ਪਾਕਿਸਤਾਨ ਵਿਰੁੱਧ ਪਾਰੀ ਯਾਦਗਾਰ ਸੀ

ਮੁੰਬਈ, 5 ਅਪ੍ਰੈਲ (ਯੂ. ਐੱਨ. ਆਈ.)—ਵਿਸ਼ਵ ਕੱਪ ਚੈਂਪੀਅਨ ਹੋਣ ਦਾ ਆਪਣਾ ਸੁਪਨਾ ਪੂਰਾ ਕਰਨ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਮੰਨਦੇ ਹਨ ਕਿ ਮੋਹਾਲੀ ‘ਚ ਪਾਕਿਸਤਾਨ ਵਿਰੁੱਧ ਸੈਮੀਫਾਈਨਲ ‘ਚ ਪਾਰੀ ਇਸ ਟੂਰਨਾਮੈਂਟ ‘ਚ ਉਸ ਦੀ ਸਭ ਤੋਂ ਮਹੱਤਵਪੂਰਨ ਪਾਰੀ ਸੀ। ਸਚਿਨ ਨੇ ਵਿਸ਼ਵ ਕੱਪ ਦੀਆਂ ਅਭੁੱਲ ਯਾਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਪਾਕਿਸਤਾਨ ਵਿਰੁੱਧ ਪਾਰੀ ਮੇਰੀ ਵਿਸ਼ਵ ਕੱਪ ਦੀ ਸਭ ਤੋਂ ਮਹੱਤਵਪੂਰਨ ਪਾਰੀ ਸੀ। ਸਚਿਨ ਨੇ ਇਸ ਮੈਚ ‘ਚ 4 ਜੀਵਨਦਾਨਾਂ ਨਾਲ 85 ਦੌੜਾਂ ਬਣਾਈਆਂ ਸਨ ਤੇ ਮੈਨ ਆਫ ਦਿ ਮੈਚ ਬਣਿਆ। ਉਨ੍ਹਾਂ ਨਾਲ ਹੀ ਕਿਹਾ ਕਿ ਉਨ੍ਹਾਂ ਦੱ. ਅਫਰੀਕਾ ਵਿਰੁੱਧ ਵੀ ਆਪਣੀ ਪਾਰੀ ਦਾ ਪੂਰਾ ਮਜ਼ਾ ਲਿਆ। ਮਹਾਰਾਸ਼ਟਰ ਵਿਧਾਨ ਸਭਾ ‘ਚ ਉੱਠੀ ਸਚਿਨ ਨੂੰ ਭਾਰਤ ਰਤਨ ਦੇਣ ਦੀ ਮੰਗ-ਵਿਸ਼ਵ ਕੱਪ ਜਿੱਤਣ ‘ਤੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੰਦੇ ਹੋਏ ਮਹਾਰਾਸ਼ਟਰ ਵਿਧਾਨ ਸਭਾ ਵਿਚ ਅੱਜ ਸਚਿਨ ਤੇਂਦੁਲਕਰ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਸਿਫਾਰਿਸ਼ ਕੇਂਦਰ ਸਰਕਾਰ ਨੂੰ ਕੀਤੀ ਗਈ। ਮੁੱਖ ਮੰਤਰੀ ਪ੍ਰਿਥਵੀ ਰਾਜ ਚਵਾਨ ਨੇ ਟੀਮ ਨੂੰ ਧੰਨਵਾਦ ਦੇਣ ਅਤੇ ਤੇਂਦੁਲਕਰ ਲਈ ਭਾਰਤ ਰਤਨ ਦਿੱਤੇ ਜਾਣ ਦੀ ਸਿਫਾਰਿਸ਼ ਸਬੰਧੀ ਪ੍ਰਸਤਾਵ ਰੱਖਿਆ, ਜਿਸਦਾ ਸਾਰੀਆਂ ਪਾਰਟੀਆਂ ਨੇ ਸਮਰਥਨ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਰਾਜ ਸਰਕਾਰ ਮਹਾਰਾਸ਼ਟਰ ਦੇ ਖ਼ਿਡਾਰੀਆਂ ਸਚਿਨ ਤੇਂਦੁਲਕਰ ਅਤੇ ਜ਼ਹੀਰ ਖਾਨ ਨੂੰ ਇਕ ਕਰੋੜ ਰੁਪਏ ਦਾ ਨਕਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰੇਗੀ। ਇਸੇ ਤਰ੍ਹਾਂ ਟੀਮ ਦੇ ਸਪੋਰਟਿੰਗ ਸਟਾਫ ਵਿਚ ਸ਼ਾਮਲ ਮਿਅੰਕ ਪਾਰਿਖ ਅਤੇ ਰਮੇਸ਼ ਮਾਨੇ ਨੂੰ 50-50 ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
 
Top