ਕਾਲੀ ਸੂਚੀ ਜਲਦੀ ਹੀ ਖਤਮ ਹੋਵੇਗੀ : ਜੱਸੀ ਖੰਗੂੜਾ

ਨਿਊਯਾਰਕ, 4 ਅਪ੍ਰੈਲ (ਹਰਵਿੰਦਰ ਰਿਆੜ) – ਕਾਂਗਰਸ ਦੇ ਹਲਕਾ ਕਿਲਾ ਰਾਏਪੁਰ ਤੋਂ ਤੇਜ਼ ਤਰਾਰ ਵਿਧਾਇਕ ਤੇ ਪ੍ਰਵਾਸੀ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰਨ ਵਾਲੇ ਆਗੂ ਜੱਸੀ ਖੰਗੂੜਾ ਅੱਜ ਕੱਲ ਅਮਰੀਕਾ ਦੇ ਨਿੱਜੀ ਦੌਰੇ ‘ਤੇ ਹਨ। ਫਰਿਜ਼ਨੋਂ ਵਿਖੇ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਗੁਰਦੀਪ ਸਿੰਘ ਨਿੱਝਰ, ਭੁਪਿੰਦਰ ਸਿੰਘ ਔਜਲਾ, ਦੀਪ ਮਾਨ, ਬਲਜਿੰਦਰ ਸਿੰਘ ਟਰੇਸੀ ਅਤੇ ਹੋਰ ਪਤਵੰਤਿਆਂ ਨੇ ਜੱਸੀ ਖੰਗੂੜਾ ਦਾ ਸ਼ਾਨਦਾਰ ਸਵਾਗਤ ਕੀਤਾ। ਉਪਰੰਤ ਬਰਾੜ ਕੰਸਟਰਕਸ਼ਨ ਦੇ ਮਾਲਕ ਲਖਵਿੰਦਰ ਬਰਾੜ (ਲਾਖ ਬਰਾੜ) ਦੇ ਹੌਲੀਡੇ ਇਨ ਮੋਟਲ ਵਿਖੇ ਪਹੁੰਚੇ ਜਿਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਕ੍ਰਿਪਾਲ ਸਿੰਘ ਸਹੋਤਾ (ਪਾਲ ਸਹੋਤਾ), ਲਖਵਿੰਦਰ ਬਰਾੜ, ਗੁਰਦੀਪ ਸਿੰਘ ਚੌਹਾਨ, ਐਂਡੀ, ਬਲਵਿੰਦਰ ਬਟਾਰੀ, ਗੈਰੀ ਗਰੇਵਾਲ, ਬਲਜੀਤ ਸਿੰਘ, ਪਾਲ ਧਾਲੀਵਾਲ, ਗੁਰਮੀਤ ਗਜੀਆਣਾ, ਪ੍ਰਦੀਪ ਮਿਨਹਾਸ, ਅੰਮ੍ਰਿਤਪਾਲ ਸੰਧੂ ਅਤੇ ਹੋਰ ਸ਼ਖਸੀਅਤਾਂ ਨੇ ਵੀ ਜੱਸੀ ਖੰਗੂੜਾ ਨੂੰ ਜੀ ਆਇਆਂ ਨੂੰ ਕਿਹਾ। ਇਸ ਮੌਕੇ ਬੋਲਦਿਆਂ ਜੱਸੀ ਖੰਗੂੜਾ ਨੇ ਕਿਹਾ ਕਿ ਉਨ੍ਹਾਂ ਕੁਝ ਸਮਾਂ ਪਹਿਲਾਂ ਪ੍ਰਵਾਸੀਆਂ ਦੀ ਕਾਲੀ ਸੂਚੀ ਖਤਮ ਕਰਨ ਬਾਰੇ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਨੂੰ ਇਕ ਪੱਤਰ ਲਿਖਿਆ ਸੀ, ਉਸ ਦੇ ਜਵਾਬ ਵਿਚ ਸ. ਮਨਮੋਹਨ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਜਲਦੀ ਹੀ ਉਸ ਬਾਰੇ ਵਿਚਾਰ ਕਰਕੇ ਇਸ ਨੂੰ ਖਤਮ ਕਰ ਦੇਣਗੇ। ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਗਲੀ ਸਰਕਾਰ ਕਾਂਗਰਸ ਦੀ ਹੀ ਹੋਵੇਗੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਪ੍ਰਵਾਸੀ ਬਿਨਾਂ ਕਿਸੇ ਡਰ ਦੇ ਪੰਜਾਬ ਆ ਸਕਣ। ਉਨ੍ਹਾਂ ਦੀਆਂ ਜਾਇਦਾਦਾਂ ‘ਤੇ ਕੋਈ ਕਬਜ਼ਾ ਨਹੀਂ ਹੋ ਸਕੇਗਾ। ਇਸ ਮੌਕੇ ਪਾਲ ਸਹੋਤਾ ਨੇ ਬੋਲਦਿਆਂ ਕਿਹਾ ਕਿ ਆਪਾਂ ਚੰਗੇ ਲੀਡਰਾਂ ਨੂੰ ਸਹਿਯੋਗ ਦਈਏ ਤਾਂ ਜੋ ਉਹ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕਣ। ਪਾਲ ਸਹੋਤਾ ਨੇ ਸੱਦਾ ਦਿੰਦਿਆਂ ਕਿਹਾ ਕਿ ਆਪਾਂ ਸਾਰੇ ਹੁਣੇ ਹੀ ਤਿਆਰ ਹੋ ਜਾਈਏ ਕਿਉਂਕਿ ਪੰਜਾਬ ਵਿਚ ਚੋਣਾਂ ਬਹੁਤ ਨਜ਼ਦੀਕ ਆ ਗਈਆਂ ਹਨ।
 
Top