ਮਨਪ੍ਰੀਤ ਬਾਦਲ ਮੌਕਾਪ੍ਰਸਤ ਆਗੂ

ਅੰਮ੍ਰਿਤਸਰ, 31 ਮਾਰਚ (ਵਿੱਕੀ)-ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਿਰੇ ਦਾ ਮੌਕਾਪ੍ਰਸਤ ਤੇ ਦੋਗਲੇ ਕਿਰਦਾਰ ਵਾਲਾ ਸਿਆਸਤਦਾਨ ਕਰਾਰ ਦਿੰਦਿਆਂ ਕਿਹਾ ਕਿ ਜਿਵੇਂ-ਜਿਵੇਂ ਸਮਾਂ ਬੀਤੇਗਾ ਲੋਕ ਇਸ ਦਾ ਅਸਲੀ ਚਿਹਰਾ ਪਛਾਣ ਲੈਣਗੇ। ਅੱਜ ਇਥੇ ਜਾਰੀ ਬਿਆਨ ਰਾਹੀਂ ਮਜੀਠੀਆ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਆਪਣੀ ਸਿਆਸੀ ਉਮਰ ਦੇ 16 ਸਾਲ ਜਿਸ ਸ਼੍ਰੋਮਣੀ ਅਕਾਲੀ ਦਲ ਤੋਂ ਸ਼ਕਤੀ ਹਾਸਲ ਕਰਦਿਆਂ ਬਿਤਾਏ, ਹੁਣ ਉਹ ਚੋਣਾਂ ਦਾ ਸਾਲ ਨੇੜੇ ਆਉਂਦਿਆਂ ਵੇਖ ਕੇ ਉਸੇ ਅਕਾਲੀ ਦਲ ਦਾ ਵਿਰੋਧ ਕਰ ਰਿਹਾ ਹੈ, ਜੋ ਕਿ ਸਿਰੇ ਦੀ ਰਾਜਸੀ ਮੌਕਾਪ੍ਰਸਤੀ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਚੋਣ ਮਨੋਰਥ ਪੱਤਰ ਅਨੁਸਾਰ ਸਬਸਿਡੀਆਂ ਚਾਲੂ ਕਰਨ, ਖੁਦ ਲੱਖਾਂ ਰੁਪਏ ਦੀ ਸਬਸਿਡੀ ਹੜੱਪਣ ਤੇ ਮੁੱਖ ਮੰਤਰੀ ਦੀ ਕੁਰਸੀ ਨਾ ਮਿਲਦੀ ਵੇਖ ਕੇ ਸਬਸਿਡੀਆਂ ਦਾ ਵਿਰੋਧ ਕਰਨ ਵਾਲੇ ਮਨਪ੍ਰੀਤ ਬਾਦਲ ਨੇ ਹੁਣ ਆਮ ਲੋਕਾਂ ਦਾ ਰੋਸ ਵੇਖ ਕੇ ਫਿਰ ਪੈਂਤੜਾ ਬਦਲਦਿਆਂ ਸਬਸਿਡੀਆਂ ਦੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹ ਸਬਸਿਡੀਆਂ ਚਾਲੂ ਰੱਖਣ ਜਾਂ ਬੰਦ ਕਰਨ ਬਾਰੇ ਅਜੇ ਤਕ ਆਪਣੇ ਆਪ ਨੂੰ ਸਪੱਸ਼ਟ ਹੀ ਨਹੀਂ ਕਰ ਸਕਿਆ। ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਗੈਰਤਮੰਦ ਲੋਕ ਅਜਿਹੇ ਵਿਅਕਤੀ ਨੂੰ ਕਦੇ ਵੀ ਪਸੰਦ ਨਹੀਂ ਕਰਦੇ ਜਿਸ ਨੇ ਜਿਹੜੀ ਥਾਲੀ ਵਿਚ ਖਾਧਾ ਹੋਵੇ, ਉਸੇ ਵਿਚ ਛੇਕ ਕਰ ਰਿਹਾ ਹੋਵੇ। ਮਜੀਠੀਆ ਨੇ ਕਿਹਾ ਕਿ ਇਸੇ ਤਰ੍ਹਾਂ ਸਿਆਸਤ ਵਿਚ ਕੁਨਬਾਪ੍ਰਸਤੀ ਖਿਲਾਫ਼ ਅੱਡੀਆਂ ਚੁੱਕ-ਚੁੱਕ ਕੇ ਬੋਲਣ ਵਾਲਾ ਮਨਪ੍ਰੀਤ ਬਾਦਲ ਕੀ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਦੀ ਖੇਚਲ ਕਰੇਗਾ ਕਿ ਪੰਜਾਬ ਦੀ ਸਿਆਸਤ ਵਿਚ ਆਉਣ ਵੇਲੇ ਉਸਦਾ ਪਾਰਟੀ ਜਾਂ ਪੰਜਾਬੀਆਂ ਪ੍ਰਤੀ ਕੀ ਯੋਗਦਾਨ ਸੀ? ਵਿਧਾਇਕ ਤੋਂ ਲੈ ਕੇ ਮਾਰਕੀਟ ਕਮੇਟੀਆਂ ਤੇ ਬਲਾਕ ਸੰਮਤੀਆਂ ਦੇ ਚੇਅਰਮੈਨਾਂ ਵਰਗੇ ਕਿੰਨੇ ਅਹੁਦਿਆਂ ‘ਤੇ ਉਸਨੇ ਅੜੀ ਕਰਕੇ ਆਪਣੇ ਰਿਸ਼ਤੇਦਾਰ ਨਿਯੁਕਤ ਕਰਵਾਏ ਹੋਏ ਹਨ? ਉਨ੍ਹਾਂ ਕਿਹਾ ਕਿ ਅਜਿਹੇ ਦੋਹਰੇ ਕਿਰਦਾਰ ਤੇ ਦੋਗਲੇ ਚਿਹਰੇ ਵਾਲਾ ਸਿਆਸੀ ਆਗੂ ਦੂਰ ਤਕ ਲੋਕਾਂ ਨਾਲ ਨਹੀਂ ਨਿਭ ਸਕਦਾ ਤੇ ਲੋਕ ਜਲਦ ਹੀ ਉਸਦੀ ਅਸਲੀਅਤ ਪਛਾਣ ਲੈਂਦੇ ਹਨ।
 
Top