Punjab News ਬਾਦਲ ਦੇ ਜ਼ਿਲੇ 'ਚ ਮੁੱਲ ਵਿਕਦੈ ਪਾਣੀ

Android

Prime VIP
Staff member
ਸ੍ਰੀ ਮੁਕਤਸਰ ਸਾਹਿਬ (ਪਵਨ, ਭੁਪਿੰਦਰ)-ਭਾਵੇਂ ਦੇਸ਼ ਨੂੰ ਆਜ਼ਾਦ ਹੋਇਆਂ ਛੇ ਦਹਾਕਿਆਂ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਇਤਿਹਾਸਿਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ ਵੀ ਰਾਜਸਥਾਨ ਅਤੇ ਹਿਮਾਚਲ ਦੀ ਤਰ੍ਹਾਂ ਸਾਫ਼-ਸੁਥਰੇ ਪਾਣੀ ਦੀ ਵੱਡੀ ਘਾਟ ਹੈ। ਧਰਤੀ ਹੇਠਲਾ ਪਾਣੀ ਕੌੜਾ ਅਤੇ ਸ਼ੋਰਾ ਭਰਪੂਰ ਹੋਣ ਕਾਰਨ ਇਸ ਨੂੰ ਇਨਸਾਨ ਤਾਂ ਕੀ ਭੁੱਖੇ-ਪਿਆਸੇ ਪਸ਼ੂ ਅਤੇ ਜੀਵ-ਜੰਤੂ ਵੀ ਪੀਣ ਤੋਂ ਕੰਨੀਂ ਕਤਰਾਉਂਦੇ ਹਨ। ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਇਹ ਆਮ ਵੇਖਿਆ ਜਾਂਦਾ ਹੈ ਕਿ ਇਹ ਪੀਣ ਵਾਲਾ ਪਾਣੀ ਬਾਜ਼ਾਰਾਂ ਅਤੇ ਮੁਹੱਲਿਆਂ ਵਿਚ ਰੇੜ੍ਹੀਆਂ ਅਤੇ ਬੈਲ ਗੱਡੀਆਂ 'ਤੇ ਪ੍ਰਤੀ ਪੀਪਾ 2-3 ਰੁਪਏ ਮੁੱਲ ਵਿਕਦਾ ਹੈ।
ਬੜੀ ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਪਿੰਡਾਂ ਵਿਚ ਆਰ.ਓ. ਸਿਸਟਮ ਲਗਾ ਕੇ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਵੱਡੇ-ਵੱਡੇ ਦਮਗੱਜੇ ਮਾਰ ਰਹੀ ਹੈ ਅਤੇ ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲੇ ਸ੍ਰੀ ਮੁਕਤਸਰ ਸਾਹਿਬ ਵਿਖੇ ਲੋਕ ਪੀਣ ਵਾਲੇ ਸ਼ੁੱਧ ਪਾਣੀ ਨੂੰ ਤਰਸ ਰਹੇ ਹਨ। ਇਥੋਂ ਦਾ ਜਲ-ਘਰ ਮਹਿਜ਼ ਜ਼ਿਲਾ ਪ੍ਰਸ਼ਾਸਨ ਦਾ ਵਿਸ਼ਰਾਮ ਘਰ ਬਣ ਕੇ ਰਹਿ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਪਾਣੀ ਮੁੱਲ ਲੈ ਕੇ ਪੀਣਾ ਪੈਂਦਾ ਹੈ। ਸ੍ਰੀ ਮੁਕਤਸਰ ਸਾਹਿਬ ਦੇ ਜਲ-ਘਰ ਵਿਚ ਪਹਿਲਾਂ ਹੀ ਜਗ੍ਹਾ ਘੱਟ ਹੋਣ ਕਾਰਨ ਪਾਣੀ ਸਟੋਰ ਕਰਨ ਲਈ ਟੈਂਕਾਂ ਦੀ ਘਾਟ ਸੀ, ਜਿਸ ਪ੍ਰਤੀ ਜ਼ਿਲਾ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਇਸ ਪਾਣੀ ਦੀ ਘਾਟ ਨੂੰ ਮੁੱਖ ਰੱਖਦਿਆਂ ਇਸ ਥਾਂ 'ਤੇ ਹੋਰ ਪਾਣੀ ਸਟੋਰ ਕਰਨ ਵਾਲੀਆਂ ਟੈਂਕੀਆਂ ਬਣਾਈਆਂ ਜਾਣ ਪ੍ਰੰਤੂ ਜ਼ਿਲਾ ਪ੍ਰਸ਼ਾਸਨ ਨੇ ਇਸ ਨੂੰ ਸਾਫ਼-ਸੁਥਰਾ ਸਥਾਨ ਦੇਖ ਕੇ ਇਥੇ ਟੈਂਕੀਆਂ ਬਣਾਉਣ ਦੀ ਬਜਾਏ ਆਪਣੇ ਨਿਵਾਸ ਸਥਾਨ ਹੀ ਬਣਾ ਲਏ।
ਜ਼ਿਕਰਯੋਗ ਹੈ ਕਿ ਇਥੇ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਮੁਕਤਸਰ ਦੀ ਰਿਹਾਇਸ਼ ਤੋਂ ਇਲਾਵਾ ਜਨ-ਸਿਹਤ ਵਿਭਾਗ ਦਾ ਦਫ਼ਤਰ ਹੈ। ਦੂਜਾ ਜਲ-ਘਰ ਤੋਂ ਸਪਲਾਈ ਕਰਨ ਵਾਲੇ ਪਾਣੀ ਦੀ ਪਾਈਪਾਂ ਐਨੀਆਂ ਪੁਰਾਣੀਆਂ ਅਤੇ ਨੁਕਸਾਨੀਆਂ ਗਈਆਂ ਹਨ ਕਿ ਕਿਸੇ ਵੀ ਥਾਂ ਤੋਂ ਇਹ ਪਾਈਪਾਂ ਕਦੋਂ ਲੀਕ ਕਰਨ ਲੱਗ ਪੈਣ, ਵਿਭਾਗ ਨੂੰ ਵੀ ਇਲਮ ਨਹੀਂ। ਇਥੇ ਹੀ ਬਸ ਨਹੀਂ, ਸਥਾਨਕ ਜਲ-ਘਰ ਦੀ ਸਪਲਾਈ ਪਾਈਪ ਸ਼ਹਿਰ ਦੇ ਬਹੁਤ ਸਾਰੇ ਸੀਵਰੇਜ ਚੈਂਬਰਾਂ ਤੋਂ ਹੋ ਕੇ ਲੰਘਦੀ ਹੈ ਅਤੇ ਜਦੋਂ ਇਹ ਪਾਈਪਾਂ ਲੀਕ ਹੋ ਜਾਂਦੀਆਂ ਹਨ ਤਾਂ ਗੰਦਾ ਪਾਣੀ ਇਨ੍ਹਾਂ ਪਾਈਪਾਂ ਵਿਚ ਰਲ ਕੇ ਲੋਕਾਂ ਦੇ ਘਰਾਂ ਵਿਚ ਸਪਲਾਈ ਹੋ ਜਾਂਦਾ ਹੈ। ਸ਼ਹਿਰ ਦਾ ਸ਼ਾਇਦ ਹੀ ਕੋਈ ਅਜਿਹਾ ਕਰਮਾਂ ਵਾਲਾ ਘਰ ਹੋਵੇਗਾ, ਜਿਸ ਨੇ ਆਪਣੀ ਵਾਟਰ ਸਪਲਾਈ 'ਤੇ ਮੋਟਰਾਂ ਨਾ ਲਗਾਈਆਂ ਹੋਣ। ਜਿਨ੍ਹਾਂ ਨੇ ਮੋਟਰਾਂ ਲਗਾਈਆਂ ਹੁੰਦੀਆਂ ਹਨ, ਉਨ੍ਹਾਂ ਦੇ ਘਰ ਪਾਣੀ ਉਪਰਲੀਆਂ ਟੈਂਕੀਆਂ ਤੱਕ ਆਸਾਨੀ ਨਾਲ ਪਹੁੰਚ ਜਾਂਦਾ ਹੈ, ਪਰ ਜਿਨ੍ਹਾਂ ਘਰਾਂ ਨੇ ਮੋਟਰਾਂ ਨਹੀਂ ਲਗਵਾਈਆਂ, ਉਹ ਅਰਦਾਸਾਂ ਕਰਦੇ ਹਨ ਕਿ ਕਦੋਂ ਬਿਜਲੀ ਬੰਦ ਹੋਵੇ ਤੇ ਉਨ੍ਹਾਂ ਦੇ ਘਰ ਪਾਣੀ ਆਵੇ।
ਸਥਾਨਕ ਗੋਨਿਆਣਾ ਰੋਡ, ਜਲਾਲਾਬਾਦ ਰੋਡ, ਅਬੋਹਰ ਰੋਡ, ਕਿਸ਼ੋਰੀ ਲਾਲ ਸਟਰੀਟ, ਧੰਨੂ ਮਲ ਸਟਰੀਟ ਮੁਹੱਲਿਆਂ ਵਿਚ ਆਮ ਹੀ ਵਾਟਰ ਵਰਕਸ ਦਾ ਬਦਬੂਦਾਰ ਅਤੇ ਗੰਦਾ ਪਾਣੀ ਸਪਲਾਈ ਹੋ ਰਿਹਾ ਹੈ, ਜੋ ਕਿ ਪੀਣ ਦੇ ਯੋਗ ਤਾਂ ਕੀ ਜੇਕਰ ਕੋਈ ਹੱਥ ਵੀ ਧੋ ਲਵੇ ਤਾਂ ਹੱਥਾਂ ਵਿਚੋਂ ਬਦਬੂ ਆਉਣ ਲੱਗ ਜਾਂਦੀ ਹੈ। ਗੰਦੇ ਪਾਣੀ ਦੀ ਸਪਲਾਈ ਕਾਰਨ ਲੋਕ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਸ ਸਬੰਧੀ ਕਈ ਵਾਰ ਸੰਬੰਧਤ ਅਧਿਕਾਰੀਆਂ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਲਿਖਤੀ ਅਤੇ ਜ਼ੁਬਾਨੀ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਕਿਸੇ ਦੇ ਕੰਨ 'ਤੇ ਜੂੰ ਨਹੀਂ ਸਰਕੀ। ਅਜਿਹਾ ਸਭ ਕੁਝ ਵੇਖਦਿਆਂ ਵੀ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੌਂ ਰਿਹਾ ਹੈ। ਉਥੇ ਹੀ ਸਥਾਨਕ ਦਰਬਾਰ ਸਾਹਿਬ ਦੇ ਟਿਊਬਵੈੱਲ ਤੋਂ ਡਰੰਮਾਂ ਰਾਹੀਂ ਲਿਆਂਦਾ ਠੰਡਾ ਪਾਣੀ ਰੇਹੜੀਆਂ ਤੋਂ ਲੋਕ ਮੁੱਲ ਲੈ ਕੇ ਪੀਂਦੇ ਹਨ, ਫਿਰ ਵੀ ਜ਼ਿਆਦਾਤਰ ਲੋਕਾਂ ਨੇ ਵਾਟਰ ਫਿਲਟਰ ਲਗਾ ਰੱਖੇ ਹਨ ਤੇ ਕਈ ਕੈਨੀਆਂ ਦਾ ਫਿਲਟਰ ਹੋਇਆ ਪਾਣੀ ਮੁੱਲ ਲੈ ਕੇ ਪੀਂਦੇ ਹਨ। ਜੋ ਲੋਕ ਅਜਿਹਾ ਨਹੀਂ ਕਰਦੇ, ਉਨ੍ਹਾਂ ਘਰਾਂ ਵਿਚ ਜ਼ਿਆਦਾਤਰ ਲੋਕ ਪੀਲੀਆ, ਅੰਤੜੀਆਂ ਦੇ ਰੋਗ ਆਦਿ ਬਿਮਾਰੀਆਂ ਨਾਲ ਗ੍ਰਸਤ ਰਹਿੰਦੇ ਹਨ। ਭਾਵੇਂ ਸੂਬਾ ਸਰਕਾਰ ਨੇ ਥਾਂ-ਥਾਂ ਆਰ.ਓ. ਪਲਾਂਟ ਉਸਾਰੇ ਹਨ ਤਾਂ ਜੋ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾ ਸਕੇ ਅਤੇ ਇਨ੍ਹਾਂ ਪਲਾਂਟਾਂ ਰਾਹੀਂ ਵੀਹ ਲੀਟਰ ਪਾਣੀ ਦੀ ਕੈਨੀ ਢਾਈ ਰੁਪਏ ਵਿਚ ਮਿਲਦੀ ਹੈ, ਜਦੋਂਕਿ ਘਰਾਂ ਤੱਕ ਸ਼ੁੱਧ ਪਾਣੀ ਦੀ ਸਪਲਾਈ ਪਹੁੰਚਾਉਣ ਲਈ ਇਸ ਦਾ ਵੱਖਰਾ ਰੇਟ ਹੈ। ਫਿਰ ਵੀ ਗਰਮੀ ਦੇ ਦਿਨਾਂ ਵਿਚ ਲੋਕ ਪ੍ਰਾਈਵੇਟ ਪੱਧਰ 'ਤੇ ਮਹਿੰਗੇ ਮੁੱਲ ਦਾ ਪਾਣੀ ਪੀਣ ਲਈ ਮਜਬੂਰ ਹਨ। ਪਾਣੀ ਦੀ ਸਪਲਾਈ ਲਈ ਮੁੱਖ ਤੌਰ 'ਤੇ ਢੋਆ-ਢੁਆਈ ਬੱਚਿਆਂ ਵਲੋਂ ਕੀਤੀ ਜਾਂਦੀ ਹੈ।
 
Top