ਸ਼ਹਿਰ ‘ਚ ਸ਼ਰਾਬ ਦੇ ਕਾਰੋਬਾਰ ‘ਤੇ ਹੋਵੇਗਾ ਮਾਫੀਆ ਦਾ ਕ&

ਚੰਡੀਗੜ੍ਹ, 4 ਅਪ੍ਰੈਲ (ਸ਼ਰਮਾ)-ਸ਼ਹਿਰ ‘ਚ ਗੁਆਂਢੀ ਰਾਜਾਂ ਪੰਜਾਬ ਅਤੇ ਹਰਿਆਣਾ ਦੇ ਮੁਕਾਬਲੇ ਸਸਤੀ ਸ਼ਰਾਬ ਮੁਹੱਈਆ ਹੋਣ ਦੇ ਦਿਨ ਹੁਣ ਖਤਮ ਹੋਣ ਲੱਗੇ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਸਾਲ 2011-12 ਲਈ ਅੱਜ ਐਲਾਨੀ ਆਬਕਾਰੀ ਨੀਤੀ ਨੇ ਸ਼ਹਿਰ ‘ਚ ਸ਼ਰਾਬ ਦਾ ਕਾਰੋਬਾਰ ਸਿਰਫ ਪੈਸੇ ਵਾਲਿਆਂ ਦੇ ਲਈ ਕਰ ਦਿੱਤਾ ਹੈ। ਨੀਤੀ ਅਨੁਸਾਰ ਸ਼ਹਿਰ ‘ਚ ਸ਼ਰਾਬ ਦੇ ਠੇਕੇ ਹੁਣ ਟੈਂਡਰ ਪ੍ਰਣਾਲੀ ਨਾਲ ਅਲਾਟ ਕੀਤੇ ਜਾਣਗੇ ਅਰਥਾਤ ਜੋ ਵਿਅਕਤੀ ਕਿਸੇ ਵਿਸ਼ੇਸ਼ ਦੁਕਾਨ ਲਈ ਜ਼ਿਆਦਾ ਫੀਸ ਦੇਵੇਗਾ, ਉਸ ਨੂੰ ਠੇਕਾ ਅਲਾਟ ਹੋਵੇਗਾ। ਇਸ ਤਰ੍ਹਾਂ ਹੁਣ ਸ਼ਹਿਰ ‘ਚ ਸ਼ਰਾਬ ਮਾਫੀਆ ਦਾ ਕਬਜ਼ਾ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਪਿਛਲੇ ਕਈ ਸਾਲਾਂ ਤੋਂ ਪ੍ਰਸ਼ਾਸਨ ਲਾਈਸੈਂਸ ਦੇ ਨਵੀਨੀਕਰਨ ਨਾਲ ਠੇਕਿਆਂ ਨੂੰ ਅਲਾਟ ਕਰ ਰਿਹਾ ਸੀ।
ਨਵੀਂ ਆਬਕਾਰੀ ਨੀਤੀ ‘ਚ ਸ਼ਹਿਰ ਅਤੇ ਚੰਡੀਗੜ੍ਹ ਦੇ ਪਿੰਡ ‘ਚ ਠੇਕਿਆਂ ਦੀ ਗਿਣਤੀ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਚਾਲੂ ਸਾਲ ਦੀ ਤਰ੍ਹਾਂ ਅਗਲੇ ਸਾਲ ਵੀ ਚੰਡੀਗੜ੍ਹ ‘ਚ ਭਾਰਤ ‘ਚ ਬਣੀ ਅੰਗ੍ਰੇਜ਼ੀ ਸ਼ਰਾਬ ਦੇ 165 ਅਤੇ ਦੇਸੀ ਸ਼ਰਾਬ ਦੇ 52 ਠੇਕੇ ਹੋਣਗੇ। ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਠੇਕਿਆਂ ਨੂੰ ਪੰਜ ਸ਼੍ਰੇਣੀਆਂ ‘ਚ ਵੰਡ ਕੇ ਇਨ੍ਹਾਂ ਦੀ ਲਾਈਸੈਂਸ ਫੀਸ ‘ਚ ਵਾਧਾ ਕੀਤਾ ਹੈ।
ਪ੍ਰਸ਼ਾਸਨ ਜਾਂ ਨਗਰ ਨਿਗਮ ਦੀ ਜ਼ਮੀਨ ‘ਤੇ ਬਣੇ ਪ੍ਰੀਫੈਬਰੀਕੇਟਿਡ ਅਸਥਾਈ ਢਾਂਚਿਆਂ ਦੀ ਰਾਖਵੀਂ ਲਾਈਸੈਂਸ ਫੀਸ 35 ਲੱਖ ਤੋਂ ਵਧਾ ਕੇ 45 ਲੱਖ ਨਿਸਚਤ ਕੀਤੀ ਗਈ ਹੈ ਜਦਕਿ ਇਨ੍ਹਾਂ ਢਾਂਚਿਆਂ ‘ਚ ਚਲ ਰਹੇ ਦੇਸੀ ਅਤੇ ਅੰਗ੍ਰੇਜ਼ੀ ਸ਼ਰਾਬ ਦੇ ਠੇਕਿਆਂ ਲਈ ਲਾਈਸੈਂਸ ਫੀਸ 25 ਲੱਖ ਤੋਂ ਵਧਾ ਕੇ 27 ਲੱਖ ਕੀਤੀ ਗਈ ਹੈ। ਐੱਸ. ਸੀ. ਓ. , ਐੱਸ. ਪੀ. ਐੱਫ. ਜਾਂ ਬੂਥ ਆਦਿ ‘ਚ ਅੰਗ੍ਰੇਜ਼ੀ ਸ਼ਰਾਬ ਦੀ ਦੁਕਾਨ ਲਈ ਰਾਖਵੀਂ ਲਾਈਸੈਂਸ ਫੀਸ 27.50 ਲੱਖ ਤੋਂ ਵਧਾ ਕੇ 36 ਲੱਖ ਕੀਤੀ ਗਈ ਹੈ ਜਦਕਿ ਦੇਸੀ ਸ਼ਰਾਬ ਦੇ ਠੇਕਿਆਂ ਲਈ ਇਹ ਦਰ 32 ਲੱਖ ਹੋਵੇਗੀ। ਮਾਡਰਨ ਲਿਕਲ ਸ਼ਾਪਸ ਦੇ ਲਈ ਰਾਖਵੀਂ ਫੀਸ 36 ਲੱਖ ਹੋਵੇਗੀ।
ਨਵੀਂ ਨੀਤੀ ਦੇ ਤਹਿਤ ਅਸੈਸਮੈਂਟ ਫੀਸ, ਇੰਪੋਰਟ-ਐਕਸਪੋਰਟ ਫੀਸ, ਪਰਮਿਟ ਫੀਸ ਅਤੇ ਰੀ-ਵੈਲੀਡੇਸ਼ਨ ਫੀਸ ‘ਚ 10 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਬੀਅਰ ਦੀ ਬੋਤਲ ਦਾ ਘੱਟੋ- ਘਟ ਵਿਕਰੀ ਮੁੱਲ 5 ਰੁਪਏ, ਅੰਗ਼੍ਰੇਜ਼ੀ ਸ਼ਰਾਬ ਦੀ ਬੋਤਲ ਦਾ 5 ਤੋਂ 20 ਰੁਪਏ ਅਤੇ ਦੇਸੀ ਸ਼ਰਾਬ ਦੀ ਬੋਤਲ ਦਾ ਘੱਟੋ ਘੱਟ ਵਿਕਰੀ ਮੁੱਲ 5 ਤੋਂ 7 ਰੁਪਏ ਤੱਕ ਵਧਾਇਆ ਗਿਆ ਹੈ। ਹਰ ਬਰਾਂਡ ਦੀ ਰਜਿਸਟਰੇਸ਼ਨ ਫੀਸ ‘ਚ 33 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
 
Top