ਬਾਜਵਾ ਤੇ ਭੋਲਾ ਪੁਰਾਣੇ ਮਿੱਤਰ

[JUGRAJ SINGH]

Prime VIP
Staff member
ਚੰਡੀਗੜ੍ਹ, (ਭੁੱਲਰ)-ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਡਰੱਗ ਸਮੱਗਲਰ ਜਗਦੀਸ਼ ਭੋਲਾ ਪੁਰਾਣੇ ਮਿੱਤਰ ਹਨ। ਇਹ ਦੋਸ਼ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ,ਬਲਵਿੰਦਰ ਸਿੰਘ ਭੂੰਦੜ, ਸਕੱਤਰ ਡਾ. ਦਲਜੀਤ ਸਿੰਘ ਚੀਮਾ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਤੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅੱਜ ਇੱਥੇ ਸਾਂਝੀ ਪ੍ਰੈੱਸ ਕਾਨਫਰੰਸ 'ਚ ਲਾਏ। ਸ਼੍ਰੋਮਣੀ ਅਕਾਲੀ ਦਲ ਦੇ ਹੈੱਡ ਦਫ਼ਤਰ ਵਿਚ ਹੋਈ ਪ੍ਰੈੱਸ ਕਾਨਫਰੰਸ ਵਿਚ ਮੁੱਖ ਮੰਤਰੀ ਦੇ ਮੀਡੀਆ ਤੇ ਨੈਸ਼ਨਲ ਮਾਮਲਿਆਂ ਦੇ ਸਲਾਹਕਾਰ ਹਰਚਰਨ ਬੈਂਸ ਅਤੇ ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਵੀ ਹਾਜ਼ਰ ਸਨ। ਅਕਾਲੀ ਆਗੂਆਂ ਨੇ ਬਾਜਵਾ ਅਤੇ ਉਸਦੇ ਭਰਾ ਫਤਿਹਜੰਗ ਬਾਜਵਾ ਉੱਪਰ ਸਮੱਗਲਰਾਂ ਨਾਲ ਮਿਲੀਭੁਗਤ ਤੋਂ ਇਲਾਵਾ ਪਿਛਲੇ ਸਮੇਂ ਵਿਚ ਅੱਤਵਾਦੀਆਂ ਨਾਲ ਸਬੰਧ ਰੱਖਣ ਦੇ ਗੰਭੀਰ ਦੋਸ਼ ਲਾਏ। ਫਤਿਹਜੰਗ ਬਾਜਵਾ ਦੀ ਮੀਡੀਆ 'ਚ ਅੱਤਵਾਦ ਸਮੇਂ ਪੁਲਸ ਵਲੋਂ ਕੀਤੀ ਇੰਟੈਰੋਗੇਸ਼ਨ ਦੀ ਪ੍ਰਕਾਸ਼ਿਤ ਤਸਵੀਰ ਵੀ ਮੀਡੀਆ ਨੂੰ ਦਿਖਾਈ। ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਆਪਣੀਆਂ ਹੋਰ ਪਰਤਾਂ ਖੁੱਲ੍ਹਣ ਤੋਂ ਡਰਦਿਆਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਆਪਣੇ ਸਿਆਸੀ ਸੰਪਰਕ ਵਰਤ ਕੇ ਡਰੱਗ ਸਰਗਣੇ ਜਗਦੀਸ਼ ਸਿੰਘ ਭੋਲਾ ਨੂੰ ਬਚਾਉਣ ਦੀਆਂ ਨਿਰੰਤਰ ਕੋਸ਼ਿਸ਼ਾਂ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸੇ ਲਈ ਸ਼੍ਰੋਮਣੀ ਅਕਾਲੀ ਦਲ, ਭੋਲਾ, ਕਾਂਗਰਸ ਅਤੇ ਬਾਜਵਾ ਵਲੋਂ ਇਕੋ ਰਾਗ ਅਲਾਪਣ ਤੋਂ ਹੈਰਾਨ ਨਹੀਂ। ਕਾਂਗਰਸ ਪ੍ਰਧਾਨ ਵਿਰੁੱਧ ਮੋਰਚਾ ਖੋਲ੍ਹਦਿਆਂ ਅਕਾਲੀ ਆਗੂਆਂ ਨੇ ਕਿਹਾ, 'ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਜਿਸ ਕਾਰਨ ਬਾਜਵੇ ਦੇ ਭਰਾ ਦੀ ਤਫ਼ਤੀਸ਼ ਜ਼ਰੂਰੀ ਬਣੀ, ਸਾਬਕਾ ਪੁਲਸ ਮੁਖੀ ਕੇ.ਪੀ.ਐੱਸ. ਗਿੱਲ ਨੂੰ ਮਾਰਨ ਦੀ ਸਾਜ਼ਿਸ਼, ਲੁੱਕ ਜਿਹੇ ਵੱਡੇ ਸਰਕਾਰੀ ਘਪਲਿਆਂ, ਜ਼ਮੀਨ ਦੱਬਣ, ਡਰੱਗ ਸਰਗਣਿਆਂ ਨੂੰ ਸਿੱਧੀ ਹਮਾਇਤ ਦੇਣ ਅਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਪੁੱਤਰ ਮੁਤਾਬਕ ਅੱਤਵਾਦੀਆਂ ਨਾਲ ਸਬੰਧ ਹੋਣ ਸਣੇ ਅਜਿਹੇ ਕਈ ਖ਼ਤਰਨਾਕ ਅਪਰਾਧਾਂ 'ਚ ਬਾਜਵਾ ਦਾ ਸਿੱਧਾ-ਅਸਿੱਧਾ ਸਬੰਧ ਜੁੜਿਆ ਰਿਹਾ ਹੈ ਪਰ ਇਸ ਸਭ ਦੇ ਬਾਵਜੂਦ ਕਾਂਗਰਸ ਪਾਰਟੀ ਨੇ ਅਜਿਹੇ ਸ਼ਖ਼ਸ ਨੂੰ ਚੁਣਿਆ।
ਉਨ੍ਹਾਂ ਸਰਕਾਰੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਸਰਕਾਰ ਵਲੋਂ ਭੋਲੇ ਦੀ ਪੈੜ ਨੱਪਣ ਮੌਕੇ, ਕਾਂਗਰਸ ਵਲੋਂ ਭੋਲੇ ਨੂੰ ਸੂਬੇ ਵਿਚ ਅਤੇ ਸੂਬੇ ਤੋਂ ਬਾਹਰ ਮਿਲ ਰਹੀ ਸਿਆਸੀ ਪੁਸ਼ਤਪਨਾਹੀ ਦੇ ਪੁਖ਼ਤਾ ਸਬੂਤਾਂ ਬਾਰੇ ਦੱਸਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਸਾਲ 2001 'ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੌਰਾਨ ਪੁਲਸ ਨੇ ਭੋਲੇ ਨੂੰ ਪਹਿਲੀ ਵਾਰ ਰਾਮਪੁਰਾ ਫੂਲ ਵਿਖੇ ਭੁੱਕੀ ਦੇ ਭਰੇ ਟਰੱਕ ਸਣੇ ਕਾਬੂ ਕੀਤਾ ਪਰ ਜਿਉਂ ਹੀ 2002 'ਚ ਕਾਂਗਰਸ ਦੀ ਸਰਕਾਰ ਆਈ ਜਿਸ ਵਿਚ ਬਾਜਵਾ ਨੂੰ ਅਹਿਮ ਮੰਤਰੀ ਦਾ ਅਹੁਦਾ ਮਿਲਿਆ ਤਾਂ ਭੋਲੇ ਨੂੰ ਰਿਹਾਅ ਕਰ ਦਿੱਤਾ ਗਿਆ ਜਦ ਕਿ ਉਸੇ ਸਾਲ ਭੋਲੇ ਨੂੰ ਮੁੰਬਈ ਵਿਖੇ 26 ਕਿਲੋ ਹੈਰੋਇਨ ਸਣੇ ਦਬੋਚਿਆ ਗਿਆ। ਉਹ ਅਬੂ ਸਲੇਮ ਜਿਹੇ ਖ਼ਤਰਨਾਕ ਅਪਰਾਧੀਆਂ ਨਾਲ ਜੇਲ ਦੀਆਂ ਸਲਾਖ਼ਾਂ 'ਚ ਰਿਹਾ। ਉਦੋਂ ਵੀ ਉਸ ਨੂੰ ਮਹਾਰਾਸ਼ਟਰ ਦੀ ਕਾਂਗਰਸ ਸਰਕਾਰ ਨੇ ਛੱਡਿਆ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਅਧੀਨ ਪੰਜਾਬ ਪੁਲਸ ਨੇ ਕਰੀਬ 11 ਮਹੀਨਿਆਂ ਦੀ ਸਖ਼ਤ ਭਾਲ ਪਿੱਛੋਂ ਉਸ ਨੂੰ ਕਾਬੂ ਕੀਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਚੋਣਾਂ ਦੌਰਾਨ ਆਪਣੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਹਮੇਸ਼ਾ ਸੀ. ਬੀ. ਆਈ. ਨੂੰ ਵਰਤਣ ਦੀ ਆਦੀ ਰਹੀ ਹੈ। ਇਸ ਲਈ ਕਾਂਗਰਸ ਵਲੋਂ ਸੀ. ਬੀ. ਆਈ. ਜਾਂਚ ਦੀ ਮੰਗ ਕਰਨਾ ਨਾ ਤਾਂ ਹੈਰਾਨੀ ਦੀ ਗੱਲ ਹੈ ਅਤੇ ਨਾ ਹੀ ਨਵੀਂ ਗੱਲ। ਅਕਾਲੀ ਆਗੂਆਂ ਨੇ ਕਿਹਾ ਕਿ ਇਸ ਲਈ ਬਾਜਵਾ ਪੰਜਾਬ ਪੁਲਸ ਦੀ ਜਾਂਚ ਸੀ. ਬੀ. ਆਈ. ਨੂੰ ਦਿਵਾ ਕੇ ਬਾਹਰ ਲਿਜਾਣਾ ਚਾਹੁੰਦੇ ਹਨ ਤਾਂ ਜੋ ਚੱਲ ਰਹੀ ਜਾਂਚ ਦੌਰਾਨ ਕਾਂਗਰਸੀ ਆਗੂਆਂ ਬਾਰੇ ਭੇਦ ਨਾ ਖੁੱਲ੍ਹ ਜਾਣ।
ਉਨ੍ਹਾਂ ਕਿਹਾ ਕਿ ਬਾਜਵਾ ਵਲੋਂ ਮਜੀਠੀਆ ਖਿਲਾਫ ਲਾਏ ਸਾਰੇ ਦੋਸ਼ ਬੇਤੁਕੇ ਅਤੇ ਮਨਘੜਤ ਹਨ ਜੋ ਸਿਆਸੀ ਮੁਫਾਦਾਂ ਤੋਂ ਪ੍ਰੇਰਿਤ ਹਨ। ਉਨ੍ਹਾਂ ਕਿਹਾ ਕਿ ਬਾਜਵਾ ਆਪਣੇ ਦੋਸ਼ ਛੁਪਾਉਣ ਲਈ ਇਸ ਤਰ੍ਹਾਂ ਦੀ ਬੇਤੁਕੀ ਬਿਆਨਬਾਜ਼ੀ ਕਰਕੇ ਖੁਦ ਨੂੰ ਪਾਕ ਸਾਬਤ ਕਰਨਾ ਚਾਹੁੰਦੇ ਹਨ। ਅਕਾਲੀ ਆਗੂਆਂ ਨੇ ਅੰਕੜੇ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਜਿਸ ਤਰ੍ਹਾਂ ਦੀ ਕਾਰਵਾਈ ਨਸ਼ਿਆਂ ਖਿਲਾਫ਼ ਮੌਜੂਦਾ ਸਰਕਾਰ ਨੇ ਕੀਤੀ ਹੈ ਇਸ ਤਰ੍ਹਾਂ ਦੀ ਕਾਰਵਾਈ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਇਸ ਦੀ ਸਰਕਾਰ ਨਸ਼ਿਆਂ ਖਿਲਾਫ਼ ਜੱਦੋਜਹਿਦ ਲਈ ਦ੍ਰਿੜ ਸੰਕਲਪ ਹਨ ਅਤੇ ਇਸ ਮੁਹਿੰਮ ਨੂੰ ਹਰ ਹੀਲੇ ਜਾਰੀ ਰੱਖਿਆ ਜਾਵੇਗਾ।
 
Top