Punjab News ਛੇਹਰਟਾ ਵਿਖੇ ਚੀਨੀ ਡੋਰ ਨੇ ਲਈ ਇਕ ਵਿਅਕਤੀ ਦੀ ਜਾਨ

[JUGRAJ SINGH]

Prime VIP
Staff member
ਛੇਹਰਟਾ, 13 ਜਨਵਰੀ (ਸੁਖਜਿੰਦਰ ਸਿੰਘ ਰਾਜੂ)-ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਵੱਲੋਂ ਚੀਨੀ ਡੋਰ ਖਿਲਾਫ਼ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਦੇ ਬਾਵਜੂਦ ਵੀ ਲੋਕ ਚਾਈਨਾ ਡੋਰ ਵਰਤਣ ਤੋਂ ਬਾਜ਼ ਨਹੀਂ ਆ ਰਹੇ ਤੇ ਅੱਜ ਸਵੇਰੇ ਇਸੇ ਡੋਰ ਨੇ ਇਕ ਹੋਰ ਇਨਸਾਨੀ ਜਾਨ ਨੂੰ ਨਿਗਲ ਲਿਆ ਤੇ ਛੇਹਰਟਾ ਦੇ ਇਕ ਪਰਿਵਾਰ ਲਈ ਲੋਹੜੀ ਦੇ ਖੇੜ੍ਹਿਆਂ ਭਰੇ ਤਿਉਹਾਰ ਨੂੰ ਮਾਤਮ 'ਚ ਬਦਲ ਦਿੱਤਾ। ਜਾਣਕਾਰੀ ਅਨੁਸਾਰ 55 ਸਾਲਾ ਭੀਮ ਸਿੰਘ ਜੋ ਸੈਨਾ ਤੋਂ ਸੇਵਾ ਮੁਕਤ ਸੀ, ਆਪਣੀ ਪਤਨੀ ਹਰਜੀਤ ਕੌਰ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਉਪਰੰਤ ਵਾਪਸ ਮੋਟਰਸਾਈਕਲ 'ਤੇ ਆਪਣੇ ਘਰ ਛੇਹਰਟਾ ਵਿਖੇ ਜਾ ਰਿਹਾ ਸੀ ਕਿ ਖੰਡਵਾਲਾ ਨੇੜ੍ਹੇ ਸੜਕ 'ਤੇ ਇਸ ਡੋਰ ਨੇ ਉਸਨੂੰ ਆਪਣੀ ਚਪੇਟ 'ਚ ਲੈ ਲਿਆ। ਚਾਈਨਾ ਡੋਰ ਉਸਦੇ ਨੱਕ, ਅੱਖ ਤੇ ਬੁੱਲ ਉਪਰ ਫ਼ਿਰ ਗਈ ਜਿਸ ਨਾਲ ਡੂੰਘੇ ਜਾਨ ਲੇਵਾ ਜਖ਼ਮ ਹੋ ਗਏ। ਡੋਰ ਤੋਂ ਬਚਣ ਦੀਆਂ ਕੋਸ਼ਿਸ਼ਾਂ 'ਚ ਭੀਮ ਸਿੰਘ ਪਾਸੋਂ ਮੋਟਰ ਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਉਹ ਫੁੱਟਪਾਥ ਵਿਚ ਜਾ ਵੱਜਾ। ਉਸਦਾ ਸਿਰ ਫੁੱਟਪਾਥ ਨਾਲ ਟਕਰਾ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸਦੀ ਪਤਨੀ ਹਰਜੀਤ ਕੌਰ ਨੂੰ ਵੀ ਸੱਟਾਂ ਲੱਗੀਆਂ ਪਰ ਉਸਦੀ ਜਾਨ ਬਚ ਗਈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਡੋਰ ਨੂੰ ਵੇਚਣ ਤੇ ਵਰਤਣ 'ਤੇ ਮੁਕੰਮਲ ਪਾਬੰਦੀ ਲਗਾਈ ਹੋਈ ਹੈ ਪਰ ਛੇਹਰਟਾ ਇਲਾਕੇ ਦਾ ਦੌਰਾ ਕਰਨ 'ਤੇ ਪਤਾ ਲੱਗਿਆ ਕਿ ਜ਼ਿਆਦਾਤਰ ਬੱਚਿਆਂ ਵੱਲੋਂ ਸ਼ਰੇਆਮ ਇਸ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਡੋਰ ਦੇ ਖਿਲਾਫ਼ ਕੀਤੇ ਗਏ ਪ੍ਰਬੰਧ ਨਾਕਾਮ ਹਨ। ਭੀਮ ਸਿੰਘ ਦੇ ਭਣੇਵੇਂ ਦਮਨਜੋਤ ਸਿੰਘ ਤੇ ਪੁੱਤਰ ਬਲਰਾਜ ਸਿੰਘ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਸ ਡੋਰ ਨੂੰ ਬਣਾਉਣ ਵਾਲੀਆਂ ਫੈਕਟਰੀਆਂ 'ਤੇ ਸ਼ਿਕੰਜਾ ਕੱਸਿਆ ਜਾਵੇ ਤਾਂ ਜੋ ਅੱਗੇ ਇਹੋ ਜਿਹੀ ਘਟਨਾ ਨਾ ਵਾਪਰੇ।
 
Top