ਸੱਚਰ ਕਮੇਟੀ ਦੀਆਂ ਜ਼ਿਆਦਾਤਰ ਸਿਫ਼ਾਰਸ਼ਾਂ ਲਾਗੂ

[JUGRAJ SINGH]

Prime VIP
Staff member
ਕੌਮੀ ਵਕਫ਼ ਵਿਕਾਸ ਕਾਰਪੋਰੇਸ਼ਨ ਦਾ ਉਦਘਾਟਨ
ਨਵੀਂ ਦਿੱਲੀ, 29 ਜਨਵਰੀ (ਉਪਮਾ ਡਾਗਾ ਪਾਰਥ, ਏਜੰਸੀ)-ਸਰਕਾਰ ਨੇ ਸੱਚਰ ਕਮੇਟੀ ਦੀਆਂ ਜ਼ਿਆਦਾਤਰ ਸ਼ਿਫਾਰਸ਼ਾਂ ਲਾਗੂ ਕਰ ਦਿੱਤੀਆਂ ਹਨ ਤੇ ''ਕੌਮੀ ਵਕਫ ਵਿਕਾਸ ਕਾਰਪੋਰੇਸ਼ਨ ਲਿਮਟਿਡ'' (ਨਵਾਡਕੋ) ਦੀ ਸਥਾਪਨਾ ਇਨ੍ਹਾਂ ਸਿਫਾਰਸ਼ਾਂ ਦਾ ਹੀ ਸਿੱਟਾ ਹੈ | ਇਹ ਪ੍ਰਗਟਾਵਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੌਮੀ ਵਕਫ ਵਿਕਾਸ ਕਾਰਪੋਰੇਸ਼ਨ ਲਿਮਟਿਡ ਦਾ ਉਦਘਾਟਨ ਕਰਨ ਮੌਕੇ ਕੀਤਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਾਰਪੋਰੇਸ਼ਨ ਪਾਰਦਰਸ਼ੀ ਢੰਗ ਨਾਲ ਵਕਫ ਦੀਆਂ ਜਾਇਦਾਦਾਂ ਉਪਰ ਸਕੂਲ, ਕਾਲਜ ਤੇ ਹਸਪਤਾਲ ਸ਼ੁਰੂ ਕਰਨ ਲਈ ਵਿੱਤੀ ਸਾਧਨ ਜੁਟਾਉਣ 'ਚ ਮਦਦ ਕਰੇਗੀ | ਉਨ੍ਹਾਂ ਕਿਹਾ ਕਿ ਅੱਜ ਅਸੀਂ ਦੇਸ਼ ਵਿਚ ਘੱਟ ਗਿਣਤੀਆਂ ਦੇ ਹਿੱਤਾਂ ਦੀ ਪੂਰਤੀ ਲਈ ਆਪਣੀਆਂ ਕੋਸ਼ਿਸ਼ਾਂ ਵਿਚ ਇਕ ਹੋਰ ਕਦਮ ਪੁੱਟਿਆ ਹੈ | ਉਨ੍ਹਾਂ ਕਿਹਾ ਕਿ ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ ਘਟ ਗਿਣਤੀਆਂ ਦੀ ਰਾਖੀ ਲਈ ਹਮੇਸ਼ਾ ਦਿ੍ੜ੍ਹ ਰਹੀ ਹੈ | ਇਸ ਕਾਰਪੋਰੇਸ਼ਨ ਵੱਲੋਂ ਘੱਟ ਗਿਣਤੀ ਭਾਈਚਾਰੇ ਦੀ ਭਲਾਈ ਲਈ ਵਕਫ ਜਾਇਦਾਦਾਂ ਦੇ ਵਿਕਾਸ 'ਚ ਅਹਿਮ ਭੂਮਿਕਾ ਨਿਭਾਏ ਜਾਣ ਦੀ ਆਸ ਹੈ | ਇਸ ਮੌਕੇ ਸਾਂਝਾ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ) ਦੀ ਮੁਖੀ ਸੋਨੀਆ ਗਾਂਧੀ ਨੇ ਦੇਸ਼ ਦੀ ਧਰਮ ਨਿਰਪੱਖਤਾ ਨੂੰ ਕਮਜੋਰ ਕਰ ਰਹੀਆਂ ਫਿਰਕੂ ਤਾਕਤਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਸਥਾਨਕ ਛੋਟੀਆਂ ਘਟਨਾਵਾਂ ਨੂੰ ਲੈ ਕੇ ਫਿਰਕੂ ਇਕਸੁਰਤਾ ਭੰਗ ਨਹੀਂ ਹੋਣੀ ਚਾਹੀਦੀ ਤੇ ਅਜਿਹੀਆਂ ਘਟਨਾਵਾਂ ਮੌਕੇ ਦੰਗਾਕਾਰੀਆਂ ਨੂੰ ਸਖਤੀ ਨਾਲ ਨਜਿਠਿਆ ਜਾਣਾ ਚਾਹੀਦਾ ਹੈ | ਉਨ੍ਹਾਂ ਨੇ ਆਸ ਪ੍ਰਗਟਾਈ ਕਿ ਫਿਰਕੂ ਹਿੰਸਾ ਵਿਰੋਧੀ ਬਿੱਲ ਛੇਤੀ ਸੰਸਦ ਵਿਚ ਪੇਸ਼ ਕਰ ਦਿੱਤਾ ਜਾਵੇਗਾ ਜਿਸ ਦਾ ਮੰਤਵ ਸਮਾਜਿਕ ਸਾਂਝ ਤੇ ਦੇਸ਼ ਦੀ ਧਰਮ ਨਿਰਪੱਖ ਵਿਰਾਸਤ ਦੀ ਰਾਖੀ ਕਰਨਾ ਹੈ | ਸਪਸ਼ਟ ਤੌਰ 'ਤੇ ਮੁਜ਼ਫਰਨਗਰ ਦੰਗਿਆਂ ਦਾ ਹਵਾਲਾ ਦਿੰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੁਲਿਸ ਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਫਿਰਕੂ ਸਦਭਾਵਨਾ ਪ੍ਰਭਾਵਿਤ ਨਾ ਹੋਵੇ | ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਜਿੰਮੇਵਾਰੀ ਹੈ ਕਿ ਉਹ ਧਰਮ ਨਿਰਪਖ ਕਦਰਾਂ ਕੀਮਤਾਂ ਨੂੰ ਬੜ੍ਹਾਵਾ ਦੇਵੇ ਤੇ ਇਸ ਗੱਲ ਨੂੰ ਯਕੀਨੀ ਬਣਾਵੇ ਕਿ ਘਟ ਗਿਣਤੀਆਂ ਨੂੰ ਬਰਾਬਰ ਅਵਸਰ ਪ੍ਰਾਪਤ ਹੋਣ | ਇਹ ਜਰੂਰੀ ਹੈ ਕਿ ਘਟ ਗਿਣਤੀਆਂ ਸੁਰਖਿਅਤ ਮਹਿਸੂਸ ਕਰਨ ਤੇ ਉਨ੍ਹਾਂ ਦਾ ਕਾਨੂੰਨੀ ਵਿਵਸਥਾ ਵਿਚ ਭਰੋਸਾ ਬਣਿਆ ਰਹੇ | ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਤਾਕਤਾਂ ਤੋਂ ਚੌਕੰਨੇ ਰਹਿਣਾ ਪਵੇਗਾ ਜਿਨ੍ਹਾਂ ਨੇ ਦੇਸ਼ ਦੀ ਧਰਮ ਨਿਰਪਖਤਾ ਨੂੰ ਨੁਕਸਾਨ ਪਹੁੰਚਾਇਆ ਹੈ | ਉਨ੍ਹਾਂ ਹੋਰ ਕਿਹਾ ਕਿ ਕੌਮੀ ਵਕਫ ਵਿਕਾਸ ਕਾਰਪੋਰੇਸ਼ਨ ਦੀ ਕਾਇਮੀ ਨਾਲ ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ ਨੇ ਆਪਣਾ ਇਕ ਹੋਰ ਵਾਅਦਾ ਪੂਰਾ ਕੀਤਾ ਹੈ | ਸੋਨੀਆ ਗਾਂਧੀ ਨੇ ਇਸ ਤੱਥ ਨੂੰ ਸਵਿਕਾਰ ਕੀਤਾ ਕਿ ਸਕੀਮਾਂ ਦਾ ਲਾਭ ਸਬੰਧਤ ਵਰਗਾਂ ਤਕ ਨਹੀਂ ਪੁੱਜ ਰਿਹਾ ਤੇ ਕਿਹਾ ਕਿ ਇਸ ਲਈ ਇਹ ਜਰੂਰੀ ਹੈ ਕਿ ਇਹ ਸਕੀਮਾਂ ਇਸ ਢੰਗ ਤਰੀਕੇ ਨਾਲ ਲਾਗੂ ਕੀਤੀਆਂ ਜਾਣ ਕਿ ਉਹ ਆਪਣੇ ਮੰਤਵ ਦੀ ਪੂਰਤੀ ਕਰ ਸਕਣ |
 
Top