Punjab News ਸ਼ਿਕੰਜਾ ਸੱਜਣ ਕੁਮਾਰ ਤੇ,ਤਕਲੀਫ਼ ਸਰਨਾ ਨੂੰ ਕਿਉਂ:ਫ&#26

’84 ਦੇ ਕਤਲੇਆਮ ਤੋਂ ਤੋਹਮਤਬਾਜ਼ੀ


ਨਵੰਬਰ 1984 ਦੇ ਸਿੱਖ ਕਤਲੇਆਮ ਦੇ 26 ਸਾਲਾਂ ਤੋਂ ਮੁਕੱਦਮੇ ਲੜਦੇ ਆ ਰਹੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਲਾਏ ਗਏ ਦੋਸ਼ਾਂ ਤੋਂ ਦੁਖੀ ਹੋ ਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਲੰਬੀ ਚਿੱਠੀ ਲਿਖ ਕੇ ’84 ਦੇ ਮੁਕੱਦਮਿਆਂ ਦੀ ਪੈਰਵੀ ਲਈ ਹੋਰ ਵਕੀਲ ਦੀਆਂ ਸੇਵਾਵਾਂ ਲੈਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਸੰਕੇਤ ਦਿੱਤਾ ਹੈ ਕਿ ਸ੍ਰੀ ਸਰਨਾ ਨੇ ਦੰਗਿਆਂ ਨਾਲ ਸਬੰਧਤ ਕੁਝ ਕਾਂਗਰਸੀ ਨੇਤਾਵਾਂ ਦੀ ਹਿੱਤ ਪੂਰਤੀ ਲਈ ਉਨ੍ਹਾਂ ’ਤੇ ਦੋਸ਼ ਲਾਏ।
ਇਹ ਵੱਖਰੀ ਗੱਲ ਹੈ ਕਿ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਫੂਲਕਾ ਨੂੰ ਦੰਗਿਆਂ ਦੀ ਪੈਰਵੀ ਜਾਰੀ ਰੱਖਣ ਦੀ ਹਦਾਇਤ ਕੀਤੀ ਹੈ।
ਸ੍ਰੀ ਫੂਲਕਾ ਨੇ ਆਪਣੀ ਚਿੱਠੀ ’ਚ ਕਿਹਾ, ‘‘ਮੇਰੇ ’ਤੇ ਦੋਸ਼ ਲਾਉਣ ਵਾਲੇ ਸਾਰੇ ਸਿੱਖ ਆਗੂ ਸ੍ਰੀ ਅਕਾਲ ਤਖ਼ਤ ਅੱਗੇ ਮੇਰੇ ਵਿਰੁੱਧ ਧਨ ਲੈਣ ਦੇ ਸਬੂਤ ਪੇਸ਼ ਕਰਨ। ਉਹ ਇਹ ਸਿੱਧ ਕਰਨ ਕਦੋਂ ਮੈਂ ਸਿੱਖ ਕੌਮ ਨੂੰ ਗੁੰਮਰਾਹ ਕੀਤਾ ਤੇ ਕਦੋਂ ਤੇ ਕਿੱਥੇ ਰੁਪਏ ਦੀ ਬਰਬਾਦੀ ਕੀਤੀ?’’
ਸ੍ਰੀ ਫੂਲਕਾ ਨੇ ਕਿਹਾ ਕਿ ਨਾਨਾਵਤੀ ਕਮਿਸ਼ਨ ਰਾਹੀਂ ਪੁਲੀਸ ਰਿਕਾਰਡ ਤੇ ਦਿੱਲੀ ਦਾ ਸਰਕਾਰੀ ਰਿਕਾਰਡ ਘੋਖਿਆ ਜਾ ਸਕਿਆ ਜੋ ਅੱਗੇ ਚੱਲ ਕੇ ਇਤਿਹਾਸਕ ਮਹੱਤਤਾ ਵਾਲਾ ਰਿਕਾਰਡ ਬਣ ਸਕਦਾ ਹੈ। ਉਨ੍ਹਾਂ ਨੇ ਨਾਨਵਤੀ ਕਮਿਸ਼ਨ ਦੀ ਸਾਰਥਕਤਾ ’ਤੇ ਕਿੰਤੂ-ਪ੍ਰੰਤੂ ਕਰਨ ਵਾਲਿਆਂ ਨੂੰ ਚੇਤਾਇਆ ਕਿ ਕਰੀਬ ਇਕ ਲੱਖ ਸਫਿਆਂ ਦੇ ਰਿਕਾਰਡ ਵਿਚ ਦਿੱਲੀ ਪੁਲੀਸ ਦੀਆਂ ਰਿਪੋਰਟਾਂ, ਰੋਜ਼ਨਾਮਚੇ, ਅਧਿਕਾਰੀਆਂ ਦੀਆਂ ਰਿਪੋਰਟਾਂ, ਮੁਕੱਦਮਿਆਂ ਦੀਆਂ ਫਾਈਲਾਂ ਅਤੇ ਕਮਿਸ਼ਨਾਂ ਦੀਆਂ ਕਾਰਵਾਈਆਂ ਦੇ ਵੇਰਵੇ ਸ਼ਾਮਲ ਹਨ ਅਤੇ ਇਨ੍ਹਾਂ ਸਾਰੇ ਦਸਤਾਵੇਜ਼ਾਂ ਨੂੰ ‘ਕਾਰਨੇਜ 84. ਕੌਮ’ ਵੈਬਸਾਈਟ ਉਪਰ ਪਾਇਆ ਗਿਆ। ਇਸ ਰਿਕਾਰਡ ਤੋਂ ਹੁਣ ਅਮਰੀਕਾ, ਇੰਗਲੈਂਡ ਤੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿਚ 1984 ਬਾਰੇ ਲੇਖ ਲਿਖਣ ਜਾਂ ਹੋਰ ਅਧਿਐਨ ਕਰਨ ਵਿਚ ਮਦਦ ਲਈ ਜਾ ਰਹੀ ਹੈ। ਨਾਨਾਵਤੀ ਕਮਿਸ਼ਨ ਕਰਕੇ ਹੀ ਕੇਂਦਰ ਵੱਲੋਂ ਸਿੱਖਾਂ ’ਤੇ 712 ਕਰੋੜ ਤੋਂ ਵੱਧ ਦਾ ਮੁਆਵਜ਼ਾ ਦਿੱਤਾ ਗਿਆ। ਉਨ੍ਹਾਂ ਦੁਖੀ ਮਨ ਨਾਲ ਕਿਹਾ ਕਿ ‘ਸ਼ਿਕੰਜਾ ਸੱਜਣ ਕੁਮਾਰ ਉਪਰ ਕੱਸਿਆ ਜਾ ਰਿਹਾ ਹੈ ਪਰ ਤਕਲੀਫ ਕਿਤੇ ਹੋਰ ਹੋ ਰਹੀ ਹੈ।’’ ਸ੍ਰੀ ਫੂਲਕਾ ਵੱਲੋਂ ਸ੍ਰੀ ਅਕਾਲ ਤਖ਼ਤ ਨੂੰ ਲਿਖੀ ਚਿੱਠੀ ਵਿਚ ਜ਼ਿਕਰ ਕੀਤਾ ਗਿਆ ਕਿ ਨਵੰਬਰ 1984 ਦੇ ਮੁਕੱਦਮਿਆਂ ਨੂੰ ਲੈ ਕੇ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਪ੍ਰਹਿਲਾਦ ਸਿੰਘ ਚੰਡੋਕ ਅਤੇ ਫਿਰ ਸ੍ਰੀ ਅਵਤਾਰ ਸਿੰਘ ਹਿੱਤ ਨੇ ਉਨ੍ਹਾਂ (ਫੂਲਕਾ) ਉਪਰ ਵੱਡੀਆਂ ਰਕਮਾਂ ਲੈਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਹੁਣ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਨੇ ਇਹ ਝੂਠੇ ਇਲਜ਼ਾਮ ਲਾਉਣ ਦਾ ਬੀੜਾ ਚੁੱਕ ਲਿਆ ਹੈ ਕਿ ਫੂਲਕਾ ਨੇ 1.09 ਕਰੋੜ ਰੁਪਏ ਡਕਾਰ ਲਏ ਹਨ। ਚਿੱਠੀ ਵਿਚ ਉਨ੍ਹਾਂ ਲਿਖਿਆ ਹੈ, ‘‘ਪਿਛਲੇ ਸ਼ਨਿਚਰਵਾਰ 17 ਜੁਲਾਈ ਨੂੰ ਇਕ ਮੀਟਿੰਗ ਵਿਚ ਮੈਂ ਸਰਨਾ ਭਰਾਵਾਂ ਨੂੰ ਗੁਰਦੁਆਰਾ ਕਮੇਟੀ ਦੇ ਦਫਤਰ ਵਿਚ ਮਿਲਿਆ। ਜਦੋਂ ਮੈਂ ਇਨ੍ਹਾਂ ਨੂੰ ਇਹ ਗੱਲ ਪੁੱਛੀ ਕਿ ਤੁਸੀਂ ਇਹੋ ਜਿਹੇ ਇਲਜ਼ਾਮ ਲਾ ਰਹੇ ਹੋ ਤੇ ਇਨ੍ਹਾਂ ਦਾ ਸਬੂਤ ਕੀ ਹੈ ਤਾਂ ਹਰਵਿੰਦਰ ਸਿੰਘ ਸਰਨਾ ਨੇ ਮੇਰੀ ਬੜੀ ਬੇਇੱਜ਼ਤੀ ਕੀਤੀ।’’ ਚਿੱਠੀ ਵਿਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਇਲਜ਼ਾਮਤਰਾਸ਼ੀ ਦਾ ਮੁੱਖ ਮਕਸਦ ਸੱਜਣ ਕੁਮਾਰ ਅਤੇ 1984 ਦੇ ਕਤਲੇਆਮ ਨਾਲ ਜੁੜੇ ਹੋਰ ਮਾਮਲਿਆਂ ਤੋਂ ਉਨ੍ਹਾਂ ਦਾ ਧਿਆਨ ਹਟਾਉਣਾ ਹੋ ਸਕਦਾ ਹੈ। ਸ੍ਰੀ ਫੂਲਕਾ ਨੇ ਲਿਖਿਆ ਕਿ ਇਕ ਸੀਨੀਅਰ ਸਿੱਖ ਐਡਵੋਕੇਟ ਵੀ ਇਨ੍ਹਾਂ ਇਲਜ਼ਾਮਾਂ ਨੂੰ ਫੈਲਾਉਣ ਵਿਚ ਅਜਿਹੇ ਆਗੂਆਂ ਦਾ ਸਾਥ ਦੇ ਰਿਹਾ ਹੈ। ਸਾਰੇ ਘਟਨਾਕ੍ਰਮ ਤੋਂ ਦੁਖੀ ਸ੍ਰੀ ਫੂਲਕਾ ਨੇ ਸ੍ਰੀ ਅਕਾਲ ਤਖ਼ਤ ਅੱਗੇ ਆਪਣੀ ਫਰਿਆਦ ਵਿਚ ਲਿਖਿਆ ਹੈ, ‘‘ਪਿਛਲੇ ਚਾਰ ਦਿਨਾਂ ਤੋਂ ਮੈਂ ਏਨੀ ਜ਼ਿਆਦਾ ਮਾਨਸਿਕ ਪ੍ਰੇਸ਼ਾਨੀ ਵਿਚ ਹਾਂ ਕਿ ਕੇਸ ਵੱਲ ਪੂਰਾ ਧਿਆਨ ਹੀ ਨਹੀਂ ਦੇ ਪਾ ਰਿਹਾ। ਅੱਗੇ ਇਹੀ ਕੁਝ ਰਿਹਾ ਤਾਂ ਕੇਸ ਵਿਚ ਵੱਡਾ ਨੁਕਸਾਨ ਹੋ ਸਕਦਾ ਹੈ।’’
ਸ੍ਰੀ ਫੂਲਕਾ ਨੇ ਪੈਸਾ ਖਾਣ ਦੇ ਇਲਜ਼ਾਮਾਂ ਨੂੰ ਮੁੱਢੋਂ ਹੀ ਰੱਦ ਕਰਦਿਆਂ ਕਿਹਾ ਕਿ ਪਿਛਲੇ 26 ਸਾਲਾਂ ਦੌਰਾਨ ਉਨ੍ਹਾਂ ਨੇ ਸਿਰਫ 1985 ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 15000 ਰੁਪਏ ਲਏ ਸਨ। ਉਸ ਪਿੱਛੋਂ ਦੇਸ਼-ਵਿਦੇਸ਼ ਤੋਂ ਕੋਈ ਅਠੱਨੀ ਵੀ ਨਹੀਂ ਲਈ। ਆਪਣੇ ਉਪਰ ਹਮਲਾ ਹੋਣ ਦੇ ਖਦਸ਼ਿਆਂ ਬਾਰੇ ਸ੍ਰੀ ਫੂਲਕਾ ਨੇ ਸ੍ਰੀ ਅਕਾਲ ਤਖ਼ਤ ਨੂੰ ਲਿਖਿਆ ਹੈ ਕਿ ਪਹਿਲੀ ਵਾਰ 1985 ਵਿਚ ਜਸਟਿਸ ਰੰਗਨਾਥ ਮਿਸ਼ਰਾ ਨੇ ਪੁਲੀਸ ਨੂੰ ਹਦਾਇਤ ਕੀਤੀ ਸੀ ਕਿ ਫੂਲਕਾ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ, ਪਰ ਉਨ੍ਹਾਂ ਨੇ ਇਸ ਲਈ ਸੁਰੱਖਿਆ ਨਹੀਂ ਲਈ ਕਿ ਇੰਜ ਪੁਲੀਸ ਦੇਖ ਕੇ ਪੀੜਤ ਵਿਧਵਾਵਾਂ ਹੋਰ ਵੀ ਡਰ ਜਾਣਗੀਆਂ ਅਤੇ ਉਹ ਗਵਾਹੀ ਲਈ ਅੱਗੇ ਨਹੀਂ ਆਉਣਗੀਆਂ। ਇਸ ਦਾ ਹਾਂ ਪੱਖੀ ਅਸਰ ਪਿਆ ਸੀ। ਸਿੱਖ ਮੁੰਡੇ ਅਤੇ ਫੌਜੀ ਹਰਕਿਸ਼ਨ ਲਾਲ ਭਗਤ ਤੇ ਸੱਜਣ ਕੁਮਾਰ ਦੇ ਇਲਾਕਿਆਂ ਵਿਚ ਜਾਣ ਲੱਗੇ ਸਨ। ਇਕ ਪ੍ਰਾਈਵੇਟ ਟੀ.ਵੀ. ਉਪਰ ਜਗਦੀਸ਼ ਟਾਈਟਲਰ ਵੱਲੋਂ ਸ੍ਰੀ ਫੂਲਕਾ ਨੂੰ ਧਮਕਾਉਣ ’ਤੇ ਵੀ ਉਹ ਨਹੀਂ ਡਰੇ ਸਗੋਂ ਮਾਣਹਾਨੀ ਦਾ ਮਾਮਲਾ ਲੁਧਿਆਣਾ ਵਿਚ ਪਾਇਆ ਗਿਆ ਸੀ। ਉਨ੍ਹਾਂ ਨੇ ਜਗਦੀਸ਼ ਟਾਈਟਲਰ ਮਾਮਲੇ ਦਾ ਵੀ ਇਸੇ ਚਿੱਠੀ ਵਿਚ ਜ਼ਿਕਰ ਕੀਤਾ ਕਿ ਸੁਰਿੰਦਰ ਸਿੰਘ (ਗਵਾਹ) ਜਦੋਂ ਅਮਰੀਕਾ ਗਿਆ ਅਤੇ ਉਸ ਨੇ ਇਕ ਸਾਲ ਲਈ ਛੁੱਟੀ ਦੀ ਦਰਖਾਸਤ ਦਿੱਤੀ ਸੀ, ਪਰ ਸ੍ਰੀ ਸਰਨਾ ਨੇ ਛੁੱਟੀ ਮਨਜ਼ੂਰ ਨਹੀਂ ਕੀਤੀ ਸੀ। ਆਖਰਕਾਰ ਸੁਰਿੰਦਰ ਸਿੰਘ ਜਨਵਰੀ 2009 ਵਿਚ ਵਾਪਸ ਆਇਆ ਤਾਂ ਤਿੰਨ ਮਹੀਨੇ ਬਾਅਦ ਉਸ ਦੀ ਡਿਊਟੀ ਮੰਜਨੂੰ ਕਾ ਟਿੱਲਾ ਗੁਰਦੁਆਰੇ ਲਾ ਦਿੱਤੀ ਗਈ ਜੋ ਕਿ ਜਗਦੀਸ਼ ਟਾਈਟਲ ਦਾ ਇਲਾਕਾ ਸੀ। ਸ੍ਰੀ ਫੂਲਕਾ ਨੇ ਸਰਨਾ ਭਰਾਵਾਂ ਨੂੰ ਇਕ ਕਰੋੜ 9 ਲੱਖ ਰੁਪਏ ਬਾਰੇ ਬਿਲ ਅਤੇ ਰਸੀਦਾਂ ਦਿਖਾਉਣ ਦੀ ਚੁਣੌਤੀ ਦਿੱਤੀ ਹੈ। ਨਵੰਬਰ 1984 ਦੇ ਦੰਗਿਆਂ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ ਪਹੁੰਚ ਬਾਰੇ ਸ੍ਰੀ ਫੂਲਕਾ ਨੇ ਦੱਸਿਆ, ‘‘ਜਦੋਂ ਮੈਂ ਕਮਲਨਾਥ ਦੇ ਖ਼ਿਲਾਫ਼ ਇਨ੍ਹਾਂ ਨੂੰ ਕੇਸ ਫਾਈਲ ਕਰਨ ਬਾਰੇ ਕਿਹਾ ਤਾਂ ਸਰਨਾ ਇਕਦਮ ਭੜਕ ਗਿਆ।’’ ’84 ਦੇ ਦੰਗਿਆਂ ਬਾਰੇ ਪੈਰਵੀ ਕਰਕੇ ਪ੍ਰਸਿੱਧ ਹੋਏ ਸ੍ਰੀ ਫੂਲਕਾ ਨੇ ਇਹ ਕਿਹਾ ਕਿ ਸੱਜਣ ਕੁਮਾਰ ਮੁਕੱਦਮੇ ’ਚ ਬੁਰੀ ਤਰ੍ਹਾਂ ਫਸ ਗਿਆ ਹੈ ਤੇ ਕਮਲ ਨਾਥ (ਕੇਂਦਰੀ ਮੰਤਰੀ) ਵਿਰੁੱਧ ਵੀ ਬੜੇ ਪੁਖਤਾ ਸਬੂਤ ਇਕੱਠੇ ਹੋ ਗਏ ਹਨ।
 
Top