'ਏਮਜ਼' ਦੇ ਸੂਤਰਾਂ ਨੇ ਦੱਸਿਆ ਕਿ ਹਾਦਸੇ ਨਾਲ ਉਨ੍ਹਾਂ ਦਾ ਜਿਗਰ ਫਟ ਗਿਆ ਸੀ ਜਿਸ ਕਾਰਨ ਖੂਨ ਅੰਦਰ ਪੈ ਗਿਆ | ਅਚਨਚੇਤ ਜ਼ੋਰਦਾਰ ਝਟਕੇ ਕਾਰਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ | ਰਿਪੋਰਟ ਮੁਤਾਬਕ ਸ੍ਰੀ ਮੁੰਡੇ ਦੇ ਸਰੀਰ 'ਤੇ ਇਸ ਤਰ੍ਹਾਂ ਦਾ ਕੋਈ ਜ਼ਖ਼ਮ ਨਹੀਂ ਸੀ ਜਿਹੜਾ ਉਨ੍ਹਾਂ ਦੀ ਮੌਤ ਦਾ ਕਾਰਨ ਬਣਦਾ |
 
Top