Punjab News ਡੇਰਾ ਮਹਾਨਪੁਰੀ ਸਾਹਰੀ ਵਿਖੇ ਸਥਿਤੀ ਬਣੀ ਤਣਾਅਪ&#2626

Gill Saab

Yaar Malang
ਹੁਸ਼ਿਆਰਪੁਰ - ਪਿਛਲੇ ਸਮੇਂ ਤੋਂ ਸੁਰਖੀਆਂ ਵਿਚ ਚੱਲ ਰਹੇ ਡੇਰਾ ਮਹਾਨਪੁਰੀ ਸਾਹਰੀ ਵਿਖੇ ਅੱਜ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ, ਜਦੋਂ ਡੇਰੇ ਦੀ ਮਾਲਕੀ ਨੂੰ ਲੈ ਕਿ ਪਿਛਲੇ ਸਮੇਂ ਤੋਂ ਇਕ-ਦੂਜੇ ਦੇ ਸਾਹਮਣੇ ਹੋਣ ਵਾਲੀਆਂ ਧਿਰਾਂ ਵਿਚੋਂ ਇਕ ਧਿਰ ਨੇ ਬਲਬੀਰ ਸਿੰਘ ਦੀ ਅਗਵਾਈ ਹੇਠ ਸੰਤ ਬਾਬਾ ਮੋਹਨ ਦਾਸ ਜੀ ਦੀ ਡੇਰੇ ਵਿਚ ਗੈਰਮੌਜੂਦਗੀ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰਦੇ ਹੋਏ ਡੇਰੇ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈਣ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਜਦੋਂ ਡੇਰਾ ਮਹਾਨਪੁਰੀ ਦੀ ਪ੍ਰਬੰਧਕ ਕਮੇਟੀ ਤੇ ਸੰਤ ਬਾਬਾ ਮੋਹਨ ਦਾਸ ਜੀ ਨੂੰ ਇਸ ਬਾਰੇ ਪਤਾ ਲੱਗਾ ਤਦ ਉਹ ਵੀ ਡੇਰੇ ਪਹੁੰਚ ਗਏ। ਪਰ ਇੱਥੇ ਪਹਿਲਾਂ ਤੋਂ ਪਹੁੰਚ ਚੁੱਕੀ ਪੁਲਸ ਨੇ ਕਿਸੇ ਅਣਸੁਖਾਵੀਂ ਘਟਨਾ ਦੇ ਡਰੋਂ ਡੇਰੇ ਵਿਚ ਕਿਸੇ ਦੇ ਵੀ ਪ੍ਰਵੇਸ਼ ਉੱਪਰ ਪਾਬੰਦੀ ਲਾਉਂਦੇ ਹੋਏ ਦੋਵੇਂ ਧਿਰਾਂ ਨਾਲ ਗੱਲ ਕਰਕੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਆਰੰਭ ਕਰ ਦਿੱਤੀ। ਉੱਧਰ ਪੁਲਸ ਸੂਤਰਾਂ ਤੇ ਕੁਝ ਪਿੰਡ ਵਾਸੀਆਂ ਅਨੁਸਾਰ ਡੇਰੇ ਵਿਚ ਪਹੁੰਚੇ ਕੁਝ ਹਥਿਆਰਬੰਦ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਪੁਲਸ ਨੇ ਕੁਝ ਪਿਸਤੌਲ ਤੇ ਹੋਰ ਮਾਰੂ ਹਥਿਆਰ ਬਰਾਮਦ ਕਰ ਲਏ ਤੇ ਉਨ੍ਹਾਂ ਨੂੰ ਥਾਣਾ ਮੇਹਟੀਆਣਾ ਲੈ ਗਏ ਸਨ। ਦਰਸ਼ਨੀ ਡਿਉਢੀ ਦੇ ਬਾਹਰ ਲੱਗਾ ਉਦਘਾਟਨੀ ਪੱਥਰ ਵੀ ਸ਼ਰਾਰਤੀ ਅਨਸਰਾਂ ਵਲੋਂ ਤੋੜ ਦਿੱਤਾ ਗਿਆ। ਡੇਰੇ ਦੇ ਅੰਦਰ ਮੌਜੂਦ ਪਿੰਡ ਦੀ ਸਰਪੰਚ ਆਸ਼ਾ ਰਾਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਲਬੀਰ ਦਾਸ ਨੂੰ ਡੇਰੇ ਦਾ ਅਸਲੀ ਵਾਰਿਸ ਦੱਸਿਆ ਤੇ ਕਿਹਾ ਕਿ ਸਵਰਗਵਾਸੀ 108 ਸੰਤ ਸੇਵਾ ਦਾਸ ਜੀ ਨੇ ਡੇਰੇ ਦੀ ਵਸੀਅਤ ਬਲਬੀਰ ਦਾਸ ਦੇ ਨਾਂ ਕੀਤੀ ਸੀ। ਜਦੋਂਕਿ ਦੂਜੀ ਧਿਰ ਜ਼ਬਰਦਸਤੀ ਪਿਛਲੇ ਤਿੰਨ ਸਾਲਾਂ ਤੋਂ ਡੇਰੇ ਉੱਪਰ ਕਬਜ਼ਾ ਕਰਕੇ ਬੈਠੀ ਸੀ ਤੇ ਡੇਰੇ ਦੇ ਸ਼ਰਧਾਲੂਆਂ ਨੂੰ ਇਨ੍ਹਾਂ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉੱਧਰ ਪਿੰਡ ਦੇ ਸਾਬਕਾ ਸਰਪੰਚ ਤੇ ਡੇਰਾ ਮਹਾਨਪੁਰੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸੀਨੀਅਰ ਬਸਪਾ ਆਗੂ ਉਂਕਾਰ ਸਿੰਘ ਝੱਮਟ ਨੇ ਕਿਹਾ ਕਿ ਡੇਰੇ ਵਿਚ ਗੱਦੀਨਸ਼ੀਨ ਸੰਤ ਬਾਬਾ ਮੋਹਨ ਦਾਸ ਜੀ ਦੀ ਗੈਰਮੌਜੂਦਗੀ ਵਿਚ ਬਲਬੀਰ ਦਾਸ ਤੇ ਇਸਦੇ ਸਾਥੀਆਂ ਨੇ ਕਬਜ਼ਾ ਕਰਕੇ ਧਾਰਮਿਕ ਆਸਥਾਂ ਨੂੰ ਢਾਹ ਲਾਈ ਹੈ। ਉਨ੍ਹਾਂ ਇਸ ਸਮੇਂ ਦੋਸ਼ ਲਾਇਆ ਕਿ ਕਬਜ਼ਾ ਕਰਨ ਵਾਲਿਆਂ ਨੇ ਜਿੱਥੇ ਸੰਤ ਬਾਬਾ ਮੋਹਨ ਦਾਸ ਤੇ ਸੰਤ ਗੁਰਮੁੱਖ ਦਾਸ ਜੀ ਦੇ ਕਮਰਿਆਂ ਦੇ ਦਰਵਾਜ਼ੇ ਤੋੜ ਕੇ ਉਨ੍ਹਾਂ ਦੇ ਕੱਪੜੇ ਅਗਨ ਭੇਟ ਕੀਤੇ। ਉੱਥੇ ਹੋਰ ਵੀ ਜ਼ਰੂਰੀ ਦਸਤਾਵੇਜ਼ਾਂ ਨੂੰ ਅੱਗ ਲਗਾਈ ਗਈ ਤੇ ਦਰਸ਼ਨੀ ਡਿਉਢੀ ਦੇ ਨੀਂਹ ਪੱਥਰ ਸਮੇਂ ਲਗਾਇਆ ਗਿਆ ਉਦਘਾਟਨੀ ਪੱਥਰ ਵੀ ਤੋੜਿਆ ਗਿਆ। ਇਸ ਸਾਰੇ ਮਾਮਲੇ ਨੂੰ ਰਾਜਨੀਤਿਕ ਸ਼ਹਿ ਪ੍ਰਾਪਤ ਹੋਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ-ਪੁਲਸ ਦੀ ਕਥਿਤ ਮਿਲੀਭੁਗਤ ਨਾਲ ਇਹ ਸਭ ਕੁਝ ਹੋਇਆ ਹੈ। ਜੇਕਰ ਇਕ ਦਿਨ ਵਿਚ ਮਸਲਾ ਹੱਲ ਕਰਦਿਆਂ ਪ੍ਰਸ਼ਾਸਨ ਨੇ ਕਬਜ਼ਾ ਕਰਨ ਵਾਲਿਆਂ ਨੂੰ ਡੇਰੇ ਵਿਚੋਂ ਬਾਹਰ ਨਾ ਕੱਢਿਆ ਅਤੇ ਕਬਜ਼ਾ ਕਰਨ ਵਾਲਿਆਂ ਉੱਪਰ ਪਰਚਾ ਦਰਜ ਨਾ ਕੀਤਾ ਤਾਂ ਬਸਪਾ ਵਰਕਰਾਂ ਤੇ ਡੇਰੇ ਦੇ ਸ਼ਰਧਾਲੂਆਂ ਵਲੋਂ ਹੁਸ਼ਿਆਰਪੁਰ ਬੰਦ ਕੀਤਾ ਜਾਵੇਗਾ। ਇਸ ਮਾਮਲੇ ਸਬੰਧੀ ਪਿਛਲੇ ਤਿੰਨ ਸਾਲ ਤੋਂ ਡੇਰੇ ਦੀ ਦੇਖ-ਰੇਖ ਕਰ ਰਹੇ ਸੰਤ ਬਾਬਾ ਮੋਹਨ ਦਾਸ ਤੇ ਸੰਤ ਗੁਰਮੁੱਖ ਦਾਸ ਨੇ ਕਿਹਾ ਕਿ ਜਿਸ ਵਸੀਅਤ ਦੀ ਗੱਲ ਵਿਰੋਧੀ ਪਾਰਟੀ ਕਰ ਰਹੀ ਹੈ, ਉਸ ਦੇ ਸੱਚ-ਝੂਠ ਦਾ ਫੈਸਲਾ ਅਦਾਲਤ ਵਲੋਂ ਕੀਤਾ ਜਾਣਾ ਹਾਲੇ ਬਾਕੀ ਹੈ। ਸਾਰਾ ਮਾਮਲਾ ਮਾਣਯੋਗ ਅਦਾਲਤ ਵਿਚ ਵਿਚਾਰ ਅਧੀਨ ਹੈ, ਜਿਸ ਦਾ ਫੈਸਲਾ ਸਭ ਨੂੰ ਮੰਨਣਯੋਗ ਹੋਵੇਗਾ ਪਰ ਓਨੀ ਦੇਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ, ਜਿਸ ਨਾਲ ਡੇਰਾ ਮਹਾਨਪੁਰੀ ਦੇ ਨਾਮ ਉੱਪਰ ਕੋਈ ਧੱਬਾ ਲੱਗੇ। ਇਸ ਬਾਰੇ ਗੱਲ ਕਰਨ 'ਤੇ ਬਲਬੀਰ ਦਾਸ ਨੇ ਕਿਹਾ ਕਿ ਉਹ ਡੇਰੇ ਦੇ ਪੁਰਾਣੇ ਸੇਵਾਦਾਰ ਹਨ ਤੇ 108 ਸੰਤ ਸੇਵਾ ਦਾਸ ਜੀ ਨੇ ਡੇਰੇ ਦੀ ਮਾਲਕੀ ਸਬੰਧੀ ਉਨ੍ਹਾਂ ਦੇ ਨਾਮ ਉੱਪਰ ਵਸੀਅਤ ਕੀਤੀ ਹੋਈ ਹੈ, ਜਿਸ ਬਾਰੇ ਮੈਨੂੰ ਵੀ ਕਾਫੀ ਸਮੇਂ ਬਾਅਦ ਪਤਾ ਲੱਗਾ ਸੀ। ਉਨ੍ਹਾਂ ਕਿਹਾ ਕਿ ਅਸੀਂ ਡੇਰੇ 'ਤੇ ਕੋਈ ਕਬਜ਼ਾ ਨਹੀਂ ਕੀਤਾ, ਅਸੀਂ ਤਾਂ ਅੱਜ ਸੰਗਤਾਂ ਨਾਲ ਸੰਤ ਸੇਵਾ ਦਾਸ ਜੀ ਦੀ ਸਾਲਾਨਾ ਬਰਸੀ ਮਨਾਉਣ ਸਬੰਧੀ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰਾਉਣ ਆਏ ਸੀ ਤੇ ਬਿਲਕੁਲ ਸ਼ਾਂਤਮਈ ਢੰਗ ਨਾਲ ਅਸੀਂ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਹੈ। ਡੇਰੇ ਅੰਦਰ ਪਹੁੰਚੇ ਪੱਤਰਕਾਰ ਜਦੋਂ ਡੇਰਾ ਮਹਾਨਪੁਰੀ ਸਾਹਰੀ ਦੀ ਪ੍ਰਬੰਧਕੀ ਕਮੇਟੀ ਲਈ ਬਣਾਏ ਗਏ ਦਫਤਰ ਅੱਗੇ ਪਹੁੰਚੇ ਤਾਂ ਕਮਰੇ ਨੂੰ ਦਫਤਰ ਦਰਸਾਉਣ ਵਾਲੀਆਂ ਲਿਖੀਆਂ ਲਾਈਨਾਂ ਉੱਪਰ ਰੰਗ ਦਾ ਹਲਕਾ ਪੋਚਾ ਮਾਰ ਕੇ ਇਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
 
Top