ਮੈਂ ਕਿਸੇ ਤੋਂ ਘੱਟ ਨਹੀਂ

ਸੰਜੇ ਲੀਲਾ ਭੰਸਾਲੀ ਵਲੋਂ ਨਿਰਦੇਸ਼ਿਤ ‘ਸਾਂਵਰੀਆ’ ਰਾਹੀਂ ਅਨਿਲ ਕਪੂਰ ਦੀ ਧੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਰਾਕੇਸ਼ ਓਮਪ੍ਰਕਾਸ਼ ਮਿਹਰਾ ਵਲੋਂ ਨਿਰਦੇਸ਼ਿਤ ’ਦਿੱਲੀ-6′ ਦਾ ਬਾਕਸ ਆਫਿਸ ‘ਤੇ ਨਤੀਜਾ ਨਕਾਰਾਤਮਕ ਹੀ ਰਿਹਾ ਪਰ ਫਿਲਮ ਲਈ ਅਭਿਸ਼ੇਕ ਬੱਚਨ ਦੇ ਨਾਲ-ਨਾਲ ਸੋਨਮ ਕਪੂਰ ਦੀ ਅਦਾਕਾਰੀ ਨੂੰ ਆਲੋਚਕਾਂ ਦੀ ਜ਼ਬਰਦਸਤ ਸਰਾਹਣਾ ਮਿਲੀ।
ਸੋਨਮ ਕਪੂਰ ਅੱਜ ਦੇ ਦੌਰ ਦੀਆਂ ਦੂਜੀਆਂ ਨਾਇਕਾਵਾਂ ਵਾਂਗ ਬਹੁਤ ਜ਼ਿਆਦਾ ਸੈਕਸੀ ਅਤੇ ਗਲੈਮਰਸ ਨਜ਼ਰ ਨਹੀਂ ਆਉਂਦੀ ਪਰ ਕੰਮ ਚਲਾਊ ਖੂਬਸੂਰਤੀ ਨਾਲ ਉਸ ਕੋਲ ਜੋ ਹੁਨਰ ਦਾ ਖਜ਼ਾਨਾ ਹੈ, ਉਸ ਦੇ ਦਮ ‘ਤੇ ਹੌਲੀ ਰਫਤਾਰ ਨਾਲ ਹੀ ਸਹੀ ਪਰ ਸੋਨਮ ਮਾਇਆ ਨਗਰੀ ਵਿਚ ਆਪਣੇ ਲਈ ਮੁਕਾਮ ਬਣਾਉਂਦੀ ਜਾ ਰਹੀ ਹੈ।
ਪੇਸ਼ ਹਨ ਸੋਨਮ ਨਾਲ ਇਕ ਗੱਲਬਾਤ ਦੇ ਅੰਸ਼¸
ਅਨੀਸ ਬਜਮੀ ਨਾਲ ਤੁਹਾਡੇ ਪਿਤਾ ਅਨਿਲ ਕਪੂਰ ਦੇ ਬਿਹਤਰੀਨ ਰਿਸ਼ਤੇ ਹਨ। ਉਨ੍ਹਾਂ ਦੀ ਫਿਲਮ ‘ਥੈਂਕ ਯੂ’ ਵਿਚ ਤੁਸੀਂ ਕਿਸ ਕਿਸਮ ਦਾ ਕਿਰਦਾਰ ਨਿਭਾ ਰਹੇ ਹੋ?
¸ਇਸ ਫਿਲਮ ‘ਚ ਮੇਰਾ ਕਿਰਦਾਰ ਇਕ ਤਨਹਾਈ ਪਸੰਦ ਕੁੜੀ ਦਾ ਹੈ। ਇਕ ਅਜਿਹੀ ਕੁੜੀ ਜੋ ਫਿਲਮ ਦੇ ਪਹਿਲੇ ਅੱਧ ‘ਚ ਬੇਹੱਦ ਸ਼ਰਮੀਲੀ ਅਤੇ ਇਕਾਂਤ ਪਸੰਦ ਹੈ ਅਤੇ ਦੂਜੇ ਅੱਧ ‘ਚ ਚਹਿਕਦੀ ਜ਼ਿੰਦਗੀ ਦਾ ਮਜ਼ਾ ਲੈਂਦੀ ਕੁੜੀ ਹੈ। ਇਸ ਤਰ੍ਹਾਂ ਇਕ ਹੀ ਫਿਲਮ ਵਿਚ ਮੈਨੂੰ ਦੋ-ਦੋ ਰੰਗ ਦਿਖਾਉਣ ਦਾ ਮੌਕਾ ਮਿਲਿਆ ਹੈ। ਇਹ ਇਕ ਰੋਮਾਂਟਿਕ ਕਾਮੇਡੀ ਹੈ। ਇਸ ‘ਚ ਇਕ ਤਰ੍ਹਾਂ ਮੇਰਾ ਡਬਲ ਰੋਲ ਹੈ।
ਕਿਹਾ ਜਾ ਰਿਹਾ ਹੈ ਕਿ ‘ਥੈਂਕ ਯੂ’ ਵਿਚ ਅਕਸ਼ੈ ਕੁਮਾਰ ਨੇ ਤੁਹਾਡੇ ਕੁਝ ਖਾਸ ਦ੍ਰਿਸ਼ ਕੱਟਵਾ ਦਿੱਤੇ, ਜਿਸ ਕਾਰਨ ਤੁਸੀਂ ਅੱਜਕਲ ਬਹੁਤ ਨਿਰਾਸ਼ ਹੋ?
¸ਅਕਸ਼ੈ ਕੁਮਾਰ ਬਹੁਤ ਮਿਹਨਤੀ ਅਤੇ ਜ਼ਬਰਦਸਤ ਕਲਾਕਾਰ ਹਨ। ਜਿਸ ਵੀ ਅਦਾਕਾਰਾ ਨੇ ਉਨ੍ਹਾਂ ਨਾਲ ਕੰਮ ਕੀਤਾ, ਉਹ ਸ਼ਾਨਦਾਰ ਦੌਰ ‘ਚ ਪੁੱਜ ਗਈ ਪਰ ਉਨ੍ਹਾਂ ਬਾਰੇ ਹਮੇਸ਼ਾ ਇਹੋ ਜਿਹੀਆਂ ਗੱਲਾਂ ਕਿਉਂ ਕੀਤੀਆਂ ਜਾਂਦੀਆਂ ਹਨ, ਮੈਂ ਅਜੇ ਤਕ ਸਮਝ ਨਹੀਂ ਸਕੀ। ਜਦ ਕਿ ਸੱਚਾਈ ਇਹ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ।
ਕਿਹਾ ਜਾਂਦਾ ਹੈ ਕਿ ‘ਥੈਂਕ ਯੂ’ ਲਈ ਅਕਸ਼ੈ ਦੇ ਆਪੋਜ਼ਿਟ ਪਹਿਲਾਂ ਕੈਟਰੀਨਾ ਨੂੰ ਲਿਆ ਜਾਣਾ ਤੈਅ ਹੋਇਆ ਸੀ ਪਰ ਅਚਾਨਕ ਤੁਸੀਂ ਕੈਟਰੀਨਾ ਨੂੰ ਰਿਪਲੇਸ ਕਰ ਦਿੱਤਾ। ਆਖਿਰ ਤੁਸੀਂ ਇਸ ਕਾਰਨਾਮੇ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ?
¸ਮੈਨੂੰ ਨਹੀਂ ਪਤਾ ਕਿ ਮੈਥੋਂ ਪਹਿਲਾਂ ਫਿਲਮ ਲਈ ਕੈਟਰੀਨਾ ਦੇ ਨਾਂ ‘ਤੇ ਵਿਚਾਰ ਹੋਈ ਸੀ ਅਤੇ ਮੈਂ ਉਨ੍ਹਾਂ ਨੂੰ ਰਿਪਲੇਸ ਕੀਤਾ। ਅਜਿਹੀਆਂ ਗੱਲਾਂ ਵਿਚ ਮੇਰੀ ਕੋਈ ਦਿਲਚਸਪੀ ਵੀ ਨਹੀਂ ਹੈ। ਬਸ, ਮੇਰੇ ਕੋਲ ਇਕ ਦਿਨ ਅਚਾਨਕ ਅਨੀਜ ਆਏ। ਉਹ ਚਾਹੁੰਦੇ ਸਨ ਕਿ ਮੈਂ ਇਹ ਫਿਲਮ ਕਰਾਂ ਅਤੇ ਮੈਂ ਕੋਈ ਬੇਵਕੂਫ ਨਹੀਂ ਸੀ ਕਿ ਜੋ ਇੰਨੀ ਵਧੀਆ ਪੇਸ਼ਕਸ਼ ਲਈ ਇਨਕਾਰ ਕਰ ਦਿੰਦੀ। ਇਸ ਲਈ ਮੈਂ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ। ਇਹ ਫਿਲਮ ਮੈਨੂੰ ਅਚਾਨਕ ਮਿਲੀ। ਇਥੇ ਸਭ ਕੁਝ ਹੀ ਹੈਰਾਨੀਜਨਕ ਢੰਗ ਨਾਲ ਹੁੰਦਾ ਹੈ।
ਲੱਖ ਕੋਸ਼ਿਸ਼ਾਂ ਦੇ ਬਾਵਜੂਦ ਤੁਸੀਂ ਮਾਇਆਨਗਰੀ ਦੀ ਟੌਪ 10 ਅਭਿਨੇਤਰੀਆਂ ਦੀ ਸੂਚੀ ‘ਚ ਸ਼ਾਮਲ ਹੋ ਨਹੀਂ ਸਕੇ। ਤੁਹਾਡੇ ਪਿਛੋਂ ਮਾਇਆਨਗਰੀ ‘ਚ ਆਉਣ ਵਾਲੀਆਂ ਕੁੜੀਆਂ ਅੱਜ ਅਗਾਂਹ ਨਿਕਲ ਚੁੱਕੀਆਂ ਹਨ। ਕੀ ਇਨ੍ਹਾਂ ਗੱਲਾਂ ਨਾਲ ਨਿਰਾਸ਼ਾ ਨਹੀਂ ਹੁੰਦੀ?
¸ਮੈਂ ਕਦੇ ਵੀ ਖੁਦ ਦਾ ਮੁਕਾਬਲਾ ਕਿਸੇ ਨਾਲ ਨਹੀਂ ਕੀਤਾ ਪਰ ਮੈਨੂੰ ਲੱਗਦਾ ਹੈ ਕਿ ਮੈਂ ਕਿਸੇ ਤੋਂ ਪਿਛਾਂਹ ਨਹੀਂ ਹਾਂ। ਮੈਂ ਵੀ ਰਫਤਾਰ ਨਾਲ ਫਿਲਮਾਂ ਸਾਈਨ ਕਰਦੀ ਜਾ ਰਹੀ ਹਾਂ। ਬਹੁਤ ਜ਼ਿਆਦਾ ਫਿਲਮਾਂ ਤਾਂ ਮੈਂ ਕਦੇ ਨਹੀਂ ਕਰਾਂਗੀ ਪਰ ਹਾਂ ਪਹਿਲਾਂ ਦੇ ਮੁਕਾਬਲੇ ਅੱਜ ਮੇਰੇ ਕੋਲ ਕੰਮ ਜ਼ਿਆਦਾ ਹੈ। ਜਦੋਂ ਫਿਲਮਾਂ ਘੱਟ ਹੋਣਗੀਆਂ ਤਾਂ ਸਾਰਾ ਕੰਮ ਸ਼ਡਿਊਲ ਮੁਤਾਬਕ ਕਰ ਸਕਾਂਗੀ। ਇਸ ਲਈ ਮੈਂ ਆਉਣ ਵਾਲੀ ਹਰ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕਰ ਰਹੀ। ਇਸ ਦਾ ਇਕ ਹੋਰ ਲਾਭ ਇਹ ਵੀ ਹੈ ਕਿ ਤੁਹਾਡੇ ਹੱਥ ‘ਚ ਕੁਝ ਤਰੀਕਾਂ ਅਜਿਹੀਆਂ ਹੁੰਦੀਆਂ ਹਨ ਕਿ ਜੇਕਰ ਅਚਾਨਕ ਕੋਈ ਪੇਸ਼ਕਸ਼ ਆ ਜਾਵੇ ਤਾਂ ਸਿਰਫ ਤਰੀਕਾਂ ਦੀਆਂ ਸਮੱਸਿਆ ਕਾਰਨ ਤੁਸੀਂ ਇਸ ਪ੍ਰਾਜੈਕਟ ਨੂੰ ਹੱਥੋਂ ਗੁਆਓਗੇ ਨਹੀਂ।
ਫਿਲਮਾਂ ਦੇ ਨਾਲ-ਨਾਲ ਅੱਜਕਲ ਤੁਸੀਂ ਐਂਡੋਰਸਮੈਂਟਸ ‘ਚ ਬਿਜ਼ੀ ਹੋ? ਅਜੇ ਤਕ ਤੁਹਾਡੀਆਂ ਕੁਝ ਇਕ ਫਿਲਮਾਂ ਹੀ ਆਈਆਂ ਹਨ ਪਰ ਇਨ੍ਹਾਂ ਦੇ ਬਾਵਜੂਦ ਐਂਡੋਰਸਮੈਂਟ ਕਾਰਨ ਤੁਸੀਂ ਓਵਰ ਐਕਸਪੋਜ਼ ਹੋ ਚੁੱਕੇ ਹੋ।
¸ਅੱਜ ਹਰ ਸਟਾਰ ਐਂਡੋਰਸਮੈਂਟਸ ਇਸ ਲਈ ਕਰ ਰਿਹਾ ਹੈ ਕਿਉਂਕਿ ਘੱਟ ਸਮੇਂ ਅਤੇ ਘੱਟ ਮਿਹਨਤ ਵਿਚ ਚੰਗੀ-ਖਾਸੀ ਰਕਮ ਮਿਲ ਜਾਂਦੀ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ਵਿਚ ਕੋਈ ਬੁਰਾਈ ਹੈ। ਅੱਜ ਜਦ ਕਿ ਹਰ ਵੱਡਾ ਸਟਾਰ ਆਪਣੇ ਪੀ. ਆਰ. ‘ਤੇ ਕਰੋੜਾਂ ਰੁਪਏ ਖਰਚ ਰਿਹਾ ਹੈ, ਮੈਨੂੰ ਲੱਗਦੈ ਕਿ ਐਂਡੋਰਸਮੈਂਟ ਕਾਰਨ ਸਾਨੂੰ ਮੁਫਤ ਵਿਚ ਪੀ. ਆਰ. ਮਿਲ ਰਿਹਾ ਹੈ। ਐਂਡੋਰਸਮੈਂਟ ਕਾਰਨ ਮੈਨੂੰ ਓਵਰ ਐਕਸਪੋਜ਼ ਹੋਣ ਦਾ ਖਤਰਾ ਬਿਲਕੁਲ ਵੀ ਮਹਿਸੂਸ ਨਹੀਂ ਹੁੰਦਾ।
l ਆਪਣੀ ਫਿਲਮ ‘ਪਲੇਅਰਸ’ ਬਾਰੇ ਕੁਝ ਦੱਸੋ?
¸ਅੱਬਾਸ-ਮਸਤਾਨ ਵਲੋਂ ਨਿਰਦੇਸ਼ਿਤ ਇਹ ਫਿਲਮ ਐਕਸ਼ਨ ਥ੍ਰਿਲਰ ਹੈ, ਜਿਸ ਵਿਚ ਮੇਰੇ ਆਪੋਜ਼ਿਟ ਅਮਿਤਾਭ ਬੱਚਨ ਹਨ। ਇਸ ਫਿਲਮ ‘ਚ ਨੀਲ ਨਿਤਿਨ ਮੁਕੇਸ਼ ਵੀ ਹਨ।
ਇਸ ਸਾਲ ਤੁਹਾਡੀ ਫਿਲਮ ‘ਮੌਸਮ’ ਵੀ ਆ ਰਹੀ ਹੈ। ਇਸ ਬਾਰੇ ਕੀ ਕਹੋਗੇ?
¸ਇਸ ਫਿਲਮ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ। ਫਿਲਮ ਵਿਚ ਮੇਰੀ ਅਤੇ ਸ਼ਾਹਿਦ ਦੀ ਰੋਮਾਂਟਿਕ ਜੋੜੀ ਨੂੰ ਦਰਸ਼ਕ ਯਾਦ ਰੱਖਣਗੇ।
ਚਾਰ ਫਿਲਮਾਂ ਦੀ ਅਸਫਲਤਾ ਤੋਂ ਕੀ ਕੋਈ ਸਿੱਖਿਆ ਮਿਲੀ ਹੈ?
¸’ਆਇਸ਼ਾ’, ‘ਹਾਈ ਹੇਟ ਲਵ ਸਟੋਰੀ’, ‘ਸਾਂਵਰੀਆ’ ਅਤੇ ‘ਦਿੱਲੀ-6′ ਆਦਿ ਸਾਰੀਆ ਫਿਲਮਾਂ ਚੰਗੀਆਂ ਬਣੀਆਂ ਸਨ। ਇਨ੍ਹਾਂ ਫਿਲਮਾਂ ‘ਚ ਬਤੌਰ ਕਲਾਕਾਰ ਅਸੀਂ ਚੰਗਾ ਕੰਮ ਵੀ ਕੀਤਾ। ਦੂਜੀਆਂ ਫਿਲਮਾਂ ਤੋਂ ਉਸ ਵਿਚ ਹੱਟਵਾਂ ਕੰਮ ਕਰਨ ਦੀ ਪ੍ਰੇਰਨਾ ਵੀ ਮਿਲੀ। ਤੁਸੀਂ ਜਦੋਂ ਵੀ ਕੋਈ ਕੰਮ ਕਰਦੇ ਹੋ, ਉਸ ਦੌਰਾਨ ਤੁਹਾਨੂੰ ਕਾਫੀ ਕੁਝ ਨਵਾਂ ਸਿੱਖਣ ਅਤੇ ਕਰਨ ਦਾ ਮੌਕਾ ਮਿਲਦਾ ਹੈ।
ਚਰਚਾ ਹੈ ਕਿ ਤੁਸੀਂ ਹਾਲੀਵੁਡ ਦੀਆਂ ਫਿਲਮਾਂ ਵੀ ਕਰ ਰਹੇ ਸੀ ਪਰ ਤੁਹਾਡੇ ਪਿਤਾ ਇਸ ਦੇ ਖਿਲਾਫ ਸਨ?
¸ਮੇਰੇ ਪਿਤਾ ਕੋਲ ਬਾਲੀਵੁਡ ਦਾ ਤਜਰਬਾ ਹੈ ਅਤੇ ਉਨ੍ਹਾਂ ਦਾ ਫੈਸਲਾ ਮੇਰੇ ਲਈ ਚੰਗਾ ਹੋਵੇਗਾ, ਇਸ ਲਈ ਉਹ ਮੇਰੇ ਆਉਣ ਵਾਲੇ ਭਲਕ ਨੂੰ ਦੇਖਦਿਆਂ ਆਪਣੀ ਸਲਾਹ ਦਿੰਦੇ ਹਨ। ਇਸ ਨੂੰ ਤੁਸੀਂ ਵਿਰੋਧ ਨਹੀਂ ਕਹਿ ਸਕਦੇ।
 
Top