ਆਈਟਮ ਨੰਬਰ ਤੋਂ ਡਰ ਨਹੀਂ

ਆਪਣੀ ਪਹਿਲੀ ਹੀ ਫ਼ਿਲਮ ‘ਦਬੰਗ’ ਰਾਹੀਂ ਰਾਤੋ-ਰਾਤ ਸਟਾਰ ਦਾ ਦਰਜਾ ਪ੍ਰਾਪਤ ਕਰ ਚੁੱਕੀ ਸੋਨਾਕਸ਼ੀ ਆਪਣੇ ਕੈਰੀਅਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਅੰਸ਼¸
ਸ਼ੁਰੂਆਤ ‘ਚ ਤੁਹਾਨੂੰ ਸ਼ਤਰੂਘਨ ਸਿਨ੍ਹਾ ਦੀ ਬੇਟੀ ਦੇ ਰੂਪ ‘ਚ ਜਾਣਿਆ ਜਾਂਦਾ ਸੀ ਪਰ ‘ਦਬੰਗ’ ਪਿੱਛੋਂ ਤੁਸੀਂ ਆਪਣੇ ਕੰਮ ਨਾਲ ਆਪਣੀ ਪਛਾਣ ਕਾਇਮ ਕੀਤੀ ਹੈ।
¸ਬਹੁਤ ਚੰਗਾ ਲੱਗਦਾ ਹੈ। ਮੈਨੂੰ ਪਾਪਾ ਦੀ ਬੇਟੀ ਹੋਣ ‘ਤੇ ਮਾਣ ਹੈ ਅਤੇ ਹਮੇਸ਼ਾ ਰਹੇਗਾ ਪਰ ਅੱਜ ਲੋਕ ਮੈਨੂੰ ਮੇਰੇ ਕੰਮ ਅਤੇ ਸ਼ਖਸੀਅਤ ਕਾਰਨ ਜਾਣਦੇ ਹਨ ਅਤੇ ਇਸ ਨਾਲ ਮੈਨੂੰ ਖੁਸ਼ੀ ਮਿਲਦੀ ਹੈ।
ਇੰਨੀ ਛੋਟੀ ਉਮਰ ‘ਚ ਸਫਲਤਾ ਨੂੰ ਹੈਂਡਲ ਕਰਨਾ ਮੁਸ਼ਕਿਲ ਨਹੀਂ ਲੱਗਦਾ?
¸ਇਹ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਜੇਕਰ ਮੇਰੇ ਕੋਲ ਕੁਝ ਹੋਰ ਕਰਨ ਲਈ ਨਾ ਹੁੰਦਾ ਪਰ ਮੈਨੂੰ ਫ਼ਿਲਮਾਂ ਤੇ ਇਸ਼ਤਿਹਾਰਾਂ ‘ਚ ਕੰਮ ਮਿਲ ਰਿਹਾ ਹੈ। ਮੈਂ ਅਜਿਹੀ ਕੁੜੀ ਹਾਂ, ਜੋ ਵਰਤਮਾਨ ‘ਚ ਜਿਊਣਾ ਪਸੰਦ ਕਰਦੀ ਹੈ।
ਤੁਸੀਂ ਇਕ ਫ਼ਿਲਮ ਸਮਾਗਮ ‘ਚ ਸਟੇਜ ‘ਤੇ ਪ੍ਰਫਾਰਮ ਕਰ ਚੁੱਕੇ ਹੋ। ਕੀ ਇਹ ਸੱਚ ਹੈ ਕਿ ਤੁਸੀਂ ਆਈਟਮ ਨੰਬਰ ਕਰਨ ਤੋਂ ਡਰਦੇ ਹੋ?
¸ਮੈਂ ਆਈਟਮ ਨੰਬਰ ਕਰਨ ਤੋਂ ਡਰਦੀ ਨਹੀਂ ਹਾਂ। ਜੋ ਗੀਤ ਰਿਲੀਜ਼ ਹੋਏ ਹਨ, ਉਹ ਮੈਨੂੰ ਬਹੁਤ ਪਸੰਦ ਹਨ। ਮੈਂ ਸਟੇਜ ‘ਤੇ ਉਹੀ ਪਹਿਨਿਆ ਹੈ, ਜਿਸ ‘ਚ ਮੈਂ ਸਹਿਜ ਸੀ ਅਤੇ ਉਹੀ ਮੂਵ ਕੀਤੇ, ਜੋ ਮੈਨੂੰ ਚੰਗੇ ਲੱਗੇ। ਇਸ ਲਈ ਮੈਂ ਉਹੀ ਕਰਾਂਗੀ, ਜਿਸ ‘ਚ ਮੈਂ ਸਹਿਜ ਰਹਾਂ।
ਤੁਹਾਡਾ ਸਟਾਈਲ ਸਟੇਟਮੈਂਟ ਕੀ ਹੈ?
¸ਮੇਰੀ ਪਹਿਲੀ ਫ਼ਿਲਮ ‘ਚ ਮੈਨੂੰ ਹਿੰਦੁਸਤਾਨੀ ਪਿੰਡ ਦੀ ਇਕ ਕੁੜੀ ਵਾਂਗ ਦਿਖਾਇਆ ਗਿਆ ਸੀ ਪਰ ਮੇਰੀਆਂ ਆਉਣ ਵਾਲੀ ਫਿਲਮਾਂ ‘ਚ ਅਜਿਹਾ ਨਹੀਂ ਹੋਵੇਗਾ। ਮੈਂ ਮੁੰਬਈ ਦੀ ਜੰਮਪਲ ਹਾਂ ਅਤੇ ਇਕ ਸ਼ਹਿਰੀ ਕੁੜੀ ਹਾਂ। ਜਦੋਂ ਵੀ ਮੌਕਾ ਮਿਲੇ, ਮੈਨੂੰ ਆਪਣੀ ਫਟੀ ਹੋਈ ਜੀਨਸ ਪਹਿਨਣਾ ਬਹੁਤ ਚੰਗਾ ਲੱਗਦਾ ਹੈ।
ਕਿਹੜੀ ਡ੍ਰੈੱਸ ‘ਚ ਸਭ ਤੋਂ ਵਧੇਰੇ ਸਹਿਜ ਮਹਿਸੂਸ ਕਰਦੇ ਹੋ?
¸ਮੈਂ ਦੋਹਾਂ ਤਰ੍ਹਾਂ ਦੇ ਕੱਪੜਿਆਂ ‘ਚ ਸਹਿਜ ਰਹਿੰਦੀ ਹਾਂ, ਫਿਰ ਭਾਵੇਂ ਉਹ ਸਾੜ੍ਹੀ ਜਾਂ ਅਨਾਰਕਲੀ ਕੁੜਤਾ ਹੋਵੇ ਜਾਂ ਫਿਰ ਕੈਜ਼ੁਅਲ ਕੱਪੜੇ।
ਕੋਈ ਅਜਿਹਾ ਕੰਮ, ਜਿਸਨੂੰ ਤੁਸੀਂ ਆਪਣਾ ਸਭ ਤੋਂ ਵੱਡਾ ਪਾਗਲਪਣ ਮੰਨਦੇ ਹੋ?
¸ਮੈਂ 3 ਸਾਲ ਤਕ ਫੈਸ਼ਨ ਡਿਜ਼ਾਈਨਿੰਗ ਕੀਤੀ ਅਤੇ ਅਦਾਕਾਰਾ ਬਣ ਗਈ।
ਸਲਮਾਨ ਨਾਲ ਕੰਮ ਕਰ ਚੁੱਕੇ ਹੋ ਅਤੇ ਹੁਣ ‘ਜੋਕਰ’ ‘ਚ ਅਕਸ਼ੈ ਨਾਲ ਹੋ। ਤੁਸੀਂ ਦੋਹਾਂ ‘ਚੋਂ ਕਿਸੇ ਨੂੰ ਕੋਈ ਫੈਸ਼ਨ ਟਿਪਸ ਦਿੱਤੇ ਹਨ?
¸ਸਟਾਈਲ ਅਤੇ ਫੈਸ਼ਨ ਦੇ ਖੇਤਰ ‘ਚ ਦੋਵੇਂ ਹੀ ‘ਆਈਕਨ’ ਮੰਨੇ ਜਾਂਦੇ ਹਨ, ਫਿਰ ਉਨ੍ਹਾਂ ਨੂੰ ਟਿਪਸ ਦੇਣ ਦੀ ਕੀ ਲੋੜ ਹੈ ਪਰ ਮੈਂ ਇਕ ਫੋਟੋ ਸ਼ੂਟ ਲਈ ਸਲਮਾਨ ਨੂੰ ਸਟਾਈਲ ਕੀਤਾ ਸੀ….ਇਹ ਡੱਬੂ ਰਤਨਾਨੀ (ਗਲੈਮਰ ਫੋਟੋਗ੍ਰਾਫਰ) ਦੇ ਕੈਲੰਡਰ ਸ਼ੂਟ ਲਈ ਸੀ, ਜਿਥੇ ਸਲਮਾਨ ਸ਼ਰਟਲੈੱਸ ਸੀ ਅਤੇ ਸ਼ਰਟ ਨੂੰ ਉਨ੍ਹਾਂ ਨੇ ਮੋਢੇ ‘ਤੇ ਰੱਖਿਆ ਹੋਇਆ ਸੀ। ਸ਼ਰਟ ਦਾ ਆਈਡੀਆ ਮੇਰਾ ਸੀ।
ਕਿਹੜਾ ਵੱਡਾ ਸਟਾਈਲ ਆਈਕਨ ਹੈ¸ਸਲਮਾਨ ਜਾਂ ਅਕਸ਼ੈ?
¸ਸਲਮਾਨ ਖ਼ਾਨ। ਅੱਜ ਵੀ ਉਹ ਜੋ ਕਰਦੇ ਹਨ, ਉਸਦੀ ਨਕਲ ਹਰ ਕੋਈ ਕਰਦਾ ਹੈ, ਭਾਵੇਂ ਉਹ ਆਮ ਹੋਵੇ ਜਾਂ ਖ਼ਾਸ…….ਇੱਥੋਂ ਤਕ ਕਿ ਕਾਲਰ ‘ਤੇ ਸਨਗਲਾਸਿਜ਼ ਲਗਾਉਣ ਦਾ ਉਨ੍ਹਾਂ ਦਾ ਸਟਾਈਲ ਵੀ ਕਾਫੀ ਲੋਕਾਂ ਨੇ ਅਪਣਾਇਆ।
ਕਮਲ ਹਸਨ ਨਾਲ ਵੀ ਤੁਸੀਂ ਕੋਈ ਫ਼ਿਲਮ ਕਰ ਰਹੇ ਹੋ?
ਜੀ ਹਾਂ, ਮੈਂ ਕਮਲ ਹਸਨ ਨਾਲ ਫ਼ਿਲਮ ਕਰ ਰਹੀ ਹਾਂ ਅਤੇ ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਵਰਗੇ ਪ੍ਰਤਿਭਾਸ਼ਾਲੀ ਕਲਾਕਾਰ ਮੇਰੇ ਨਾਲ ਕੰਮ ਕਰ ਰਹੇ ਹਨ। ਅਸੀਂ ਬਹੁਤ ਛੇਤੀ ਕੰਮ ਸ਼ੁਰੂ ਕਰਨ ਵਾਲੇ ਹਾਂ ਅਤੇ ਇਹ ਕਾਫੀ ਚੰਗਾ ਤਜਰਬਾ ਰਹੇਗਾ ਕਿਉਂਕਿ ਮੇਰੇ ਲਈ ਇਹ ਨਵੀਂ ਭਾਸ਼ਾ ਹੈ ਅਤੇ ਵਿਸ਼ਾ ਵੀ ਕਾਫੀ ਦਿਲਚਸਪ ਹੈ।
ਅਕਸ਼ੈ ਕੁਮਾਰ ਨਾਲ ਕੰਮ ਕਰਨਾ ਕਿਹੋ ਜਿਹਾ ਰਿਹਾ?
¸ਉਹ ਬਹੁਤ ਸ਼ਰਾਰਤੀ ਹਨ। ਉਨ੍ਹਾਂ ਨਾਲ ਸ਼ੂਟਿੰਗ ਕਰਨ ‘ਚ ਬੜਾ ਮਜ਼ਾ ਆਇਆ। ਉਹ ਜੇਬ ‘ਚ ਪਲਾਸਟਿਕ ਜਾਂ ਰਬੜ ਦੇ ਚੂਹੇ ਰੱਖਦੇ ਹਨ ਅਤੇ ਤੁਹਾਡੇ ਹੇਠੋਂ ਤੁਹਾਡੀ ਕੁਰਸੀ ਖਿਸਕਾ ਦਿੰਦੇ ਹਨ।
‘ਦਬੰਗ-2′ ਦੇ ਸੈੱਟਸ ‘ਤੇ ਕੀ ਤੁਹਾਨੂੰ ਅਭਿਨਵ ਦੀ ਘਾਟ ਮਹਿਸੂਸ ਹੋਵੇਗੀ?
¸ਯਕੀਨਨ ਅਸੀਂ ਸਾਰੇ ਉਸ ਨੂੰ ਮਿਸ ਕਰਾਂਗੇ, ਸ਼ੂਟਿੰਗ ਕਰਦਿਆਂ-ਕਰਦਿਆਂ ਅਸੀਂ ਕਾਫੀ ਚੰਗੇ ਦੋਸਤ ਬਣ ਗਏ ਹਾਂ। ਮੈਂ ਉਨ੍ਹਾਂ ਨੂੰ ਸ਼ੁਭ-ਕਾਮਨਾਵਾਂ ਦਿੰਦੀ ਹਾਂ। ‘ਦਬੰਗ-2′ ਦਾ ਨਿਰਦੇਸ਼ਨ ਅਰਬਾਜ਼ ਖ਼ਾਨ ਕਰਨਗੇ ਅਤੇ ਮੈਨੂੰ ਯਕੀਨ ਹੈ ਕਿ ਉਹ ਵੀ ਇਕ ਚੰਗੀ ਫ਼ਿਲਮ ਬਣਾਉਣਗੇ।
 
Top