ਹਠੂਰ,(ਭੱਟੀ) - ਲੁਧਿਆਣਾ ਜ਼ਿਲੇ ਦੇ ਪਿੰਡ ਭੰਮੀਪੁਰਾ ਕਲਾਂ ਦੇ ਨੌਜਵਾਨ ਤਰਸੇਮ ਸਿੰਘ ਪੁੱਤਰ ਮੇਜਰ ਸਿੰਘ ਦੀ ਕੈਨੇਡਾ 'ਚ ਅਣਪਛਾਤੇ ਵਿਅਕਤੀਆਂ ਵਲੋਂ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਕਤ ਘਟਨਾ ਦੀ ਖਬਰ ਜਦ ਪਿੰਡ ਭੰਮੀਪੁਰਾ ਪਹੁੰਚੀ ਤਾਂ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ 17-18 ਸਾਲ ਪਹਿਲਾਂ ਕੈਨੇਡਾ ਗਿਆ ਤਰਸੇਮ ਸਿੰਘ (35) ਜੋ ਸ਼ਾਦੀਸ਼ੁਦਾ ਸੀ ਅਤੇ ਕੈਨੇਡਾ ਦੇ ਸ਼ਹਿਰ ਸਰੀ 'ਚ ਟਰਾਲਾ ਚਲਾ ਕੇ ਗੁਜ਼ਾਰਾ ਕਰਦਾ ਸੀ। ਉਨ੍ਹਾਂ ਦੱਸਿਆ ਕਿ ਕੈਨੇਡਾ ਤੋਂ ਫੋਨ ਰਾਹੀਂ ਪਤਾ ਲੱਗਾ ਹੈ ਕਿ ਬੀਤੇ ਦਿਨੀਂ ਅਣਪਛਾਤੇ ਵਿਅਕਤੀਆਂ ਨੇ ਟਰਾਲਾ ਲੈਣ ਦੇ ਬਹਾਨੇ ਉਸ ਨੂੰ ਬੁਲਾ ਲਿਆ ਅਤੇ ਉਸ ਦੀ ਹੱਤਿਆ ਕਰ ਦਿੱਤੀ।