ਇਹ ਸਭ ਤੋਂ ਮੁਸ਼ਕਿਲ ਵਿਦਾਇਗੀ

ਮੁੰਬਈ, 5 ਅਪ੍ਰੈਲ (ਭਾਸ਼ਾ)-ਭਾਰਤ ਦੇ ਕੋਚ ਅਹੁਦੇ ਤੋਂ ਵਿਦਾਇਗੀ ਲੈ ਰਹੇ ਗੈਰੀ ਕ੍ਰਿਸਟਨ ਨੇ ਅੱਜ ਕਿਹਾ ਕਿ ਜਿਸ ਟੀਮ ਨੂੰ ਉਨ੍ਹਾਂ ਨੇ ਤਿੰਨ ਸਾਲਾਂ ‘ਚ ਸੰਵਾਰਿਆ, ਉਸਨੂੰ ਛੱਡਣਾ ਸਭ ਤੋਂ ਮੁਸ਼ਕਿਲ ਵਿਦਾਇਗੀਆਂ ‘ਚੋਂ ਇਕ ਹੈ ਪਰ ਉਹ ਸੰਤੁਸ਼ਟ ਹਨ ਕਿ ਉਹ ਭਾਰਤੀ ਕ੍ਰਿਕਟ ਨੂੰ ਸਿਹਤਮੰਦ ਹਾਲਤ ਵਿਚ ਛੱਡ ਕੇ ਜਾ ਰਿਹਾ ਹੈ। ਕ੍ਰਿਸਟਨ ਨੇ ਕਿਹਾ ਕਿ ਇਹ ਮੇਰੇ ਲਈ ਸਭ ਤੋਂ ਮੁਸ਼ਕਿਲ ਵਿਦਾਈਆਂ ‘ਚੋਂ ਇਕ ਹੈ। ਇਸ ਦੱਖਣੀ ਅਫਰੀਕੀ ਕੋਚ ਦੇ ਮਾਰਗਦਰਸ਼ਨ ਵਿਚ ਭਾਰਤ ਨੇ ਕ੍ਰਿਕਟ ਵਿਚ ਨੰਬਰ ਇਕ ਰੈਂਕਿੰਗ ਹਾਸਲ ਕੀਤੀ, ਜਦਕਿ ਪਿਛਲੇ ਹਫਤੇ 28 ਸਾਲਾਂ ਬਾਅਦ ਵਿਸ਼ਵ ਕੱਪ ‘ਤੇ ਦੁਬਾਰਾ ਕਬਜ਼ਾ ਕੀਤਾ। ਉਨ੍ਹਾਂ ਕਿਹਾ ਕਿ ਕ੍ਰਿਕਟਰਾਂ ਦੇ ਇਸ ਵਿਸ਼ੇਸ਼ ਗਰੁੱਪ ਦਾ ਹਿੱਸਾ ਹੋਣਾ ਸ਼ਾਨਦਾਰ ਪ੍ਰਾਪਤੀ ਹੈ। ਕ੍ਰਿਸਟਨ ਜਦ ਭਾਰਤੀ ਕ੍ਰਿਕਟ ਟੀਮ ਨਾਲ ਜੁੜੇ ਤਾਂ ਉਨ੍ਹਾਂ ਨੂੰ ਕੋਚਿੰਗ ਦਾ ਕੋਈ ਅਨੁਭਵ ਨਹੀਂ ਸੀ ਪਰ ਉਹ ਭਾਰਤ ਲਈ ਸਭ ਤੋਂ ਸਫਲ ਸਾਬਤ ਹੋਏ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਬਿਨਾਂ ਕਿਸੇ ਕੋਚਿੰਗ ਅਨੁਭਵ ਦੇ ਇਸ ਕੰਮ ਨਾਲ ਜੁੜਨਾ ਕਾਫੀ ਮਜ਼ੇਦਾਰ ਰਿਹਾ। ਮੈਂ ਇਕ ਖਿਡਾਰੀ ਹੋਣ ਦੇ ਅਨੁਭਵ ਨੂੰ ਟੀਮ ਨਾਲ ਕੰਮ ਕਰਨ ਵਿਚ ਇਸਤੇਮਾਲ ਕੀਤਾ। ਮੈਂ ਟੀਮ ਵਿਚ ਭਰੋਸਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਅਤੇ ਪੈਡੀ ਉਪਟਨ ਨੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਪਤਾ ਲੱਗੇ ਕਿ ਅਸੀਂ ਭਾਰਤ ਨੂੰ ਦੁਨੀਆ ਦੀ ਸਭ ਤੋਂ ਵਧੀਆ ਟੀਮ ਬਣਾਉਣ ਆਏ ਹਾਂ। ਕਾਰਜਕਾਲ ਵਧਾਉਣ ਦੀ ਪੇਸ਼ਕਸ਼ ਠੁਕਰਾ ਚੁੱਕੇ ਕ੍ਰਿਸਟਨ ਨੇ ਕਿਹਾ ਕਿ ਫਿਲਹਾਲ ਉਸ ਦੀ ਕੋਚ ਦੇ ਤੌਰ ‘ਤੇ ਕਿਸੇ ਟੀਮ ਨਾਲ ਜੁੜਨ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾਉਣ ਲਈ ਘਰ ਜਾ ਰਿਹਾ ਹਾਂ ਅਤੇ ਕੁਝ ਸਮੇਂ ਬਾਅਦ ਆਪਣੇ ਭਵਿੱਖ ਬਾਰੇ ਵਿਚਾਰ ਕਰਾਂਗਾ। ਭਾਰਤੀ ਟੀਮ ਨੇ ਇਸ ਦੌਰਾਨ ਚੰਗਾ ਪ੍ਰਦਰਸ਼ਨ ਕੀਤਾ ਅਤੇ ਕ੍ਰਿਸਟਨ ਨੇ ਕਿਹਾ ਕਿ ਫੀਲਡਿੰਗ ਤੋਂ ਇਲਾਵਾ ਸ਼ਾਇਦ ਹੀ ਕੋਈ ਵਿਭਾਗ ਹੋਵੇਗਾ ਜਿਥੇ ਸੁਧਾਰ ਦੀ ਗੁੰਜਾਇਸ਼ ਹੋਵੇ। ਉਨ੍ਹਾਂ ਕਿਹਾ ਕਿ ਅਗਲੇ ਭਾਰਤੀ ਕੋਚ ਦੇ ਸਾਹਮਣੇ ਟੀਮ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਨੂੰ ਬਣਾਏ ਰੱਖਣ ਦੀ ਮੁਸ਼ਕਿਲ ੁਚੁਣੌਤੀ ਹੋਵੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਭਾਰਤੀ ਕ੍ਰਿਕਟ ਸਿਹਤਮੰਦ ਹਾਲਤ ਵਿਚ ਹੈ। ਸੀਮ ਗੇਂਦਬਾਜ਼ੀ ਥੋੜ੍ਹੀ ਚਿੰਤਾ ਦੀ ਗੱਲ ਹੈ ਪਰ ਅਜਿਹਾ ਹਮੇਸ਼ਾ ਤੋਂ ਸੀ। ਟੀਮ ਦੇ ਖਿਡਾਰੀਆਂ ਬਾਰੇ ਪੁੱਛਣ ‘ਤੇ ਕ੍ਰਿਸਟਨ ਨੇ ਨੌਜਵਾਨ ਬ੍ਰਿਗੇਡ ਦੀ ਕਾਫੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਵਿਰਾਟ ਕੋਹਲੀ ਟੈਸਟ ਕ੍ਰਿਕਟ ਲਈ ਤਿਆਰ ਹੈ। ਉਹ ਚਮਕਦਾ ਨੌਜਵਾਨ ਸਿਤਾਰਾ ਹੈ। ਮੈਂ ਸੁਰੇਸ਼ ਰੈਨਾ ਨਾਲ ਵੀ ਕੰਮ ਕਰਨ ਦਾ ਕਾਫੀ ਮਜ਼ਾ ਲਿਆ। ਉਹ ਸ਼ਾਨਦਾਰ ਖਿਡਾਰੀ ਹੈ। ਮੈਂ ਚੇਤੇਸ਼ਵਰ ਪੁਜਾਰਾ ਤੋਂ ਵੀ ਪ੍ਰਭਾਵਿਤ ਹਾਂ। ਪ੍ਰਗਿਆਨ ਓਝਾ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਮੁਨਾਫ ਪਟੇਲ ਤੋਂ ਵੀ ਪ੍ਰਭਾਵਿਤ ਹਾਂ ਅਤੇ ਆਸ਼ਿਸ਼ ਨਹਿਰਾ ਨੇ ਵੀ ਚੰਗਾ ਕੰਮ ਕੀਤਾ ਹੈ। ਜ਼ਹੀਰ ਲੰਮੇ ਸਮੇਂ ਤੋਂ ਨੰਬਰ ਇਕ ਹੈ ਅਤੇ ਖਿਡਾਰੀਆਂ ਨੂੰ ਸਮਰਥਨ ਦੀ ਲੋੜ ਹੈ। ਜ਼ਹੀਰ 135 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਨ ਵਾਲਾ ਫਿਲਹਾਲ ਦੁਨੀਆ ਦਾ ਸਭ ਤੋਂ ਵਧੀਆ ਗੇਂਦਬਾਜ਼ ਹੈ। ਕੋਚ ਨੇ ਯੁਵਰਾਜ ਸਿੰਘ ਦੀ ਵੀ ਕਾਫੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਉਸ ਦੀ ਤਿਆਰੀ ਕਾਫੀ ਚੰਗੀ ਸੀ ਅਤੇ ਉਸ ਨੇ ਆਪਣੀ ਗੇਂਦਬਾਜ਼ੀ ‘ਤੇ ਸਖਤ ਮਿਹਨਤ ਕੀਤੀ ਅਤੇ ਮੈਨੂੰ ਉਸ ‘ਤੇ ਬਹੁਤ ਮਾਣ ਹੈ। ਕ੍ਰਿਸਟਨ ਨੇ ਕਿਹਾ ਕਿ ਉਹ ਭਵਿੱਖ ਵਿਚ ਭਾਰਤ ਆਉਂਦਾ ਰਹੇਗਾ ਅਤੇ ਕਿਸੇ ਆਈ. ਪੀ. ਐੱਲ. ਟੀਮ ਨੂੰ ਕੋਚਿੰਗ ਦੇਣ ‘ਤੇ ਵੀ ਵਿਚਾਰ ਕਰ ਸਕਦਾ ਹੈ। ਇਹ ਪੁੱਛਣ ‘ਤੇ ਕਿ ਕੀ ਉਨ੍ਹਾਂ ਨੂੰ ਗਰਮ ਮਿਜਾਜ਼ ਗੇਂਦਬਾਜ਼ ਸ਼੍ਰੀਸੰਥ ਨਾਲ ਕੰਮ ਉਤੇ ਦਿੱਕਤ ਹੋਈ, ਜਿਸ ਨੂੰ ਲੈ ਕੇ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਹੱਥ ਖੜ੍ਹੇ ਕਰ ਚੁੱਕਾ ਹੈ, ਇਸ ‘ਤੇ ਗੈਰੀ ਨੇ ਕਿਹਾ ਕਿ ਪੈਡੀ ਨੇ ਸ਼੍ਰੀਸੰਥ ਨਾਲ ਕਾਫੀ ਸਮਾਂ ਬਿਤਾਇਆ ਹੈ, ਉਹ ਕਾਫੀ ਚੰਗਾ ਹੈ। ਸ਼੍ਰੀਸੰਥ ਜੇ ਆਪਣੀ ਕ੍ਰਿਕਟ ਨੂੰ ਅੱਗੇ ਨਹੀਂ ਵਧਾਉਂਦਾ ਤਾਂ ਇਹ ਪ੍ਰਤਿਭਾ ਨੂੰ ਜਾਇਆ ਕਰਨਾ ਹੈ। ਕ੍ਰਿਸਟਨ ਨੇ ਭਾਰਤੀ ਪ੍ਰਸ਼ੰਸਕਾਂ ਦਾ ਵੀ
ਧੰਨਵਾਦ ਕੀਤਾ, ਜਿਨ੍ਹਾਂ ਨੇ ਉਸਨੂੰ ਓਨਾ ਹੀ ਸਨਮਾਨ ਦਿੱਤਾ ਜਿੰਨਾ ਉਸਦੇ ਖਿਡਾਰੀਆਂ ਨੇ।
 
Top