ਅਫਜ਼ਲ ਗੁਰੂ ਬਾਰੇ ਅਜੇ ਫੈਸਲਾ ਨਹੀਂ

ਨਵੀਂ ਦਿੱਲੀ, 3 ਅਪ੍ਰੈਲ (ਭਾਸ਼ਾ)¸ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਅਜਿਹੇ 2 ਕੈਦੀਆਂ ਨੂੰ ਮੁਆਫੀ ਦੇ ਕੇ ਉਨ੍ਹਾਂ ਦੀ ਸਜ਼ਾ ਉਮਰ ਕੈਦ ਵਿਚ ਬਦਲ ਦਿੱਤੀ ਹੈ, ਜਿਨ੍ਹਾਂ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ। ਐੱਸ. ਬੀ. ਪਿੰਗਲੇ ਨੂੰ 1997 ‘ਚ ਅਤੇ ਜੈ ਕੁਮਾਰ ਨੂੰ 1999 ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਰਾਸ਼ਟਰਪਤੀ ਨੇ ਉਨ੍ਹਾਂ ਦੀਆਂ ਰਹਿਮ ਦੀਆਂ ਪਟੀਸ਼ਨਾਂ ‘ਤੇ ਵਿਚਾਰ ਤੋਂ ਬਾਅਦ ਉਨ੍ਹਾਂ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਹੈ। ਸੰਸਦ ‘ਤੇ ਹਮਲੇ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਅੱਤਵਾਦੀ ਅਫਜ਼ਲ ਗੁਰੂ ਅਤੇ ਕਈ ਹੋਰਨਾਂ ਦੀਆਂ ਰਹਿਮ ਦੀਆਂ ਪਟੀਸ਼ਨਾਂ ਅਜੇ ਵੀ ਰਾਸ਼ਟਰਪਤੀ ਕੋਲ ਲਟਕ ਰਹੀਆਂ ਹਨ। ਅਫਜ਼ਲ ਗੁਰੂ ਦੀ ਪਟੀਸ਼ਨ ‘ਤੇ ਫੈਸਲਾ ਕਰਨ ਵਿਚ ਦੇਰੀ ਲਈ ਜਿਥੇ ਵਿਰੋਧੀ ਧਿਰ ਸਰਕਾਰ ਦੀ ਆਲੋਚਨਾ ਕਰ ਰਹੀ ਹੈ, ਉਥੇ ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਦਾ ਕਹਿਣਾ ਹੈ ਕਿ ਰਹਿਮ ਦੀਆਂ ਪਟੀਸ਼ਨਾਂ ‘ਤੇ ਫੈਸਲਾ ਕਰਨ ਲਈ ਸਮੇਂ ਦੀ ਹੱਦ ਕੋਈ ਨਹੀਂ ਹੁੰਦੀ।
 
Top