Punjab News ਕੇਂਦਰੀ ਟੀਮ ਵੱਲੋਂ ਪੰਜਾਬ ਦੇ ਹੜ੍ਹ ਮਾਰੇ ਖੇਤਰ

ਪੰਜਾਬ ਦੇ ਹੜ੍ਹ ਮਾਰੇ ਖੇਤਰਾਂ ਦਾ ਜਾਇਜ਼ਾ ਲੈਣ ਲਈ ਅੱਜ ਕੇਂਦਰ ਦੀਆਂ ਦੋ ਟੀਮਾਂ ਨੇ ਰਾਜ ਦੇ ਚਾਰ ਜ਼ਿਲ੍ਹਿਆਂ ਮੁਹਾਲੀ, ਪਟਿਆਲਾ, ਸੰਗਰੂਰ ਅਤੇ ਮਾਨਸਾ ਦਾ ਦੌਰਾ ਕੀਤਾ। ਇਨ੍ਹਾਂ ਚਾਰਾਂ ਹੀ ਜ਼ਿਲ੍ਹਿਆਂ ਵਿਚ ਘੱਗਰ ਦੇ ਹੜ੍ਹ ਨੇ ਤਬਾਹੀ ਮਚਾਈ ਹੈ। ਕੇਂਦਰੀ ਟੀਮ ਪੰਜਾਬ ਦੇ ਇਸ ਪੱਖ ਨਾਲ ਸਹਿਮਤ ਸੀ ਕਿ ਹੜ੍ਹ ਕਾਰਨ ਕਈ ਜ਼ਿਲ੍ਹਿਆਂ ਵਿਚ ਭਾਰੀ ਨੁਕਸਾਨ ਹੋਇਆ। ਟੀਮ ਦੀ ਅਗਵਾਈ ਸੰਯੁਕਤ ਸਕੱਤਰ (ਗ੍ਰਹਿ) ਸ੍ਰੀ ਆਰ.ਪੀ. ਨਾਥ ਕਰ ਰਹੇ ਸਨ। ਇਸ ਟੀਮ ਵੱਲੋਂ ਕੱਲ੍ਹ ਹਰਿਆਣਾ ਦਾ ਦੌਰਾ ਕੀਤਾ ਗਿਆ ਸੀ। ਇਹ ਟੀਮ ਪੰਜਾਬ ਅਤੇ ਹਰਿਆਣਾ ਰਾਜਾਂ ਦੀਆਂ ਸਰਕਾਰਾਂ ਦੀ ਬੇਨਤੀ ’ਤੇ ਦੋਵਾਂ ਰਾਜਾਂ ਵਿਚ ਆਈ। ਜੁਲਾਈ ਦੇ ਪਹਿਲੇ ਹਫਤੇ ਮੌਨਸੂਨ ਦੀ ਭਰਵੀਂ ਬਾਰਸ਼ ਹੋਣ ਕਾਰਨ ਘੱਗਰ ਦਰਿਆ ਵਿਚ ਹੜ੍ਹ ਆ ਗਿਆ ਸੀ ਜਿਸ ਕਾਰਨ ਦਰਿਆ ਦੇ ਨਾਲ ਲਗਦੇ ਪੰਜਾਬ ਅਤੇ ਹਰਿਆਣਾ ਦੇ ਖੇਤਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਤਬਾਹੀ ਕਾਰਨ ਇਨ੍ਹਾਂ ਜ਼ਿਲ੍ਹਿਆਂ ਵਿਚ ਮੁੱਖ ਤੌਰ ’ਤੇ ਝੋਨੇ ਦੀ ਫਸਲ ਤਬਾਹ ਹੋਈ। ਨਾਲ ਹੀ ਸਬਜ਼ੀਆਂ ਅਤੇ ਹਰੇ ਚਾਰੇ ਦੀਆਂ ਫਸਲਾਂ ਦਾ ਵੀ ਨੁਕਸਾਨ ਹੋਇਆ। ਪੰਜਾਬ ਵੱਲੋਂ ਤਿਆਰ ਕੀਤੀ ਰਿਪੋਰਟ ਅਨੁਸਾਰ ਤਕਰੀਬਨ 250 ਕਰੋੜ ਰੁਪਏ ਦਾ ਨੁਕਸਾਨ ਹੋਇਆ। ਕੇਂਦਰੀ ਟੀਮ ਨੇ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਇਸ ਆਧਾਰ ’ਤੇ ਹੀ ਕੇਂਦਰ ਸਰਕਾਰ ਰਾਹਤ ਮੁਹੱਈਆ ਕਰੇਗੀ। ਪੰਜਾਬ ਪਹਿਲਾਂ ਹੀ ਕੇਂਦਰੀ ਮਦਦ ਲਈ ਸਰਗਰਮ ਹੈ। ਭਲ੍ਹਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕੇਂਦਰੀ ਵਿੱਤ ਮੰਤਰੀ ਵੱਲੋਂ ਬੁਲਾਈ ਮੀਟਿੰਗ ਵਿਚ ਪੰਜਾਬ ਦਾ ਪੱਖ ਰੱਖਣ ਦਾ ਏਜੰਡਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਸ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਵੱਲੋਂ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ।
ਕੇਂਦਰੀ ਟੀਮ ਨੇ ਅੱਜ ਪੰਜਾਬ ਦੇ ਹੜ੍ਹ ਮਾਰੇ ਜ਼ਿਲ੍ਹਿਆਂ ਦਾ ਦੌਰਾ ਕਰਨ ਲਈ ਖੁਦ ਨੂੰ ਦੋ ਹਿੱਸਿਆਂ ਵਿਚ ਵੰਡਿਆ। ਪੰਜਾਬ ਦੇ ਮੁੱਖ ਇੰਜਨੀਅਰ (ਡਰੇਨੇਜ) ਵਿਨੋਦ ਚੌਧਰੀ ਕੇਂਦਰੀ ਟੀਮ ਨਾਲ ਤਾਲਮੇਲ ਕਰ ਰਹੇ ਸਨ। ਸ੍ਰੀ ਨਾਥ ਦੀ ਅਗਵਾਈ ਵਾਲੀ ਟੋਲੀ ਵੱਲੋਂ ਮੁਹਾਲੀ ਅਤੇ ਪਟਿਆਲਾ ਜ਼ਿਲ੍ਹਿਆਂ ਦਾ ਦੌਰਾ ਕੀਤਾ ਗਿਆ। ਇਸ ਟੀਮ ਨੇ ਲਾਲੜੂ ਖੇਤਰ ਵਿਚ ਘੱਗਰ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਟੀਮ ਦੇਵੀਗੜ੍ਹ ਖੇਤਰ ਵਿਚ ਨੁਕਸਾਨ ਵੇਖਣ ਗਈ। ਕੇਂਦਰੀ ਟੀਮ ਨੂੰ ਹਾਂਸੀ -ਬੁਟਾਣਾ ਨਹਿਰ ਦੇ ਨਾਲ ਲਗਦੇ ਪੰਜਾਬ ਖੇਤਰ ਵਿਚ ਹੋਏ ਨੁਕਸਾਨ ਦੀ ਝਲਕ ਵੀ ਵਿਖਾਈ ਗਈ। ਪੰਜਾਬ ਦੇ ਇਸ ਖੇਤਰ ਵਿਚ ਹਰਿਆਣਾ ਵੱਲੋਂ ਟਾਂਗਰੀ ਨਦੀ ਦਾ ਪਾਣੀ ਵੀ ਮਾਰ ਕਰਦਾ ਹੈ। ਦੂਜੀ ਟੋਲੀ ਨੇ ਸੰਗਰੂਰ ਦੇ ਮੂਨਕ ਅਤੇ ਮਾਨਸਾ ਦੇ ਸਰਦੂਲਗੜ੍ਹ ਖੇਤਰ ਦਾ ਦੌਰਾ ਕੀਤਾ। ਦੋਵੇਂ ਟੋਲੀਆਂ ਸ਼ਾਮੀਂ ਦੇਰ ਤਕ ਹੜ੍ਹ ਮਾਰੇ ਖੇਤਰਾਂ ਦਾ ਮੌਕੇ ਦਾ ਜਾਇਜ਼ਾ ਲੈ ਕੇ ਚੰਡੀਗੜ੍ਹ ਪਰਤ ਆਈਆਂ। ਭਲ੍ਹਕੇ ਇਹ ਟੀਮ ਵਾਪਸ ਦਿੱਲੀ ਚਲੀ ਜਾਵੇਗੀ।
 
Top