Punjab News ਸੁਖਬੀਰ ਬਾਦਲ ਖਿਲਾਫ ਪੁਲਸ ਜਾਂਚ ਦੇ ਆਦੇਸ਼



ਆਈ. ਏ. ਐੱਸ. ਵੀ. ਕੇ. ਜੰਜੂਆ ਨੇ ਦਿੱਤੀ ਸੀ ਸ਼ਿਕਾਇਤ
ਚੰਡੀਗੜ੍ਹ, (ਬ੍ਰਜਿੰਦਰ)-ਪੰਜਾਬ ਦੇ ਆਈ. ਏ. ਐੱਸ. ਅਧਿਕਾਰੀ ਵੀ. ਕੇ. ਜੰਜੂਆ ਵਲੋਂ ਜ਼ਿਲਾ ਅਦਾਲਤ 'ਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਵਿਜੀਲੈਂਸ ਚੀਫ ਸੁਮੇਧ ਸਿੰਘ ਸੈਣੀ ਤੇ ਹੋਰਨਾਂ ਖਿਲਾਫ ਵੱਖ-ਵੱਖ ਧਾਰਾਵਾਂ 'ਚ ਦਿੱਤੀ ਸ਼ਿਕਾਇਤ ਬਾਬਤ ਸ਼ਨੀਵਾਰ ਨੂੰ ਸੀ. ਜੇ. ਐੱਮ. ਜਸਬੀਰ ਸਿੰਘ ਸਿੱਧੂ ਦੀ ਅਦਾਲਤ ਨੇ ਸੈਕਟਰ 17 ਥਾਣਾ ਪੁਲਸ ਨੂੰ ਮਾਮਲੇ 'ਚ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਇਹ ਜਾਂਚ ਰਿਪੋਰਟ 9 ਜੂਨ 2012 ਤਕ ਤਿਆਰ ਕਰ ਦੇਣ ਲਈ ਕਿਹਾ ਗਿਆ ਹੈ, ਉਥੇ ਹੀ ਸੁਖਬੀਰ ਬਾਦਲ ਖਿਲਾਫ ਭ੍ਰਿਸ਼ਟਾਚਾਰ ਤੋਂ ਸੰਬੰਧਤ ਮਾਮਲਾ ਜੰਜੂਆ ਨੇ ਵਾਪਸ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਆਈ. ਏ. ਐੱਸ. ਜੰਜੂਆ ਨੇ ਸੁਖਬੀਰ ਬਾਦਲ, ਸੁਮੇਧ ਸੈਣੀ ਤੇ ਹੋਰਨਾਂ ਕੁਝ ਲੋਕਾਂ 'ਤੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਝੂਠੇ ਮਾਮਲੇ 'ਚ ਫਸਾਉਣ ਦੀ ਸਾਜਿਸ਼ ਰਚਣ 'ਤੇ ਇਕ ਕਰੋੜ ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ ਸੀ। ਇਸਨੂੰ ਲੈ ਕੇ ਆਈ. ਏ. ਐੱਸ. ਜੰਜੂਆ ਨੇ ਜਨਵਰੀ ਮਹੀਨੇ 'ਚ ਸੀ. ਜੇ. ਐੱਮ. ਕੋਰਟ 'ਚ ਆਪਣੀ ਸ਼ਿਕਾਇਤ ਦਾਇਰ ਕੀਤੀ ਸੀ।
ਬਾਅਦ 'ਚ ਇਨ੍ਹਾਂ ਅਪਰਾਧਿਕ ਧਾਰਾਵਾਂ ਵਿਚੋਂ ਭ੍ਰਿਸ਼ਟਾਚਾਰ ਤੋਂ ਸੰਬੰਧਤ ਮਾਮਲਾ ਸੀ. ਜੇ. ਐੱਮ. ਕੋਰਟ ਦੇ ਅਧਿਕਾਰ ਖੇਤਰ 'ਚ ਨਾ ਹੋਣ ਦੇ ਚਲਦੇ ਇਸਨੂੰ ਆਈ. ਏ. ਐੈੱਸ. ਜੰਜੂਆ ਨੇ ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ ਦੀ ਕੋਰਟ 'ਚ ਵੱਖਰੇ ਤੋਂ ਦਾਇਰ ਕੀਤਾ ਸੀ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਵਤੰਤਰਤਾ ਸੈਨਾਨੀ ਵਿਭਾਗ 'ਚ ਸਕੱਤਰ ਅਹੁਦੇ 'ਤੇ ਤਾਇਨਾਤ ਆਈ. ਏ. ਐੱਸ. ਜੰਜੂਆ 'ਤੇ ਸਾਲ 2009 'ਚ ਭ੍ਰਿਸ਼ਟਾਚਾਰ ਤੋਂ ਜੁੜਿਆ ਇਕ ਮਾਮਲਾ ਸਾਹਮਣੇ ਆਇਆ ਸੀ, ਜਦੋਂ ਉਹ ਪੰਜਾਬ ਉਦਯੋਗ ਵਿਭਾਗ 'ਚ ਸਕੱਤਰ ਅਹੁਦੇ 'ਤੇ ਤਾਇਨਾਤ ਸਨ। ਇਸੇ ਮਾਮਲੇ 'ਚ ਖੁਦ ਨੂੰ ਫਸਾਏ ਜਾਣ ਦਾ ਦੋਸ਼ ਲਗਾਉਂਦੇ ਹੋਏ ਜੰਜੂਆ ਨੇ ਜ਼ਿਲਾ ਅਦਾਲਤ 'ਚ ਇਹ ਸ਼ਿਕਾਇਤ ਦਿੱਤੀ ਸੀ।​

 
Top