ਮੰਤਰੀਆਂ ਨੇ ਕੀਤਾ ਸ਼ਰਮਸਾਰ

Android

Prime VIP
Staff member
ਕਰਨਾਟਕ ਅਸੈਂਬਲੀ 'ਚ ਅਸ਼ਲੀਲ ਫਿਲਮ ਦੇਖਣ ਦਾ ਮਾਮਲਾ
3 ਮੰਤਰੀਆਂ ਵਲੋਂ ਅਸਤੀਫਾ
ਬੰਗਲੌਰ, 8 ਫਰਵਰੀ (ਯੂ. ਐੱਨ. ਆਈ.)¸ ਕਰਨਾਟਕ ਦੇ ਰਾਜਪਾਲ ਐੱਚ. ਆਰ. ਭਾਰਦਵਾਜ ਨੇ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਆਪਣੇ ਮੋਬਾਈਲ ਫੋਨ 'ਤੇ ਅਸ਼ਲੀਲ ਵੀਡੀਓ ਦੇਖਣ ਦੇ ਦੋਸ਼ੀ ਸੱਤਾਧਾਰੀ ਭਾਜਪਾ ਦੇ ਤਿੰਨ ਮੰਤਰੀਆਂ ਵਲੋਂ ਬੁੱਧਵਾਰ ਸਵੇਰੇ ਦਿੱਤੇ ਗਏ ਅਸਤੀਫੇ ਪ੍ਰਵਾਨ ਕਰ ਲਏ। ਸੂਬੇ ਦੇ ਸਹਿਕਾਰਤਾ ਮੰਤਰੀ ਲਕਸ਼ਮਣ ਸਾਵਦੀ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸੀ. ਸੀ. ਪਾਟਿਲ ਅਤੇ ਚੌਗਿਰਦਾ ਮੰਤਰੀ ਕ੍ਰਿਸ਼ਨਾ ਨੇ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਮੋਬਾਈਲ ਫੋਨ 'ਤੇ ਅਸ਼ਲੀਲ ਵੀਡੀਓ ਦੇਖਣ ਦੇ ਦੋਸ਼ ਲੱਗਣ ਪਿੱਛੋਂ ਇਹ ਅਸਤੀਫੇ ਦਿੱਤੇ ਸਨ। ਮੁੱਖ ਮੰਤਰੀ ਸਦਾਨੰਦ ਗੌੜਾ ਨੇ ਤੁਰੰਤ ਇਨ੍ਹਾਂ ਮੰਤਰੀਆਂ ਦੇ ਅਸਤੀਫੇ ਪ੍ਰਵਾਨਗੀ ਲਈ ਰਾਜਪਾਲ ਸ਼੍ਰੀ ਭਾਰਦਵਾਜ ਨੂੰ ਭੇਜੇ, ਜਿਨ੍ਹਾਂ ਨੇ ਇਨ੍ਹਾਂ ਨੂੰ ਪ੍ਰਵਾਨ ਕਰ ਲਿਆ। ਇਸ ਦੌਰਾਨ ਉਕਤ ਮੰਤਰੀਆਂ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਕੁਝ ਵੀ ਗਲਤ ਨਹੀਂ ਕੀਤਾ ਅਤੇ ਉਹ ਉਡੁੱਪੀ ਵਿਖੇ ਹੋਈ ਰੇਵ ਪਾਰਟੀ ਦੀ ਵੀਡੀਓ ਦੇਖ ਰਹੇ ਸਨ। ਸਾਵਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਆਪਣੀ ਇੱਛਾ ਨਾਲ ਅਸਤੀਫੇ ਦੇਣ ਦਾ ਫੈਸਲਾ ਕੀਤਾ ਹੈ ਕਿਉਂਕਿ ਅਸੀਂ ਆਪਣੀ ਪਾਰਟੀ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੇ। ਵਿਧਾਨ ਸਭਾ ਦੇ ਸਪੀਕਰ ਨੂੰ ਇਸ ਘਟਨਾ ਦੀ ਜਾਂਚ ਦੇ ਹੁਕਮ ਦੇਣ ਦੀ ਬੇਨਤੀ ਕੀਤੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ।
ਸਾਵਦੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਸਾਡੇ ਤਿੰਨਾਂ ਦੇ ਅਸਤੀਫੇ ਚਾਹੁੰਦੀਆਂ ਸਨ ਅਤੇ ਅਸੀਂ ਨਹੀਂ ਚਾਹੁੰਦੇ ਸੀ ਕਿ ਸਾਡੀ ਪਾਰਟੀ ਸ਼ਰਮਿੰਦਾ ਹੋਵੇ ਅਤੇ ਵਿਰੋਧੀ ਧਿਰ ਨੂੰ ਖੁਸ਼ੀਆਂ ਮਨਾਉਣ ਦਾ ਮੌਕਾ ਮਿਲੇ। ਕਰਨਾਟਕ ਵਿਧਾਨ ਸਭਾ ਅੰਦਰ ਉਕਤ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਕੁਝ ਨਿੱਜੀ ਕੰਨੜ ਟੀ. ਵੀ. ਚੈਨਲਾਂ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਸਾਵਦੀ ਅਤੇ ਪਾਟਿਲ ਨੂੰ ਮੰਗਲਵਾਰ ਆਪਣੇ ਮੋਬਾਈਲ ਫੋਨ 'ਤੇ ਅਸ਼ਲੀਲ ਵੀਡੀਓ ਦੇਖਦਿਆਂ ਦਿਖਾਇਆ ਸੀ। ਇਸ ਦੌਰਾਨ ਸਾਵਦੀ ਨੂੰ ਕਥਿਤ ਤੌਰ 'ਤੇ ਅਸ਼ਲੀਲ ਫਿਲਮ ਦੀ ਕਲੀਪਿੰਗ ਮੁਹੱਈਆ ਕਰਵਾਉਣ ਵਾਲੇ ਪਾਲੇਮਰ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਲੈ ਕੇ ਕਾਨੂੰਨੀ ਕਦਮ ਚੁੱਕਣ ਬਾਰੇ ਵਿਚਾਰ ਕਰ ਰਹੇ ਹਨ।
ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਦੇ ਨਿਰਦੇਸ਼ਾਂ 'ਤੇ ਮੁੱਖ ਮੰਤਰੀ ਗੌੜਾ ਨੇ ਪਾਰਟੀ ਪ੍ਰਧਾਨ ਈਸ਼ਵਰੱਪਾ ਅਤੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਨਾਲ ਬੈਠਕ ਕਰਨ ਪਿੱਛੋਂ ਤਿੰਨਾਂ ਮੰਤਰੀਆਂ ਨੂੰ ਅਸਤੀਫਾ ਦੇਣ ਲਈ ਕਿਹਾ ਸੀ। ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ. ਜੀ. ਬੋਪਈਆ ਨੇ ਸਦਨ ਦੀ ਕਾਰਵਾਈ ਦੌਰਾਨ ਮੋਬਾਈਲ 'ਤੇ ਅਸ਼ਲੀਲ ਵੀਡੀਓ ਦੇਖਦੇ ਭਾਜਪਾ ਦੇ 3 ਮੰਤਰੀਆਂ ਵਿਰੁੱਧ ਅੱਜ 6 ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰ ਦਿਤਾ।

ਔਰਤਾਂ ਲਈ ਡਰੈੱਸ ਕੋਡ ਦੀ ਪੈਰਵੀ ਕੀਤੀ ਸੀ ਪਾਟਿਲ ਨੇ
ਵਿਧਾਨ ਸਭਾ ਵਿਚ ਅਸ਼ਲੀਲ ਵੀਡੀਓ ਦੇਖਣ 'ਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਦੇ ਅਹੁਦੇ ਤੋਂ ਬੁੱਧਵਾਰ ਨੂੰ ਅਸਤੀਫਾ ਦੇਣ ਵਾਲੇ ਸੀ. ਸੀ. ਪਾਟਿਲ ਨੈਤਿਕ ਪੁਲਸ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ। ਪਾਟਿਲ ਨੇ ਇਕ ਮਹੀਨਾ ਪਹਿਲਾਂ ਔਰਤਾਂ ਲਈ ਇਕ ਡਰੈੱਸ ਕੋਡ ਦੀ ਪੈਰਵੀ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਔਰਤਾਂ ਦੇ ਤੰਗ ਕੱਪੜੇ ਜੌਨ ਹਿੰਸਾ ਲਈ ਉਕਸਾਉਂਦੇ ਹਨ। ਪਾਟਿਲ ਦੇ ਇਸ ਬਿਆਨ 'ਤੇ ਕਾਫੀ ਹੰਗਾਮਾ ਹੋਇਆ ਸੀ। ਸਮਾਜਿਕ ਸੰਗਠਨਾਂ ਨੇ ਉਨ੍ਹਾਂ ਦੇ ਇਸ ਬਿਆਨ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਸੀ ਜਦਕਿ ਮੁਖ ਮੰਤਰੀ ਡੀ. ਵੀ. ਸਦਾਨੰਦ ਗੌੜਾ ਨੇ ਉਸ ਦੇ ਇਸ ਬਿਆਨ ਨਾਲ ਅਸਹਿਮਤੀ ਜਤਾਈ।
 
Top