Punjab News ਇਤਿਹਾਸ ਰਚੇਗਾ ਅਕਾਲੀ ਦਲ : ਸੁਖਬੀਰ

Android

Prime VIP
Staff member


ਜਲੰਧਰ - ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਵੱਖ-ਵੱਖ ਟੀ. ਵੀ. ਚੈਨਲਾਂ ਵਲੋਂ ਕੀਤੇ ਸਰਵੇਖਣਾਂ ਵਿਚ ਕਾਂਗਰਸ ਨੂੰ ਚੰਗੀ ਸਥਿਤੀ ਵਿਚ ਦਰਸਾਉਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਲੀਡਰਾਂ ਵਿਚ ਭਰਪੂਰ ਵਿਸ਼ਵਾਸ ਅਤੇ ਹੌਸਲੇ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਮ ਵਾਂਗ ਦਫਤਰੀ ਕੰਮਾਂ ਵਿਚ ਰੁੱਝੇ ਹੋਏ ਹਨ ਅਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਨਵੇਂ ਸਿਰਿਓਂ ਬਣਨ ਵਾਲੀ ਸਰਕਾਰ ਦੀਆਂ ਤਰਜੀਹਾਂ ਤੈਅ ਕਰਨ ਵਿਚ ਮਸ਼ਰੂਫ ਹਨ। ਅਕਾਲੀ ਵਰਕਰਾਂ ਅਤੇ ਸਮਰਥਕਾਂ 'ਚ ਟੀ. ਵੀ. ਚੈਨਲਾਂ ਉਤੇ ਪ੍ਰਸਾਰਤ ਹੋਏ ਸਰਵੇਖਣਾਂ ਨੂੰ ਲੈ ਕੇ ਭੋਰਾ ਵੀ ਮਾਯੂਸੀ ਨਹੀਂ ਕਿਉਂਕਿ ਇਹ ਸਰਵੇਖਣ ਬੇਹੱਦ ਆਪਾ-ਵਿਰੋਧ ਦੇ ਸ਼ਿਕਾਰ ਹਨ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਜਗ ਬਾਣੀ ਨੂੰ ਦੱਸਿਆ ਕਿ ਅਕਾਲੀ-ਭਾਜਪਾ ਇਸ ਵਾਰ ਪੰਜਾਬ ਵਿਚ ਨਵਾਂ ਇਤਿਹਾਸ ਰਚੇਗੀ। ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾਂ ਕੋਈ ਨਹੀਂ ਸੀ ਮੰਨਦਾ ਕਿ ਅਸੀਂ ਆਟਾ-ਦਾਲ ਸਸਤਾ ਦੇਵਾਂਗੇ, ਕਿਸਾਨਾਂ ਨੂੰ ਮੁਫਤ ਬਿਜਲੀ ਜਾਰੀ ਰੱਖ ਸਕਾਂਗੇ, ਲੜਕੀਆਂ ਨੂੰ ਮੁਫਤ ਸਾਈਕਲ ਦੇਵਾਂਗੇ, ਪੰਜਾਬ ਅੰਦਰ ਤਿੰਨ ਅੰਤਰਰਾਸ਼ਟਰੀ ਹਵਾਈ ਅੱਡੇ ਲੈ ਕੇ ਆਵਾਂਗੇ, ਥਰਮਲ ਪਲਾਂਟ ਖੜ੍ਹੇ ਕਰ ਦੇਵਾਂਗੇ ਪਰ ਅਸੀਂ ਇਹ ਸਭ ਕੁਝ ਕਰ ਕੇ ਦਿਖਾਇਆ ਅਤੇ ਇਸ ਤੋਂ ਇਲਾਵਾ ਹਰ ਪਾਸੇ ਵਿਕਾਸ ਕਾਰਜਾਂ ਦੀ ਝੜੀ ਲਾ ਦਿੱਤੀ। ਅਸੀਂ ਨਵਾਂ ਇਤਿਹਾਸ ਕਾਇਮ ਕੀਤਾ ਅਤੇ ਹੁਣ ਵੀ ਕਰਾਂਗੇ। ਅਕਾਲੀ ਦਲ ਦੀ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਦਾ ਕਹਿਣਾ ਹੈ ਕਿ ਇਹ ਚੋਣ ਸਰਵੇਖਣ ਹਾਸੋ-ਹੀਣੀਆਂ ਗੱਲਾਂ ਨਾਲ ਭਰਪੂਰ ਹਨ। ਇਕ ਪਾਸੇ ਤਾਂ ਇਹ ਕਾਂਗਰਸ ਸਰਕਾਰ ਦੀ ਭਵਿੱਖਬਾਣੀ ਕਰ ਰਹੇ ਹਨ ਅਤੇ ਦੂਜੇ ਪਾਸੇ ਇਹ ਕਹਿ ਰਹੇ ਹਨ ਕਿ ਲੋਕਾਂ ਦੀ ਪਸੰਦ ਮੁਤਾਬਕ ਮੁੱਖ ਮੰਤਰੀ ਦੇ ਅਹੁਦੇ ਲਈ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਤੋਂ ਕੋਹਾਂ ਅੱਗੇ ਹਨ ਅਤੇ ਲੋਕਾਂ ਦੀ ਪਹਿਲੀ ਪਸੰਦ ਹਨ। ਜੇ ਲੋਕ ਬਾਦਲ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ ਤਾਂ ਫਿਰ ਉਹ ਕਾਂਗਰਸ ਦੀ ਸਰਕਾਰ ਦੇ ਹੱਕ ਵਿਚ ਕਿਵੇਂ ਹੋ ਸਕਦੇ ਹਨ। ਆਖਿਰਕਾਰ ਸ. ਬਾਦਲ ਮੁੱਖ ਮੰਤਰੀ ਤਾਂ ਹੀ ਬਣਨਗੇ ਜੇ ਅਕਾਲੀ-ਭਾਜਪਾ ਸਰਕਾਰ ਬਣੇਗੀ।
 
Top