ਧੋਨੀ ਨੂੰ ਫੌਜ ‘ਚ ਮਿਲੇਗੀ ਆਨਰੇਰੀ ਕਮੀਸ਼ਨ

ਨਵੀਂ ਦਿੱਲੀ, 5 ਅਪ੍ਰੈਲ (ਭਾਸ਼ਾ)-ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਭਾਰਤੀ ਫੌਜ ‘ਚ ਅਧਿਕਾਰੀ ਦਾ ਮਾਨਦ ਰੈਂਕ ਦਿੱਤਾ ਜਾਵੇਗਾ। ਧੋਨੀ ਤੇ ਸੁਰੇਸ਼ ਰੈਨਾ ਨੂੰ ਅੱਜ ਫੌਜ ਮੁਖੀ ਵੀ. ਕੇ. ਸਿੰਘ ਨੇ ਆਪਣੇ ਨਿਵਾਸ ‘ਤੇ ਸ਼ਾਮ ਨੂੰ ਚਾਹ ‘ਤੇ ਬੁਲਾਇਆ, ਜਿੱਥੇ ਉਨ੍ਹਾਂ ਨੂੰ ਇਹ ਪੇਸ਼ਕਸ਼ ਦਿੱਤੀ ਗਈ ਜਿਸ ਨੂੰ ਉਨ੍ਹਾਂ ਨੇ ਮੰਨ ਲਿਆ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਧੋਨੀ ਨੂੰ ਫੌਜ ‘ਚ ਅਧਿਕਾਰੀ ਦੀ ਆਨਰੇਰੀ ਕਮੀਸ਼ਨ ਦਿੱਤੀ ਜਾਵੇਗੀ। ਉਨ੍ਹਾਂ ਨੂੰ ਕਿਹੜਾ ਰੈਂਕ ਦਿੱਤਾ ਜਾਵੇਗਾ ਇਸ ਬਾਰੇ ਫੈਸਲਾ ਬਾਅਦ ‘ਚ ਕੀਤਾ ਜਾਵੇਗਾ। ਫੌਜ ਮੁਖੀ ਨਾਲ ਗੱਲਬਾਤ ਦੌਰਾਨ ਧੋਨੀ ਨੇ ਕਿਹਾ ਕਿ ਉਹ ਹਮੇਸ਼ਾ ਫੌਜ ‘ਚ ਭਰਤੀ ਹੋਣਾ ਚਾਹੁੰਦਾ ਸੀ ਤੇ ਉਸ ਦੇ ਕਈ ਦੋਸਤ ਫੌਜ ‘ਚ ਹਨ। ਜਨਰਲ ਸਿੰਘ ਨੇ ਧੋਨੀ ਦੀ ਕਪਤਾਨੀ ਤੇ ਪ੍ਰਦਰਸ਼ਨ ਦੀ ਤਾਰੀਫ ਕੀਤੀ। ਸਾਬਕਾ ਕ੍ਰਿਕਟਰ ਕਪਿਲ ਦੇਵ ਤੋਂ ਬਾਅਦ ਫੌਜ ‘ਚ ਆਨਰੇਰੀ ਕਮੀਸ਼ਨ ਪਾਉਣ ਵਾਲਾ ਧੋਨੀ ਦੂਜਾ ਕ੍ਰਿਕਟਰ ਹੈ। ਕਪਿਲ ਦੇਵ ਨੂੰ ਲੈਫਟੀਨੈਂਟ ਕਰਨਲ ਦਾ ਰੈਂਕ ਦਿੱਤਾ ਗਿਆ ਸੀ। ਅਰਬਪਤੀ ਧੋਨੀ ਦੇ ਰੇਲਵੇ ‘ਤੇ ਅਜੇ ਵੀ 4 ਹਜ਼ਾਰ ਬਕਾਇਆ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਨੇ ਭਾਵੇਂ ਹੀ ਕਰੋੜਾਂ ਰੁਪਏ ਕਮਾ ਲਏ ਹੋਣ ਪਰ ਅਜੇ ਵੀ ਉਸ ਦੇ ਰੇਲਵੇ ਵੱਲ 4000 ਰੁਪਏ ਬਕਾਇਆ ਹੈ, ਜਿੱਥੇ ਉਹ ਟਿਕਟ ਕੁਲੈਕਟਰ ਦੇ ਤੌਰ ‘ਤੇ ਕੰਮ ਕਰਦਾ ਸੀ। ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 4 ਹਜ਼ਾਰ ਰੁਪਏ ਉਸ ਨੂੰ ਦੇਣੇ ਅਜੇ ਬਾਕੀ ਹਨ ਤੇ ਅਸੀਂ ਇਸ ਬਾਰੇ ਉਸ ਨੂੰ ਦੱਸਾਂਗੇ। ਧੋਨੀ 2001 ਤੋਂ 2004 ਵਿਚਾਲੇ ਖੜਗਪੁਰ ਸਟੇਸ਼ਨ ‘ਤੇ ਟੀ. ਸੀ. ਵਜੋਂ ਕੰਮ ਕਰਦਾ ਸੀ। ਭਾਰਤੀ ਟੀਮ ਦੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਧੋਨੀ ਦੀਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ ਰੇਲਵੇ ਨੂੰ ਇਸ ਬਕਾਏ ਬਾਰੇ ਪਤਾ ਲੱਗਾ। ਵਿਸ਼ਵ ਕੱਪ ਟੀਮ ਨੂੰ ਅਜੀਵਨ ਮੁਫਤ ਹਵਾਈ ਯਾਤਰਾ ਦਾ ਕਿੰਗਫਿਸ਼ਰ ਦਾ ਐਲਾਨ : ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਸਾਰੇ ਮੈਂਬਰਾਂ, ਉਨ੍ਹਾਂ ਦੀਆਂ ਪਤਨੀਆਂ ਅਤੇ ਬੱਚਿਆਂ ਨੂੰ ਕਿੰਗਫਿਸ਼ਰ ਨੇ ਆਪਣੇ ਕੌਮਾਂਤਰੀ ਅਤੇ ਘਰੇਲੂ ਸਰਕਟ ‘ਤੇ ਅਜੀਵਨ ਮੁਫਤ ਹਵਾਈ ਯਾਤਰਾ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਇਕ ਬਿਆਨ ਵਿਚ ਕਿਹਾ ਗਿਆ ਕਿ ਟੀਮ ਦੇ ਸਾਰੇ 15 ਮੈਂਬਰ, ਉਨ੍ਹਾਂ ਦੀਆਂ ਪਤਨੀ ਅਤੇ ਬੱਚੇ ਹੁਣ ਕਿੰਗਫਿਸ਼ਰ ਫਸਟ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਮੁਫਤ ਯਾਤਰਾ ਕਰ ਸਕਣਗੇ।
 
Top