ਕਾਮਾਗਾਟਾਮਾਰੂ ਯਾਦਗਾਰ ਦੇ ਅਪਮਾਨ ਸਬੰਧੀ ਮੁਆਫ਼ੀ

[JUGRAJ SINGH]

Prime VIP
Staff member
ਵੈਨਕੂਵਰ ਪੁਲਿਸ ਵੱਲੋਂ ਦੋਸ਼ੀ ਦੇ ਖਿਲਾਫ਼ ਕਾਰਵਾਈ ਨਾ ਕਰਨ ਖਿਲਾਫ਼ ਭਾਈਚਾਰੇ 'ਚ ਰੋਸ
ਵੈਨਕੂਵਰ, 18 ਜਨਵਰੀ (ਗੁਰਵਿੰਦਰ ਸਿੰਘ ਧਾਲੀਵਾਲ)-3 ਦਸੰਬਰ, 2013 ਨੂੰ ਵੈਨਕੂਵਰ 'ਚ ਕਾਮਾਗਾਟਾਮਾਰੂ ਸਮਾਰਕ 'ਤੇ ਇਕ ਗੋਰੇ ਵੱਲੋਂ ਪਿਸ਼ਾਬ ਕਰਨ ਦੀ ਘਟਨਾ ਨੂੰ ਲੈ ਕੇ ਬੇਸ਼ੱਕ ਬੀਤੇ ਦਿਨ ਪੁਲਿਸ ਮੁਖੀ ਨੇ ਦੋਸ਼ੀ ਦਾ ਮੁਆਫ਼ੀਨਾਮਾ ਵੈਨਕੂਵਰ ਇਲਾਕੇ ਦੇ ਸਿੱਖ ਆਗੂਆਂ ਨੂੰ ਸੌਂਪ ਦਿੱਤਾ ਸੀ, ਜਿਸ ਨੂੰ ਉਨ੍ਹਾਂ ਵੱਲੋਂ ਸੰਤੁਸ਼ਟੀਜਨਕ ਕਹਿ ਕੇ ਸਵੀਕਾਰ ਵੀ ਕਰ ਲਿਆ ਗਿਆ। ਪਰ ਇਸ ਮਾਮਲੇ ਨੂੰ ਲੈ ਕੇ ਭਾਈਚਾਰੇ ਅੰਦਰ ਮਤਭੇਦ ਪੈਦਾ ਹੋ ਗਏ ਹਨ ਅਤੇ ਕੁਝ ਸੰਸਥਾਵਾਂ ਨੇ ਪੁਲਿਸ ਵੱਲੋਂ ਕਾਰਵਾਈ ਦੀ ਥਾਂ ਮੁਆਫ਼ੀ ਨੂੰ ਮਹਿਜ਼ ਡਰਾਮਾ ਕਰਾਰ ਦਿੱਤਾ ਹੈ। ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫਿਰਾਂ ਨਾਲ ਸੰਬੰਧਿਤ ਪਰਿਵਾਰਾਂ ਦੇ ਨੁਮਾਇੰਦੇ ਰਾਜ ਤੂਰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਆਗੂਆਂ ਵੱਲੋਂ ਮੁਆਫ਼ੀ ਸਵੀਕਾਰਨ ਤੋਂ ਪਹਿਲਾਂ ਉਨ੍ਹਾਂ ਨਾਲ ਸੰਪਰਕ ਕਰਨਾ ਚਾਹੀਦਾ ਸੀ ਤੇ ਉਨ੍ਹਾਂ ਨੂੰ ਅਜਿਹੀ ਮੁਆਫ਼ੀ ਮਨਜ਼ੂਰ ਨਹੀਂ। ਦੂਜੇ ਪਾਸੇ ਕੈਨੇਡਾ ਸਰਕਾਰ ਅਤੇ ਵੈਨਕੂਵਰ ਪਾਰਕ ਬੋਰਡ ਨਾਲ ਮਿਲ ਕੇ ਉਕਤ ਯਾਦਗਾਰ ਕਾਇਮ ਕਰਨ ਵਾਲਿਆਂ 'ਚ ਸ਼ਾਮਿਲ, ਰੌਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੋਹਣ ਸਿੰਘ ਦਿਓ ਨੇ ਕਿਹਾ ਕਿ ਮਾਨਸਿਕ ਰੋਗੀ ਵਿਅਕਤੀ ਤੋਂ ਉਸ ਦੀ ਗ਼ਲਤੀ ਲਈ ਮੁਆਫ਼ੀ ਮੰਗਵਾ ਲੈਣ ਤੋਂ ਵੱਧ ਹੋਰ ਕੋਈ ਵੀ ਕਾਰਵਾਈ ਉਨ੍ਹਾਂ ਅਨੁਸਾਰ ਉਚਿਤ ਨਹੀਂ ਸੀ। ਗੁਰੂ ਨਾਨਕ ਗੁਰਦੁਆਰਾ ਸਰੀ-ਡੈਲਟਾ ਦੇ ਜਨਰਲ ਸਕੱਤਰ ਕਰਨੈਲ ਸਿੰਘ ਦੇ ਅਨੁਸਾਰ ਯਾਦਗਾਰ 'ਤੇ ਪਿਸ਼ਾਬ ਕਰਕੇ ਖ਼ੁਦ ਨੂੰ ਮਾਨਸਿਕ ਰੋਗੀ ਦੱਸਣਾ ਗੁੰਮਰਾਹਕੁਨ ਸੀ, ਜਿਸ ਪ੍ਰਤੀ ਖ਼ਿਮਾ ਦੀ ਭਾਵਨਾ ਸਹੀ ਨਹੀਂ। ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਆਗੂ ਸੁਰਿੰਦਰ ਸੰਘਾ ਦਾ ਮੰਨਣਾ ਹੈ ਕਿ ਮੁਆਫ਼ੀ ਦੇ ਮਾਮਲੇ 'ਚ ਭਾਈਚਾਰੇ ਦੇ ਆਗੂਆਂ ਦੀ ਭੂਮਿਕਾ ਸਮਝਦਾਰੀ ਵਾਲੀ ਸੀ ਅਤੇ ਅਜਿਹੇ ਮਸਲਿਆਂ 'ਚ ਟਕਰਾਉ ਵਾਲੀ ਸਥਿਤੀ ਨਹੀਂ ਅਪਣਾਉਣੀ ਚਾਹੀਦੀ। ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਪ੍ਰਧਾਨ ਗਿਆਨ ਸਿੰਘ ਗਿੱਲ ਨੇ ਕਿਹਾ ਕਿ ਵੈਨਕੂਵਰ ਪੁਲਿਸ ਨੇ ਨਸਲੀ ਵਰਤਾਉ ਵਾਲੇ ਦੋਸ਼ੀ ਖਿਲਾਫ਼ ਕਾਰਵਾਈ ਨਾ ਕਰਕੇ ਜਿਥੇ ਭਾਈਚਾਰੇ ਅੰਦਰ ਰੋਸ ਪੈਦਾ ਕੀਤਾ ਹੈ, ਉਥੇ ਸਿੱਖ ਆਗੂਆਂ ਨੂੰ ਵੀ ਚਾਹੀਦਾ ਸੀ ਕਿ ਉਹ ਜ਼ਿੰਮੇਵਾਰ ਗੋਰੇ ਨੂੰ ਲਫ਼ਜ਼ੀ ਮੁਆਫ਼ੀ ਦੇਣ ਦੀ ਥਾਂ ਉਸ ਨੂੰ ਆਪਣੇ ਇਤਿਹਾਸ ਤੇ ਵਿਰਸੇ ਤੋਂ ਜਾਣੂ ਕਰਵਾਉਂਦੇ ਤਾਂ ਕਿ ਭਵਿੱਖ 'ਚ ਕਦੇ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ। ਕਾਮਾਗਾਟਮਾਰੂ ਹੈਰੀਟੇਜ ਸੰਸਥਾ ਦੇ ਆਗੂ ਹਰਭਜਨ ਸਿੰਘ ਗਿੱਲ ਨੇ ਵੀ ਅਪਮਾਨ ਦੀ ਘਟਨਾ ਨਾਲ ਨਜਿੱਠਣ ਵਾਲਿਆਂ ਦੀ ਆਲੋਚਨਾ ਕੀਤੀ।
 
Top