ਅਜ਼ਲਾਨ ਸ਼ਾਹ ਕੱਪ, ਭਾਰਤ-ਕੋਰੀਆ ਸਾਂਝੇ ਜੇਤੂ

chief

Prime VIP
ਅਜ਼ਲਾਨ ਸ਼ਾਹ ਕੱਪ, ਭਾਰਤ-ਕੋਰੀਆ ਸਾਂਝੇ ਜੇਤੂ

ਇਪੋਹ , ਸੋਮਵਾਰ, 17 ਮਈ 2010( 10:33 ist )


ਪਿਛਲੇ ਚੈਂਪੀਅਨ ਭਾਰਤ ਅਤੇ ਦੱਖਣੀ ਕੋਰੀਆ ਨੂੰ ਫਾਈਨਲ ਮੈਚ ਵਿਚ ਭਾਰੀ ਮੀਂਹ ਕਾਰਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ 'ਚ ਅੱਜ ਸਾਂਝੇ ਜੇਤੂ ਐਲਾਨਿਆ ਗਿਆ।ਇਸਦੇ ਨਾਲ ਹੀ ਭਾਰਤ ਨੇ ਆਸਟ੍ਰੇਲੀਆ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਜੋ ਪੰਜ ਵਾਰ ਇਸ ਵੱਕਾਰੀ ਟੂਰਨਾਮੈਂਟ ਦਾ ਖਿਤਾਬ ਜਿੱਤ ਚੁੱਕਾ ਹੈ।

ਬੇਹਤਰੀਨ ਫਾਰਮ ਵਿਚ ਚੱਲ ਰਹੀ ਭਾਰਤੀ ਟੀਮ ਨੂੰ ਇਸ ਵਾਰ ਖਿਤਾਬ ਦਾ ਪ੍ਰਮੁੱਖ ਦਾਅਵੇਦਾਰ ਮੰਨਿਆਂ ਜਾ ਰਿਹਾ ਸੀ ਪਰੰਤੂ ਮੈਚ ਦੇ ਸ਼ੁਰੂ 'ਚ ਹੀ ਮੀਂਹ ਆਉਣ ਨਾਲ ਭਾਰਤ ਦਾ ਜਿੱਤ ਨਾਲ ਖਿਤਾਬ ਬਰਕਰਾਰ ਰੱਖਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ।

ਕੇਵਲ ਸ਼ੁਰੂ ਦੇ ਛੇ ਮਿੰਟ ਦੀ ਹੀ ਖੇਡ ਹੋ ਸਕੀ ਜਿਸ ਤੋਂ ਬਾਅਦ ਭਾਰੀ ਮੀਂਹ ਆ ਗਿਆ ਅਹਤੇ ਪ੍ਰਬੰਧਕਾਂ ਨੇ ਮੈਚ ਦਾ ਸਮਾਂ ਸਮਾਪਤ ਹੋਣ ਤੋਂ ਬਾਅਦ ਦੋਵਾਂ ਟੀਮਾਂ ਨੂੰ ਸਾਂਝੇ ਜੇਤੂ ਐਲਾਨ ਦਿੱਤਾ।ਭਾਰਤ ਨੇ ਫਾਈਨਲ ਤੱਕ ਦੀ ਰਾਹ 'ਚ ਕੇਵਲ ਇਕ ਮੈਚ ਮੇਜ਼ਬਾਨ ਮਲੇਸ਼ੀਆ ਹੱਥੋਂ ਗਵਾਇਆ ਸੀ।

ਅਜ਼ਲਾਨ ਸ਼ਾਹ ਕੱਪ ਦੇ ਪਿਛਲੇ 28 ਸਾਲਾਂ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦ ਦੋਵਾਂ ਟੀਮਾਂ ਨੂੰ ਸਾਂਝੀਆਂ ਜੇਤੂ ਐਲਾਨਿਆ ਗਿਆ ਹੈ।ਭਾਰਤੀ ਡਿਫੈਂਡਰ ਸਰਦਾਰਾ ਸਿੰਘ ਨੂੰ ਟੂਰਨਾਮੈਂਟ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ।ਭਾਰਤੀ ਟੀਮ ਪ੍ਰਬੰਧਕ ਐਫ ਆਈ ਐਚ ਟੂਰਨਾਮੈਂਟ ਨਿਰਦੇਸ਼ਕ ਪਾਲ ਰਿਚਰਡਸ ਨੂੰ ਮਿਲੇ ਅਤੇ ਉਨ੍ਹਾਂ ਨੇ ਸੱਤ ਟੀਮਾਂ ਦੇ ਰਾਊਂਡ ਰੌਬਿਨ ਲੀਗ 'ਚ 13 ਅੰਕਾਂ ਨਾਲ ਚੋਟੀ 'ਤੇ ਰਹਿਣ ਅਤੇ ਇਸ ਦੌਰਾਨ ਦੱਖਣੀ ਕੋਰੀਆ 'ਤੇ 3-2 ਦੀ ਜਿੱਤ ਕਾਰਨ ਜੇਤੂ ਟਰਾਫੀ ਭਾਰਤ ਨੂੰ ਸੌਂਪਣ ਦੀ ਮੰਗ ਕੀਤੀ।

ਹਾਲਾਂਕਿ ਬਾਅਦ ਵਿਚ ਜੇਤੂ ਕੱਪ ਦੋਵਾਂ ਟੀਮਾਂ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਗਿਆ।ਇਸ ਤਰ੍ਹਾਂ ਕੁਲ ਛੇ ਵਾਰ ਫਾਈਨਲ 'ਚ ਪਹੁੰਚਣ ਵਾਲੇ ਭਾਰਤ ਨੇ ਪੰਜਵੀਂ ਵਾਰ ਖਿਤਾਬ ਜਿੱਤਣ ਦਾ ਮਾਣ ਪ੍ਰਾਪਤ ਕੀਤਾ।ਇਸ ਤੋਂ ਪਹਿਲਾਂ ਭਾਰਤੀ ਟੀਮ 1985, 1991, 1995 ਅਤੇ 1999 'ਚ ਚੈਂਪੀਅਨ ਬਣੀ ਸੀ।

ਭਾਰਤ ਦੇ ਖਿਤਾਬ ਬਚਾਉਣ 'ਚ ਸਫਲ ਹੋਣ 'ਤੇ ਖੇਡ ਮੰਤਰੀ ਡਾ. ਮਨੋਹਰ ਸਿੰਘ ਗਿੱਲ ਨੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਹੋਰ ਜ਼ਿਆਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।ਦੂਜੇ ਪਾਸੇ ਆਸਟੇ੍ਰਲੀਆ ਨੇ ਮਲੇਸ਼ੀਆ ਨੂੰ 5-3 ਨਾਲ ਹਰਾ ਕੇ ਕਾਂਸੀ ਦਾ ਤਗਮਾ ਹਾਸਲ ਕੀਤਾ ਜਦਕਿ ਪਾਕਿਸਤਾਨ ਚੀਨ ਨੂੰ 6-5 ਨਾਲ ਹਰਾ ਕੇ ਪੰਜਵੇਂ ਸਥਾਨ 'ਤੇ ਰਿਹਾ।
 
Top