ਕੈਪਟਨ ਅਤੇ ਚਾੜਕ ਦਾ ਅਹੁਦੇ ਤੋਂ ਹਟਣਾ ਤੈਅ?

Android

Prime VIP
Staff member
ਆਉਂਦੀਆਂ ਸਥਾਨਕ ਸਰਕਾਰ ਚੋਣਾਂ ਨੂੰ ਦੇਖਦਿਆਂ ਸੀਨੀਅਰ ਤੇ ਤਜਰਬੇਕਾਰ ਦਲਿਤ ਨੇਤਾ ਨੂੰ ਮਿਲ ਸਕਦੀ ਹੈ ਕਾਂਗਰਸ ਦੀ ਪ੍ਰਧਾਨਗੀ
5 ਵਾਰ ਵਿਧਾਇਕ ਤੇ 3 ਵਾਰ ਕੈਬਨਿਟ ਮੰਤਰੀ ਰਹੇ ਚੌਧਰੀ ਜਗਜੀਤ ਸਿੰਘ ਦੇ ਨਾਂ 'ਤੇ ਗੰਭੀਰ ਚਿੰਤਨ
ਗੁਲਾਮ ਨਬੀ ਆਜ਼ਾਦ ਨੂੰ 'ਆਪਰੇਸ਼ਨ ਪੰਜਾਬ' ਦੀ ਸੰਭਾਲੀ ਜਾ ਰਹੀ ਹੈ ਵਾਗਡੋਰ


ਜਲੰਧਰ (ਅਰਜੁਨ ਸ਼ਰਮਾ)¸ ਕਾਂਗਰਸ ਵਿਧਾਇਕ ਦਲ ਦੇ ਅਹੁਦੇ ਲਈ ਸੁਨੀਲ ਜਾਖੜ ਦੀ ਤਾਜਪੋਸ਼ੀ ਦੇ ਨਾਲ-ਨਾਲ ਕਾਂਗਰਸ ਹਾਈ ਕਮਾਨ ਪੰਜਾਬ ਵਿਚ ਜਿੱਤ ਦੀ ਸੰਭਾਵਨਾ ਦੇ ਹੱਥੋਂ ਨਿਕਲ ਜਾਣ ਦੇ ਮੁੱਦੇ 'ਤੇ ਗੰਭੀਰਤਾ ਨਾਲ ਚਿੰਤਨ ਕਰ ਰਹੀ ਹੈ। ਕਾਂਗਰਸ ਦੇ ਉਚ ਪੱਧਰੀ ਸੂਤਰਾਂ ਮੁਤਾਬਕ ਇਕ ਦਰਜਨ ਦੇ ਲਗਭਗ ਉਨ੍ਹਾਂ ਸੀਟਾਂ 'ਤੇ ਹੋਈ ਹਾਰ ਤੋਂ ਪਾਰਟੀ ਵਧੇਰੇ ਪ੍ਰੇਸ਼ਾਨ ਹੈ ਜਿਨ੍ਹਾਂ ਦੇ ਹਾਰਨ ਪਿੱਛੇ ਸਪੱਸ਼ਟ ਰੂਪ ਨਾਲ ਸੂਬਾਈ ਪ੍ਰਧਾਨ ਅਤੇ ਸੂਬਾਈ ਇੰਚਾਰਜ ਵਲੋਂ ਮੌਕੇ 'ਤੇ ਵਿਖਾਇਆ ਗਿਆ ਸਿਆਸੀ ਆਲਸ ਸੀ। ਇਸ ਦੀਆਂ ਪਰਤਾਂ ਹੁਣ ਉਦੜਣੀਆਂ ਸ਼ੁਰੂ ਹੋ ਗਈਆਂ ਹਨ। ਮਾਝਾ ਤੇ ਦੋਆਬਾ ਵਿਚ ਕਾਂਗਰਸ ਦੀ ਵੱਡੀ ਹਾਰ ਪਿੱਛੇ ਕੈਪਟਨ ਅਮਰਿੰਦਰ ਸਿੰਘ ਅਤੇ ਗੁਲਚੈਨ ਸਿੰਘ ਚਾੜਕ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਕਾਂਗਰਸ ਦੇ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਅਮਰਿੰਦਰ ਸਿੰਘ ਜਲਦੀ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਅਤੇ ਚਾੜਕ ਨੂੰ ਵੀ ਜਲਦੀ ਹੀ ਪੰਜਾਬ ਤੋਂ ਚਲਦਾ ਕੀਤਾ ਜਾਵੇਗਾ। ਕਾਂਗਰਸ ਹਾਈ ਕਮਾਨ ਵਿਚ ਇਸ ਗੱਲ 'ਤੇ ਗੰਭੀਰ ਵਿਚਾਰ-ਵਟਾਂਦਰਾ ਹੋਇਆ ਹੈ ਕਿ ਦਲਿਤ ਬਹੁ-ਗਿਣਤੀ ਵਾਲੇ ਦੋਆਬਾ ਖੇਤਰ ਦੇ ਸਭ ਤੋਂ ਅਹਿਮ ਜ਼ਿਲੇ ਜਲੰਧਰ ਵਿਚ ਕਾਂਗਰਸ ਦਾ ਖਾਤਾ ਵੀ ਨਾ ਖੁੱਲ੍ਹਣਾ ਇਹ ਸੰਕੇਤ ਦਿੰਦਾ ਹੈ ਕਿ ਦਲਿਤ ਅਤੇ ਹਿੰਦੂ ਵੋਟਰ ਕਾਂਗਰਸ ਤੋਂ ਦੂਰ ਚਲਾ ਗਿਆ ਹੈ। ਉਸ ਨੂੰ ਵਾਪਸ ਲਿਆਉਣ ਲਈ ਕਾਂਗਰਸ ਨੂੰ ਨਵਾਂ ਪ੍ਰਧਾਨ ਦਲਿਤ ਭਾਈਚਾਰੇ ਵਿਚੋਂ ਬਣਾਉਣਾ ਹੋਵੇਗਾ। ਪੰਜਾਬ ਵਿਚ ਕਾਂਗਰਸ ਪਾਰਟੀ ਕੋਲ ਜਿਹੜੇ ਦਲਿਤ ਨੇਤਾ ਹਨ ਉਨ੍ਹਾਂ ਵਿਚ ਤਜਰਬੇ ਪੱਖੋਂ 5 ਵਾਰ ਵਿਧਾਇਕ ਤੇ 3 ਵਾਰ ਕੈਬਨਿਟ ਮੰਤਰੀ ਰਹੇ ਚੌਧਰੀ ਜਗਜੀਤ ਸਿੰਘ ਦਾ ਨਾਂ ਪ੍ਰਮੁਖਤਾ ਨਾਲ ਲਿਆ ਜਾ ਰਿਹਾ ਹੈ। ਜਿਨ੍ਹਾਂ ਸੀਟਾਂ 'ਤੇ ਤਾਲਮੇਲ ਦੀ ਕਮੀ ਅਤੇ ਟਿਕਟਾਂ ਦੀ ਵੰਡ ਵਿਚ ਗੰਭੀਰ ਗਲਤੀਆਂ ਪਾਈਆਂ ਗਈਆਂ ਹਨ ਉਨ੍ਹਾਂ ਵਿਚੋਂ ਸਭ ਤੋਂ ਅਹਿਮ ਗੱਲ ਇਹ ਸਾਹਮਣੇ ਆਈ ਹੈ ਕਿ ਅੱਧੀ ਦਰਜਨ ਸੀਟਾਂ ਤਾਂ ਆਗੂਆਂ ਦੇ ਰਿਸ਼ਤੇਦਾਰਾਂ ਨੂੰ ਦੇਣ ਦੇ ਚੱਕਰ ਵਿਚ ਹੀ ਪਾਰਟੀ ਹਾਰੀ। ਉਦਾਹਰਣ ਵਜੋਂ ਸਾਹਨੇਵਾਲ ਤੋਂ ਰਾਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮਜੀਤ ਸਿੰਘ ਹਾਰ ਗਏ। ਜਲੰਧਰ ਤੋਂ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਦੀ ਪਤਨੀ ਸੁਮਨ ਕੇ. ਪੀ. ਹਾਰ ਗਈ। ਕੋਟਕਪੂਰਾ ਤੋਂ ਜਗਮੀਤ ਸਿੰਘ ਬਰਾੜ ਦੇ ਭਰਾ ਰਿਪਜੀਤ ਸਿੰਘ ਬਰਾੜ ਹਾਰ ਗਏ। ਸ਼ਾਮ ਚੁਰਾਸੀ ਤੋਂ ਸੰਤੋਸ਼ ਚੌਧਰੀ ਦੇ ਪਤੀ ਰਾਮ ਲੁਭਾਇਆ ਹਾਰ ਗਏ ਅਤੇ ਸਮਾਣਾ ਤੋਂ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਹਾਰ ਗਏ। ਇਸ ਤੋਂ ਇਲਾਵਾ ਕਾਂਗਰਸ ਨੇ ਮੁਕੇਰੀਆਂ ਵਿਚ ਸਵਰਗੀ ਡਾ. ਕੇਵਲ ਕ੍ਰਿਸ਼ਨ ਦੇ ਬੇਟੇ ਰਜਨੀਸ਼ ਬੱਬੀ ਨੂੰ ਟਿਕਟ ਦੇਣ ਦੀ ਥਾਂ ਅਜੀਤ ਕੁਮਾਰ ਨਾਰੰਗ ਨੂੰ ਟਿਕਟ ਦਿੱਤੀ। ਬੱਬੀ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਗਏ ਜਦੋਂ ਕਿ ਨਾਰੰਗ ਤੀਜੇ ਨੰਬਰ 'ਤੇ ਰਹੇ। ਪਠਾਨਕੋਟ ਵਿਚ ਕਾਂਗਰਸ ਦੇ ਬਾਗੀ ਅਸ਼ੋਕ ਕੁਮਾਰ ਸ਼ਰਮਾ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਇਸ ਚੱਕਰ ਵਿਚ ਕਾਂਗਰਸ ਦੇ ਰਮਨ ਭੱਲਾ ਚੋਣ ਹਾਰ ਗਏ। ਅੰਮ੍ਰਿਤਸਰ ਤੇ ਜਲੰਧਰ ਵਿਖੇ ਦੋ ਟਿਕਟਾਂ ਦਾ ਪਹਿਲਾਂ ਐਲਾਨ ਕੀਤਾ ਗਿਆ ਅਤੇ ਫਿਰ ਉਮੀਦਵਾਰ ਬਦਲੇ ਗਏ। ਇਨ੍ਹਾਂ ਦੋਹਾਂ ਸੀਟਾਂ ਤੋਂ ਕਾਂਗਰਸ ਹਾਰ ਗਈ। ਕਾਂਗਰਸ ਹਾਈ ਕਮਾਨ ਨੇ ਇਸ ਸਾਰੇ ਕਾਂਡ ਵਿਚ ਜੰਮੂ-ਕਸ਼ਮੀਰ ਦੇ ਸਾਬਕਾ ਮੁਖ ਮੰਤਰੀ ਅਤੇ ਪੰਜਾਬ ਦੇ ਮਾਮਲਿਆਂ ਦੇ ਕਿਸੇ ਸਮੇਂ ਇੰਚਾਰਜ ਰਹੇ ਗੁਲਾਮ ਨਬੀ ਆਜ਼ਾਦ ਨੂੰ 'ਮਿਸ਼ਨ ਪੰਜਾਬ' ਦੀ ਜ਼ਿੰਮੇਵਾਰੀ ਸੌਂਪਣ ਦਾ ਮਨ ਬਣਾਇਆ ਹੈ।
 
Top