ਕਾਪੀ ਰਾਈਟਰ

ਜੇਕਰ ਤੁਸੀਂ ਰਚਨਾਤਮਕ ਦਿਲਚਸਪੀ ਅਤੇ ਭਾਸ਼ਾ ‘ਤੇ ਮਜ਼ਬੂਤ ਪਕੜ ਰੱਖਦੇ ਹੋ ਤਾਂ ਕਾਪੀਰਾਈਟਿੰਗ ਦੇ ਖੇਤਰ ‘ਚ ਸੁਨਹਿਰਾ ਭਵਿੱਖ ਬਣਾਉਣ ਲਈ ਤੁਹਾਡੇ ਲਈ ਸੰਭਾਵਨਾਵਾਂ ਦੀ ਕੋਈ ਘਾਟ ਨਹੀਂ ਹੈ।
ਕੌਣ ਹਨ ਕਾਪੀਰਾਈਟਰ ?
ਕਾਪੀ ਰਾਈਟਿੰਗ ਆਕਰਸ਼ਕ ਅਤੇ ਪ੍ਰਭਾਵਿਤ ਕਰਨ ਵਾਲੇ ਸ਼ਬਦ ਲਿਖਣ ਦੀ ਕਲਾ ਹੈ। ਇਹ ਕਾਪੀ ਐਡੀਟਿੰਗ ਤੋਂ ਪੂਰੀ ਤਰ੍ਹਾਂ ਵੱਖਰਾ ਹੈ, ਜਿਸ ਦੇ ਤਹਿਤ ਰੀ-ਰਾਈਟਿੰਗ, ਐਡੀਟਿੰਗ, ਸਪੈਲਿੰਗ ਸਹੀ ਕਰਨਾ ਅਤੇ ਵਿਆਕਰਣ ਆਦਿ ਦੀਆਂ ਗਲਤੀਆਂ ਨੂੰ ਸੁਧਾਰਿਆ ਜਾਂਦਾ ਹੈ।
ਕਾਪੀ ਰਾਈਟਿੰਗ ਅਸਲ ‘ਚ ਐਡਵਰਟਾਈਜ਼ਿੰਗ ਵਾਂਗ ਹੀ ਇਕ ਸਬ-ਬ੍ਰਾਂਚ ਹੈ। ਕਾਪੀਰਾਈਟਰ ਕਿਸੇ ਵਿਅਕਤੀ, ਉਤਪਾਦ, ਸੇਵਾ, ਸੰਸਥਾ ਜਾਂ ਵਿਚਾਰ ਨੂੰ ਪ੍ਰਚਾਰਿਤ ਕਰਨ ਲਈ ਆਕਰਸ਼ਕ ਸ਼ਬਦਾਂ ਦੀ ਵਰਤੋਂ ਕਰਦੇ ਹਨ। ਇਸ ਦਾ ਉਦੇਸ਼ ਸੰਬੰਧਤ ਲੋਕਾਂ ਨੂੰ ਟੀਚਾ ਬਣਾ ਕੇ ਉਨ੍ਹਾਂ ਨੂੰ ਉਸ ਉਤਪਾਦ, ਸੇਵਾ ਜਾਂ ਵਿਅਕਤੀ ਦੇ ਪੱਖ ‘ਚ ਪ੍ਰਭਾਵਿਤ ਕਰਨਾ ਹੁੰਦਾ ਹੈ।
ਕਾਰਜ ਖੇਤਰ
ਇਸ ਦੇ ਲਈ ਵੱਖ-ਵੱਖ ਕਿਸਮ ਦੇ ਪ੍ਰਚਾਰ ਮਾਧਿਅਮਾਂ ਟੀ. ਵੀ., ਰੇਡੀਓ, ਇੰਟਰਨੈੱਟ, ਪ੍ਰੈੱਸ ਰਿਲੀਜ਼ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਕਾਪੀਰਾਈਟਰਜ਼ ਵੈੱਬ ‘ਤੇ ਕੰਮ ਕਰ ਸਕਦੇ ਹਨ। ਉਹ ਸਰਚ ਇੰਜਣ ਆਪਟੀਮਾਈਜ਼ੇਸ਼ਨ ‘ਚ ਮਦਦ ਕਰਦੇ ਹਨ। ਉਹ ਫ੍ਰੀਲਾਂਸਰ ਵਜੋਂ ਵੀ ਕੰਮ ਕਰ ਸਕਦੇ ਹਨ। ਐਡਵਰਟਾਈਜ਼ਿੰਗ ਏਜੰਸੀਆਂ ‘ਚ ਕਾਪੀਰਾਈਟਰਾਂ ਦੀ ਤਾਂ ਕਾਫੀ ਮੰਗ ਹੁੰਦੀ ਹੈ। ਇਸ ਤੋਂ ਇਲਾਵਾ ਪਬਲਿਕ ਰਿਲੇਸ਼ਨ ਫਰਮਜ਼, ਬ੍ਰੋਡਕਾਸਟਰਸ, ਸਟੋਰਸ ਅਤੇ ਪਿੰ੍ਰਟ ਮੀਡੀਆ ‘ਚ ਵੀ ਕੰਮ ਕਰਦੇ ਹਨ।
ਮੁਹਾਰਤ
ਕਾਪੀ ਰਾਈਟਰ ਵਜੋਂ ਸਫਲ ਹੋਣ ਲਈ ਨੌਜਵਾਨਾਂ ‘ਚ ਕੁਝ ਖਾਸ ਕਿਸਮ ਦੀ ਨਿਪੁੰਨਤਾ ਜ਼ਰੂਰੀ ਹੁੰਦੀ ਹੈ। ਭਾਸ਼ਾ ‘ਤੇ ਉਨ੍ਹਾਂ ਦੀ ਬੇਹਤਰੀਨ ਪਕੜ ਜ਼ਰੂਰੀ ਹੈ। ਉਨ੍ਹਾਂ ਨੂੰ ਗੱਲਬਾਤ ਕਰਨ ‘ਚ ਵੀ ਮਾਹਿਰ ਹੋਣਾ ਚਾਹੀਦਾ ਹੈ।
ਕਾਪੀ ਰਾਈਟਰਾਂ ਨੂੰ ਆਪਣੇ ਕੰਮ ਦੌਰਾਨ ਸੰਪਾਦਨ ਅਤੇ ਪਰੂਫ ਰੀਡਿੰਗ ਸਕਿੱਲਜ਼ ਦੀ ਵੀ ਲੋੜ ਪੈ ਸਕਦੀ ਹੈ। ਕਾਪੀਰਾਈਟਰ ਦੀ ਤਾਕਤ ਸੰਖੇਪ ਪਰ ਆਕਰਸ਼ਕ ਵਾਕ ਲਿਖਣਾ ਹੁੰਦੀ ਹੈ। ਅਜਿਹੇ ‘ਚ ਸ਼ਬਦਾਂ ਦੀ ਰਚਨਾਤਮਕ ਵਰਤੋਂ ਕਰਨ ‘ਚ ਉਨ੍ਹਾਂ ਦਾ ਮਾਹਿਰ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਅੱਜ ਹਰ ਖੇਤਰ ‘ਚ ਤਕਨੀਕ ਦਾ ਬੋਲਬਾਲਾ ਹੈ, ਕਾਪੀਰਾਈਟਰਾਂ ਨੂੰ ਵੀ ਲੇਅਆਊਟ, ਡਿਜ਼ਾਈਨ ਅਤੇ ਕੰਪਿਊਟਰ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ।
ਇਸ ਖੇਤਰ ‘ਚ ਵਿਚਾਰਾਂ ਦੀ ਕਿਰਿਆਸ਼ੀਲਤਾ ਅਤੇ ਰਚਨਾਤਮਕਤਾ ਦੀ ਵਰਤੋਂ ਹਰ ਕਦਮ ‘ਤੇ ਕਰਨੀ ਪੈਂਦੀ ਹੈ, ਅਜਿਹੇ ‘ਚ ਕ੍ਰਿਏਟੀਵਿਟੀ ਦੇ ਨਾਲ-ਨਾਲ ਵਿਜ਼ਿਊਲਾਈਜ਼ੇਸ਼ਨ ‘ਚ ਮੁਹਾਰਤ ਹੋਣੀ ਵੀ ਜ਼ਰੂਰੀ ਹੋ ਜਾਂਦੀ ਹੈ। ਉਨ੍ਹਾਂ ਨੂੰ ਖੋਜ ਕਰਨ ਅਤੇ ਖੋਜ ਦੀ ਨਤੀਜਿਆਂ ਦੇ ਵਿਸ਼ਲੇਸ਼ਣ ਦੀ ਯੋਗਤਾ ਦਾ ਵੀ ਸਬੂਤ ਦੇਣਾ ਪੈ ਸਕਦਾ ਹੈ।
ਯੋਗਤਾ
ਕਾਪੀ ਰਾਈਟਰ ਬਣਨ ਲਈ ਤੁਹਾਨੂੰ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਡਿਗਰੀ ਜਾਂ ਫਿਰ ਜਰਨਲਿਜ਼ਮ, ਮਾਸ ਕਮਿਊਨੀਕੇਸ਼ਨ, ਐਡਵਰਟਾਈਜ਼ਿੰਗ, ਡਿਜ਼ਾਈਨ ਜਾਂ ਮਾਰਕੀਟਿੰਗ ‘ਚ ਡਿਪਲੋਮਾ ਪ੍ਰਾਪਤ ਕਰਨਾ ਪਵੇਗਾ। ਤੁਸੀਂ ਚਾਹੋ ਤਾਂ ਲੇਖਣੀ, ਐਡਵਰਟਾਈਜ਼ਿੰਗ ਕੰਸੈਪਟਸ ਅਤੇ ਗ੍ਰਾਫਿਕ ਡਿਜ਼ਾਈਨਿੰਗ ‘ਤੇ ਆਧਾਰਿਤ ਕੋਰਸ ਵੀ ਕਰ ਸਕਦੇ ਹੋ। ਇਸ ਖੇਤਰ ‘ਚ ਕੰਮ ਕਰਨ ਵਾਲਿਆਂ ‘ਚ ਕੁਦਰਤੀ ਹੁਨਰ, ਰਚਨਾਤਮਕਤਾ ਅਤੇ ਲਿਖਣ ਦੀ ਮੁਹਾਰਤ ਦੀ ਖਾਸ ਲੋੜ ਪੈਂਦੀ ਹੈ। ਇਸ ਖੇਤਰ ‘ਚ ਬੇਹਤਰ ਮੌਕੇ ਹਾਸਲ ਕਰਨ ਲਈ ਤੁਸੀਂ ਇਕ ਵਿਦਿਆਰਥੀ ਜਾਂ ਕਿਸੇ ਕੰਪਨੀ ‘ਚ ਟ੍ਰੇਨੀ ਦੇ ਤੌਰ ‘ਤੇ ਆਪਣੇ ਬਣਾਏ ਵਿਗਿਆਪਨਾਂ ਤੇ ਲਿਖਤੀ ਕੰਮ ਦਾ ਪੋਰਟਫੋਲੀਓ ਤਿਆਰ ਕਰ ਸਕਦੇ ਹੋ। ਵਧੀਆ ਨੌਕਰੀ ਦੀ ਭਾਲ ‘ਚ ਇਹ ਪੋਰਟਫੋਲੀਓ ਤੁਹਾਡੇ ਕਾਫੀ ਕੰਮ ਆ ਸਕਦਾ ਹੈ।
ਮਿਹਨਤਾਨਾ
ਕਿਸੇ ਐਡਵਰਟਾਈਜ਼ਿੰਗ ਏਜੰਸੀ ‘ਚ ਟ੍ਰੇਨੀ ਕਾਪੀਰਾਈਟਰਸ ਨੂੰ ਹਰ ਮਹੀਨੇ 8000 ਰੁਪਏ ਵਜ਼ੀਫਾ ਮਿਲ ਸਕਦਾ ਹੈ। ਛੇ ਮਹੀਨਿਆਂ ਦੇ ਪ੍ਰੋਬੇਸ਼ਨ ਸਮੇਂ ਪਿੱਛੋਂ ਉਨ੍ਹਾਂ ਨੂੰ ਕਾਪੀਰਾਈਟਰ ਦੇ ਅਹੁਦੇ ‘ਤੇ ਤਰੱਕੀ ਮਿਲ ਜਾਂਦੀ ਹੈ। ਕੈਰੀਅਰ ਦੇ ਤੌਰ ‘ਤੇ ਇਕ ਕਾਪੀਰਾਈਟਰ 10 ਤੋਂ 15 ਹਜ਼ਾਰ ਰੁਪਏ ਹਰ ਮਹੀਨੇ ਕਮਾਉਂਦਾ ਹੈ। ਮੱਧ ਪੱਧਰ ਦੇ ਕਾਪੀਰਾਈਟਰ ਦੀ ਤਨਖਾਹ ਉਨ੍ਹਾਂ ਦੇ ਟਰੈਕ ਰਿਕਾਰਡ ਅਤੇ ਮਾਨਤਾ ‘ਤੇ ਨਿਰਭਰ ਕਰਦੀ ਹੈ। ਆਮ ਤੌਰ ‘ਤੇ ਉਹ 25 ਤੋਂ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾਉਂਦੇ ਹਨ ਜਦ ਕਿ ਸੀਨੀਅਰ ਕਾਪੀਰਾਈਟਰ 50 ਤੋਂ ਡੇਢ ਲੱਖ ਰੁਪਏ ਤਕ ਕਮਾਉਂਦੇ ਹਨ।
 
Top